ਕਪੂਰਥਲਾ, (ਗੁਰਵਿੰਦਰ ਕੌਰ)- ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੀਆਂ ਪੰਚਾਇਤੀ ਵਿਭਾਗ ਅੰਦਰ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਮਾਰਨ ਵਾਲੀਆਂ ਨੀਤੀਆਂ ਦੇ ਵਿਰੋਧ 'ਚ ਪੂਰੇ ਪੰਜਾਬ ਦੀਆਂ ਪੰਚਾਇਤ ਸੰਮਤੀਆਂ ਤੇ ਜ਼ਿਲਾ ਪ੍ਰੀਸ਼ਦਾਂ ਦੇ ਸੱਦੇ 'ਤੇ ਰਾਜ ਪੱਧਰੀ ਧਰਨਾ ਤੇ ਕਲਮਛੋੜ ਹੜਤਾਲ ਅੱਜ 23ਵੇਂ ਦਿਨ 'ਚ ਦਾਖਲ ਹੋ ਗਈ ਹੈ। ਇਸ ਦੌਰਾਨ ਕਰਮਚਾਰੀਆਂ ਵੱਲੋਂ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਟੈਕਸ ਕੁਲੈਕਟਰ ਮਲਕੀਤ ਸਿੰਘ ਤੇ ਪੰਚਾਇਤ ਸਕੱਤਰ ਹਰਜਿੰਦਰ ਕੁਮਾਰ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਥਾਂ 'ਤੇ ਡੰਗ ਟਪਾਉਣ ਦੀ ਨੀਤੀ ਅਪਨਾਈ ਜਾ ਰਹੀ ਹੈ, ਜਿਸ ਕਾਰਨ ਸਮੂਹ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਰੋਸ ਵਜੋਂ ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੇ ਸਮੂਹ ਮੁਲਾਜ਼ਮ ਜਥੇਬੰਦੀਆਂ ਵਲੋਂ 20 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਮੁੱਖ ਦਫਤਰ ਵਿਖੇ ਰਾਜ ਪੱਧਰੀ ਧਰਨਾ ਦਿੱਤਾ ਜਾਵੇਗਾ, ਜਿਸ 'ਚ ਰਾਜ ਦੇ ਸਮੂਹ ਬਲਾਕਾਂ ਤੋਂ ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦਾ ਸਾਰਾ ਸਟਾਫ ਸ਼ਾਮਿਲ ਹੋਵੇਗਾ ਤੇ ਇਸਦੇ ਨਾਲ-ਨਾਲ ਮੁੱਖ ਦਫਤਰ ਦੇ ਨਾਲ ਲੱਗਦੇ ਜ਼ਿਲਿਆਂ ਦੇ ਪੰਚ ਸਰਪੰਚ, ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੇ ਮੈਂਬਰ ਆਪਣੀ ਹਾਜ਼ਰੀ ਭਰਨਗੇ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਅਗਲੇਰੀ ਸਖਤ ਕਾਰਵਾਈ ਕਰਨ ਲਈ ਪ੍ਰੋਗਰਾਮ ਵੀ ਉਲੀਕਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਜੇਕਰ ਉਨ੍ਹਾਂ ਦੀਆਂ ਚਾਰ ਮੁੱਖ ਮੰਗਾਂ 'ਚੋਂ ਕੋਈ ਇਕ ਮੰਗ ਮੰਨੀ ਗਈ ਤਾਂ ਧਰਨਾ ਤੇ ਕਲਮਛੋੜ ਹੜਤਾਲ ਖਤਮ ਨਹੀਂ ਕੀਤੀ ਜਾਵੇਗੀ।
ਇਹ ਹੜਤਾਲ ਚਾਰੇ ਮੰਗਾਂ ਪੂਰੀਆਂ ਹੋਣ 'ਤੇ ਹੀ ਖਤਮ ਕੀਤੀ ਜਾਵੇਗੀ। ਇਸ ਮੌਕੇ ਸੁਪਰਡੈਂਟ ਰਵਿੰਦਰਪਾਲ ਸਿੰਘ, ਪੰਚਾਇਤ ਅਫਸਰ ਸੁਖਜਿੰਦਰ ਸਿੰਘ, ਰਵਿੰਦਰ ਸਿੰਘ, ਹਰਜੀਤ ਸਿੰਘ, ਸਰਬਜੀਤ ਸਿੰਘ, ਹਰਜਿੰਦਰ ਕੁਮਾਰ, ਪਰਮਜੀਤ ਕੁਮਾਰ, ਪ੍ਰਸ਼ੋਤਮ ਲਾਲ, ਸਵਰਨਦੀਪ, ਬਲਦੇਵ ਸਿੰਘ, ਆਜ਼ਾਦ ਮਸੀਹ, ਰਾਮ ਲੁਭਾਇਆ, ਸਰਬਜੀਤ ਸਿੰਘ, ਰਾਮ ਕਿਸ਼ੋਰ ਆਦਿ ਹਾਜ਼ਰ ਸਨ।
ਵਿਆਹੁਤਾ ਨਾਲ ਜਬਰ-ਜ਼ਨਾਹ ਕਰਨ ਵਾਲੇ ਸਵਰਨਕਾਰ 'ਤੇ ਮੁਕੱਦਮਾ ਦਰਜ
NEXT STORY