ਜਲੰਧਰ (ਧਵਨ)-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਤਾਂ 11 ਮਾਰਚ ਨੂੰ ਐਲਾਨੇ ਜਾਣਗੇ ਪਰ ਪੰਜਾਬ ਪੁਲਸ ਨੇ ਮੁੱਖ ਮੰਤਰੀ ਦੇ ਅਹੁਦੇ ਦੇ ਕਾਂਗਰਸ ਵੱਲੋਂ ਉਮੀਦਵਾਰ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਸੁਰੱਖਿਆ ਘੇਰਾ ਮਜ਼ਬੂਤ ਕਰ ਦਿੱਤਾ ਹੈ। ਪਤਾ ਚੱਲਿਆ ਹੈ ਕਿ ਸੁਰੱਖਿਆ ਏਜੰਸੀਆਂ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀਆਂ ਹਨ। ਕੈਪਟਨ ਅਮਰਿੰਦਰ ਸਿੰਘ ਸ਼ੁਰੂ ਤੋਂ ਹੀ ਜ਼ੈੱਡ ਪੁਲਸ ਸੁਰੱਖਿਆ ਘੇਰੇ 'ਚ ਹਨ ਪਰ ਇਸ ਦੇ ਬਾਵਜੂਦ ਸੁਰੱਖਿਆ 'ਚ ਕਈ ਤਰ੍ਹਾਂ ਦੀਆਂ ਕੁਤਾਹੀਆਂ ਪਿਛਲੇ ਸਮੇਂ 'ਚ ਦੇਖਣ ਨੂੰ ਮਿਲ ਰਹੀਆਂ ਸਨ।
ਹੁਣ ਕਿਉਂਕਿ ਸਾਰੇ ਚੋਣ ਸਰਵੇਖਣਾਂ 'ਚ ਮੰਨਿਆ ਜਾ ਰਿਹਾ ਹੈ ਕਿ ਸੂਬੇ 'ਚ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ, ਇਸ ਲਈ ਸੂਬੇ ਦੀ ਪੁਲਸ ਦੇ ਸੁਰੱਖਿਆ ਵਿੰਗ ਨੇ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ਦਾ ਨਵੇਂ ਸਿਰੇਂ ਤੋਂ ਅਨੁਮਾਨ ਕਰਨ ਦੇ ਬਾਅਦ ਉਸ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਕਾਂਗਰਸ ਸਰਕਾਰ ਬਣਨ 'ਤੇ ਕੈਪਟਨ ਦੇ ਹੱਥਾਂ 'ਚ ਸਰਕਾਰ ਦੀ ਕਮਾਨ ਹੋਣੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਭਰ 'ਚ ਸੁਰੱਖਿਆ ਵਿੰਗ ਵੱਲੋਂ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਵੀ ਦੌਰੇ 'ਤੇ ਆਉਣ ਤਾਂ ਉਨ੍ਹਾਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਅਜੇ ਫਿਲਹਾਲ ਕੈਪਟਨ ਦੀ ਸੁਰੱਖਿਆ ਘੇਰੇ 'ਚ 3 ਦਰਜਨ ਪੁਲਸ ਮੁਲਾਜ਼ਮਾਂ ਦਾ ਵਾਧਾ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਕੈਪਟਨ ਦੇ ਪਟਿਆਲਾ, ਦਿੱਲੀ ਤੇ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਤਾਇਨਾਤ ਕੀਤਾ ਗਿਆ ਹੈ। ਕੈਪਟਨ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਕਦਮ ਉਠਾਏ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਸੁਰੱਖਿਆ ਅਧਿਕਾਰੀਆਂ ਨੂੰ ਪਹਿਲੇ ਹੀ ਭਿਣਕ ਮਿਲ ਚੁੱਕੀ ਹੈ ਕਿ ਕੈਪਟਨ ਮੁੱਖ ਮੰਤਰੀ ਬਣਨ ਜਾ ਰਹੇ ਹਨ, ਇਸ ਲਈ ਉਨ੍ਹਾਂ ਨੇ ਉਨ੍ਹਾਂ ਦਾ ਸੁਰੱਖਿਆ ਘੇਰਾ ਸੁਰੱਖਿਆ ਦੇ ਨਜ਼ਰੀਏ ਤੋਂ ਮਜ਼ਬੂਤ ਕਰ ਦਿੱਤਾ ਹੈ।
ਇਕ ਤਰ੍ਹਾਂ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਬਰਾਬਰ ਦੀ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ। ਕੈਪਟਨ ਨੇ ਅਜੇ ਕੁਝ ਦਿਨਾਂ ਲਈ ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵੀ ਜਾਣਾ ਹੈ, ਇਸ ਲਈ ਉਨ੍ਹਾਂ ਦੀ ਸੁਰੱਖਿਆ 'ਤੇ ਚੋਟੀ ਦੇ ਅਧਿਕਾਰੀਆਂ ਦੀ ਨਜ਼ਰ ਰਹੇਗੀ।
ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਹੀ ਐੱਸ. ਪੀ. ਰੈਂਕ ਦਾ ਇਕ ਅਧਿਕਾਰੀ ਮਿਲਿਆ ਹੋਇਆ ਹੈ ਜਦਕਿ ਕੈਪਟਨ ਨੇ ਆਪਣੇ ਨਾਲ ਸੂਬਾ ਪੁਲਸ ਤੋਂ ਰਿਟਾਇਰ ਹੋਏ ਡੀ. ਆਈ. ਜੀ. ਖੂਬੀ ਰਾਮ ਨੂੰ ਆਪਣੀ ਸੁਰੱਖਿਆ 'ਚ ਵਿਸ਼ੇਸ਼ ਰੂਪ ਨਾਲ ਨਿਯੁਕਤ ਕੀਤਾ ਹੋਇਆ ਸੀ। ਕੈਪਟਨ ਜਦੋਂ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਵੀ ਉਨ੍ਹਾਂ ਦੀ ਸੁਰੱਖਿਆ ਖੂਬੀ ਰਾਮ ਦੇਖਦੇ ਸਨ। ਹੁਣ ਸੂਬਾ ਪੁਲਸ ਨੇ 2 ਇੰਸਪੈਕਟਰ ਰੈਂਕ ਦੇ ਪੁਲਸ ਅਧਿਕਾਰੀ ਵੀ ਕੈਪਟਨ ਨਾਲ ਜੋੜ ਦਿੱਤੇ ਹਨ।
ਘਰ 'ਚੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ
NEXT STORY