ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਪਿਛਲੇ ਮਹੀਨੇ ਦੇ ਅਖੀਰ 'ਚ ਪੰਜਾਬ ਪੁਲਸ ਵੱਲੋਂ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਮਾਰ ਮੁਕਾਉਣ ਦੇ ਮਾਮਲੇ ਨੇ ਇਕ ਵਾਰ ਫਿਰ ਪੰਜਾਬ ਦੇ ਵਾਸੀਆਂ ਦਾ ਧਿਆਨ ਸੂਬੇ 'ਚ ਗੈਂਗਸਟਰਾਂ ਦੇ ਫੈਲੇ ਹੋਏ ਜਾਲ ਵੱਲ ਖਿੱਚਿਆ ਹੈ। ਵਿੱਕੀ ਗੌਂਡਰ ਨੂੰ ਮਾਰਨ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਕੁਝ ਹੋਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਕਾਰਨ ਬੇਸ਼ੱਕ ਅਪਰਾਧਿਕ ਪ੍ਰਵਿਰਤੀ ਵਾਲੇ ਅਜਿਹੇ ਨੌਜਵਾਨਾਂ ਦੀਆਂ ਸਰਗਰਮੀਆਂ 'ਚ ਕੁਝ ਖੜ੍ਹੋਤ ਆਈ ਹੈ ਪਰ ਕੁਝ ਹੋਰ ਗੈਂਗਸਟਰਾਂ ਵੱਲੋਂ ਪੁਲਸ ਦੇ ਇਸ 'ਐਕਸ਼ਨ' ਦੇ ਤੁਰੰਤ ਬਾਅਦ ਦਿੱਤੀ ਗਈ ਵੱਡੀ ਧਮਕੀ ਨੇ ਇਹ ਸੰਕੇਤ ਵੀ ਦਿੱਤਾ ਹੈ ਕਿ ਸਿਰਫ਼ ਪੁਲਸ ਮੁਕਾਬਲੇ ਜਾਂ ਅਜਿਹੀਆਂ ਕਾਰਵਾਈਆਂ ਪੰਜਾਬ 'ਚੋਂ ਗੈਂਗਸਟਰਾਂ ਦੀ ਹੋਂਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕਾਫ਼ੀ ਨਹੀਂ ਹਨ। ਬੇਸ਼ੱਕ ਸਰਕਾਰ ਗੈਂਗਸਟਰਾਂ ਨੂੰ ਨੱਥ ਪਾਉਣ ਲਈ 'ਪਕੋਕਾ' ਵਰਗਾ ਸਖ਼ਤ ਕਾਨੂੰਨ ਬਣਾਉਣ ਸੰਬੰਧੀ ਵੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਤੇ ਹੁਣ ਅਜਿਹੇ ਭਟਕੇ ਹੋਏ ਨੌਜਵਾਨਾਂ ਨੂੰ ਸਹੀ ਰਸਤੇ 'ਤੇ ਲਿਆਉਣ ਲਈ ਵੀ ਕੁਝ ਯਤਨ ਸ਼ੁਰੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਪਰ ਜੇਕਰ ਹੇਠਲੇ ਪੱਧਰ 'ਤੇ ਨੌਜਵਾਨਾਂ ਦੇ ਸ਼ੌਕ, ਮਜਬੂਰੀਆਂ ਤੇ ਵਿਹਲੇਪਣ ਤੋਂ ਇਲਾਵਾ ਸਰਕਾਰ ਦੀ ਕਾਰਗੁਜ਼ਾਰੀ ਵਰਗੇ ਕਈ ਪੱਖਾਂ ਨੂੰ ਬਾਰੀਕੀ ਨਾਲ ਘੋਖਿਆ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਸਿਰਫ਼ 'ਸਖ਼ਤੀ' ਤੱਕ ਸੀਮਤ ਰਹਿਣ ਤੋਂ ਇਲਾਵਾ ਸਰਕਾਰ ਨੂੰ ਅਜਿਹੇ ਹਰ ਪੱਖ ਨੂੰ ਵਿਚਾਰਨ ਦੀ ਲੋੜ ਹੈ, ਜੋ ਨੌਜਵਾਨਾਂ ਨੂੰ ਮੌਤ ਦੇ ਰਸਤੇ ਵੱਲ ਲਿਜਾ ਰਹੇ ਹਨ।
ਲਾਇਸੈਂਸੀ ਹਥਿਆਰਾਂ ਪ੍ਰਤੀ ਸਰਕਾਰ ਦੀ ਲਾਪਰਵਾਹੀ
ਪਹਿਲਾਂ ਨੌਜਵਾਨਾਂ ਦੀਆਂ ਲੜਾਈਆਂ ਸਿਰਫ਼ ਡਾਂਗਾਂ, ਚਾਕੂਆਂ ਤੇ ਕਿਰਚਾਂ/ਕਿਰਪਾਨਾਂ ਤੱਕ ਸੀਮਤ ਹੁੰਦੀਆਂ ਸਨ ਪਰ ਪੰਜ ਕੁ ਸਾਲਾਂ ਤੋਂ ਪੰਜਾਬ ਦੇ ਨੌਜਵਾਨਾਂ 'ਤੇ ਵੀ ਫ਼ਿਲਮੀ ਦੁਨੀਆ ਦਾ ਰੰਗ ਚੜ੍ਹਨਾ ਸ਼ੁਰੂ ਹੋ ਗਿਆ ਹੈ, ਇਸ ਕਾਰਨ ਨੌਜਵਾਨ ਵਰਗ ਆਪਣੇ ਕੋਲ ਅਸਲਾ ਰੱਖਣ ਦਾ ਸ਼ੌਕੀਨ ਬਣਦਾ ਜਾ ਰਿਹਾ ਹੈ। ਇਸ ਮਾਮਲੇ 'ਚ ਸਰਕਾਰ ਦੀ ਕਾਰਗੁਜ਼ਾਰੀ ਵੀ ਇੰਨੀ ਲਾਪਰਵਾਹੀ ਵਾਲੀ ਰਹੀ ਹੈ ਕਿ ਅਸਲਾ ਲਾਇਸੈਂਸ ਜਾਰੀ ਕਰਨ ਮੌਕੇ ਕਾਨੂੰਨ ਪੱਖੋਂ ਤਾਂ ਬੇਸ਼ੱਕ ਖਾਨਾਪੂਰਤੀ ਕਰ ਲਈ ਗਈ ਹੋਵੇ ਪਰ ਧੜਾਧੜ ਲਾਇਸੈਂਸੀ ਹਥਿਆਰ ਜਾਰੀ ਕੀਤੇ ਜਾਣ ਨਾਲ ਸੂਬੇ ਦੇ ਨੌਜਵਾਨ ਵਰਗ ਦੇ ਭਵਿੱਖ ਤੇ ਸਮਾਜਿਕ ਤਾਣੇ-ਬਾਣੇ ਤੋਂ ਇਲਾਵਾ ਸ਼ਾਂਤੀ 'ਤੇ ਪੈਣ ਵਾਲੇ ਪ੍ਰਭਾਵ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ।
ਇਸੇ ਕਾਰਨ ਪੰਜਾਬ 'ਚ ਲੱਖਾਂ ਨੌਜਵਾਨ ਕੋਈ ਖ਼ਤਰਾ ਨਾ ਹੋਣ ਦੇ ਬਾਵਜੂਦ ਹਰ ਵੇਲੇ ਲਾਇਸੈਂਸੀ ਹਥਿਆਰ ਚੁੱਕੀ ਫਿਰਦੇ ਹਨ। ਇੰਨਾ ਹੀ ਨਹੀਂ, ਹਰੇਕ ਕਾਰ, ਟਰੱਕ ਤੇ ਬੱਸ ਸਮੇਤ ਹੋਰਨਾਂ ਵਾਹਨਾਂ 'ਚ ਵੀ ਲੋਕ ਸ਼ਰੇਆਮ ਜਾਨਲੇਵਾ ਹਥਿਆਰ ਲਈ ਫਿਰਦੇ ਹਨ, ਜਿਨ੍ਹਾਂ ਨੂੰ ਸ਼ਾਇਦ ਹੀ ਕਦੀ ਕਿਸੇ ਪੁਲਸ ਕਰਮਚਾਰੀ ਨੇ ਰੋਕ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਹੋਵੇ।
