ਕਪੂਰਥਲਾ, (ਗੁਰਵਿੰਦਰ ਕੌਰ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਝੰਡੇ ਹੇਠਾਂ ਇਕੱਠੇ ਹੋਏ ਪੇਂਡੂ ਮਜ਼ਦੂਰਾਂ ਤੇ ਹੋਰ ਮਿਹਨਤੀ ਲੋਕਾਂ ਨੂੰ ਆਪਣੀਆਂ ਮੰਗਾਂ ਸਬੰਧੀ ਸ਼ਾਲੀਮਾਰ ਬਾਗ ਕਪੂਰਥਲਾ ਤੋਂ ਇਕ ਰੋਸ ਰੈਲੀ ਕੱਢੀ, ਜਿਹੜੀ ਕਿ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੇ ਹੋਏ ਐੱਸ. ਐੱਸ. ਪੀ. ਦਫਤਰ ਕਪੂਰਥਲਾ ਪਹੁੰਚੀ, ਜਿਥੇ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਨਾਅਰੇਬਾਜ਼ੀ ਕਰਦੇ ਹੋਏ ਐੱਸ. ਐੱਸ. ਪੀ. ਦਫਤਰ ਦਾ ਘਿਰਾਓ ਕੀਤਾ। ਇਸ ਮੌਕੇ ਧਰਨਾਕਾਰੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਭਰ 'ਚ ਬੇ-ਜ਼ਮੀਨੇ ਕਿਰਤੀ ਲੋਕ ਰਿਹਾਇਸ਼ੀ ਪਲਾਟਾਂ ਤੇ ਪੰਚਾਇਤੀ ਜ਼ਮੀਨਾਂ 'ਚੋਂ ਆਪਣਾ ਹੱਕ ਲੈਣ ਲਈ ਸੰਘਰਸ਼ ਕਰ ਰਹੇ ਹਨ ਤੇ ਇਸੇ ਕੜੀ ਵਜੋਂ ਪਿੰਡ ਸੈਫਲਾਬਾਦ ਦੇ ਬੇ-ਜ਼ਮੀਨੇ ਦਲਿਤ ਪਰਿਵਾਰ ਪੰਚਾਇਤ ਦੇ ਲਾਰਿਆਂ ਤੇ ਵਾਅਦਿਆਂ ਤੋਂ ਅੱਕ ਕੇ ਆਪਣਾ ਬਣਦਾ ਹੱਕ ਲੈਣ ਲਈ ਪੰਚਾਇਤੀ ਜ਼ਮੀਨ 'ਚ ਸਾਲ ਭਰ ਤੋਂ ਆਪਣਾ ਡੇਰਾ ਜਮਾਈ ਬੈਠੇ ਹਨ ਪਰ ਪੇਂਡੂ ਚੌਧਰੀਆਂ ਤੇ ਧਨਾਢਾਂ ਵੱਲੋਂ ਹੱਕ ਮੰਗ ਰਹੇ ਬੇ-ਜ਼ਮੀਨੇ ਦਲਿਤਾਂ ਦੇ ਸੰਘਰਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਮੁਖ ਮੰਗਾਂ-
ਯੂਨੀਅਨ ਦੇ ਸੂਬਾ ਸਕੱਤਰ ਬਲਵਿੰਦਰ ਸਿੰਘ ਭੁੱਲਰ, ਜ਼ਿਲਾ ਪ੍ਰਧਾਨ ਹੰਸਾ ਸਿੰਘ ਮੁੰਡੀ ਤੇ ਪਿਆਰਾ ਸਿੰਘ ਭੰਡਾਲ ਦੋਵਾਂ 'ਤੇ ਸੈਫਲਾਬਾਦ ਵਿਖੇ ਹੋਏ ਜਾਨਲੇਵਾ ਹਮਲੇ ਸਬੰਧੀ ਥਾਣਾ ਫੱਤੂਢੀਂਗਾ ਵਿਖੇ ਦਰਜ ਮੁਕੱਦਮੇ 'ਚ ਵਾਧਾ ਕਰਕੇ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਥਾਣਾ ਫੱਤੂਢੀਂਗਾ ਦੇ ਅਧਿਕਾਰੀਆਂ ਦੀ ਇਸ ਮਾਮਲੇ 'ਚ ਸ਼ੱਕੀ ਭੂਮਿਕਾ ਦੀ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇ।
ਪਿੰਡ ਸੈਫਲਾਬਾਦ ਦੇ ਬੇ-ਜ਼ਮੀਨੇ ਦਲਿਤਾਂ ਨੂੰ ਤੁਰੰਤ ਰਿਹਾਇਸ਼ੀ ਪਲਾਟ ਤੇ ਕਾਨੂੰਨ ਅਨੁਸਾਰ ਦਲਿਤਾਂ ਨੂੰ ਪੰਚਾਇਤੀ ਜ਼ਮੀਨ 'ਚੋਂ ਬਣਦਾ ਹੱਕ ਦਿੱਤਾ ਜਾਵੇ।
