ਫਗਵਾੜਾ (ਰੁਪਿੰਦਰ ਕੌਰ)— ਪੰਜਾਬ ਨੂੰ ਤਾਂ ਮਾਫੀਆ ਹੀ ਖਾਈ ਜਾ ਰਿਹਾ ਹੈ, ਕਿਤੇ ਰੇਤ ਮਾਫੀਆ ਅਤੇ ਹੁਣ ਮਿੱਟੀ ਮਾਫੀਆ। ਬੜੀ ਹੀ ਅਜੀਬ ਗੱਲ ਹੈ ਕਿ ਕਈ ਦਿਨਾਂ ਤੋਂ ਦੋਸਾਂਝ ਰੋਡ 'ਤੇ ਨਹਿਰ ਦੇ ਨਾਲ ਮਿੱਟੀ ਦੀ ਸ਼ਰੇਆਮ ਚੋਰੀ ਹੋ ਰਹੀ ਹੈ ਪਰ ਸਭ ਦੇਖ ਕੇ ਅਣਜਾਣ ਬਣੇ ਹੋਏ ਹਨ। ਦੋਸਾਂਝ ਰੋਡ ਪੁਲੀ ਤੋਂ ਲੈ ਕੇ ਅਰਬਨ ਅਸਟੇਟ ਦੇ ਨਹਿਰ ਦੇ ਨਾਲ-ਨਾਲ ਟਰਾਲੀਆਂ ਭਰ-ਭਰ ਕੇ ਸੜਕ ਨਾਲ ਲੱਗਦੀ ਸਰਕਾਰੀ ਮਿੱਟੀ ਚੁੱਕੀ ਜਾ ਰਹੀ ਹੈ ਪਰ ਸ਼ਾਇਦ ਪ੍ਰਸ਼ਾਸਨ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ।
'ਜਗ ਬਾਣੀ' ਵੱਲੋਂ ਮੌਕੇ 'ਤੇ ਜਾਇਜ਼ਾ ਲੈਣ ਉਤੇ ਇਕ ਟਰਾਲੀ ਡਰਾਈਵਰ ਨੇ ਮਾਲਕ ਦਾ ਨਾਂ ਨਹੀਂ ਦੱਸਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੌਂਸਲਰ ਜਸਵਿੰਦਰ ਕੌਰ ਅਤੇ ਉਥੇ ਹੀ ਹਾਜ਼ਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਰੋਜ਼ ਮਿੱਟੀ ਦੀਆਂ ਟਰਾਲੀਆਂ ਭਰੀਆਂ ਜਾ ਰਹੀਆਂ ਹਨ। ਇਸ ਬਾਰੇ ਜਦੋਂ ਇਕ ਦਿਨ ਟਰਾਲੀ ਦੇ ਡਰਾਈਵਰ ਤੋਂ ਪੁੱਛਿਆ ਗਿਆ ਤਾਂ ਉਸ ਨੇ ਜਵਾਬ ਦੇਣ ਨਾਲੋਂ ਭੱਜ ਜਾਣਾ ਹੀ ਚੰਗਾ ਸਮਝਿਆ। ਬੀਤੇ ਕਈ ਦਿਨਾਂ ਤੋਂ ਇੰਝ ਹੀ ਚਲਦਾ ਆ ਰਿਹਾ ਹੈ। ਪ੍ਰਸ਼ਾਸਨ ਵੱਲੋਂ ਜੇਕਰ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾਵੇ ਤਾਂ ਲੱਖਾਂ ਰੁਪਏ ਦੀ ਮਿੱਟੀ ਚੋਰੀ ਦਾ ਮਾਮਲਾ ਸਾਹਮਣੇ ਆ ਸਕਦਾ ਹੈ। ਇੰਝ ਪ੍ਰਸ਼ਾਸਨ ਦੇ ਸੁਸਤ ਰਵੱਈਏ ਦਾ ਫਾਇਦਾ ਸ਼ਰਾਰਤੀ ਅਨਸਰ ਚੁੱਕ ਰਹੇ ਹਨ। ਇਸ ਮਸਲੇ ਬਾਰੇ ਜਦੋਂ ਮੇਅਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਸਬੰਧਤ ਵਿਭਾਗ ਨੂੰ ਕਈ ਸੁਨੇਹੇ ਭੇਜੇ ਹਨ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਰੁੱਖਾਂ ਦੀਆਂ ਜੜ੍ਹਾਂ ਕਰ ਦਿੱਤੀਆਂ ਨੇ ਖਾਲੀ
ਇਕ ਪਾਸੇ ਤਾਂ ਸਰਕਾਰ ਰੁੱਖ ਲਗਾਉਣ ਲਈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ, ਦੂਜੇ ਪਾਸੇ ਲੱਗੇ ਹੋਏ ਦਰੱਖਤਾਂ ਨੂੰ ਮਿੱਟੀ ਚੁੱਕਣ ਵਾਲਿਆਂ ਵੱਲੋਂ ਨੁਕਸਾਨ ਪਹੰਚਾਇਆ ਜਾ ਰਿਹਾ ਹੈ। ਇਨ੍ਹਾਂ ਦੀਆਂ ਜੜ੍ਹਾਂ ਖਾਲੀ ਕਰ ਦਿੱਤੀਆਂ ਗਈਆਂ ਹਨ। ਰਿਟਾਇਰਡ ਐੱਸ. ਡੀ. ਓ. ਗੁਰਦੀਪ ਸਿੰਘ ਨੇ ਕਿਹਾ ਕਿ ਜੇਕਰ ਮੀਂਹ ਪੈ ਗਿਆ ਤਾਂ ਦੋਸਾਂਝ ਰੋਡ ਵਾਲੀ ਸੜਕ ਪੂਰੀ ਤਰ੍ਹਾਂ ਟੁੱਟ ਜਾਵੇਗੀ, ਕਿਉਂਕਿ ਆਲੇ-ਦੁਆਲੇ ਦੀ ਮਿੱਟੀ ਬਿਲਕੁਲ ਖਾਲੀ ਕਰ ਦਿੱਤੀ ਗਈ। ਸ਼ਰੇਆਮ ਮਿੱਟੀ ਦੀ ਸਮੱਗਲਿੰਗ ਹੋ ਰਹੀ ਹੈ ਪਰ ਸਬੰਧਤ ਵਿਭਾਗ ਚੁੱਪ ਬੈਠਾ ਹੈ।
ਨਾਰਵੇ ਦੇ ਅੰਬੈਸਡਰ ਵੱਲੋਂ ਵਿਜੇਇੰਦਰ ਸਿੰਗਲਾ ਸਣੇ ਪਿੰਡਾਂ ਦਾ ਦੌਰਾ
NEXT STORY