ਦਿੱਲੀ ਵਾਲਿਆਂ ਤੇ ਨਾਰਾਜ਼ ਵਰਕਰਾਂ ਨੇ ਹਰਾਈ 'ਆਪ'

You Are HerePunjab
Tuesday, March 21, 2017-12:31 AM

ਜਲੰਧਰ, (ਬੁਲੰਦ)- ਆਮ ਆਦਮੀ ਪਾਰਟੀ ਦੇ ਸਟੇਟ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਦੀ ਅਗਵਾਈ 'ਚ ਅੱਜ ਆਪ ਪਾਰਟੀ ਦੀ ਪੰਜਾਬ 'ਚ ਹੋਈ ਹਾਰ ਦੇ ਕਾਰਨ ਜਾਣਨ ਲਈ ਜਲੰਧਰ 'ਚ ਆਤਮ ਮੰਥਨ ਬੈਠਕ ਦਾ ਆਯੋਜਨ ਕੀਤਾ ਗਿਆ। ਇਸ 'ਚ ਪੰਜਾਬ ਦੇ 117 ਹਲਕਿਆਂ ਦੇ ਹਾਰੇ ਤੇ ਜਿੱਤੇ ਆਪ ਉਮੀਦਵਾਰ ਸ਼ਾਮਲ ਹੋਏ।
ਇਸ ਮੌਕੇ ਬੈਠਕ ਵਾਲੀ ਥਾਂ 'ਤੇ ਨਾ ਤਾਂ ਮੀਡੀਆ ਦੀ ਐਂਟਰੀ ਹੋਣ ਦਿੱਤੀ ਗਈ ਤਾਂ ਨਾ ਹੀ ਪਾਰਟੀ ਵਲੰਟੀਅਰਾਂ ਨੂੰ ਹੀ ਇਸ ਬੈਠਕ 'ਚ ਸ਼ਾਮਲ ਹੋਣ ਦਿੱਤਾ ਗਿਆ, ਜਿਸ ਨਾਲ ਪਾਰਟੀ ਵਰਕਰਾਂ 'ਚ ਤੇ ਮੀਡੀਆ ਵਰਕਰਾਂ 'ਚ ਨਾਰਾਜ਼ਗੀ ਦੇਖੀ ਗਈ।
ਬੈਠਕ 'ਚ 117 ਹਲਕਿਆਂ ਦੇ ਉਮੀਦਵਾਰਾਂ ਨੇ ਉਂਝ ਤਾਂ ਆਪਣੇ ਆਪਣੇ ਹਲਕੇ 'ਚ ਪਾਰਟੀ ਦੀ ਹਾਰ ਦੇ ਕਾਰਨਾਂ ਬਾਰੇ ਮੁੱਖ ਤੌਰ 'ਤੇ ਇਹ ਦੱਸਿਆ ਕਿ ਪਾਰਟੀ ਓਵਰ ਕਾਨਫੀਡੈਂ ਸ ਦਾ ਸ਼ਿਕਾਰ ਹੋਈ ਹੈ। ਪਾਰਟੀ 100 ਸੀਟਾਂ 'ਤੇ ਜਿੱਤ ਪੱਕੀ ਮੰਨ ਕੇ ਚਲ ਰਹੀ ਸੀ ਪਰ ਜ਼ਮੀਨੀ ਪੱਧਰ 'ਤੇ ਪਾਰਟੀ ਦਾ ਢਾਂਚਾ ਵਿਕਸਿਤ ਨਾ ਹੋਣ ਦਾ ਖਾਮਿਆਜ਼ਾ ਹਾਰ ਦੇ ਰੂਪ 'ਚ ਭੁਗਤਣਾ ਪਿਆ। ਇਸ ਦੇ ਇਲਾਵਾ ਪਾਰਟੀ ਨੇ ਨਾ ਤਾਂ ਨਸ਼ੇ ਵੰਡੇ, ਨਾ ਹੀ ਪੈਸਾ ਵੰਡਿਆ, ਜਿਸ ਕਾਰਨ ਪਾਰਟੀ ਵੱਡੀਆਂ ਪਾਰਟੀਆਂ ਵਾਂਗ ਵੋਟਾਂ ਖਰੀਦ ਨਹੀਂ ਸਕੀ।
ਮੁੱਖ ਮੰਤਰੀ ਚਿਹਰਾ ਨਾ ਹੋਣਾ ਤੇ ਟਿਕਟਾਂ ਦੀ ਲਾਰੇਬਾਜ਼ੀ ਵੀ ਬਣੀ ਹਾਰ ਦਾ ਕਾਰਨ
