ਜਲੰਧਰ (ਅਮਿਤ)–ਡੀ. ਏ. ਸੀ. ਅੰਦਰ ਵੱਖ-ਵੱਖ ਕੰਮਾਂ ਲਈ ਆਉਣ ਵਾਲੇ ਬਿਨੈਕਾਰਾਂ ਨੂੰ ਆਪਣੇ ਦਸਤਾਵੇਜ਼ਾਂ ਦੇ ਨਾਲ ਲੱਗਣ ਵਾਲੀ ਫੋਟੋ ਪ੍ਰਸ਼ਾਸਨ ਵੱਲੋਂ ਅਧਿਕਾਰਤ ਠੇਕੇਦਾਰ ਤੋਂ ਹੀ ਖਿਚਵਾਉਣੀ ਹੋਵੇਗੀ। ਇਸ ਲਈ ਪ੍ਰਸ਼ਾਸਨ ਵੱਲੋਂ ਉਸ ਨੂੰ ਇਕ ਖਾਸ ਮੋਹਰ ਬਣਾ ਕੇ ਹਰ ਫੋਟੋ ਉਪਰ ਲਾਉਣ ਦਾ ਨਿਰਦੇਸ਼ ਜਾਰੀ ਕੀਤਾ ਗਿਆ ਹੈ।
ਇਸ ਵਾਰ ਫੋਟੋਗ੍ਰਾਫੀ ਠੇਕੇ ਦੀ ਬੋਲੀ ਸ਼ੁਰੂ ਹੁੰਦਿਆਂ ਹੀ ਬੋਲੀਦਾਤਾਵਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉਕਤ ਸ਼ਰਤਾਂ ਤਾਂ ਪਿਛਲੇ ਸਾਲ ਵੀ ਲਾਗੂ ਕੀਤੀਆਂ ਗਈਆਂ ਸਨ ਪਰ ਜਲਦੀ ਹੀ ਪੂਰੇ ਪੰਜਾਬ ਵਿਚ ਆਨਲਾਈਨ ਰਜਿਸਟਰੇਸ਼ਨ ਪ੍ਰਕਿਰਿਆ ਆਰੰਭ ਹੋਣ ਜਾ ਰਹੀ ਹੈ ਅਤੇ ਜੇਕਰ ਉਸ ਵਿਚ ਫੋਟੋ ਨਹੀਂ ਲੱਗਦੀ ਹੈ ਤਾਂ ਉਨ੍ਹਾਂ ਦੇ ਠੇਕੇ ਦੀ ਬੋਲੀ ਦੇਣ ਦੀ ਕੋਈ ਤੁੱਕ ਬਾਕੀ ਨਹੀਂ ਰਹਿ ਜਾਂਦੀ ਹੈ। ਬੋਲੀਦਾਤਾਵਾਂ ਦੀ ਮੰਗ ਜਾਇਜ਼ ਦੇਖ ਕੇ ਏ. ਡੀ. ਸੀ. ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਏ. ਡੀ. ਸੀ. ਨੇ ਕਿਹਾ ਕਿ ਜਲਦੀ ਹੀ ਪ੍ਰਸ਼ਾਸਨ ਵੱਲੋਂ ਜਾਰੀ ਨਿਰਦੇਸ਼ ਦੀ ਕਾਪੀ ਸਾਰੇ ਸੰਬੰਧਿਤ ਅਧਿਕਾਰੀਆਂ ਕੋਲ ਪਹੁੰਚਾ ਦਿੱਤੀ ਜਾਵੇਗੀ ਤਾਂ ਜੋ ਉਸ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।
ਕੀ ਹਨ ਪ੍ਰਸ਼ਾਸਨ ਦੀਆਂ ਜ਼ਰੂਰੀ ਸ਼ਰਤਾਂ?
ਡੀ. ਏ. ਸੀ. ਅੰਦਰ ਵਿੱਤੀ ਸਾਲ 2018-19 ਲਈ ਡਿਜੀਟਲ ਪੋਲੋਰਾਈਡ ਫੋਟੋਗ੍ਰਾਫੀ ਦਾ ਠੇਕਾ ਸਫਲਤਾਪੂਰਵਕ ਪ੍ਰਾਪਤ ਕਰਨ ਵਾਲੇ ਭਾਰਤ ਭੂਸ਼ਣ ਸ਼ਰਮਾ ਨੂੰ ਪ੍ਰਸ਼ਾਸਨ ਵੱਲੋਂ ਵੀ ਠੇਕੇ ਅਲਾਟ ਕਰਨ ਦੀ ਸੂਚਨਾ ਦੇ ਨਾਲ-ਨਾਲ ਠੇਕੇ ਦੀਆਂ ਸ਼ਰਤਾਂ ਨੂੰ ਲੈ ਕੇ ਵਿਸਥਾਰਪੂਰਵਕ ਜਾਣਕਾਰੀ ਦੇਣ ਸੰਬੰਧੀ ਇਕ ਪੱਤਰ ਜਾਰੀ ਕੀਤਾ ਜਾਵੇਗਾ। ਇਸ ਵਿਚ ਠੇਕੇ ਦੀਆਂ ਸ਼ਰਤਾਂ ਦਾ ਜ਼ਿਕਰ ਕੀਤਾ ਗਿਆ ਹੋਵੇਗਾ। ਉਕਤ ਸਾਰਾ ਕੰਮ ਸਿਰਫ ਬੂਥ ਨੰ. 47 ਅਤੇ 286 ਵਿਚ ਹੀ ਕੀਤਾ ਜਾਵੇਗਾ, ਕਿਸੇ ਹੋਰ ਜਗ੍ਹਾ 'ਤੇ ਫੋਟੋਗ੍ਰਾਫੀ ਦਾ ਕੰਮ ਕਰਨਾ ਗੈਰ-ਕਾਨੂੰਨੀ ਹੋਵੇਗਾ। ਇਸ ਦੇ ਇਲਾਵਾ ਜੇਕਰ ਠੇਕੇਦਾਰ ਖਿਲਾਫ ਕੋਈ ਸ਼ਿਕਾਇਤ ਸਹੀ ਪਾਈ ਜਾਂਦੀ ਹੈ ਤਾਂ ਉਸ ਦਾ ਠੇਕਾ ਰੱਦ ਕੀਤਾ ਜਾ ਸਕਦਾ ਹੈ। ਪ੍ਰਸ਼ਾਸਨ ਵੱਲੋਂ ਨਿਰਧਾਰਤ ਰੇਟ (ਪਾਸਪੋਰਟ ਸਾਈਜ਼ 5 ਫੋਟੋ 60 ਰੁਪਏ ਅਤੇ ਗਰੁੱਪ ਫੋਟੋ 100 ਰੁਪਏ) ਤੋਂ ਜ਼ਿਆਦਾ ਨਹੀਂ ਵਸੂਲੇ ਜਾ ਸਕਦੇ। 18 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਕੰਮ 'ਤੇ ਨਹੀਂ ਰੱਖੇ ਜਾ ਸਕਦੇ। ਕਿਸੇ ਕਾਰਨ ਨਾਲ ਬਲੈਕ ਲਿਸਟ ਹੋਣ ਦੀ ਸੂਰਤ ਵਿਚ ਭਵਿੱਖ ਵਿਚ ਹੋਣ ਵਾਲੀ ਕਿਸੇ ਬੋਲੀ ਵਿਚ ਹਿੱਸਾ ਨਹੀਂ ਲਿਆ ਜਾ ਸਕਦਾ। ਠੇਕਾ ਸਬਲੈੱਟ ਨਹੀਂ ਕੀਤਾ ਜਾ ਸਕਦਾ। ਠੇਕੇਦਾਰ ਦੇ ਡਿਫਾਲਟਰ ਹੋਣ ਦੀ ਸੂਰਤ ਵਿਚ ਉਸ ਦੇ ਜ਼ਮਾਨਤੀ ਤੋਂ ਪੈਸਾ ਵਸੂਲਿਆ ਜਾਵੇਗਾ।
ਕਿਸੇ ਨੂੰ ਵੀ ਮੋਹਰ ਲਾਉਣ ਲਈ ਨਹੀਂ ਕੀਤਾ ਜਾਵੇਗਾ ਮਜਬੂਰ : ਭਾਰਤ ਭੂਸ਼ਨ ਸ਼ਰਮਾ
ਫੋਟੋਗ੍ਰਾਫੀ ਦਾ ਠੇਕਾ ਲੈਣ ਵਾਲੇ ਭਾਰਤ ਭੂਸ਼ਨ ਸ਼ਰਮਾ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਿਰਦੇਸ਼ ਜਾਰੀ ਹੁੰਦਿਆਂ ਹੀ ਕੁੱਝ ਲੋਕਾਂ ਨੇ ਇਹ ਸਵਾਲ ਖੜ੍ਹਾ ਕੀਤਾ ਸੀ ਕਿ ਉਹ ਬਿਨੈਕਾਰਾਂ ਵੱਲੋਂ ਲਈ ਗਈ ਫੋਟੋ ਉਪਰ ਆਪਣੀ ਮੋਹਰ ਲਾਉਣ ਦਾ ਦਬਾਅ ਤਾਂ ਨਹੀਂ ਬਣਾਏਗਾ। ਜਿਸਦੇ ਬਾਰੇ ਵਿਚ ਉਨ੍ਹਾਂ ਦਾ ਸਿਰਫ ਇਹੀ ਕਹਿਣਾ ਹੈ ਕਿ ਉਹ ਕਿਸੇ ਉਪਰ ਇਸ ਤਰ੍ਹਾਂ ਦਾ ਦਬਾਅ ਨਹੀਂ ਬਣਾਉਣਗੇ ਪਰ ਹਰ ਬਿਨੈਕਾਰ ਤੋਂ ਇਹ ਬੇਨਤੀ ਜ਼ਰੂਰ ਕਰਨਗੇ ਕਿ ਉਹ ਦਸਤਾਵੇਜ਼ ਨਾਲ ਲੱਗਣ ਵਾਲੇ ਫੋਟੋ ਉਸ ਤੋਂ ਖਿਚਵਾਉਣ ਜਾਂ ਫਿਰ ਉਸਦਾ ਪ੍ਰਿੰਟ ਉਸ ਕੋਲੋਂ ਕਢਵਾਉਣ।
ਨਵੀਂ ਟੈਕਸ ਪ੍ਰਣਾਲੀ ਨੇ ਕਾਰੋਬਾਰ ਨੂੰ ਕੀਤਾ ਬਰਬਾਦ
NEXT STORY