ਰੂਪਨਗਰ, (ਵਿਜੇ)- ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਦੋ ਅਤੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਚਾਰ ਯੂਨਿਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੇ ਵਿਰੋਧ 'ਚ ਬਿਜਲੀ ਕਰਮਚਾਰੀਆਂ ਨੇ ਰੇਲਵੇ ਸਟੇਸ਼ਨ ਤੋਂ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਦੀ ਕੋਠੀ ਵੱਲ ਰੋਸ ਮਾਰਚ ਕੀਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਰੋਪੜ ਥਰਮਲ ਸੰਘਰਸ਼ ਕਮੇਟੀ ਦੇ ਆਗੂਆਂ ਨੇ ਰੋਸ ਜਤਾਉਂਦੇ ਕਿਹਾ ਕਿ 3 ਜਨਵਰੀ ਨੂੰ ਵੀ ਗਿਆਨੀ ਜ਼ੈਲ ਸਿੰਘ ਨਗਰ ਰੂਪਨਗਰ 'ਚ ਬਿਜਲੀ ਕਾਮਿਆਂ ਵੱਲੋਂ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਰੱਦ ਕਰਵਾਉਣ ਬਾਰੇ ਰਾਣਾ ਕੇ. ਪੀ. ਸਿੰਘ ਨੂੰ ਮੰਗ ਪੱਤਰ ਦਿੱਤਾ ਸੀ, ਜਿਸ 'ਤੇ ਉਨ੍ਹਾਂ 10 ਦਿਨਾਂ ਦੇ ਅੰਦਰ-ਅੰਦਰ ਸੰਘਰਸ਼ ਕਮੇਟੀ ਨੂੰ ਪੰਜਾਬ ਸਰਕਾਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ 15 ਦਿਨ ਬੀਤਣ 'ਤੇ ਵੀ ਵਿਧਾਨ ਸਭਾ ਸਪੀਕਰ ਦਾ ਵਾਅਦਾ ਵਫਾ ਨਾ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰ ਕੇ ਮਿਹਨਤੀ ਕਾਮਿਆਂ ਦਾ ਰੋਜ਼ਗਾਰ ਖੋਹਣ ਅਤੇ ਉਨ੍ਹਾਂ ਨੂੰ ਘਰੋਂ ਬੇਘਰ ਕਰਨ 'ਤੇ ਤੁਲੀ ਹੋਈ ਹੈ। ਜਦੋਂਕਿ ਪੰਜਾਬ ਸਰਕਾਰ ਵੱਲੋਂ ਮਹਿੰਗੀ ਬਿਜਲੀ ਦੇ ਗਲਤ ਅੰਕੜੇ ਪੇਸ਼ ਕਰ ਕੇ ਇਕਤਰਫਾ ਫੈਸਲਾ ਲੈਂਦੇ ਹੋਏ ਇਨ੍ਹਾਂ ਥਰਮਲ ਪਲਾਂਟਾਂ ਨੂੰ ਪੱਕੇ ਤੌਰ 'ਤੇ ਬੰਦ ਕੀਤਾ ਹੈ।
ਪ੍ਰਦਰਸ਼ਨਕਾਰੀਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਵੀ ਭੜਾਸ ਕੱਢੀ ਤੇ ਕਿਹਾ ਕਿ ਬਿਜਲੀ ਕਾਮੇ ਉਦੋਂ ਤੱਕ ਸੰਘਰਸ਼ ਜਾਰੀ ਰੱਖਣਗੇ, ਜਦੋਂ ਤੱਕ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਨ ਦਾ ਫੈਸਲਾ ਰੱਦ ਨਹੀਂ ਕੀਤਾ ਜਾਂਦਾ। ਇਸ ਮੌਕੇ ਹਰਮੇਸ਼ ਧੀਮਾਨ, ਰਾਜ ਕੁਮਾਰ ਤਿਵਾੜੀ, ਸੁਖਦੇਵ ਸਿੰਘ, ਕੰਵਲਜੀਤ ਸਿੰਘ, ਭਾਗ ਚੰਦ ਸ਼ਰਮਾ, ਜਸਪਾਲ ਸਿੰਘ, ਰਾਮ ਸਿੰਘ, ਅਮਰਜੀਤ ਸਿੰਘ, ਕੁਲਦੀਪ ਸਿੰਘ, ਰਜਿੰਦਰ ਸਿੰਘ, ਰਘਵੀਰ ਸਿੰਘ, ਰਣਜੀਤ ਸਿੰਘ, ਭੁਪਿੰਦਰ ਸਿੰਘ, ਨਰਿੰਦਰ ਸੈਣੀ ਆਦਿ ਹਾਜ਼ਰ ਸਨ। ਦੂਜੇ ਪਾਸੇ ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਭਾਰੀ ਮਾਤਰਾ 'ਚ ਪੁਲਸ ਬਲ ਤਾਇਨਾਤ ਸੀ।
ਤੇਜ਼ੀ ਨਾਲ ਫੈਲ ਰਿਹਾ ਲਾਲ ਬੱਤੀ ਸੱਭਿਆਚਾਰ ਏਡਜ਼ ਨੂੰ ਦੇ ਰਿਹੈ ਬੜ੍ਹਾਵਾ
NEXT STORY