ਗੈਂਗਸਟਰਾਂ ਨੇ 'ਗੈਂਗਲੈਂਡ' ਬਣਾਇਆ ਪੰਜਾਬ
ਪੁਲਸ ਨੇ ਕੁਝ ਹੀ ਸਮੇਂ ਦੌਰਾਨ ਵਿੱਕੀ ਗੌਂਡਰ ਸਮੇਤ ਅੱਧਾ ਦਰਜਨ ਨਾਮੀ ਗੈਂਗਸਟਰਾਂ ਨੂੰ ਮਾਰ ਮੁਕਾਇਆ, ਜਦਕਿ 36 ਨੂੰ ਗ੍ਰਿਫ਼ਤਾਰ ਵੀ ਕੀਤਾ। ਪੁਲਸ ਦੀ ਸਖ਼ਤੀ ਕਾਰਨ ਪੰਜਾਬ ਦੀਆਂ ਜੇਲਾਂ 'ਚ 180 ਤੋਂ ਵੱਧ ਗੈਂਗਸਟਰ ਬੰਦ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 'ਏ' ਤੇ 'ਸੀ' ਕੈਟਾਗਰੀ ਦੇ ਗੈਂਗਸਟਰਾਂ ਦੀ ਗਿਣਤੀ 50-50 ਹੈ, ਜਦਕਿ 'ਬੀ' ਕੈਟਾਗਰੀ ਦੇ ਗੈਂਗਸਟਰਾਂ ਦੀ ਗਿਣਤੀ 85 ਹੈ। ਜੇਕਰ ਵੱਖ-ਵੱਖ ਸੂਤਰਾਂ ਦੀ ਮੰਨੀਏ ਤਾਂ ਇਸ ਮੌਕੇ ਪੰਜਾਬ 'ਚ ਅਜਿਹੇ ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਦੀ ਗਿਣਤੀ 500 ਹੈ।
ਕੁਝ ਹੀ ਸਾਲਾਂ 'ਚ ਜਿਸ ਢੰਗ ਨਾਲ ਗੈਂਗਸਟਰਾਂ ਨੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਉਸ ਹਿਸਾਬ ਨਾਲ ਪੰਜਾਬ ਦਾ ਸ਼ਾਇਦ ਹੀ ਕੋਈ ਹਿੱਸਾ ਅਜਿਹਾ ਹੋਵੇਗਾ, ਜਿਥੇ ਇਨ੍ਹਾਂ ਦੀ ਦਹਿਸ਼ਤ ਦਾ ਪ੍ਰਭਾਵ ਨਾ ਪਿਆ ਹੋਵੇ। ਖ਼ਾਸ ਤੌਰ 'ਤੇ ਵਿੱਕੀ ਗੌਂਡਰ ਵੱਲੋਂ ਸੁੱਖਾ ਕਾਹਲਵਾਂ ਨੂੰ ਦਿਨ-ਦਿਹਾੜੇ ਪੁਲਸ ਦੀ ਗ੍ਰਿਫ਼ਤ 'ਚ ਹੋਣ ਦੇ ਬਾਵਜੂਦ ਮੌਤ ਦੇ ਘਾਟ ਉਤਾਰਨ ਦੀ ਵਾਰਦਾਤ ਨੇ ਇਕ ਵਾਰ ਸੂਬੇ 'ਚ ਪੁਲਸ ਪ੍ਰਬੰਧਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ। ਇਸ ਤੋਂ ਇਲਾਵਾ ਨਾਭਾ ਜੇਲ ਕਾਂਡ ਤੇ ਗੁਰਦਾਸਪੁਰ 'ਚ ਸੂਬੇਦਾਰ ਤੇ ਉਸ ਦੇ ਸਾਥੀਆਂ ਨੂੰ ਦਿਨ-ਦਿਹਾੜੇ ਗੋਲੀਆਂ ਨਾਲ ਭੁੰਨਣ ਵਰਗੀਆਂ ਕਈ ਵਾਰਦਾਤਾਂ ਵੀ ਲੋਕਾਂ 'ਚ ਦਹਿਸ਼ਤ ਫੈਲਾਉਣ ਤੇ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਾਉਣ ਦਾ ਕਾਰਨ ਬਣੀਆਂ।
