ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਇਥੇ ਚੱਲ ਰਹੇ ਤਣਾਓ ਦੇ ਅੱਜ 10ਵੇਂ ਦਿਨ ਦੋਨਾਂ ਫ਼ਿਰਕਿਆਂ ਵੱਲੋਂ ਅਲੱਗ-ਅਲੱਗ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੀ ਪੱਬਾ ਭਾਰ ਰਿਹਾ। ਹਾਲਾਤ ਉਸ ਸਮੇਂ ਤਣਾਓ ਵਾਲੇ ਬਣ ਗਏ ਜਦੋਂ ਰਵਿਦਾਸ ਮੰਦਰ ਚੱਕ ਹਕੀਮ ਵਿਖੇ ਦਲਿਤਾਂ ਵਲੋਂ ਕੀਤੀ ਜਾ ਰਹੀ ਰੋਸ ਰੈਲੀ ਦੌਰਾਨ ਡੀ. ਸੀ. ਅਤੇ ਐੱਸ. ਐੱਸ. ਪੀ. ਉਨ੍ਹਾਂ ਨੂੰ ਮਿਲਣ ਆਏ। ਜਿਵੇਂ ਹੀ ਦੋਵੇਂ ਅਧਿਕਾਰੀ ਅੰਦਰ ਦਾਖਲ ਹੋਏ ਤਾਂ ਕੁਝ ਦਲਿਤ ਨੌਜਵਾਨਾਂ ਨੇ ਦਰਵਾਜ਼ੇ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਨੌਜਵਾਨਾਂ ਤੇ ਪੁਲਸ ਮੁਲਾਜ਼ਮਾਂ ਵਿਚਕਾਰ ਧੱਕਾ-ਮੁੱਕੀ ਹੋ ਗਈ। ਹਾਲਾਤ ਉਦੋਂ ਸੰਭਲੇ ਜਦੋਂ ਬਹਿਸਬਾਜ਼ੀ ਤੋਂ ਬਾਅਦ ਐੱਸ. ਐੱਸ. ਪੀ. ਨੇ 100 ਦੇ ਕਰੀਬ ਨਾਲ ਆਏ ਪੁਲਸ ਕਰਮਚਾਰੀਆਂ ਨੂੰ ਗੇਟ ਤੋਂ ਬਾਹਰ ਹੀ ਰਹਿਣ ਲਈ ਕਿਹਾ। ਸਿਰਫ਼ ਇਕ ਡੀ. ਐੱਸ. ਪੀ. ਸੋਹਣ ਲਾਲ ਹੀ ਡੀ. ਸੀ. ਤੇ ਐੱਸ. ਐੱਸ. ਪੀ. ਹੀ ਮੰਦਰ ਦੇ ਅੰਦਰ ਦਾਖਲ ਹੋਏ।
ਰੋਸ ਰੈਲੀ 'ਚ ਦਲਿਤ ਬੁਲਾਰੇ ਗੋਲ ਚੌਕ ਦਾ ਨਾਮ ਸੰਵਿਧਾਨ ਚੌਕ ਰੱਖਣ, 13 ਅਪ੍ਰੈਲ ਦੀ ਫ਼ਾਇਰਿੰਗ ਲਈ ਸਾਰੇ ਸ਼ਰਾਰਤੀਆਂ ਨੂੰ ਗ੍ਰਿਫ਼ਤਾਰ ਕਰਨ, ਜ਼ਖਮੀਆਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦੇਣ ਅਤੇ ਦਲਿਤ ਲੀਡਰਾਂ ਖਿਲਾਫ਼ ਦਰਜ ਕੀਤੇ ਕੇਸ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਮੌਕੇ 'ਤੇ ਪੁੱਜੀ ਏ. ਡੀ. ਸੀ. ਬਬੀਤਾ ਕਲੇਰ ਨੇ ਦੱਸਿਆ ਕਿ ਪੁਲਸ ਨੇ 7 ਵਿਅਕਤੀਆਂ ਦੇ ਖਿਲਾਫ਼ ਦਰਜ ਕੀਤੇ ਕੇਸ ਕੈਂਸਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਬਾਅਦ ਦਲਿਤ ਆਗੂਆਂ ਨੇ ਇਕ ਮੰਗ ਪੱਤਰ ਵੀ ਡਿਪਟੀ ਕਮਿਸ਼ਨਰ ਨੂੰ ਸੌਂਪਿਆ।
ਸ਼ਾਮ ਦੇ ਸਮੇਂ ਜਨਰਲ ਸਮਾਜ ਮੰਚ ਪੰਜਾਬ ਦੇ ਪ੍ਰਧਾਨ ਫਤਿਹ ਸਿੰਘ ਪਰਮਾਰ, ਜਨਰਲ ਸਕੱਤਰ ਗਰੀਸ਼ ਸ਼ਰਮਾ, ਸਥਾਨਕ ਪ੍ਰਧਾਨ ਵਿਜੈ ਸ਼ਰਮਾ ਐਡਵੋਕੇਟ ਦੀ ਅਗਵਾਈ 'ਚ ਨਵੀਂ ਮੰਡੀ ਵਿਖੇ ਹੋਏ ਭਰਵੇਂ ਇਕੱਠ ਨੇ ਗੋਲ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਚੌਕ ਰੱਖਣ ਅਤੇ 13 ਅਪ੍ਰੈਲ ਦੀ ਘਟਨਾ ਲਈ ਜ਼ਿੰਮੇਵਾਰ ਦਲਿਤ ਲੀਡਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਦਲਿਤ ਹਿੰਦੂ ਸਮਾਜ ਦਾ ਹੀ ਹਿੱਸਾ ਹਨ ਪਰ ਕੁਝ ਸ਼ਰਾਰਤੀ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਜਿਸ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਸਬੰਧੀ ਜਨਰਲ ਸਮਾਜ ਨੇ ਮੌਕੇ 'ਤੇ ਪੁੱਜੇ ਡੀ. ਸੀ. ਅਤੇ ਐੱਸ. ਐੱਸ. ਪੀ. ਨੂੰ ਇਕ ਲਿਖਤੀ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਰਾਮ ਕੁਮਾਰ ਚੱਢਾ, ਰਾਜੇਸ਼, ਨਾਰੇਸ਼ ਭਾਰਦਵਾਜ, ਹਰੀਕ੍ਰਿਸ਼ਨ ਦੁੱਗਲ, ਯੋਗੇਸ਼ ਪ੍ਰਭਾਕਰ ਨੇ ਵੀ ਸੰਬੋਧਨ ਕੀਤਾ।
ਸਰਕਾਰ ਦੇ ਖਰੀਦ ਪ੍ਰਬੰਧਾਂ ਦੇ ਦਾਅਵਿਆਂ ਦੀ ਨਿਕਲੀ ਫੂਕ
NEXT STORY