ਪੇਂਡੂ ਚੌਧਰੀਆਂ ਤੇ ਹਾਕਮ ਧਿਰਾਂ ਮਿਲ ਕੇ ਪੰਚਾਇਤੀ ਜ਼ਮੀਨ ਦੀ ਫਰਜ਼ੀ ਬੋਲੀ ਕਰਨ ਤੇ ਦਲਿਤਾਂ ਦਾ ਹੱਕ ਮਾਰਨ ਵਾਲੇ ਪੰਚਾਇਤ ਅਧਿਕਾਰੀ ਤੇ ਪੰਚਾਇਤ ਵਿਰੁੱਧ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ।
ਡੀ. ਐੱਸ. ਪੀ. ਵੱਲੋਂ ਭਰੋਸਾ ਦੇਣ ਬਾਅਦ ਚੁੱਕਿਆ ਘਿਰਾਓ
ਇਸ ਮੌਕੇ ਐੱਸ. ਐੱਸ. ਪੀ. ਕਪੂਰਥਲਾ ਦੇ ਦਫਤਰ ਦੇ ਬਾਹਰ ਮਜ਼ਦੂਰਾਂ ਤੇ ਕਿਰਤੀ ਲੋਕਾਂ ਵੱਲੋਂ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਐੱਸ. ਐੱਸ. ਪੀ. ਕਪੂਰਥਲਾ ਵੱਲੋਂ ਡੀ. ਐੱਸ. ਪੀ. ਕਪੂਰਥਲਾ ਗੁਰਮੀਤ ਸਿੰਘ ਨੇ ਮਜ਼ਦੂਰਾਂ ਤੇ ਕਿਰਤੀਆਂ ਨਾਲ ਗੱਲਬਾਤ ਕੀਤੀ ਤੇ ਵਿਸ਼ਵਾਸ ਦਿਵਾਇਆ ਉਨ੍ਹਾਂ ਨੂੰ ਬਣਦਾ ਪੂਰਾ ਇਨਸਾਫ ਦਿੱਤਾ ਜਾਵੇਗਾ ਤੇ ਦੋਸ਼ੀਆਂ ਨੂੰ ਜਲਦ ਸਲਾਖਾਂ ਪਿੱਛੇ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਘਿਰਾਓ ਚੁੱਕ ਲਿਆ।
ਘਿਰਾਓ ਤੋਂ ਬਾਅਦ ਦਿੱਤੀ ਚਿਤਾਵਨੀ
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਸੂਬਾ ਜਨਰਲ ਸਕੱਤਰ ਬਲਵਿੰਦਰ ਸਿੰਘ ਭੁੱਲਰ, ਸੂਬਾ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਭਰਾਤਰੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ ਬਾਜਵਾ, ਡੈਮੋਕਰੇਟਿਕ ਟੀਚਰ ਫਰੰਟ ਦੇ ਜ਼ਿਲਾ ਕਨਵੀਨਰ ਮਾਸਟਰ ਕਰਮ ਸਿੰਘ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਰਣਜੀਤ ਸਿੰਘ ਦੇਸਲ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਗੁਰਿੰਦਰਜੀਤ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ, ਹੰਸਾ ਸਿੰਘ ਮੁੰਡੀ, ਪਿਆਰਾ ਸਿੰਘ ਭੰਡਾਲ ਦੋਨਾ ਤੇ ਅਮਰਜੀਤ ਸਿੰਘ ਜਵਾਲਾਪੁਰ ਆਦਿ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਲਈ ਟਾਲ-ਮਟੋਲ ਦੀ ਨੀਤੀ ਅਪਣਾਈ ਗਈ ਜਾਂ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਹੋਰ ਵਿਸ਼ਾਲ ਤੇ ਤਿੱਖਾ ਕੀਤਾ ਜਾਵੇਗਾ, ਜਿਸਦੀ ਸਾਰੀ ਜ਼ਿੰਮੇਵਾਰੀ ਪੁਲਸ-ਪ੍ਰਸ਼ਾਸਨ ਦੀ ਹੋਵੇਗੀ।
18 ਦਿਨਾਂ ਤੋਂ ਸੀਵਰੇਜ ਜਾਮ ਕਾਰਨ ਲੋਕਾਂ ਨੂੰ ਆਖਿਰ ਮਿਲੀ ਨਿਜਾਤ
NEXT STORY