'ਪਕੋਕਾ' ਬਣਾਉਣ ਤੋਂ ਪਹਿਲਾਂ ਹੋਰ ਮੁੱਦਿਆਂ ਨੂੰ ਵਿਚਾਰਨ ਦੀ ਲੋੜ
ਗੈਂਗਸਟਰਾਂ ਨੂੰ ਨੱਥ ਪਾਉਣ ਲਈ ਪੁਲਸ ਕਰਮਚਾਰੀਆਂ ਵੱਲੋਂ ਆਪਣੀਆਂ ਜਾਨਾਂ 'ਤੇ ਖੇਡ ਕੇ ਕੀਤੀ ਜਾ ਰਹੀ ਕਾਰਵਾਈ ਦੀ ਸ਼ਲਾਘਾ ਕਰਨੀ ਬਣਦੀ ਹੈ ਤੇ ਨਾਲ ਹੀ ਪੁਲਸ ਦੀ ਪਿੱਠ ਥਾਪੜਨ ਦਾ ਮਾਮਲਾ ਵੀ ਗੈਂਗਸਟਰਾਂ ਨੂੰ ਮੁਕਾਉਣ ਲਈ ਕੈਪਟਨ ਸਰਕਾਰ ਦੀ ਪ੍ਰਤੀਬੱਧਤਾ ਨੂੰ ਜ਼ਾਹਿਰ ਕਰਦਾ ਹੈ। ਭਾਵੇਂ ਸਰਕਾਰ ਵੱਲੋਂ 'ਪਕੋਕਾ' ਕਾਨੂੰਨ ਬਣਾਉਣ ਸੰਬੰਧੀ ਸ਼ੁਰੂ ਕੀਤੀ ਵਿਚਾਰ-ਚਰਚਾ ਦਾ ਵੀ ਵੱਖ-ਵੱਖ ਵਰਗਾਂ ਨੇ ਸਵਾਗਤ ਕੀਤਾ ਹੈ ਪਰ ਸੂਬੇ 'ਚ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਆਗੂ ਮੰਗ ਕਰ ਰਹੇ ਹਨ ਕਿ ਅਜਿਹੇ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਅਜਿਹੇ ਕਾਨੂੰਨ ਕਿਸੇ ਬੇਕਸੂਰ ਨੂੰ ਨਿਸ਼ਾਨਾ ਬਣਾਉਣ ਦਾ ਜ਼ਰੀਆ ਨਾ ਬਣਨ। ਇਸ ਤੋਂ ਪਹਿਲਾਂ ਸਰਕਾਰ ਨੂੰ ਇਹ ਮੁੱਦਾ ਵੀ ਵਿਚਾਰਨ ਦੀ ਲੋੜ ਹੈ ਕਿ ਚੋਟੀ ਦੇ ਖਿਡਾਰੀਆਂ ਤੇ ਹੋਰ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਹੋਣਹਾਰ ਨੌਜਵਾਨਾਂ ਨੂੰ 'ਗੈਂਗਸਟਰ' ਬਣਾਉਣ ਲਈ ਕਿਹੜੇ ਕਾਰਨ ਤੇ ਲੋਕ ਜ਼ਿੰਮੇਵਾਰ ਹਨ। ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਕਿ ਰੋਜ਼ਗਾਰ ਤੋਂ ਵਾਂਝੇ ਨੌਜਵਾਨ ਗੈਂਗਸਟਰਾਂ ਦੀ ਚਮਕ-ਦਮਕ ਵੱਲ ਆਸਾਨੀ ਨਾਲ ਆਕਰਸ਼ਿਤ ਹੋ ਕੇ ਗਲਤ ਰਸਤਾ ਚੁਣ ਰਹੇ ਹਨ।
ਮੈਂ ਸਮਾਜ ਨੂੰ ਕੀ ਦਿੱਤਾ, ਅਜਿਹੀ ਸੋਚ ਰੱਖੇ ਹਰ ਇਨਸਾਨ : ਮਹਾਜਨ
NEXT STORY