ਅੰਮ੍ਰਿਤਸਰ, (ਦਲਜੀਤ)- ਪੰਜਾਬ ਦੇ ਜ਼ਰੂਰਤਮੰਦ ਲੋਕਾਂ ਨੂੰ ਹੁਣ ਐਮਰਜੈਂਸੀ 'ਚ ਖੂਨ ਲਈ ਇਧਰ-ਉਧਰ ਨਹੀਂ ਭਟਕਣਾ ਪਵੇਗਾ। 12 ਘੰਟਿਆਂ ਵਿਚ ਬਿਨਾਂ ਡੋਨਰ ਤੋਂ ਮਰੀਜ਼ ਦੇ ਵਾਰਿਸਾਂ ਨੂੰ ਮੁਫਤ 'ਚ ਖੂਨ ਮੁਹੱਈਆ ਹੋਵੇਗਾ। ਦਿੱਲੀ ਦੀ ਸ਼ਹੀਦ ਭਗਤ ਸਿੰਘ ਹੈਲਪ ਅਤੇ ਕੇਅਰ ਫਾਰ ਸੋਸਾਇਟੀ ਵੱਲੋਂ ਦੂਸਰੇ ਸੂਬਿਆਂ ਵਿਚ ਸਫਲ ਪ੍ਰੀਖਣ ਤੋਂ ਬਾਅਦ ਹੁਣ ਪੰਜਾਬ ਵਿਚ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਮੁਫਤ ਐਂਬੂਲੈਂਸ ਅਤੇ ਬਲੱਡ ਮੁਹੱਈਆ ਕਰਵਾਉਣ ਦੀ ਮੁਹਿੰਮ ਦਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਆਗਾਜ਼ ਕੀਤਾ ਗਿਆ। ਐਂਬੂਲੈਂਸ ਨੂੰ ਕੋਈ ਵੀ ਵਿਅਕਤੀ ਕਿਸੇ ਵੇਲੇ ਵੀ ਫੋਨ ਕਰ ਕੇ ਇਸ ਦੀ 24 ਘੰਟੇ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਉਕਤ ਸੋਸਾਇਟੀ ਦੇ ਕੌਮੀ ਪ੍ਰਧਾਨ ਹਿਮਾਂਸ਼ੂ ਕਾਲੀਆ ਨੇ ਦੱਸਿਆ ਕਿ ਭਾਰਤ ਦੇ ਕਈ ਸੂਬਿਆਂ ਵਿਚ ਉਨ੍ਹਾਂ ਦੀਆਂ 20 ਐਂਬੂਲੈਂਸਾਂ ਜ਼ਰੂਰਤਮੰਦ ਲੋਕਾਂ ਦੀ ਸੇਵਾ ਲਈ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸੋਸਾਇਟੀ ਨਾਲ ਜੁੜੇ 5 ਲੱਖ ਖੂਨ ਦਾਨੀ ਸੱਜਣ 24 ਘੰਟੇ ਜ਼ਰੂਰਤਮੰਦ ਲੋਕਾਂ ਨੂੰ ਖੂਨ ਦੇਣ ਲਈ ਤੱਤਪਰ ਰਹਿੰਦੇ ਹਨ। ਸੋਸਾਇਟੀ ਵੱਲੋਂ ਮਰੀਜ਼ਾਂ ਨੂੰ ਮੁਫਤ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਪੰਜਾਬ ਵਿਚ ਐਂਬੂਲੈਂਸ ਸੇਵਾ ਚਲਾਉਣ ਦਾ ਮੁੱਖ ਮਕਸਦ ਹੈ ਕਿ ਲੋੜਵੰਦਾਂ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਫਿਲਹਾਲ ਪੰਜਾਬ 'ਚ ਇਕ ਐਂਬੂਲੈਂਸ ਚਲਾਈ ਜਾ ਰਹੀ ਹੈ, ਇਸ ਤੋਂ ਬਾਅਦ ਜਲਦ ਹੀ ਹੋਰ ਐਂਬੂਲੈਂਸਾਂ ਵੀ ਮਰੀਜ਼ਾਂ ਦੀ ਸੇਵਾ ਲਈ ਸੜਕਾਂ 'ਤੇ ਲਿਆਂਦੀਆਂ ਜਾਣਗੀਆਂ। ਮਰੀਜ਼ ਨੂੰ ਹਸਪਤਾਲ ਵਿਚ ਛੱਡਣ ਲਈ ਕੋਈ ਵੀ ਕਿਲੋਮੀਟਰ ਦਾ ਸਫਰ ਨਿਰਧਾਰਤ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਪੈਸਾ ਲਿਆ ਜਾਵੇਗਾ।
ਦਾਜ 'ਚ ਲਗਜ਼ਰੀ ਕਾਰ ਨਹੀਂ, ਐਂਬੂਲੈਂਸ ਲਈ
ਹਿਮਾਂਸ਼ੂ ਕਾਲੀਆ ਨੇ ਦੱਸਿਆ ਕਿ ਉਸ ਦਾ ਵਿਆਹ ਸੰਨ 2002 'ਚ ਟਵਿੰਕਲ ਨਾਲ ਹੋਇਆ। ਉਸ ਸਮੇਂ ਟਵਿੰਕਲ ਦੇ ਪਰਿਵਾਰ ਨੇ ਉਸ ਨੂੰ ਲਗਜ਼ਰੀ ਗੱਡੀ ਦਾਜ ਵਿਚ ਦੇਣ ਦੀ ਗੱਲ ਕਹੀ ਪਰ ਉਸ ਨੇ ਉਹ ਗੱਡੀ ਲੈਣ ਤੋਂ ਸਾਫ ਮਨ੍ਹਾ ਕਰ ਦਿੱਤਾ। ਟਵਿੰਕਲ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਸੇਵਾ ਭਾਵਨਾ ਨੂੰ ਦੇਖਦਿਆਂ ਦਾਜ ਵਿਚ ਐਂਬੂਲੈਂਸ ਉਨ੍ਹਾਂ ਨੂੰ ਦੇ ਦਿੱਤੀ, ਜਿਸ ਸਦਕਾ ਉਨ੍ਹਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਪਰ ਲੱਗ ਗਏ।
ਟਵਿੰਕਲ ਨੇ ਬਚਾਈਆਂ 3 ਹਜ਼ਾਰ ਤੋਂ ਵੱਧ ਜ਼ਿੰਦਗੀਆਂ
ਹਿਮਾਂਸ਼ੂ ਕਾਲੀਆ ਨੇ ਦੱਸਿਆ ਕਿ ਉਸ ਦੀ ਪਤਨੀ ਟਵਿੰਕਲ ਵੀ ਉਸ ਵੱਲੋਂ ਚਲਾਈ ਗਈ ਮੁਹਿੰਮ ਵਿਚ ਪੂਰਾ ਸਾਥ ਦੇ ਰਹੀ ਹੈ, ਜੋ ਸੋਸਾਇਟੀ ਵੱਲੋਂ ਚਲਾਈਆਂ ਜਾ ਰਹੀਆਂ ਐਂਬੂਲੈਂਸਾਂ ਵਿਚ ਖੁਦ ਡਰਾਈਵਰੀ ਕਰਦੀ ਹੈ ਅਤੇ ਹੁਣ ਤੱਕ ਉਸ ਨੇ 3 ਹਜ਼ਾਰ ਤੋਂ ਵੱਧ ਐਮਰਜੈਂਸੀ ਵਿਚ ਆਏ ਲੋਕਾਂ ਨੂੰ ਬਚਾਇਆ ਹੈ।
4 ਖੋਖੇ ਢਹਿ-ਢੇਰੀ, ਬਿਲਡਿੰਗ ਮਟੀਰੀਅਲ ਉਠਾਇਆ
NEXT STORY