ਕੋਟਕਪੂਰਾ, (ਨਰਿੰਦਰ)- ਪਿੰਡ ਹਰੀ ਨੌ ਵਿਖੇ ਹੋਈ ਚੋਰੀ ਦੇ ਮਾਮਲੇ ਵਿਚ ਥਾਣਾ ਸਦਰ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸਬੰਧੀ ਗੁਰਪਿਆਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਹਰੀ ਨੌ ਦੇ ਬਿਆਨਾਂ 'ਤੇ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਕੋਟਕਪੂਰਾ ਦੇ ਐੱਸ. ਐੱਚ. ਓ. ਖੇਮ ਚੰਦ ਪਰਾਸ਼ਰ ਦੀ ਹਦਾਇਤ ਅਨੁਸਾਰ ਏ. ਐੱਸ. ਆਈ. ਗੁਰਜੰਟ ਸਿੰਘ ਨੇ ਸਮੇਤ ਪੁਲਸ ਪਾਰਟੀ ਕਾਰਵਾਈ ਕਰਦੇ ਹੋਏ ਪਰਮਿੰਦਰ ਸਿੰਘ ਤੇ ਸਰਬਜੀਤ ਸਿੰਘ ਵਾਸੀਆਨ ਕੋਟਲੀ ਸੰਘਰ ਤੇ ਚਮਕੌਰ ਸਿੰਘ ਵਾਸੀ ਝਬੇਲਵਾਲੀ ਨੂੰ ਚੋਰੀ ਦੇ ਸਾਮਾਨ ਸਮੇਤ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਸਾਢੇ ਪੰਜ ਤੋਲੇ ਸੋਨੇ ਦੇ ਗਹਿਣੇ, 12 ਤੋਲੇ ਚਾਂਦੀ ਦੇ ਗਹਿਣੇ, ਇਕ ਟੱਚ ਸਕਰੀਨ ਮੋਬਾਇਲ ਅਤੇ ਇਕ ਸਿਮਕੋ ਘੜੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਸਾਮਾਨ ਦੀ ਅੰਦਾਜ਼ਨ ਕੀਮਤ ਡੇਢ ਲੱਖ ਰੁਪਏ ਬਣਦੀ ਹੈ। ਫ਼ੜੇ ਗਏ ਇਨ੍ਹਾਂ ਵਿਅਕਤੀਆਂ ਵਿਚੋਂ ਕਿਸੇ 'ਤੇ ਵੀ ਪਹਿਲਾਂ ਕੋਈ ਪਰਚਾ ਦਰਜ ਹੋਣ ਬਾਰੇ ਪੜਤਾਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਗੁਰਪਿਆਰ ਸਿੰਘ ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਉਹ 6 ਅਗਸਤ ਨੂੰ ਆਪਣੇ ਪਰਿਵਾਰ ਸਮੇਤ ਘਰ ਦੇ ਵਿਹੜੇ ਵਿਚ ਸੁੱਤਾ ਹੋਇਆ ਸੀ। ਇਸ ਦੌਰਾਨ ਜਦ ਉਹ ਸਵੇਰੇ ਉੱਠ ਕੇ ਕਮਰੇ ਵਿਚ ਗਏ ਤਾਂ ਉਥੇ ਪਈ ਅਲਮਾਰੀ ਖੁੱਲ੍ਹੀ ਹੋਈ ਸੀ ਅਤੇ ਉਸ ਵਿਚੋਂ ਗਹਿਣੇ ਅਤੇ ਹੋਰ ਸਾਮਾਨ ਗਾਇਬ ਸੀ। ਇਸ ਮੌਕੇ ਐੱਸ. ਐੱਚ. ਓ. ਥਾਣਾ ਸਦਰ ਖੇਮ ਚੰਦ ਪਰਾਸ਼ਰ, ਜਸਵਿੰਦਰ ਸਿੰਘ ਰੀਡਰ ਅਤੇ ਗੁਰਵਿੰਦਰ ਸਿੰਘ ਪੀ. ਐੱਸ. ਓ. ਵੀ ਹਾਜ਼ਰ ਸਨ।
2 ਏਕੜ 'ਚ ਲੱਗੀਆਂ ਸਬਜ਼ੀਆਂ ਬਰਬਾਦ
NEXT STORY