ਪੰਜਾਬ ਦੇ ਭਲੇ ਲਈ ਕੈਪਟਨ ਅਮਰਿੰਦਰ ਸਹਿਯੋਗ ਮੰਗਣਗੇ ਤਾਂ ਦਿਆਂਗੇ : ਚੰਦੂਮਾਜਰਾ

You Are HerePunjab
Saturday, March 18, 2017-1:48 AM

ਪਟਿਆਲਾ (ਜੋਸਨ) - ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੇ ਭਲੇ ਵਾਸਤੇ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟਾਂ ਦਾ ਸਹਿਯੋਗ ਮੰਗਣਗੇ ਤਾਂ ਜ਼ਰੂਰ ਦਿਆਂਗੇ। ਪ੍ਰਧਾਨ ਮੰਤਰੀ ਨੂੰ ਮਿਲ ਕੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਅਕਾਲੀ ਦਲ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਲੋਕਾਂ ਦੇ ਭਲੇ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਪ੍ਰੋ. ਚੰਦੂਮਾਜਰਾ ਅੱਜ ਇੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਆਪਣੇ ਪੁੱਤਰ ਅਤੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਸ਼ੁਕਰਾਨਾ ਸਮਾਗਮ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਅਕਾਲੀ ਦਲ ਇੱਕ ਜੁਝਾਰੂ ਪਾਰਟੀ ਹੈ। ਜੇਕਰ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਅਕਾਲੀ ਦਲ ਆਪਣੇ ਪੰਥਕ ਫਾਰਮੂਲੇ 'ਤੇ ਲੋਕਾਂ ਲਈ ਸੰਘਰਸ਼ ਕਰੇਗਾ। ਉਨ੍ਹਾਂ ਆਖਿਆ ਕਿ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਮੁੰਗੇਰੀ ਲਾਲ ਦੇ ਜੋ ਸੁਪਨੇ ਦਿਖਾਏ ਹਨ, ਉਨ੍ਹਾਂ ਨੂੰ ਪੂਰਾ ਕਰਨਾ ਵੀ ਅਮਰਿੰਦਰ ਸਿੰਘ ਦਾ ਫਰਜ਼ ਹੈ, ਨਹੀਂ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਹਿਤਾਂ ਲਈ ਲੜੇਗਾ। ਅਕਾਲੀ ਦਲ ਸਰਕਾਰ ਨੂੰ ਮੌਕਾ ਤੇ ਸਹਿਯੋਗ ਦੇਵੇਗਾ। ਜੇਕਰ ਉਨ੍ਹਾਂ ਗੈਰ-ਸੰਜੀਦਗੀ ਦਿਖਾਈ ਤਾਂ ਕਾਂਗਰਸ ਨੂੰ ਅਕਾਲੀ ਦਲ ਠੋਕੇਗਾ ਵੀ ਅਤੇ ਰੋਕੇਗਾ ਵੀ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਸਿਰੋਪਾਓ ਸਾਹਿਬ ਦੇਣ ਦੇ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਪੰਥਕ ਮਰਿਆਦਾ ਅਨੁਸਾਰ ਕੰਮ ਕਰੇਗੀ। ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਇਕ ਉੱਘੇ ਸਿੱਖ ਵਿਦਵਾਨ ਹਨ, ਜਿਨ੍ਹਾਂ ਨੂੰ ਪੰਥਕ ਰਹਿਤ-ਮਰਿਆਦਾ ਦੀ ਸਭ ਤੋਂ ਵੱਧ ਸਮਝ ਹੈ। ਉਹ ਇਸ ਅਨੁਸਾਰ ਹੀ ਕੰਮ ਕਰਨਗੇ।
ਚੰਦੂਮਾਜਰਾ ਨੇ ਆਖਿਆ ਕਿ ਕੇਜਰੀਵਾਲ ਦੀਆਂ ਘਟੀਆ ਸਾਜ਼ਿਸ਼ਾਂ ਕਾਰਨ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਆਉਣਾ ਪਿਆ ਹੈ। ਸਾਡੀ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ 150 ਤੋਂ ਵੱਧ ਪੁਲ ਬਣਵਾਏ, 2 ਅੰਤਰਰਾਸ਼ਟਰੀ ਹਵਾਈ ਅੱਡੇ ਬਣਵਾਉਣ ਦੇ ਨਾਲ-ਨਾਲ ਹੋਰ ਵੀ ਹਜ਼ਾਰਾਂ ਕੰਮ ਕੀਤੇ ਹਨ। ਅਸੀਂ ਆਪਣੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਣ ਲਈ ਕਿਤੇ ਵਾਂਝੇ ਰਹਿ ਗਏ, ਜਿਸ ਕਾਰਨ ਮੁੜ ਸਾਡੀ ਸਰਕਾਰ ਨਹੀਂ ਬਣ ਸਕੀ। ਉਨ੍ਹਾਂ ਆਖਿਆ ਕਿ ਕੈ. ਅਮਰਿੰਦਰ ਸਿੰਘ ਨੂੰ ਪੰਜਾਬ ਦੀ ਅਮਨ-ਸ਼ਾਂਤੀ ਲਈ ਪੂਰੀ ਡਿਊਟੀ ਕਰਨੀ ਚਾਹੀਦੀ ਹੈ। ਪਿਛਲੇ ਦਿਨੀਂ 2 ਅਕਾਲੀ ਜਥੇਦਾਰਾਂ ਦਾ ਬਦਲਾ-ਲਊ ਭਾਵਨਾ ਤਹਿਤ ਕਤਲ ਹੋਇਆ ਹੈ। ਅਕਾਲੀ ਦਲ ਪੂਰੀ ਤਰ੍ਹਾਂ ਨਾਲ ਆਪਣੇ ਵਰਕਰਾਂ ਨਾਲ ਖੜ੍ਹਾ ਹੈ। ਕਿਸੇ ਤਰ੍ਹਾਂ ਵੀ ਅਜਿਹੀਆਂ ਘਟੀਆ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰੇਗਾ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.