ਜਗਰਾਓਂ (ਜਸਬੀਰ ਸ਼ੇਤਰਾ)- ਇਥੇ ਦੋ ਪ੍ਰਵਾਸੀ ਪੰਜਾਬੀਆਂ ਵਿਚਕਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਜਿੱਤਣ 'ਤੇ 10 ਲੱਖ ਰੁਪਏ ਦੀ ਸ਼ਰਤ ਲੱਗ ਗਈ ਹੈ। 'ਆਪ' ਹਮਾਇਤੀ ਸਰੀ (ਕੈਨੇਡਾ) ਨਿਵਾਸੀ ਦਸਮੇਸ਼ ਸਿੰਘ ਪਨੂੰ ਤਾਂ ਇੰਨਾ ਲੋੜ ਤੋਂ ਵੱਧ ਭਰੋਸੇ 'ਚ ਹੈ ਕਿ ਉਸ ਨੇ ਸ਼ਰਤ ਸਿਰਫ਼ ਸਰਕਾਰ ਬਣਨ ਤੱਕ ਸੀਮਤ ਨਹੀਂ ਰੱਖੀ ਸਗੋਂ ਇਹ ਸ਼ਰਤ 112 ਤੋਂ ਵਧੇਰੇ ਸੀਟਾਂ ਆਉਣ ਦੀ ਲਗਾਈ ਹੈ।
ਉਂਝ ਉਸ ਨੇ ਕੁੱਲ 85 ਲੱਖ ਰੁਪਏ ਦੀ ਹੁਣ ਤੱਕ ਸ਼ਰਤ ਲਾਈ ਹੈ। ਉਸ ਦਾ ਟੀਚਾ ਤਾਂ ਅੱਜ ਸ਼ਾਮ ਤੱਕ ਵੱਖ-ਵੱਖ ਲੋਕਾਂ ਨਾਲ 1 ਕਰੋੜ ਦੀ ਸ਼ਰਤ ਲਾਉਣ ਦਾ ਸੀ, ਜੋ ਪੂਰਾ ਨਹੀਂ ਹੋ ਸਕਿਆ। ਇਸ ਸ਼ਰਤ 'ਚ ਜਿੱਤਣ 'ਤੇ ਇਨੋਵਾ ਗੱਡੀ ਲੈਣ ਤੇ ਹਾਰਨ 'ਤੇ ਫਾਰਚੂਨਰ ਦੇਣ ਦੀ ਰਕਮ ਵੀ ਸ਼ਾਮਲ ਹੈ। ਭਲਕੇ 'ਜਿੱਤ ਦਾ ਜਸ਼ਨ' ਮਨਾਉਣ ਲਈ ਉਸ ਨੇ ਅੱਜ ਡੇਢ ਲੱਖ ਰੁਪਏ ਦੀ ਸ਼ਰਾਬ ਵੀ ਖਰੀਦੀ ਹੈ। ਇਥੇ ਪੁਰਾਣੇ ਬੱਸ ਅੱਡੇ 'ਤੇ ਸ਼ਾਮ ਮੌਕੇ ਸ਼ਰਾਬ ਲੈਣ ਲਈ ਪਹੁੰਚੇ ਦਸਮੇਸ਼ ਸਿੰਘ ਪਨੂੰ ਦੀਆਂ ਗੱਲਾਂ-ਬਾਤਾਂ ਦੌਰਾਨ ਇੰਗਲੈਂਡ ਤੋਂ ਆਏ ਨੌਜਵਾਨ ਪ੍ਰਵਾਸੀ ਪੰਜਾਬੀ ਦੀਪਾ ਗੁੜੇ ਨਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਜਿੱਤ-ਹਾਰ ਨੂੰ ਲੈ ਕੇ ਪੇਚਾ ਪੈ ਗਿਆ। 'ਆਪ' ਹਮਾਇਤੀ ਜਿੱਤ ਲਈ ਇੰਨਾ ਜ਼ਿਆਦਾ ਆਸਵੰਦ ਨਜ਼ਰ ਆਇਆ ਕਿ ਉਸਨੇ ਪਾਰਟੀ ਦੇ ਪੰਜਾਬ ਦੀਆਂ 117 'ਚੋਂ 112 ਸੀਟਾਂ ਜਿੱਤਣ ਦਾ ਦਾਅਵਾ ਠੋਕਿਆ।
