ਚੰਡੀਗੜ੍ਹ (ਪਰਾਸ਼ਰ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਜੋ ਸਰਕਾਰ ਆਪਣੇ ਬਜਟ 'ਚ ਕੀਤੇ ਗਏ ਵਾਅਦੇ ਪੂਰਾ ਕਰਨ 'ਚ ਅਸਮਰਥ ਰਹੇ, ਉਸ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਅੱਜ ਇਥੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਆਪਣੇ ਮੈਨੀਫੈਸਟੋ 'ਚ ਅਤੇ ਫਿਰ ਸਰਕਾਰ ਬਣਨ 'ਤੇ ਆਪਣੇ ਪਹਿਲੇ ਬਜਟ 'ਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਜੋ ਵਾਅਦਾ ਕੀਤਾ ਸੀ, ਉਸ ਤੋਂ ਮੁੱਕਰ ਗਈ ਹੈ।
ਕਾਂਗਰਸ ਸਰਕਾਰ ਬਣਾਉਂਦੀ ਹੈ ਨਵਾਂ ਬਹਾਨਾ
ਉਨ੍ਹਾਂ ਕਿਹਾ ਕਿ ਕਦੇ ਇਹ ਸਰਕਾਰ ਆਰਥਿਕ ਸੰਕਟ ਦੀ ਦੁਹਾਈ ਦਿੰਦੀ ਹੈ ਤਾਂ ਕਦੇ ਕਿਸਾਨਾਂ ਤੋਂ ਐਫੀਡੇਵਿਟ ਦੀ ਮੰਗ ਕਰਦੀ ਹੈ ਅਤੇ ਕਦੇ ਕੋਈ ਹੋਰ ਬਹਾਨਾ ਲਾਉਂਦੀ ਹੈ। ਸਪੱਸ਼ਟ ਹੈ ਕਿ ਇਸ ਦੀ ਨੀਅਤ ਠੀਕ ਨਹੀਂ ਹੈ। ਦੇਸ਼ ਦੇ ਕਈ ਹੋਰ ਰਾਜਾਂ 'ਚ ਵੀ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਗਏ ਹਨ। ਉਥੇ ਤਾਂ ਕਿਸੇ ਨੇ ਕਿਸੇ ਕਿਸਾਨ ਤੋਂ ਕੋਈ ਐਫੀਡੇਵਿਟ ਨਹੀਂ ਮੰਗਿਆ। ਸਰਕਾਰ ਕੋਲ ਸਾਰੇ ਲੋਕਾਂ ਦਾ ਰਿਕਾਰਡ ਹੁੰਦਾ ਹੈ ਅਤੇ ਉਸ 'ਤੇ ਜੋ ਕਾਰਵਾਈ ਕਰਨਾ ਚਾਹੇ ਹੋ ਜਾਂਦੀ ਹੈ। ਅਜਿਹਾ ਅਮਰਿੰਦਰ ਸਰਕਾਰ ਕਿਉਂ ਨਹੀਂ ਕਰ ਰਹੀ, ਇਸ ਦਾ ਜਵਾਬ ਤਾਂ ਸਿਰਫ ਉਹੀ ਦੇ ਸਕਦੇ ਹਨ।
ਆਰਥਿਕ ਸੰਕਟ ਤਾਂ ਚੱਲਦਾ ਹੀ ਰਹਿੰਦਾ
ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਵੀ ਪੰਜਾਬ 'ਚ 10 ਸਾਲ ਤਕ ਰਾਜ ਕੀਤਾ ਹੈ। ਉਸ ਸਮੇਂ ਵੀ ਆਰਥਿਕ ਸੰਕਟ ਦੀ ਗੱਲ ਚਲਦੀ ਰਹਿੰਦੀ ਸੀ ਪਰ ਅਸੀਂ ਨਾ ਕਦੇ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਭੁਗਤਾਨ 'ਚ ਕੋਈ ਰੁਕਾਵਟ ਆਉਣ ਦਿੱਤੀ ਅਤੇ ਨਾ ਹੀ ਕਿਸੇ ਵਿਕਾਸ ਕਾਰਜ ਨੂੰ ਰੋਕਿਆ। ਹੁਣ ਸੁਣਿਆ ਹੈ ਕਿ ਸਰਕਾਰ ਕੋਲ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹਨ ਅਤੇ ਇਸ ਲਈ ਉਨ੍ਹਾਂ ਦੀ ਤਨਖਾਹ ਦੇ ਭੁਗਤਾਨ ਲਈ ਇਕ ਮਹੀਨੇ ਦੀ ਦੇਰੀ ਤਕ ਹੋ ਸਕਦੀ ਹੈ।
ਯਾਦਗਾਰਾਂ ਨੂੰ ਕੈਪਟਨ ਦੱਸਦੈ ਚਿੱਟਾ ਹਾਥੀ
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇੰਨਾ ਹੀ ਨਹੀਂ, ਅਸੀਂ 300-400 ਕਰੋੜ ਰੁਪਏ ਖਰਚ ਕਰਕੇ ਵਿਰਾਸਤ-ਏ-ਖਾਲਸਾ ਅਤੇ ਕਈ ਹੋਰ ਯਾਦਗਾਰਾਂ ਬਣਵਾਈਆਂ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਵਿਰਾਸਤ ਅਤੇ ਇਸ ਦੇ ਹੀਰੋਜ਼ ਦੀ ਜਾਣਕਾਰੀ ਹੋਣੀ ਚਾਹੀਦੀ ਪਰ ਬੜੇ
ਦੁੱਖ ਦੀ ਗੱਲ ਹੈ ਕਿ ਅਮਰਿੰਦਰ ਸਰਕਾਰ ਇਨ੍ਹਾਂ ਯਾਦਗਾਰਾਂ ਨੂੰ ਚਿੱਟਾ ਹਾਥੀ ਦੱਸ ਰਹੀ ਹੈ।
ਬੱਚਿਆਂ ਨੂੰ ਪਤਿਤ ਹੋਣ ਤੋਂ ਰੋਕਣ ਲਈ ਚਲਾਈ ਜਾਵੇ ਵਿਸ਼ੇਸ਼ ਮੁਹਿੰਮ
ਬਾਦਲ ਨੇ ਸਿੱਖ ਭਾਈਚਾਰੇ ਦੇ ਬੱਚਿਆਂ ਨੂੰ ਪਤਿਤ ਹੋਣ ਤੋਂ ਰੋਕਣ ਲਈ ਇਕ ਵਿਸ਼ੇਸ਼ ਮੁਹਿੰਮ 'ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ 'ਚ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। 4-5 ਸਾਲ ਦੇ ਬੱਚਿਆਂ 'ਤੇ ਉਨ੍ਹਾਂ ਦੇ-ਮਾਂ-ਪਿਓ ਦਾ ਕਾਫੀ ਪ੍ਰਭਾਵ ਹੁੰਦਾ ਹੈ ਪਰ ਉਸ ਦੇ ਬਾਅਦ ਸਮਾਜ ਹੀ ਇਸ ਰੁਝਾਨ 'ਤੇ ਰੋਕ ਲਾ ਸਕਦਾ ਹੈ।
ਮੇਅਰ ਬਣਨ ਤੋਂ ਬਾਅਦ ਪਹਿਲੀ ਵਾਰ ਗੜ੍ਹਾ ਪਹੁੰਚੇ ਜਗਦੀਸ਼ ਰਾਜਾ
NEXT STORY