ਸ਼ਾਮਚੁਰਾਸੀ, (ਚੁੰਬਰ)- ਬੇਸ਼ੱਕ ਸਮੇਂ-ਸਮੇਂ ਦੀਆਂ ਸਰਕਾਰਾਂ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੇ ਦਮਗੱਜੇ ਮਾਰਦੀਆਂ ਰਹਿੰਦੀਆਂ ਹਨ ਪਰ ਅਜੇ ਵੀ ਕਈ ਪਿੰਡ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਰਹਿ ਕੇ ਨਰਕ ਵਰਗੀ ਜ਼ਿੰਦਗੀ ਬਤੀਤ ਕਰਨ ਲਈ ਮਜਬੁਰ ਹਨ। ਕੁਝ ਇਹੋ ਜਿਹੀ ਹੀ ਸਥਿਤੀ ਦਾ ਪਿੰਡ ਪੰਡੋਰੀ ਰਾਜਪੂਤਾਂ (ਮਹਿਤਮਾ) ਦੀ ਪੰਚਾਇਤ ਸਮੇਤ ਸਮੁੱਚੇ ਇਲਾਕੇ ਨੇ ਪ੍ਰਿੰਟ ਮੀਡੀਏ ਰਾਹੀਂ ਖੁਲਾਸਾ ਕੀਤਾ ਹੈ। ਪਿੰਡ ਵਾਸੀਆਂ ਸਰਪੰਚ ਸਵਰਨ ਚੰਦ, ਮਹਿੰਦਰ ਸਿੰਘ, ਬਲਦੇਵ ਸਿੰਘ, ਪੰਚ ਸੰਤੋਖ ਕੌਰ ਅਤੇ ਕਰਨੈਲ ਸਿੰਘ ਨੇ ਦੱਸਿਆ ਕਿ ਕਰੀਬ 11 ਸਾਲ ਪਹਿਲਾਂ ਡੀ. ਸੀ. ਹੁਸ਼ਿਆਰਪੁਰ ਨੇ ਸੰਬੰਧਿਤ ਬੀ. ਡੀ. ਓ. ਦੀ ਮਦਦ ਨਾਲ ਉਨ੍ਹਾਂ ਪਾਸੋਂ ਪੰਚਾਇਤੀ ਜ਼ਮੀਨ ਕਰੀਬ 33 ਕਨਾਲਾਂ, ਜੋ ਕਿ ਖੇਤੀਬਾੜੀ ਲਈ ਬਹੁਤ ਹੀ ਉਪਜਾਊ ਸੀ, ਨੂੰ ਉਨ੍ਹਾਂ ਦੇ ਮਨ੍ਹਾ ਕਰਨ 'ਤੇ ਕੂੜੇ ਤੋਂ ਖਾਦ ਬਣਾਉਣ ਵਾਲੀ ਫੈਕਟਰੀ ਲਵਾਉਣ ਲਈ ਮਤਾ ਪਾਸ ਕਰਵਾ ਕੇ ਲੈ ਲਿਆ। ਇਸ ਸਥਾਨ 'ਤੇ ਉਕਤ ਕੂੜਾ ਡੰਪ ਦੀ ਟੀਮ ਨੇ ਆਪਣੇ ਮਕਾਨ, ਟੈਂਕੀ ਵਗੈਰਾ ਬਣਾ ਕੇ ਉਥੇ ਖਾਦ ਤਿਆਰ ਕਰਨ ਵਾਲੀ ਇਕ ਵੱਡੀ ਸ਼ੈੱਡ ਵੀ ਬਣਾ ਲਈ, ਜਿਸ ਵਿਚ ਕਈ ਹੌਦੀਆਂ ਵਗੈਰਾ ਬਣਾਈਆਂ ਗਈਆਂ।
ਇਸ ਦੇ ਨਾਲ ਹੀ ਇਕ ਖੇਤ ਤੋਂ ਘੱਟ ਜਗ੍ਹਾ ਵਿਚ ਉਕਤ ਟੀਮ ਨੇ 15 ਫੁੱਟ ਦੇ ਕਰੀਬ ਡੂੰਘਾ ਟੋਇਆ ਮਸ਼ੀਨਾਂ ਨਾਲ ਪੁੱਟ ਦਿੱਤਾ, ਜਿਸ ਨੂੰ ਰੋਜ਼ਾਨਾ ਹੀ ਦਰਜਨਾਂ ਕੂੜੇ ਦੀਆਂ ਟਰਾਲੀਆਂ, ਜਿਸ ਵਿਚ ਸ਼ਾਮਚੁਰਾਸੀ, ਆਦਮਪੁਰ, ਅਲਾਵਲਪੁਰ ਅਤੇ ਏਅਰਫੋਰਸ ਦਾ ਕੂੜਾ ਸ਼ਾਮਲ ਹੁੰਦਾ ਸੀ, ਨਾਲ 10 ਸਾਲਾਂ ਵਿਚ ਭਰ ਦਿੱਤਾ। ਇਸ 'ਤੇ ਪਹਿਲਾਂ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਮਿੱਟੀ ਪਾ ਕੇ ਕੂੜਾ ਦੱਬਿਆ ਜਾਂਦਾ ਸੀ ਪਰ ਹੌਲੀ-ਹੌਲੀ ਇਹ ਪ੍ਰਕਿਰਿਆ ਵੀ ਉਕਤ ਕਰਿੰਦਿਆਂ ਵੱਲੋਂ ਖ਼ਤਮ ਕਰ ਦਿੱਤੀ ਗਈ, ਜਿਸ ਨਾਲ ਸਮੁੱਚੇ ਖੇਤਰ ਵਿਚ ਕਈ-ਕਈ ਕਿਲੋਮੀਟਰ ਤੱਕ ਇਸ ਕੂੜੇ ਦੀ ਬਦਬੂ ਫੈਲੀ ਹੋਈ ਹੈ ਅਤੇ ਪਣਪਦੇ ਭਿਆਨਕ ਮੱਛਰਾਂ ਅਤੇ ਮੱਖੀਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਜੋ ਕਿਸੇ ਵੀ ਮਹਾਮਾਰੀ ਨੂੰ ਜਨਮ ਦੇ ਸਕਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਕੂੜਾ ਡੰਪ ਸਥਾਪਤ ਕਰਨ ਮੌਕੇ ਉਨ੍ਹਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਉਕਤ ਖੇਤਰ ਦੇ ਨੌਜਵਾਨਾਂ ਨੂੰ ਇਥੇ ਨੌਕਰੀਆਂ ਦਿੱਤੀਆਂ ਜਾਣਗੀਆਂ, ਜਿਸ ਨਾਲ ਬੇਰੋਜ਼ਗਾਰੀ ਦੂਰ ਹੋਵੇਗੀ, ਕਿਸਾਨਾਂ ਨੂੰ ਚੰਗੀਆਂ ਫਸਲਾਂ ਦੀ ਪੈਦਾਵਾਰ ਲਈ ਦੇਸੀ ਖਾਦਾਂ, ਜੋ ਇਸ ਕੂੜੇ ਤੋਂ ਤਿਆਰ ਹੋਣਗੀਆਂ ਦਿੱਤੀਆਂ ਜਾਣਗੀਆਂ ਪਰ ਅਜਿਹਾ ਪਿਛਲੇ 11 ਸਾਲਾਂ ਵਿਚ ਕੁਝ ਵੀ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਉਕਤ ਟੋਇਆ ਭਰ ਜਾਣ ਕਾਰਨ ਹੁਣ ਨਿੱਤ ਦਿਨ ਇਹ ਕੂੜਾ ਟਰਾਲੀਆਂ ਰਾਹੀਂ ਜ਼ਮੀਨ ਉਪਰ ਸੁੱਟਿਆ ਜਾਂਦਾ ਹੈ, ਜਿਸ ਵੱਲ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਹੋਰ ਸੰਬੰਧਿਤ ਵਿਭਾਗ ਦਾ ਧਿਆਨ ਨਹੀਂ ਗਿਆ। ਬਰਸਾਤ ਦੇ ਮੌਸਮ ਕਾਰਨ ਇਸ ਕੂੜੇ ਨਾਲ ਬੀਮਾਰੀਆਂ ਫੈਲਣ ਦਾ ਖ਼ਤਰਾ ਲੋਕਾਂ ਦੇ ਸਿਰ 'ਤੇ ਮੰਡਰਾਅ ਰਿਹਾ ਹੈ, ਜਿਸ ਨਾਲ ਆਸ-ਪਾਸ ਦੇ ਕਰੀਬ ਪੰਜ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਅਤੇ ਇਸ ਕੂੜਾ ਡੰਪ ਨੂੰ ਬੰਦ ਕਰਵਾਉਣ ਲਈ ਉਹ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖ ਚੁੱਕੇ ਹਨ।
ਬਿਜਲੀ ਖਰਾਬ ਹੈ ਅਤੇ ਪਾਣੀ ਦੀ ਮੋਟਰ ਵੀ ਕਈ ਸਾਲਾਂ ਤੋਂ ਜਵਾਬ ਦੇ ਚੁੱਕੀ ਹੈ। ਉਕਤ ਕੰਪਨੀ ਜਿਸ ਨੂੰ ਪਿੰਡ ਵਾਸੀ ਦਿੱਲੀ ਦੀ ਕੋਈ ਕੰਪਨੀ ਦੱਸ ਰਹੇ ਹਨ, ਦੀ ਮਸ਼ੀਨਰੀ, ਜਿਸ ਵਿਚ ਇਕ ਰੋਡ ਰੋਲਰ, ਇਕ ਟਰੈਕਟਰ, ਦੋ ਪਾਣੀ ਵਾਲੀਆਂ ਟੈਂਕੀਆਂ ਅਤੇ ਇਕ ਟਰਾਲੀ ਸਮੇਤ ਕੁਝ ਹੋਰ ਇੱਕਾ-ਦੁੱਕਾ ਵਾਹਨ ਜ਼ਿੰਦਗੀ ਦੇ ਆਖਰੀ ਸਾਹ ਲੈ ਰਹੇ ਹਨ। ਪਿੰਡ ਵਾਸੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਮੀਨ ਵਾਪਸ ਕੀਤੀ ਜਾਵੇ ਅਤੇ ਇਥੇ ਸੁੱਟਿਆ ਜਾਣ ਵਾਲਾ ਕੂੜਾ ਮੁਕੰਮਲ ਤੌਰ 'ਤੇ ਰੋਕਿਆ ਜਾਵੇ। ਜੇਕਰ ਭਵਿੱਖ ਵਿਚ ਅਜਿਹਾ ਨਾ ਕੀਤਾ ਗਿਆ ਤਾਂ ਉਕਤ ਇਲਾਕੇ ਦੇ ਲੋਕਾਂ ਦਾ ਰੋਹ ਹੋਰ ਵੀ ਭਖ ਜਾਵੇਗਾ ਅਤੇ ਇਸ ਨੂੰ ਬੰਦ ਕਰਨ ਲਈ ਹਰ ਹੀਲਾ ਅਪਨਾਉਣਗੇ।
ਚੋਰੀ ਹੋਏ ਜਨਰੇਟਰ ਸਣੇ ਕਾਬੂ
NEXT STORY