ਫਰੀਦਕੋਟ(ਹਾਲੀ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਸਾਲ 2017-18 ਲਈ 12ਵੀਂ ਸ਼੍ਰੇਣੀ ਦੇ ਭੂਗੋਲ ਵਿਸ਼ੇ ਦਾ ਥਿਊਰੀ ਤੇ ਪ੍ਰੈਕਟੀਕਲ ਸਿਲੇਬਸ 90 ਫੀਸਦੀ ਬਦਲਣਾ, ਕਿਤਾਬਾਂ ਨਾ ਹੋਣ ਤੇ ਪਾਠਕ੍ਰਮ ਬੱਚਿਆਂ ਦੀ ਸਮਝ, ਉਮਰ ਤੇ ਮਾਨਸਿਕ ਪੱਧਰ ਦਾ ਨਾ ਹੋਣ ਕਾਰਨ ਜਿਓਗ੍ਰਾਫ਼ੀ ਪੋਸਟ ਗ੍ਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਨੇ ਇਤਰਾਜ਼ ਜਤਾਇਆ ਹੈ।
ਜਥੇਬੰਦੀ ਦੇ ਆਗੂਆਂ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ, ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ, ਪਰਮਜੀਤ ਸਿੰਘ ਸੰਧੂ, ਪ੍ਰੇਮ ਕੁਮਾਰ, ਸੁਖਦੇਵ ਸਿੰਘ, ਭੁਪਿੰਦਰ ਸਿੰਘ ਮਾਨ ਆਦਿ ਨੇ ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ, ਵਧੀਕ ਮੁੱਖ ਸਕੱਤਰ ਸਕੂਲ ਸਿੱਖਿਆ ਪੰਜਾਬ ਸਰਕਾਰ, ਡੀ. ਪੀ. ਆਈ. (ਸੈ. ਸਿ.) ਪੰਜਾਬ ਤੇ ਪੰਜਾਬ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਅਤੇ ਸਕੱਤਰ ਜੇ. ਆਰ. ਮਹਿਰੋਕ ਦੇ ਰਜਿਸਟਰਡ ਪੱਤਰਾਂ ਰਾਹੀਂ ਧਿਆਨ 'ਚ ਲਿਆਂਦਾ ਕਿ ਬੋਰਡ ਵੱਲੋਂ ਨਵੇਂ ਸਿਲੇਬਸ ਦੀ ਕੁਝ ਮਹੀਨੇ ਪਹਿਲਾਂ ਸੂਚਨਾ ਭੇਜਣ ਦੀ ਬਜਾਏ ਅਪ੍ਰੈਲ 2017 ਦੇ ਪਹਿਲੇ ਹਫ਼ਤੇ ਨਵਾਂ ਸਿਲੇਬਸ ਜਾਰੀ ਕੀਤਾ ਗਿਆ, ਜਦੋਂਕਿ ਸੈਸ਼ਨ ਸ਼ੁਰੂ ਹੋ ਚੁੱਕਾ ਸੀ ਤੇ ਬੋਰਡ ਦੇ ਵਿਸ਼ਾ ਮਾਹਿਰਾਂ ਦੀ ਅਣਹੋਂਦ 'ਚ ਇਹ ਨਵਾਂ ਸਿਲੇਬਸ ਤਿਆਰ ਕਰਵਾ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ, ਜੋ ਨਵਾਂ ਸਿਲੇਬਸ ਜਾਰੀ ਕੀਤਾ ਗਿਆ ਹੈ, ਉਹ ਪੁਰਾਣੇ ਸਿਲੇਬਸ ਦੀ ਤੁਲਨਾ 'ਚ ਤਿੰਨ ਗੁਣਾ ਵਧਾ ਦਿੱਤਾ ਗਿਆ ਹੈ, ਜਿਥੇ ਪਹਿਲਾਂ 2 ਯੂਨਿਟ ਸਨ, ਉਥੇ ਹੁਣ 5 ਯੂਨਿਟ ਸ਼ਾਮਲ ਕਰ ਦਿੱਤੇ ਗਏ ਹਨ।
