ਨਡਾਲਾ, (ਸ਼ਰਮਾ)- ਰਾਤ ਭਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਦੇ ਨਾਲ ਹੀ ਪੇਂਡੂ ਸੜਕਾਂ, ਗਲੀਆਂ ਤੇ ਨੀਵੀਆਂ ਥਾਵਾਂ 'ਤੇ ਪਾਣੀ ਭਰ ਗਿਆ। ਅਜਿਹੀ ਹਾਲਤ ਪਿੰਡ ਟਾਂਡੀ ਦਾਖਲੀ-ਇਬਰਾਹੀਮਵਾਲ ਸੜਕ ਦੀ ਹੈ। ਜੋ ਬਾਰਸ਼ ਕਾਰਨ ਨਰਕ ਦਾ ਨਮੂਨਾ ਬਣ ਜਾਂਦੀ ਹੈ। ਕਈ-ਕਈ ਦਿਨ ਬਾਰਸ਼ ਦਾ ਪਾਣੀ ਨਹੀਂ ਸੁਕਦਾ, ਜਿਸ ਕਾਰਨ ਲੋਕਾਂ ਨੂੰ ਇਥੋਂ ਲੰਘਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਰੋਜ਼ਾਨਾ ਅਨੇਕਾਂ ਵਿਦਿਆਰਥੀ ਸਕੂਲ ਜਾਂਦੇ ਹਨ ਪਰ ਨਹਿਰ ਬਣੀ ਸੜਕ ਦੀ ਥਾਂ ਨੇੜੇ ਦੇ ਖਾਲੀ ਪਲਾਟਾਂ 'ਚੋਂ ਲੰਘ ਕੇ ਜਾਣਾ ਪੈਦਾ ਹੈ।
ਜਾਣਕਾਰੀ ਅਨੁਸਾਰ ਇਬਰਾਹੀਮਵਾਲ ਤੋਂ ਟਾਂਡੀ ਦਾਖਲੀ ਸੜਕ ਦੀ ਨਵ ਉਸਾਰੀ ਸਮੇਂ ਪਿੰਡ ਦੇ ਗੇਟ ਕੋਲ ਸਬੰਧਤ ਠੇਕੇਦਾਰ ਵੱਲੋਂ ਕਰੀਬ 500 ਮੀਟਰ ਸੜਕ ਦਾ ਟੋਟਾ ਜਾਣ ਬੁੱਝ ਕੇ ਛੱਡ ਦਿੱਤਾ ਗਿਆ। ਕਰੀਬ 2 ਸਾਲ ਬੀਤ ਜਾਣ 'ਤੇ ਮੁੜ ਕਿਸੇ ਨੇ ਸਾਰ ਨਹੀਂ ਲਈ। ਇਸ ਸੜਕ ਰਾਹੀਂ ਟਾਂਡੀ ਤੋਂ ਬਿਨਾਂ ਹਬੀਬਵਾਲ ਚੁਗਾਵਾਂ ਹੱਸੂਵਾਲ ਭੱਕੂਵਾਲ ਮੰਡ ਹਬੀਬਵਾਲ ਤੋਂ ਸੈਂਕੜੇ ਲੋਕ ਲੰਘਦੇ ਹਨ। ਹਰ ਛਿਮਾਹੀ ਕਿਸਾਨ ਫਸਲ ਲੈ ਕੇ ਮੰਡੀ ਜਾਂਦੇ ਹਨ। ਅੱਜ ਕਲ ਕਿਸਾਨ ਗੰਨੇ ਦੀ ਢੋਆ ਢੋਆਈ ਕਰ ਰਹੇ ਹਨ ਪਰ ਇਸ ਸੜਕ ਦਾ ਟੋਟਾ ਉਨ੍ਹਾਂ ਲਈ ਮੁਸੀਬਤ ਬਣਿਆ ਹੋਇਆ ਹੈ। ਇਸ ਸਬੰਧੀ ਸਾਬਕਾ ਸਰਪੰਚ ਜਰਨੈਲ ਸਿੰਘ ਟਾਂਡੀ, ਜੋਗਾ ਸਿੰਘ ਸਰਪੰਚ ਹਬੀਬਵਾਲ, ਵਿਸਾਖਾ ਸਿੰਘ ਚੁਗਾਵਾਂ, ਪੂਰਨ ਸਿੰਘ ਹੱਸੂਵਾਲ, ਬਲਬੀਰ ਸਿੰਘ ਕੰਗ ਮੰਡ ਹਬੀਬਵਾਲ ਨੇ ਦੱਸਿਆ ਕਿ ਇਸ ਸਬੰਧੀ ਐੱਸ. ਡੀ. ਓ., ਪੀ. ਡਬਲਯੂ. ਡੀ. ਸਤਨਾਮ ਸਿੰਘ ਦੇ ਕਈ ਵਾਰ ਧਿਆਨ ਵਿਚ ਲਿਆਉਣ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਸੜਕ ਦੇ ਇਸ ਟੋਟੇ ਦੀ ਜਲਦੀ ਮੁਰੰਮਤ ਕੀਤਾ ਜਾਵੇ।
ਕੀ ਕਹਿਣੈ ਐੱਸ. ਡੀ. ਓ. ਸਤਨਾਮ ਸਿੰਘ ਦਾ
ਇਸ ਸਬੰਧੀ ਐੱਸ. ਡੀ. ਓ. ਵਿਭਾਗ ਸਤਨਾਮ ਸਿੰਘ ਨੇ ਕਿਹਾ ਕਿ ਇਸ ਸੜਕ ਦੀ ਮੁਰੰਮਤ ਲਈ ਅਜੇ ਫੰਡ ਨਹੀਂ ਹੈ, ਫਿਲਹਾਲ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ।
ਡਾਕਟਰਾਂ ਖਿਲਾਫ ਰੋਸ ਪ੍ਰਦਰਸ਼ਨ
NEXT STORY