ਆਪ ਨੇਤਾਵਾਂ ਨੇ ਦੱਸਿਆ ਕਿ ਪੰਜਾਬ 'ਚ ਸਫਲਤਾ ਨਾ ਮਿਲ ਸਕਣ ਦਾ ਕਾਰਨ ਇਹ ਵੀ ਰਿਹਾ ਕਿ ਪੰਜਾਬ 'ਚ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਜਨਤਾ ਦੇ ਸਾਹਮਣੇ ਨਹੀਂ ਲਿਆ ਸਕੀ। ਲੋਕ ਕਨਫਿਊਜ਼ ਰਹੇ ਕਿ ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਫੂਲਕਾ ਜਾਂ ਕੋਈ ਪੰਜਾਬ ਦੇ ਬਾਹਰ ਦਾ ਵਿਅਕਤੀ ਹੀ ਪੰਜਾਬ ਦਾ ਸੀ. ਐੱਮ. ਨਾ ਬਣ ਜਾਵੇ। ਅਜਿਹੇ 'ਚ ਅਫਵਾਹਾਂ ਦਾ ਦੌਰ ਵੀ ਗਰਮ ਰਿਹਾ। ਕੋਈ ਕਹਿੰਦਾ ਰਿਹਾ ਕੇਜਰੀਵਾਲ ਖੁਦ ਪੰਜਾਬ ਦੇ ਸੀ. ਐੱਮ. ਬਣਨਗੇ। ਇਸ ਦੇ ਇਲਾਵਾ ਇਕ ਕਾਰਨ ਇਹ ਵੀ ਰਿਹਾ ਕਿ ਪਾਰਟੀ ਨੇ ਪਾਰਦਰਸ਼ਤਾ ਕਾਇਮ ਨਹੀਂ ਰੱਖੀ। ਇਕ ਇਕ ਸੀਟ ਤੋਂ 20-20 ਲੋਕਾਂ ਨੂੰ ਟਿਕਟ ਦੇਣ ਦਾ ਵਾਅਦਾ ਕੀਤਾ ਗਿਆ ਤੇ ਬਾਅਦ 'ਚ ਕਿਸੇ ਹੋਰ ਨੂੰ ਟਿਕਟ ਦੇ ਦਿੱਤੀ ਗਈ। ਅਜਿਹੇ 'ਚ ਜੋ ਟਿਕਟ ਤੋਂ ਵਾਂਝੇ ਰਹਿ ਗ ਏ, ਉਨ੍ਹਾਂ ਨੇ ਅੰਦਰ ਖਾਤੇ ਪਾਰਟੀ ਦੇ ਉਮੀਦਵਾਰਾਂ ਦਾ ਅੰਦਰ ਖਾਤੇ ਵਿਰੋਧ ਜਾਰੀ ਰੱਖਿਆ ਤੇ ਸੀਟ ਹਰਾ ਕੇ ਹੀ ਸਾਹ ਲਿਆ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਨੂੰ ਭਾਵੇਂ ਪੰਜਾਬ 'ਚ ਸੀਟਾਂ ਘੱਟ ਮਿਲੀਆਂ ਹਨ ਪਰ ਇਸ ਨੂੰ ਪਾਰਟੀ ਦੀ ਹਾਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਪਾਰਟੀ ਨੇ ਅਕਾਲੀ ਦਲ ਭਾਜਪਾ ਵਰਗੀਆਂ ਪਾਰਟੀਆਂ ਨੂੰ ਚਿੱਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਵੀ ਜਲਾਲਾਬਾਦ 'ਚ ਭਾਵੇਂ ਹਾਰੇ ਹੋਣ ਪਰ ਉਨ੍ਹਾਂ ਦੇ ਸਾਹਮਣੇ ਡਿਪਟੀ ਸੀ. ਐੱਮ. ਸਨ, ਜਿਸ ਨੂੰ ਉਨ੍ਹਾਂ ਨੇ ਕਰਾਰੀ ਟੱਕਰ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਉਨ੍ਹਾਂ ਦੇ ਮੈਨੀਫੈਸਟੋ ਦੀ ਨਕਲ ਕਰਕੇ ਵੀ. ਆਈ. ਪੀ. ਕਲਚਰ ਖਤਮ ਕਰਨ ਵਰਗੇ ਕਦਮ ਚੁੱਕ ਰਹੀ ਹੈ। ਪ੍ਰੋਗਰਾਮ ਦੇ ਅੰਤ 'ਚ ਪੱਤਰਕਾਰਾਂ ਦੇ ਸਵਾਲ ਜਵਾਬ 'ਚ ਮਾਨ ਨੇ ਕਿਹਾ ਕਿ ਉਹ ਜੇ ਸ਼ਰਾਬ ਪੀਂਦੇ ਹਨ ਤਾਂ ਇਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦਾ ਹਿੱਸਾ ਹੈ ਪਰ ਪਾਰਟੀ ਲਈ ਉਨ੍ਹਾਂ ਦੀ ਮਿਹਨਤ ਕਿਸੇ ਪਾਸਿਓਂ ਘੱਟ ਨਹੀਂ ਰਹੀ।
ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪਾਰਟੀ ਇਨ੍ਹਾਂ ਸਾਰੇ ਕਾਰਨਾਂ ਦੀ ਰਿਪੋਰਟ ਅਰਵਿੰਦ ਕੇਜਰੀਵਾਲ ਨੂੰ ਭੇਜੇਗੀ ਤੇ ਉਸ ਦੇ ਬਾਅਦ ਨਵੀਂ ਰਣਨੀਤੀ ਬਣਾ ਕੇ ਪੰਜਾਬ ਨਿਗਮ ਚੋਣਾਂ ਤੇ ਲੋਕ ਸਭਾ ਚੋਣਾਂ 'ਚ ਉਤਰੇਗੀ। ਉਨ੍ਹਾਂ ਕਿਹਾ ਕਿ ਆਪ ਪਾਰਟੀ ਦੇ 22 ਵਿਧਾਇਕ ਸੰਸਦ 'ਚ ਕਾਂਗਰਸ ਨੂੰ ਪੰਜਾਬ ਨਾਲ ਕੀਤੇ ਵਾਅਦੇ ਯਾਦ ਕਰਵਾਉਂਦੀ ਰਹੇਗੀ।
ਕੀ ਕਿਹਾ ਅੰਦਰਖਾਤੇ
ਜਾਣਕਾਰਾਂ ਦੇ ਅਨੁਸਾਰ ਪਾਰਟੀ ਬੈਠਕ 'ਚ ਉਸ ਸਮੇਂ ਹੰਗਾਮਾ ਹੁੰਦੇ ਹੁੰਦੇ ਬਚਿਆ ਜਦੋਂ ਇਕ ਨੇਤਾ ਨੇ ਭਗਵੰਤ ਮਾਨ 'ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਇਕ ਹੋਰ ਪਾਰਟੀ ਨਸ਼ਿਆਂ ਖਿਲਾਫ ਸਖਤ ਐਕਸ਼ਨ ਲੈਣ ਦੀਆਂ ਗੱਲਾਂ ਕਰ ਰਹੀ ਸੀ, ਦੂਸਰੇ ਪਾਸੇ ਪਾਰਟੀ ਦੇ ਨੇਤਾ ਹੀ ਸ਼ਰਾਬ ਪੀ ਕੇ ਸੋਸ਼ਲ ਮੀਡੀਆ 'ਤੇ ਛਾਏ ਹੁੰਦੇ ਸਨ। ਇਸ ਨੇਤਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਜੇ ਭਗਵੰਤ ਮਾਨ ਇਕ ਮਹੀਨਾ ਸ਼ਰਾਬ ਤੋਂ ਪ੍ਰਹੇਜ਼ ਕਰ ਲੈਂਦੇ ਤਾਂ ਚੰਗਾ ਹੁੰਦਾ। ਇਸ ਦੇ ਬਾਅਦ ਹੰਗਾਮਾ ਹੋਣ ਲੱਗਾ ਪਰ ਪਾਰਟੀ ਨੇਤਾਵਾਂ ਨੇ ਇਸ ਨੂੰ ਤੁਰੰਤ ਠੰਡਾ ਕਰ ਦਿੱਤਾ। ਇਸ ਦੇ ਇਲਾਵਾ ਪਾਰਟੀ ਨੇਤਾਵਾਂ ਨੂੰ ਇਹ ਵੀ ਸਮਝਾਇਆ ਗਿਆ ਕਿ ਕਾਂਗਰਸ ਜੇ ਕੋਈ ਪੰਜਾਬ 'ਚ ਚੰਗਾ ਕਦਮ ਚੁੱਕਦੀ ਹੈ ਤਾਂ ਉਸ ਦੀ ਜ਼ਿਆਦਾ ਪ੍ਰਸ਼ੰਸਾ ਨਹੀਂ ਕਰਨੀ। ਅਜਿਹਾ ਨਾ ਲੱਗੇ ਕਿ ਆਪ ਵਰਕਰ ਕਾਂਗਰਸ ਦੇ ਫੈਨ ਹਨ। ਇਸ ਮੌਕੇ ਆਪ ਨੇਤਾਵਾਂ ਐੱਚ. ਐੱਸ. ਫੂਲਕਾ, ਸੁਖਪਾਲ ਖਹਿਰਾ ਸਮੇਤ ਹੋਰ ਨੇਤਾਵਾਂ ਨੇ ਵੀ ਸੰਬੋਧਨ ਕੀਤਾ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.