ਸੁਲਤਾਨਪੁਰ ਲੋਧੀ, (ਸੋਢੀ)- ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਮੀਰੇ ਨਿਵਾਸੀ ਸੁਰਜੀਤ ਸਿੰਘ ਪੁੱਤਰ ਤਾਰਾ ਸਿੰਘ ਤੇ ਉਸਦੀ ਧਰਮ ਪਤਨੀ ਕੁਲਵਿੰਦਰ ਕੌਰ ਨੇ ਐੱਸ. ਐੱਸ. ਪੀ. ਕਪੂਰਥਲਾ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨਾਲ 8 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਟਰੈਵਲ ਏਜੰਟ ਖਿਲਾਫ ਐੱਫ. ਆਈ. ਆਰ. ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੁਰਜੀਤ ਸਿੰਘ ਤੇ ਉਸਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ 13 ਜੁਲਾਈ ਨੂੰ ਇਸ ਸਬੰਧੀ ਐੱਸ. ਐੱਸ. ਪੀ. ਕਪੂਰਥਲਾ ਕੋਲ ਲਿਖਤੀ ਸ਼ਿਕਾਇਤ ਦੇ ਕੇ ਫਰਿਆਦ ਕੀਤੀ ਸੀ ਕਿ ਮੇਰੇ ਲੜਕੇ ਮਨਿੰਦਰ ਸਿੰਘ ਨੂੰ ਇਟਲੀ ਭੇਜਣ ਦੇ ਨਾਮ 'ਤੇ ਕੁਲਬੀਰ ਸਿੰਘ ਪੁੱਤਰ ਜ਼ੈਲ ਸਿੰਘ ਪਿੰਡ ਮੀਰੇ ਨੇ 8 ਲੱਖ ਰੁਪਏ ਦੀ ਰਕਮ ਵੱਖ-ਵੱਖ ਤਾਰੀਕਾਂ 'ਚ ਹਾਸਲ ਕੀਤੀ ਤੇ ਤਕਰੀਬਨ 8-9 ਮਹੀਨੇ ਪਹਿਲਾਂ ਕੁਲਬੀਰ ਸਿੰਘ ਮੇਰੇ ਬੇਟੇ ਨੂੰ ਇਟਲੀ ਭੇਜਣ ਲਈ ਮੇਰੇ ਘਰੋਂ ਦਿੱਲੀ ਏਅਰਪੋਰਟ 'ਤੇ ਲੈ ਗਿਆ, ਪ੍ਰੰਤੂ ਉਸ ਤੋਂ ਬਾਅਦ ਮੇਰੇ ਬੇਟੇ ਮਨਿੰਦਰ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਕਿ ਉਹ ਕਿਥੇ ਹੈ। ਸੁਰਜੀਤ ਸਿੰਘ ਪਿੰਡ ਮੀਰੇ ਨੇ ਦੋਸ਼ ਲਾਇਆ ਕਿ 1 ਸਤੰਬਰ 2016 ਨੂੰ ਕਥਿਤ ਏਜੰਟ ਕੁਲਬੀਰ ਸਿੰਘ ਪਿੰਡ ਮੀਰੇ ਨੇ ਮੇਰੇ ਬੇਟੇ ਨਾਲ ਦਿੱਲੀ ਏਅਰਪੋਰਟ ਤੋਂ ਫੋਨ 'ਤੇ ਗੱਲ ਕਰਵਾਈ ਕਿ ਉਸਦੀ ਫਲਾਈਟ ਕਰਵਾ ਰਿਹਾ ਹੈ ਪ੍ਰੰਤੂ ਉਸ ਤੋਂ ਬਾਅਦ ਏਜੰਟ ਮੇਰੇ ਲੜਕੇ ਬਾਰੇ ਨਹੀਂ ਦੱਸ ਰਿਹਾ ਕਿ ਉਹ ਕਿਥੇ ਹੈ। ਮਨਿੰਦਰ ਦੀ ਮਾਂ ਨੇ ਪੱਤਰਕਾਰਾਂ ਸਾਹਮਣੇ ਵਾਰ-ਵਾਰ ਹੰਝੂ ਕੇਰਦੇ ਹੋਏ ਕਿਹਾ ਕਿ ਮੇਰਾ ਲਾਡਲਾ ਇਕਲੌਤਾ ਪੁੱਤਰ ਕੁਲਬੀਰ ਸਿੰਘ ਏਜੰਟ ਨੇ ਕਿਧਰੇ ਗਾਇਬ ਕੀਤਾ ਹੈ, ਬਾਰੇ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਏਜੰਟ ਖਿਲਾਫ ਜਦੋਂ ਦੀ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਕੀਤੀ ਹੈ ਤਾਂ ਉਹ ਉਨ੍ਹਾਂ ਦੇ ਪਰਿਵਾਰ ਨੂੰ ਸ਼ਿਕਾਇਤ ਵਾਪਸ ਲੈਣ ਲਈ ਕਥਿਤ ਤੌਰ 'ਤੇ ਡਰਾ-ਧਮਕਾ ਰਿਹਾ ਹੈ ਤੇ ਧਮਕੀਆਂ ਮਿਲਣ ਕਾਰਨ ਉਹ ਦੋਵੇਂ ਪਤੀ-ਪਤਨੀ ਤੇ ਉਨ੍ਹਾਂ ਦੀ ਧੀ ਡਰ ਨਾਲ ਸਹਿਮੇ ਪਏ ਹਨ। ਪਿੰਡ ਮੀਰੇ ਦੇ ਨੰਬਰਦਾਰ ਫੁੱਮਣ ਸਿੰਘ ਨੇ ਵੀ ਇਸ ਸਮੇਂ ਦੱਸਿਆ ਕਿ ਮੇਰੀ ਹਾਜ਼ਰੀ 'ਚ ਹੀ ਕੁਲਬੀਰ ਸਿੰਘ ਪਿੰਡ ਮੀਰੇ ਨੇ ਸੁਰਜੀਤ ਸਿੰਘ ਦੇ ਲੜਕੇ ਦਾ ਪਾਸਪੋਰਟ ਤੇ ਕੁਝ ਨਕਦੀ ਇਟਲੀ ਭੇਜਣ ਲਈ ਤਕਰੀਬਨ ਇਕ ਸਾਲ ਪਹਿਲਾਂ ਲਏ ਸਨ। ਸੁਰਜੀਤ ਸਿੰਘ ਪਿੰਡ ਮੀਰੇ ਨੇ ਇਹ ਵੀ ਦੋਸ਼ ਲਾਇਆ ਕਿ ਕੁਲਬੀਰ ਸਿੰਘ ਦੀ ਪਤਨੀ ਤੇ ਭਰਾ ਇਟਲੀ ਰਹਿੰਦੇ ਹਨ ਤੇ ਇਹ ਤਿੰਨੇ ਰਲ ਕੇ ਹੀ ਇੰਡੀਆ ਤੋਂ ਬੰਦੇ ਇਟਲੀ ਲਿਜਾਣ ਦਾ ਕੰਮ ਕਰਦੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੁਲਬੀਰ ਸਿੰਘ ਨੇ ਉਸ ਸਮੇਂ ਦੱਸਿਆ ਸੀ ਕਿ ਉਨ੍ਹਾਂ ਨੇ ਮਨਿੰਦਰ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਮਾਸਕੋ ਵਾਇਆ ਅੱਗੇ ਇਟਲੀ ਭੇਜਿਆ ਹੈ।
ਇਲਾਕੇ 'ਚ ਇਹ ਵੀ ਚਰਚਾ ਹੈ ਕਿ ਭਾਰਤ ਦੇ ਕੁਝ ਏਜੰਟ 2 ਨੰਬਰ 'ਚ ਮਾਸਕੋ ਤੋਂ ਡੌਕੀ ਲਗਵਾ ਕੇ ਯੂਕਰੇਨ ਤੇ ਹੰਗਰੀ ਪਹੁੰਚਾ ਕੇ ਅੱਗਿਓਂ 2 ਨੰਬਰ 'ਚ ਬਾਰਡਰ ਪਾਰ ਕਰਵਾਉਂਦੇ ਹੋਏ ਇਟਲੀ ਪਹੁੰਚਾਉਂਦੇ ਹਨ, ਇਨ੍ਹਾਂ ਖਤਰਨਾਕ ਤੇ ਬਹੁਤ ਰਿਸਕੀ ਰਸਤਿਆਂ 'ਚ ਕਈ ਵਾਰ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨਾਲ ਖਤਰਨਾਕ ਹਾਦਸੇ ਵੀ ਹੋ ਜਾਂਦੇ ਹਨ ਤੇ ਜਾਂ ਫਿਰ ਕਿਸੇ ਬਾਰਡਰ ਨੂੰ ਚੋਰੀ ਪਾਰ ਕਰਦੇ ਸਮੇਂ ਗ੍ਰਿਫਤਾਰ ਵੀ ਹੋ ਜਾਂਦੇ ਹਨ।
600 ਬੋਤਲਾਂ ਸ਼ਰਾਬ ਸਣੇ 2 ਵਿਅਕਤੀ ਕਾਬੂ, ਇਕ ਫਰਾਰ
NEXT STORY