ਜਲੰਧਰ— ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਜੇਕਰ ਸੁਪਰੀਮ ਕੋਰਟ ਵਲੋਂ ਪੰਜਾਬ ਦੇ ਹਿੱਤਾਂ ਦੇ ਖਿਲਾਫ ਰਾਸ਼ਟਰਪਤੀ ਨੂੰ ਸਲਾਹ ਦਿੱਤੀ ਜਾਂਦੀ ਹੈ ਤਾਂ ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕ ਅਸਤੀਫਾ ਦੇ ਦੇਣਗੇ ਅਤੇ ਉਹ ਖੁਦ ਵੀ ਰੋਸ ਵਜੋਂ ਬਤੌਰ ਲੋਕ ਸਭਾ ਮੈਂਬਰ ਅਸਤੀਫਾ ਦੇ ਦੇਣਗੇ। ਕਰਤਾਰਪੁਰ ਵਿਖੇ 'ਹਲਕੇ ਵਿਚ ਕੈਪਟਨ' ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਕਾਂਗਰਸ ਕਿਸੇ ਵੀ ਸੂਰਤ ਵਿਚ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਨਹੀਂ ਜਾਣ ਦੇਵੇਗੀ।
ਗੌਰਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦਿਆਂ ਗੁਆਂਢੀ ਸੂਬਿਆਂ ਨਾਲ ਹੋਈ ਪਾਣੀ ਦੀ ਵੰਡ ਦੇ ਸਾਰੇ ਸਮਝੌਤਿਆਂ ਨੂੰ ਵਿਧਾਨ ਸਭਾ ਵਿਚ ਚੋਣ ਲਿਆ ਕੇ ਰੱਦ ਕਰ ਦਿੱਤਾ ਸੀ। ਇਸ ਫੈਸਲੇ ਤੋਂ ਬਾਅਦ ਕੈਪਟਨ ਰਾਤੋ-ਰਾਤ ਪੰਜਾਬ ਵਿਚ ਹੀਰੋ ਬਣ ਗਏ ਸਨ ਪਰ ਇਸ ਕਾਨੂੰਨ ਨੂੰ ਰਾਜਪਾਲ ਨੇ ਪ੍ਰਵਾਨਗੀ ਨਹੀਂ ਦਿੱਤੀ ਸੀ ਕਿਉਂਕਿ ਇਸ ਨਾਲ ਹੋਰਨਾਂ ਸੂਬਿਆਂ ਦੇ ਵੀ ਹਿੱਤ ਜੁੜੇ ਹੋਏ ਸਨ। ਕਾਨੂੰਨ ਮੁਤਾਬਕ ਅੰਤਰਰਾਜੀ ਮਸਲੇ ਵਿਚ ਕਿਸੇ ਇਕ ਸੂਬੇ ਦੀ ਵਿਧਾਨ ਸਭਾ ਇਕ ਤਰਫਾ ਫੈਸਲਾ ਨਹੀਂ ਲੈ ਸਕਦੀ। ਲਿਹਾਜ਼ਾ ਇਹ ਕਾਨੂੰਨ ਰਾਸ਼ਟਰਪਤੀ ਪਾਸ ਭੇਜ ਦਿੱਤਾ ਗਿਆ ਅਤੇ ਰਾਸ਼ਟਰਪਤੀ ਨੇ ਇਸ ਕਾਨੂੰਨ ਨੂੰ ਲੈ ਕੇ ਸੁਪਰੀਮ ਕੋਰਟ ਪਾਸੋਂ ਸੰਵਿਧਾਨਿਕ ਸਲਾਹ ਮੰਗੀ ਸੀ। ਮੰਨਿਆ ਜਾ ਰਿਹਾ ਹੈ ਕਿ ਅਗਲੇ ਹਫਤੇ ਸੁਪਰੀਮ ਕੋਰਟ ਇਸ ਮਾਮਲੇ ਵਿਚ ਰਾਸ਼ਟਪਪਤੀ ਨੂੰ ਆਪਣੀ ਸਲਾਹ ਭੇਜ ਸਕਦੀ ਹੈ। ਕਈ ਕਾਨੂੰਨੀ ਜਾਣਕਾਰ ਸੁਪਰੀਮ ਕੋਰਟ ਦੀ ਸਲਾਹ ਪੰਜਾਬ ਦੇ ਖਿਲਾਫ ਆਉਣ ਦਾ ਖਦਸ਼ਾ ਜਤਾ ਰਹੇ ਹਨ।
ਬਾਦਲ ਵੀ ਐਸ. ਵਾਈ. ਐਲ ਦੇ ਖਿਲਾਫ
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮਾਰਚ ਵਿਚ ਹੋਏ ਵਿਧਾਨ ਸਭਾ ਸੈਸ਼ਨ ਦੌਰਾਨ ਸਦਨ ਵਿਚ ਖੜ੍ਹੇ ਹੋ ਕੇ ਐਸ. ਵਾਈ. ਐਲ. ਦਾ ਵਿਰੋਧ ਕਰ ਚੁੱਕੇ ਹਨ। ਬਾਦਲ ਨੇ ਵਿਧਾਨ ਸਭਾ ਵਿਚ ਕਿਹਾ ਸੀ ਕਿ ਉਹ ਪੰਜਾਬ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਜਾਣ ਦੇਣਗੇ ਅਤੇ ਇਸ ਮੁੱਦੇ 'ਤੇ ਉਹ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਨ। ਮੁੱਖ ਮੰਤਰੀ ਵਲੋਂ ਵਿਧਾਨ ਸਭਾ ਵਿਚ ਦਿੱਤੇ ਗਏ ਇਸ ਭਾਸ਼ਣ ਨੂੰ ਰੇਡੀਓ 'ਤੇ ਲਗਾਤਾਰ ਪ੍ਰਸਾਰਤ ਕੀਤਾ ਜਾ ਰਿਹਾ ਹੈ। ਬਾਦਲ ਵਲੋਂ ਐਸ. ਵਾਈ. ਐਲ. ਦੇ ਮੁੱਦੇ 'ਤੇ ਕੁਰਬਾਨੀ ਦੇਣ ਦੀ ਗੱਲ ਨੂੰ ਸਰਕਾਰ ਦੀ ਕੁਰਬਾਨੀ ਦੇਣ ਦੇ ਤੌਰ 'ਤੇ ਵੀ ਦੇਖਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਇਸ ਮੁੱਦੇ 'ਤੇ ਸੁਪਰੀਮ ਕੋਰਟ ਦੀ ਸਲਾਹ ਜੇਕਰ ਪੰਜਾਬ ਦੇ ਖਿਲਾਫ ਜਾਂਦੀ ਹੈ ਤਾਂ ਅਕਾਲੀ ਦਲ ਸਰਕਾਰ ਦੀ ਕੁਰਬਾਨੀ ਦੇ ਕੇ ਪੰਜਾਬ ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਵੀ ਕਰਵਾ ਸਕਦਾ ਹੈ। ਕਾਂਗਰਸ ਅਤੇ ਅਕਾਲੀ ਦਲ ਇਸ ਭਾਵਨਾਤਮਕ ਮੁੱਦੇ ਨੂੰ ਆਧਾਰ ਬਣਾ ਕੇ ਹਮਲਾਵਰ ਸਿਆਸਤ ਖੇਡਣ ਦੀ ਤਿਆਰੀ ਕਰ ਰਹੇ ਹਨ।
ਐਸ. ਵਾਈ. ਐਲ. 'ਤੇ 'ਆਪ' ਚੁੱਪ
ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ ਪੰਜਾਬ ਦੇ ਹੱਕ ਵਿਚ ਬਿਆਨ ਦੇ ਕੇ ਦਿੱਲੀ ਵਿਚ ਫਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਪੂਰੀ ਪਾਰਟੀ ਨੇ ਚੁੱਪ ਵੱਟੀ ਹੋਈ ਹੈ। ਅਕਾਲੀ ਦਲ ਵਲੋਂ ਜਿੱਥੇ ਇਕ ਪਾਸੇ ਮੁੱਖ ਮੰਤਰੀ ਨੇ ਖੁਦ ਮੋਰਚਾ ਸੰਭਾਲਿਆ ਹੈ, ਉਥੇ ਹੀ ਦੂਜੇ ਪਾਸੇ ਕਾਂਗਰਸ ਵਲੋਂ ਸੁਨੀਲ ਜਾਖੜ ਪਿਛਲੇ ਮਹੀਨੇ ਤੋਂ ਲਗਾਤਾਰ ਇਸ ਮੁੱਦੇ 'ਤੇ ਸਿਆਸਤ ਕਰ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਇਸ ਮੁੱਦੇ 'ਤੇ ਕੁਝ ਵੀ ਬੋਲਣ ਤੋਂ ਗੁਰੇਜ ਕਰ ਰਹੀ ਹੈ। ਦੋ ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸੁਲਤਾਨਪੁਰ ਵਿਖੇ ਆ ਕੇ ਕਿਹਾ ਸੀ ਕਿ ਪੰਜਾਬ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤਾ ਜਾ ਸਕਦਾ ਅਤੇ ਉਨ੍ਹਾਂ ਇਸ ਮੁੱਦੇ 'ਤੇ ਪੰਜਾਬ ਦੇ ਹੱਕ ਵਿਚ ਹਾਂ ਦਾ ਨਾਅਰਾ ਮਾਰਿਆ ਸੀ ਪਰ ਦਿੱਲੀ ਅਤੇ ਹਰਿਆਣਾ ਵਿਚ ਕੇਜਰੀਵਾਲ ਦੇ ਇਸ ਬਿਆਨ ਦਾ ਵਿਰੋਧ ਹੋਣ ਤੋਂ ਬਾਅਦ ਕੇਜਰੀਵਾਲ ਨੇ ਯੂ-ਟਰਨ ਲੈ ਲਿਆ ਸੀ ਅਤੇ ਅਦਾਲਤ ਵਿਚ ਵੀ ਇਹ ਬਿਆਨ ਦਿੱਤਾ ਗਿਆ ਕਿ ਉਹ ਇਸ ਮਾਮਲੇ ਵਿਚ ਨਿਰਪੱਖ ਰਵੱਈਆ ਅਪਨਾਉਣਗੇ। ਲਿਹਾਜ਼ਾ ਇਸ ਪੂਰੇ ਮਾਮਲੇ 'ਤੇ ਅਕਾਲੀ ਦਲ ਅਤੇ ਕਾਂਗਰਸ ਦੀ ਹਮਲਾਵਰ ਸਿਆਸਤ ਦੇ ਸਾਹਮਣੇ ਆਮ ਆਦਮੀ ਪਾਰਟੀ ਚੁੱਪ ਨਜ਼ਰ ਆ ਰਹੀ ਹੈ।
ਨਾਭੇ 'ਚ ਵਾਪਰਿਆ ਭਿਆਨਕ ਹਾਦਸਾ, 20 ਸਾਲਾ ਨੌਜਵਾਨ ਦੀ ਮੌਤ (ਵੀਡੀਓ)
NEXT STORY