ਇਥੇ ਹੀ ਬੱਸ ਨਹੀਂ ਸਿੱਧਵਾਂ ਬੇਟ ਨਾਲ ਸਬੰਧਤ ਪ੍ਰਵਾਸੀ ਪੰਜਾਬੀ ਨੇ ਉਥੋਂ ਦੀ ਸਟੇਟ ਬੈਂਕ ਆਫ ਪਟਿਆਲਾ ਬੈਂਕ ਦਾ ਅੱਜ 10 ਮਾਰਚ ਦੀ ਤਰੀਕ ਦਾ 10 ਲੱਖ ਰੁਪਏ ਦਾ ਚੈੱਕ ਕੱਟ ਕੇ ਸ਼ਰਤ ਲਾਉਣ ਦੀ ਚੁਣੌਤੀ ਦਿੱਤੀ। ਇਸ ਨੂੰ ਦੀਪਾ ਗੁੜੇ ਤੇ ਸਾਬਕਾ ਸਰਪੰਚ ਸੁਖਦੇਵ ਸਿੰਘ ਅਖਾੜਾ ਵੱਲੋਂ ਸਵੀਕਾਰ ਕਰ ਲਿਆ ਗਿਆ। ਉਨ੍ਹਾਂ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਕਾਮਰੇਡ ਰਵਿੰਦਰਪਾਲ ਸਿੰਘ ਰਾਜੂ ਕੋਲ ਚੈੱਕ ਜਮ੍ਹਾ ਕਰਵਾ ਦਿੱਤੇ ਹਨ। ਸ਼ਰਤ ਅਨੁਸਾਰ 112 ਜਾਂ ਇਸ ਤੋਂ ਵਧੇਰੇ ਸੀਟਾਂ ਜੇਕਰ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਦਸਮੇਸ਼ ਸਿੰਘ ਪਨੂੰ 10 ਲੱਖ ਰੁਪਏ ਲੈਣ ਦਾ ਹੱਕਦਾਰ ਹੋਵੇਗਾ, ਜੇਕਰ ਸੀਟਾਂ ਦਾ ਅੰਕੜਾ ਇਸ ਤੋਂ ਹੇਠਾਂ ਰਹਿ ਜਾਂਦਾ ਹੈ ਤਾਂ ਉਹ ਦੂਜੀ ਧਿਰ ਨੂੰ 10 ਲੱਖ ਰੁਪਏ ਦੇਣ ਦਾ ਦੇਣਦਾਰ ਹੋਵੇਗਾ। ਪ੍ਰਵਾਸੀ ਪੰਜਾਬੀ ਪਨੂੰ ਨੇ ਜਸਵੰਤ ਸਿੰਘ ਵਾਸੀ ਨੱਥੋਵਾਲ ਨਾਲ ਵੀ ਸ਼ਰਤ ਲਾਈ ਹੋਈ ਹੈ, ਜਿਸ 'ਚ 'ਆਪ' ਦੇ ਸੌ ਤੋਂ ਉਪਰ ਸੀਟਾਂ ਮਿਲਣ 'ਤੇ ਉਹ ਜਸਵੰਤ ਸਿੰਘ ਤੋਂ ਇਨੋਵਾ ਗੱਡੀ ਲਵੇਗਾ ਤੇ ਅਜਿਹਾ ਨਾ ਹੋਣ ਬਦਲੇ ਫਾਰਚੂਨਰ ਗੱਡੀ ਦੇਵੇਗਾ। ਭਲਕੇ ਚੋਣ ਨਤੀਜੇ ਆਉਣ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਉਸ ਨੇ ਦੱਸਿਆ ਕਿ ਸਿੱਧਵਾਂ ਬੇਟ ਵਿਖੇ ਲੋਕਾਂ ਨੂੰ ਪਾਰਟੀ ਕਰਨ ਲਈ ਉਸ ਨੇ ਡੇਢ ਲੱਖ ਰੁਪਏ ਦੀ ਸ਼ਰਾਬ ਖਰੀਦ ਲਈ ਹੈ ਤੇ ਪਾਰਟੀ ਕਰਨ ਦੇ ਬਾਕੀ ਪ੍ਰਬੰਧ ਵੀ ਕਰ ਲਏ ਹਨ। ਇਸ ਪ੍ਰਵਾਸੀ ਪੰਜਾਬੀ ਦੀ ਸ਼ਰਤ 'ਤੇ ਬਹੁਤ ਸ਼ਹਿਰ ਵਾਸੀ ਹੈਰਾਨ ਸਨ ਤੇ ਇਸ ਨੂੰ 'ਲੋੜ ਤੋਂ ਵਧੇਰੇ ਆਤਮਵਿਸ਼ਵਾਸ' ਦੱਸ ਰਹੇ ਸਨ।
ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਹੋਈ ਵੱਡੀ ਵਾਰਦਾਤ, ਪ੍ਰੇਮੀ-ਪ੍ਰੇਮਿਕਾ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
NEXT STORY