ਅਧਿਆਪਕਾਂ ਦੀ ਆਪਸੀ ਲੜਾਈ ਥਾਣੇ ਪਹੁੰਚੀ

You Are HerePunjab
Saturday, February 18, 2017-12:37 AM

ਅਬੋਹਰ(ਸੁਨੀਲ)- ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਝੂਮਿਆਂਵਾਲੀ ਦੇ ਸਰਕਾਰੀ ਸਕੂਲ ਦੇ 2 ਅਧਿਆਪਕਾਂ ਦੀ ਆਪਸੀ ਲੜਾਈ ਕਾਰਨ ਬੱਚਿਆਂ ਦੀ ਸਿੱਖਿਆ ਦੇ ਹੋ ਰਹੇ ਨੁਕਸਾਨ ਨੂੰ ਦੇਖਦਿਆਂ ਪਿੰਡ ਦੇ ਸਰਪੰਚ ਨੇ ਉਸ ਦੀ ਸ਼ਿਕਾਇਤ ਸਦਰ ਥਾਣੇ 'ਚ ਭੇਜ ਦਿੱਤੀ ਹੈ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸਕੂਲ ਦੇ ਮੁੱਖ ਅਧਿਆਪਕ ਨੇ ਇਸ ਘਟਨਾ ਬਾਰੇ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਪੱਤਰ ਲਿਖ ਕੇ ਜਾਣੂ ਕਰਵਾ ਦਿੱਤਾ ਹੈ। ਪਿੰਡ ਦੇ ਸਰਪੰਚ ਅਰਜੁਨ ਰਾਮ, ਪਸਵਕ ਕਮੇਟੀ ਦੇ ਚੇਅਰਮੈਨ ਪਾਲਾ ਰਾਮ, ਸਾਬਕਾ ਚੇਅਰਮੈਨ ਸੋਹਨ ਲਾਲ, ਰਤੀ ਰਾਮ, ਓਮ ਪ੍ਰਕਾਸ਼, ਪਵਨ ਕੁਮਾਰ, ਪ੍ਰਹਲਾਦ ਰਾਏ, ਕਾਲੂ ਰਾਮ, ਰਾਮ ਪ੍ਰਕਾਸ਼, ਦਵਿੰਦਰ ਸਿੰਘ, ਬ੍ਰਿਜ ਲਾਲ ਆਦਿ ਨੇ ਸਦਰ ਥਾਣੇ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਸਕੂਲ ਦੇ 2 ਅਧਿਆਪਕ ਅੱਜ ਕਿਸੇ ਗੱਲ 'ਤੇ ਲੜ ਪਏ ਅਤੇ ਇਕ ਦੂਜੇ ਲਈ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਨ ਲੱਗੇ, ਜਿਸ ਕਾਰਨ ਬੱਚਿਆਂ 'ਤੇ ਬੁਰਾ ਅਸਰ ਪਿਆ ਅਤੇ ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਆਪਣੇ ਮਾਪਿਆਂ ਨੂੰ ਦਿੱਤੀ, ਜਿਸ ਕਰ ਕੇ ਪਿੰਡ ਦੇ ਸਰਪੰਚ ਨੇ ਸਦਰ ਥਾਣਾ ਪੁਲਸ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸਕੂਲ ਦੇ ਮੁੱਖ ਅਧਿਆਪਕ ਭੁਪਿੰਦਰ ਸਿੰਘ ਨੇ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਨੂੰ ਇਕ ਪੱਤਰ ਲਿਖ ਕੇ ਕਿਹਾ ਹੈ ਕਿ ਇਨ੍ਹਾਂ ਦੋਵਾਂ ਅਧਿਆਪਕਾਂ ਦੇ ਝਗੜੇ ਸਬੰਧੀ ਪਿੰਡ ਦੇ ਲੋਕਾਂ ਨੇ ਇਤਰਾਜ਼ ਪ੍ਰਗਟਾਇਆ ਹੈ, ਮਾਮਲਾ ਕਾਰਵਾਈ ਲਈ ਤੁਹਾਡੇ ਧਿਆਨ 'ਚ ਲਿਆਂਦਾ ਜਾ ਰਿਹਾ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.