ਢਿੱਲਵਾਂ, (ਜਗਜੀਤ)- ਨਗਰ ਪੰਚਾਇਤ ਢਿੱਲਵਾਂ ਦੀਆਂ ਵਾਟਰ ਸਪਲਾਈ ਦੀਆਂ ਟੂਟੀਆਂ 'ਚੋਂ ਸਪੋਲੀਏ ਨਿਕਲਣ ਲੱਗ ਪਏ ਹਨ, ਜਿਸ ਦਾ ਤਾਜ਼ਾ ਵਾਕਿਆ ਅੱਜ ਵਾਰਡ ਨੰਬਰ 7 ਦੇ ਵਸਨੀਕ ਰਾਮ ਸੰਜੀਵਨ ਉਰਫ ਰਾਮੂ ਨਾਲ ਵਾਪਰਿਆ, ਜਦ ਉਹ ਸਵੇਰੇ ਰੋਜ਼ਮਰ੍ਹਾ ਦੇ ਕਾਰਜ ਸਮੇਂ ਪਾਣੀ ਦੀ ਵਰਤੋਂ ਕਰ ਰਿਹਾ ਸੀ ਤਾਂ ਅਚਾਨਕ ਟੂਟੀ 'ਚੋਂ ਸਪੋਲੀਆ ਨਿਕਲ ਆਇਆ, ਜਿਸ ਨੂੰ ਉਸ ਨੇ ਤੁਰੰਤ ਬੋਤਲ ਵਿਚ ਬੰਦ ਕਰਕੇ ਪੱਤਰਕਾਰਾਂ ਦੇ ਸਾਹਮਣੇ ਰੱਖਿਆ ।
ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਵਲੋਂ ਲੋਕਾਂ ਨੂੰ ਦਿੱਤੇ ਜਾ ਰਹੇ ਪੀਣ ਵਾਲੇ ਪਾਣੀ ਦੇ ਅਨੇਕਾਂ ਪਾਈਪ ਗੰਦੇ ਪਾਣੀ ਦੀਆਂ ਨਿਕਾਸੀ ਨਾਲੀਆਂ 'ਚ ਡੁੱਬੇ ਹੋਏ ਹਨ ਤੇ ਪਿਛਲੇ ਕਈ ਮਹੀਨਿਆਂ ਤੋਂ ਇਸ ਸਬੰਧੀ ਅਧਿਕਾਰੀਆਂ ਨੂੰ ਅਨੇਕਾਂ ਵਾਰ ਸ਼ਿਕਾਇਤਾਂ ਵੀ ਕੀਤੀਆਂ ਗਈਆਂ, ਇਥੋਂ ਤਕ ਕਿ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਵੀ ਪਾਣੀ ਦੇਣ ਦੇ ਨਾਕਸ ਪ੍ਰਬੰਧਾਂ ਦਾ ਮਾਮਲਾ ਚੁੱਕਿਆ ਸੀ ਪਰ 'ਸਿਆਣਿਆਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ' ਵਾਲੀ ਕਹਾਵਤ ਨੂੰ ਅਧਿਕਾਰੀ ਪੂਰੀ ਤਰ੍ਹਾਂ ਸਹੀ ਸਿੱਧ ਕਰ ਰਹੇ ਹਨ। ਇਸ ਮੌਕੇ 'ਤੇ ਮੌਜੂਦ ਅਸ਼ਵਨੀ ਪੁਰੀ, ਅਸ਼ੋਕ ਕੁਮਾਰ ਬਮੋਤਰਾ, ਪ੍ਰਥਮਵੀਰ ਸਿੰਘ ਨੇ ਨਗਰ ਪੰਚਾਇਤ ਦੇ ਵਾਟਰ ਸਪਲਾਈ ਵਿਭਾਗ ਨੂੰ ਤੁਰੰਤ ਇਸ ਵੱਲ ਧਿਆਨ ਦੇਣ ਦੀ ਲਈ ਕਿਹਾ ਹੈ ।
ਮੋਟਰਸਾਈਕਲ ਤੋਂ ਡਿੱਗਣ ਕਾਰਨ ਕਿਸਾਨ ਦੀ ਮੌਤ
NEXT STORY