ਜਲੰਧਰ\ਚੰਡੀਗੜ੍ਹ (ਜੁਗਿੰਦਰ ਸੰਧੂ) : ਪੰਜਾਬ ਸਰਕਾਰ ਨੇ ਸੂਬੇ ਦੇ ਟਰੱਕ ਚਾਲਕਾਂ ਨੂੰ ਭਰੋਸਾ ਦਵਾਇਆ ਹੈ ਕਿ ਉਨ੍ਹਾਂ ਵਲੋਂ ਢੋਈ ਗਈ ਕਣਕ ਅਤੇ ਹੋਰ ਵਸਤੂਆਂ ਨਾਲ ਸੰਬੰਧਤ ਅਦਾਇਗੀ ਦਸ ਦਿਨਾਂ ਦੇ ਅੰਦਰ-ਅੰਦਰ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਰਕਾਰ ਨੇ ਟਰੱਕ ਚਾਲਕਾਂ ਦੀਆਂ ਹੋਰ ਮੰਗਾਂ ਮੰਨਣ ਸੰਬੰਧੀ ਵੀ ਫੈਸਲਾ ਕਰ ਦਿੱਤਾ ਹੈ। ਇਹ ਫੈਸਲਾ ਬੀਤੇ ਦਿਨ ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੀ ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਹੋਈ ਇਕ ਵਿਸ਼ੇਸ਼ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਵਿਚ ਆਉਣ ਵਾਲੇ ਝੋਨੇ ਦੀ ਸੀਜਨ ਦੀ ਢੋਆ-ਢੁਆਈ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵੀ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਮੰਤਰੀ ਨੇ ਯੂਨੀਅਨ ਨੂੰ ਭਰੋਸਾ ਦਵਾਇਆ ਕਿ ਸਰਕਾਰ ਕੋਲ ਪਈਆਂ ਯੂਨੀਅਨ ਦੀਆਂ ਜ਼ਮਾਨਤੀ ਰਕਮਾਂ ਅਤੇ ਹੋਰ ਰਾਸ਼ੀਆਂ ਤੁਰੰਤ ਉਨ੍ਹਾਂ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਟਰੱਕ ਚਾਲਕਾਂ ਵਲੋਂ ਅਤੀਤ ਵਿਚ ਆਟਾ-ਦਾਲ ਸਕੀਮ ਅਧੀਨ ਅਤੇ ਹੋਰ ਫਸਲਾਂ ਦੇ ਮੌਕੇ 'ਤੇ ਕੀਤੀ ਗਈ ਢੋਆ-ਢੁਆਈ ਨਾਲ ਸੰਬੰਧਤ ਸਾਰੀ ਬਕਾਇਆ ਰਾਸ਼ੀ ਉਨ੍ਹਾਂ ਨੂੰ ਤੁਰੰਤ ਅਦਾ ਕਰ ਦਿੱਤੀ ਜਾਵੇਗੀ। ਇਸ ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਪੰਜਾਬ ਵਿਚ ਟਰੈਕਟਰ-ਟਰਾਲੀਆਂ ਤੋਂ ਕਾਰੋਬਾਰੀ ਕੰਮ ਨਹੀਂ ਕਰਵਾਇਆ ਜਾਵੇਗਾ ਤਾਂ ਜੋ ਟਰੱਕ ਚਾਲਕਾਂ ਦਾ ਕੋਈ ਨੁਕਸਾਨ ਨਾ ਹੋਵੇ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਪਿਛਲੇ ਦਿਨੀਂ ਮੀਡੀਆ ਵਿਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਫਸਲਾਂ ਦੀ ਢੋਆ-ਢੁਆਈ ਲਈ ਟਰੱਕਾਂ ਵਾਲਿਆਂ ਨੂੰ ਵੱਧ ਰੇਟ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਖਬਰਾਂ ਹਕੀਕਤ ਤੋਂ ਕਿਤੇ ਦੂਰ ਹਨ ਕਿਉਂਕਿ ਢੋਆ-ਢੁਆਈ ਦੇ ਰੇਟ ਤਾਂ ਟੈਂਡਰਾਂ ਉਪਰੰਤ ਹੀ ਤੈਅ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲਗਭਗ 50 ਫੀਸਦੀ ਟਰੱਕ ਚਾਲਕ ਕਣਕ ਅਤੇ ਝੋਨੇ ਦੀ ਢੋਆ-ਢੁਆਈ ਕਰਕੇ ਹੀ ਪਰਿਵਾਰ ਪਾਲਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਟਰੱਕ ਚਾਲਕਾਂ ਪ੍ਰਤੀ ਹਮਦਰਦੀ ਵਾਲਾ ਵਤੀਰਾ ਰੱਖਣਾ ਚਾਹੀਦਾ ਹੈ। ਮੀਟਿੰਗ ਵਿਚ ਸਰਕਾਰੀ ਅਧਿਕਾਰੀਆਂ ਤੋਂ ਬਗੈਰ ਯੂਨੀਅਨ ਦੇ ਜਨਰਲ ਸਕੱਤਰ ਟਹਿਲ ਸਿੰਘ ਬੁੱਟਰ ਬਠਿੰਡਾ, ਰਾਮ ਸਿੰਘ ਬੈਣੀਵਾਲ ਸੰਗਰੂਰ, ਰਵਿੰਦਰ ਸਿੰਘ ਧਾਰੀਵਾਲ ਚੇਅਰਮੈਨ ਜਲੰਧਰ, ਗੁਰਬਚਨ ਸਿੰਘ ਪਟਿਆਲਾ, ਯੁਵਰਾਜ ਸਿੰਘ ਰੋਪੜ, ਰਮਨਦੀਪ ਸਿੰਘ ਜਿੰਮੀ ਫਰੀਦਕੋਟ ਅਤੇ ਹੋਰ ਆਗੂ ਵੀ ਮੌਜੂਦ ਸਨ।
ਅੰਮ੍ਰਿਤਸਰ ਬੱਸ ਹਾਦਸਾ : ਪਾਣੀ 'ਚ ਡੁੱਬੀਆਂ ਨੰਨ੍ਹੀਆਂ ਜਾਨਾਂ ਲਈ ਮਸੀਹਾ ਬਣਿਆ 16 ਸਾਲਾਂ ਦਾ ਇਹ ਮੁੰਡਾ
NEXT STORY