ਅੰਮ੍ਰਿਤਸਰ (ਨੀਰਜ) : ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਪਾਕਿਸਤਾਨ ਨੂੰ ਐਕਸਪੋਰਟ ਕੀਤੇ ਜਾਣ ਵਾਲੇ ਟਮਾਟਰਾਂ ਦੇ ਇਕ ਟਰੱਕ 'ਚੋਂ ਰੈਮਜਿੰਗ ਦੌਰਾਨ ਕਸਟਮ ਵਿਭਾਗ ਨੇ ਸਵਾ ਕਿਲੋ ਭੁੱਕੀ ਜ਼ਬਤ ਕੀਤੀ ਹੈ, ਜਿਸ ਦੇ ਬਾਅਦ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਡਰਾਈਵਰ ਖਿਲਾਫ ਵੀ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ (ਕਸਟਮ) ਜਸਮੀਤ ਸਿੰਘ ਦੀ ਟੀਮ ਵੱਲੋਂ ਪਾਕਿਸਤਾਨ ਨੂੰ ਐਕਸਪੋਰਟ ਕੀਤੇ ਜਾਣ ਵਾਲੇ ਟਮਾਟਰ ਅਤੇ ਹੋਰ ਵਸਤਾਂ ਨਾਲ ਲੱਦੇ ਟਰੱਕਾਂ ਦੀ ਰੈਮਜਿੰਗ ਕੀਤੀ ਜਾਂਦੀ ਹੈ। ਇਹ ਰੈਮਜਿੰਗ 2 ਵਾਰ ਹੁੰਦੀ ਹੈ, ਜਿਸ ਵਿਚ ਪਾਕਿਸਤਾਨ ਜਾਣ ਵਾਲੇ ਅਤੇ ਪਾਕਿਸਤਾਨ ਤੋਂ ਖਾਲੀ ਹੋ ਕੇ ਆਉਣ ਵਾਲੇ ਭਾਰਤੀ ਟਰੱਕਾਂ ਨੂੰ ਕਸਟਮ ਟੀਮ ਵੱਲੋਂ ਖੰਗਾਲਿਆ ਜਾਂਦਾ ਹੈ।
ਇਸ ਰੈਮਜਿੰਗ ਦੌਰਾਨ ਜਦੋਂ ਟਰੱਕ ਦੀ ਚੈਕਿੰਗ ਕੀਤੀ ਗਈ ਤਾਂ ਡਰਾਈਵਰ ਦੀ ਸੀਟ 'ਚੋਂ ਸਵਾ ਕਿਲੋ ਭੁੱਕੀ ਫੜ੍ਹੀ ਗਈ, ਜਿਸ ਦੇ ਬਾਅਦ ਟਰੱਕ ਦੇ ਡਰਾਈਵਰ ਬਲਵਿੰਦਰ ਸਿੰਘ ਨਿਵਾਸੀ ਰੋਹੜਾਂਵਾਲਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦਾ ਟਰੱਕ ਵੀ ਜ਼ਬਤ ਕਰ ਲਿਆ ਗਿਆ। ਇਸ ਸਬੰਧੀ ਐੱਸ. ਐੱਚ. ਓ. ਘਰਿੰਡਾ ਹਰਮਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਬਲਵਿੰਦਰ ਸਿੰਘ ਤੇ ਉਸ ਦੇ ਸਾਥੀ ਤਰਸੇਮ ਸਿੰਘ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਕਿਉਂਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਡਰਾਈਵਰ ਬਲਵਿੰਦਰ ਸਿੰਘ ਦੇ ਟਰੱਕ ਵਿਚ ਤਰਸੇਮ ਸਿੰਘ ਨੇ ਭੁੱਕੀ ਰੱਖੀ ਸੀ।
ਤਰਸੇਮ ਸਿੰਘ ਵੀ ਟਰੱਕ ਡਰਾਈਵਰ ਹੀ ਹੈ ਅਤੇ ਉਹ ਰਾਜਸਥਾਨ ਤੋਂ ਭੁੱਕੀ ਲੈ ਕੇ ਆਇਆ ਸੀ ਪਰ ਉਸ ਨੇ ਭੁੱਕੀ ਨੂੰ ਟਰੱਕ ਵਿਚ ਰੱਖੀ ਰੱਖਿਆ ਹਾਲਾਂਕਿ ਦੋਸ਼ੀ ਡਰਾਈਵਰ ਬਲਵਿੰਦਰ ਸਿੰਘ ਦਾ ਬਿਆਨ ਹੈ ਕਿ ਉਸ ਨੂੰ ਟਰੱਕ ਵਿਚ ਰੱਖੀ ਹੋਈ ਭੁੱਕੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਕੇਸ ਵਿਚ ਸਮੱਗਲਿੰਗ ਪੱਖੋਂ ਵੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਇਸ ਘਟਨਾ ਨਾਲ ਇਕ ਵਾਰ ਫਿਰ ਤੋਂ ਸਾਬਿਤ ਹੋ ਗਿਆ ਹੈ ਕਿ ਕਈ ਟਰੱਕ ਡਰਾਈਵਰ ਅੱਜ ਵੀ ਰਾਜਸਥਾਨ ਵੱਲੋਂ ਭੁੱਕੀ ਲੈ ਕੇ ਆਉਂਦੇ ਹਨ ਅਤੇ ਅਫੀਮ ਤੇ ਭੁੱਕੀ ਦਾ ਸੇਵਨ ਕਰਦੇ ਹਨ ਕਿਉਂਕਿ ਰਾਜਸਥਾਨ ਵਿਚ ਅਫੀਮ ਅਤੇ ਭੁੱਕੀ ਆਸਾਨੀ ਨਾਲ ਮਿਲ ਜਾਂਦੀ ਹੈ ਤੇ ਰਾਜਸਥਾਨ ਜਾਣ ਵਾਲੇ ਪੰਜਾਬੀ ਡਰਾਈਵਰ ਭੁੱਕੀ ਦੇ ਸ਼ੌਕੀਨ ਹੁੰਦੇ ਹਨ।
ਹੁਣ ਆਰ. ਐੱਸ. ਐੱਸ. ਆਗੂ 'ਤੇ ਹੋਏ ਹਮਲੇ ਦੀ ਜਾਂਚ ਕਰੇਗੀ ਸੀ. ਬੀ. ਆਈ.
NEXT STORY