ਕਲਾਨੌਰ, (ਮਨਮੋਹਨ) - ਵਿਜੀਲੈਂਸ ਵਿਭਾਗ ਚੰਡੀਗੜ੍ਹ ਦੀ ਟੀਮ ਗ੍ਰਾਮ ਪੰਚਾਇਤ ਅਲਾਵਲਪੁਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਕਲਾਨੌਰ ਵਿਖੇ ਗੱਠਜੋੜ ਸਰਕਾਰ ਸਮੇਂ ਬਣੇ ਜ਼ਿਲਾ ਪੱਧਰੀ ਪਸ਼ੂ ਭਲਾਈ ਕੈਟਲ ਪਾਊਂਡ ਦੇ ਨਿਰਮਾਣ ਕੰਮਾਂ ਦੀ ਜਾਂਚ ਕਰਨ ਲਈ ਉਚੇਚੇ ਤੌਰ 'ਤੇ ਪਹੁੰਚੀ।
ਅੱਜ ਵਿਜੀਲੈਂਸ ਵਿਭਾਗ ਦੀ ਟੈਕਨੀਕਲ ਟੀਮ ਦੇ ਐਕਸੀਅਨ ਸੁਰਿੰਦਰ ਕੁਮਾਰ ਵੱਲੋਂ ਐੱਸ. ਡੀ. ਓ. ਲਾਲ ਸਿੰਘ ਅਤੇ ਐੱਸ. ਪੀ. ਤਿਲਕ ਰਾਜ ਗੁਰਦਾਸਪੁਰ ਸਮੇਤ ਅੱਜ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਗੱਠਜੋੜ ਸ਼ਾਸਨਕਾਲ ਦੌਰਾਨ ਕਲਾਨੌਰ ਵਿਖੇ ਬਣੇ ਜ਼ਿਲਾ ਪੱਧਰੀ ਪਸ਼ੂ ਭਲਾਈ ਕੈਟਲ ਪਾਊਂਡ ਦੇ ਨਿਰਮਾਣ ਕੰਮਾਂ ਦੀ ਜਾਂਚ ਕਰਨ ਉਪਰੰਤ ਬਲਾਕ ਕਲਾਨੌਰ ਅਧੀਨ ਪੈਂਦੇ ਸਰਹੱਦੀ ਪਿੰਡ ਅਲਾਵਲਪੁਰ ਵਿਖੇ ਅਕਾਲੀ ਸਰਪੰਚ ਹਰਵਿੰਦਰ ਸਿੰਘ ਅਲਾਵਲਪੁਰ ਵੱਲੋਂ ਕਰਵਾਏ ਗਏ ਸ਼ਮਸ਼ਾਨਘਾਟ ਦੇ ਨਿਰਮਾਣ ਅਤੇ ਹੋਰ ਵਿਕਾਸ ਕੰਮਾਂ ਦੀ ਜਾਂਚ ਕੀਤੀ ਗਈ।
ਇਸ ਮੌਕੇ ਸਾਬਕਾ ਖੇਤੀਬਾੜੀ ਮੰਤਰੀ ਤੇ ਜ਼ਿਲਾ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਸੁੱਚਾ ਸਿੰਘ ਲੰਗਾਹ ਵੱਲੋਂ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਅਲਾਵਲਪੁਰ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਵਰਕਰਾਂ ਨੇ ਮੌਕੇ 'ਤੇ ਪਹੁੰਚ ਕੇ ਕਾਂਗਰਸ ਪਾਰਟੀ ਦੀ ਸਿਆਸੀ ਸ਼ਹਿ 'ਤੇ ਅਕਾਲੀ ਸਰਪੰਚਾਂ ਤੇ ਅਕਾਲੀ-ਭਾਜਪਾ ਵਰਕਰਾਂ ਨਾਲ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦੇ ਵਿਰੋਧ 'ਚ ਕਾਂਗਰਸ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਵੀ ਕੀਤੀ ਗਈ।
ਕੀ ਕਹਿੰਦੇ ਹਨ ਹਨ ਸੁੱਚਾ ਸਿੰਘ ਲੰਗਾਹ
ਇਸ ਮੌਕੇ ਗੱਲਬਾਤ ਕਰਦੇ ਹੋਏ ਸਾਬਕਾ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਸੂਬੇ 'ਚ ਪਿਛਲੇ 10 ਸਾਲਾਂ ਤੱਕ ਸ਼ਾਸਨ ਕਰਨ ਵਾਲੀ ਸਾਡੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਕਿਸੇ ਵਿਰੋਧੀ ਪਾਰਟੀ ਦੇ ਵਰਕਰ ਨਾਲ ਧੱਕੇਸ਼ਾਹੀ ਨਹੀਂ ਕੀਤੀ ਗਈ ਸੀ ਪਰ ਹੁਣ ਸੱਤਾ 'ਤੇ ਕਾਬਜ਼ ਕਾਂਗਰਸ ਸਰਕਾਰ ਵੱਲੋਂ ਅਕਾਲੀ ਪੱਖੀ ਸਰਪੰਚਾਂ ਅਤੇ ਅਕਾਲੀ-ਭਾਜਪਾ ਵਰਕਰਾਂ ਨਾਲ ਵੀ ਵੱਡੇ ਪੱਧਰ 'ਤੇ ਜ਼ਿਆਦਤੀਆਂ ਤੇ ਨਾਜਾਇਜ਼ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਅਲਾਵਲਪੁਰ ਦਾ ਸਰਪੰਚ ਹਰਵਿੰਦਰ ਸਿੰਘ ਅਕਾਲੀ ਪਾਰਟੀ ਦਾ ਜਨਰਲ ਸਕੱਤਰ ਹੈ ਅਤੇ ਉਸ ਵੱਲੋਂ ਪਿੰਡ ਵਿਚ ਕਰਵਾਏ ਗਏ ਵਿਕਾਸ ਕੰਮਾਂ ਦੀ ਪਹਿਲਾਂ ਹੀ ਬੀ. ਡੀ. ਪੀ. ਓ. ਕਲਾਨੌਰ, ਡੀ. ਡੀ. ਪੀ. ਓ. ਗੁਰਦਾਸਪੁਰ, ਸਬੰਧਿਤ ਵਿਭਾਗ ਦੇ ਐੱਸ. ਡੀ. ਓ., ਐਕਸੀਅਨ ਤੇ ਜ਼ਿਲਾ ਵਿਜੀਲੈਂਸ ਵਿਭਾਗ ਕੋਲੋਂ ਜਾਂਚ ਕਰਵਾਈ ਜਾ ਚੁੱਕੀ ਅਤੇ ਜਿਸ ਵਿਚ ਕੋਈ ਵੀ ਘਪਲੇਬਾਜ਼ੀ ਸਾਬਤ ਨਹੀਂ ਹੋਈ ਪਰ ਹੁਣ ਫਿਰ ਸਾਡੇ ਸਰਪੰਚ ਨੂੰ ਪ੍ਰੇਸ਼ਾਨ ਕਰਨ ਦੇ ਮੰਤਵ ਨਾਲ ਸਿਆਸੀ ਸ਼ਹਿ 'ਤੇ ਵਿਜੀਲੈਂਸ ਵਿਭਾਗ ਚੰਡੀਗੜ੍ਹ ਕੋਲੋਂ ਜਾਂਚ ਕਰਵਾ ਕੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਨੂੰ ਕਿਸੇ ਵੀ ਹਾਲਤ 'ਚ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਆਪਣੀਆਂ ਇਨ੍ਹਾਂ ਗੰਦੀਆਂ ਹਰਕਤਾਂ ਤੋਂ ਬਾਜ਼ ਨਾ ਆਈ ਤਾਂ ਜੰਗੀ ਪੱਧਰ 'ਤੇ ਸੰਘਰਸ਼ ਕੀਤੇ ਜਾਣਗੇ।
ਕੀ ਕਹਿੰਦੇ ਹਨ ਐਕਸੀਅਨ ਵਿਜੀਲੈਂਸ ਵਿਭਾਗ ਚੰਡੀਗੜ੍ਹ
ਐਕਸੀਅਨ ਵਿਜੀਲੈਂਸ ਵਿਭਾਗ ਚੰਡੀਗੜ੍ਹ ਸੁਰਿੰਦਰ ਕੁਮਾਰ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹੈੱਡ ਕੁਆਰਟਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਪਿੰਡ ਅਲਾਵਲਪੁਰ ਦੇ ਸਰਪੰਚ ਵੱਲੋਂ ਕਰਵਾਏ ਗਏ ਸ਼ਮਸ਼ਾਨਘਾਟ ਅਤੇ ਹੋਰ ਵਿਕਾਸ ਕੰਮਾਂ ਦੀ ਬਿਨਾਂ ਪੱਖਪਾਤ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਕਰਨ ਉਪਰੰਤ ਇਸ ਦੇ ਸਾਰੇ ਸੈਂਪਲ ਤੇ ਹੋਰ ਰਿਕਾਰਡ ਦੀ ਰਿਪੋਰਟ ਤਿਆਰ ਕਰ ਕੇ ਉੱਚ ਅਫਸਰਾਂ ਨੂੰ ਭੇਜੀ ਜਾਵੇਗੀ। ਇਸ ਮੌਕੇ ਐੱਸ. ਡੀ. ਓ. ਲਾਲ ਸਿੰਘ , ਐੱਸ. ਪੀ. ਤਿਲਕ ਰਾਜ ਗੁਰਦਾਸਪੁਰ ਅਤੇ ਬੀ. ਡੀ. ਪੀ. ਓ. ਕਲਾਨੌਰ ਪਰਗਟ ਸਿੰਘ ਆਦਿ ਵੀ ਹਾਜ਼ਰ ਸਨ।
ਜਲੰਧਰ ਦੇ ਨਿਊ ਸ਼ੀਤਲ ਨਗਰ ਦੀ ਇਕ ਲੜਕੀ ਨੇ ਕੀਤੀ ਖੁਦਕੁਸ਼ੀ
NEXT STORY