'ਥੌਟ' ਵਾਲਾ ਪਹਿਲਾ ਯੂਨਿਟ ਤਾਂ ਸੀ. ਬੀ. ਐੱਸ. ਈ. ਦੇ ਸਿਲੇਬਸ 'ਚ ਵੀ ਨਹੀਂ ਹੈ। ਨਵਾਂ ਸਿਲੇਬਸ ਕਾਲਜ ਪੱਧਰ ਦਾ ਨਹੀਂ ਸਗੋਂ ਯੂਨੀਵਰਸਿਟੀ ਪੱਧਰ ਦਾ ਹੈ। ਭੂਗੋਲ (ਜਿਓਗ੍ਰਾਫ਼ੀ) ਵਿਸ਼ੇ ਦਾ ਪ੍ਰੈਕਟੀਕਲ ਸਿਲੇਬਸ ਵਧਾਉਣ ਦੇ ਨਾਲ-ਨਾਲ ਇਸ ਨਵੇਂ ਸਿਲੇਬਸ 'ਚ ਵੱਖ-ਵੱਖ ਤਰ੍ਹਾਂ ਦੇ ਸਰਵੇ ਸ਼ਾਮਲ ਕੀਤੇ ਗਏ ਹਨ, ਜੋ ਫ਼ੀਲਡ 'ਚ ਕਰਨੇ ਹੋਣਗੇ, ਜਿਸ ਨਾਲ ਸ਼ਹਿਰੀ ਵਿਦਿਆਰਥੀਆਂ ਤੇ ਪੇਂਡੂ ਲੜਕੀਆਂ ਨੂੰ ਬੜੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅਧਿਆਪਕ ਵੀ ਫੀਲਡ ਵਿਚ ਕੰਮ ਕਰਨ ਸਮੇਂ ਸਕੂਲ ਤੋਂ ਬਾਹਰ ਰਹਿਣ ਕਾਰਨ ਹੋਰਨਾਂ ਜਮਾਤਾਂ ਦੀ ਵੀ ਪੜ੍ਹਾਈ ਪ੍ਰਭਾਵਿਤ ਹੋਵੇਗੀ। ਇਸੇ ਤਰ੍ਹਾਂ ਜੋ ਕੰਪਿਊਟਰ ਆਦਿ ਨਾਲ ਲੈਬ 'ਚ ਪ੍ਰਯੋਗ ਕਰਨੇ ਹੋਣਗੇ, ਉਸ ਲਈ ਵੀ ਬੜੇ ਸਾਜੋ ਸਾਮਾਨ ਦੀ ਜ਼ਰੂਰਤ ਪਵੇਗੀ ਪਰ ਸਕੂਲਾਂ 'ਚ ਅਜੇ ਤੱਕ ਭੂਗੋਲ ਲੈਬ ਦਾ ਉਚਿਤ ਪ੍ਰਬੰਧ ਨਹੀਂ ਹੈ। ਪੰਜਾਬ ਬੋਰਡ ਨੇ ਨਵੇਂ ਸਿਲੇਬਸ ਅਨੁਸਾਰ ਕਿਤਾਬ ਨਹੀਂ ਛਾਪੀ ਤੇ 2 ਮਹੀਨੇ ਲੰਘਣ ਵਾਲੇ ਹਨ ਤੇ ਤੀਜਾ ਮਹੀਨਾ ਛੁੱਟੀਆਂ ਵਿਚ ਬਤੀਤ ਹੋਣ ਕਾਰਨ ਸਿਲੇਬਸ ਕਵਰ ਨਹੀਂ ਹੋਵੇਗਾ ਤਾਂ ਫ਼ਿਰ ਇਸ 12ਵੀਂ ਸ਼੍ਰੇਣੀ ਦੇ ਬੋਰਡ ਦੇ ਚੰਗੇ ਨਤੀਜੇ ਦੀ ਕੀ ਤਵੱਕੋ ਕੀਤੀ ਜਾ ਸਕਦੀ ਹੈ। ਇਸ ਨੁਕਸਾਨ ਦੀ ਭਰਪਾਈ ਕਿਵੇਂ ਹੋਵੇਗੀ ਤੇ ਜ਼ਿੰਮੇਵਾਰ ਕੌਣ ਹੋਵੇਗਾ।
ਪੱਤਰ ਰਾਹੀਂ ਜਥੇਬੰਦੀ ਨੇ ਇਸ ਮੁੱਦੇ ਉਪਰ ਵਿਚਾਰ ਕਰਨ ਲਈ ਸਿੱਖਿਆ ਮੰਤਰੀ ਤੇ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਮੀਟਿੰਗ ਲਈ ਸਮਾਂ ਮੰਗਣ ਦੇ ਨਾਲ-ਨਾਲ ਇਹ ਮੰਗ ਕੀਤੀ ਹੈ ਕਿ ਨਵੀਂ ਸਿਲੇਬਸ ਸੋਧ ਕਮੇਟੀ ਬਣਾ ਕੇ ਉਸ ਵਿਚ ਯੋਗ ਵਿਸ਼ਾ ਮਾਹਿਰਾਂ ਦੇ ਨਾਲ ਜਥੇਬੰਦੀ ਦੇ ਮੈਂਬਰ ਵੀ ਸ਼ਾਮਲ ਕਰ ਕੇ ਨਵੇਂ ਸਿਲੇਬਸ ਦੀ ਸਮੀਖਿਆ ਕਰਨ ਉਪਰੰਤ ਹੀ ਇਸ ਨਵੇਂ ਸਿਲੇਬਸ ਨੂੰ ਲਾਗੂ ਕੀਤਾ ਜਾਵੇ।
ਗੈਂਗਸਟਰ ਘੁੱਗਾ ਤੇ ਸ਼ਰਾਬ ਸਮੱਗਲਰ ਲੱਕੀ ਗਰੁੱਪ ਦੇ 11 ਮੈਂਬਰ ਗ੍ਰਿਫਤਾਰ (ਵੀਡੀਓ)
NEXT STORY