4 ਜੁਲਾਈ ਨੂੰ ਪੱਛਮੀ ਬੰਗਾਲ ਦੇ ਬਸ਼ੀਰਹਾਟ ਅਤੇ ਇਸ ਦੇ ਆਸ-ਪਾਸ ਵਾਲੇ ਇਲਾਕਿਆਂ 'ਚ ਵੱਡੇ ਪੱਧਰ 'ਤੇ ਫਿਰਕੂ ਹਿੰਸਾ ਭੜਕ ਉੱਠੀ ਸੀ। ਬਾਹਰੋਂ ਦੇਖਣ 'ਤੇ ਲੱਗਦਾ ਸੀ ਕਿ ਇਕ ਲੜਕੇ ਵਲੋਂ ਫੇਸਬੁੱਕ 'ਤੇ ਭੜਕਾਊ ਅਤੇ ਇਤਰਾਜ਼ਯੋਗ ਸਮੱਗਰੀ ਪੋਸਟ ਕੀਤੇ ਜਾਣ ਵਿਰੁੱਧ ਇਹ ਮੁਸਲਮਾਨਾਂ ਦਾ ਸੁਭਾਵਿਕ ਗੁੱਸਾ ਸੀ। ਬਸ਼ੀਰਹਾਟ ਤੋਂ 15 ਕਿ. ਮੀ. ਦੂਰ ਉੱਤਰੀ 24-ਪਰਗਣਾ ਦੇ ਬਦੁਰੀਆ ਨਗਰ ਦਾ ਰਹਿਣ ਵਾਲਾ ਇਹ ਲੜਕਾ ਇਕ ਅਜਿਹੇ ਸੰਗਠਨ ਦਾ ਮੈਂਬਰ ਹੈ, ਜੋ ਹਿੰਦੂਵਾਦੀ ਵਿਚਾਰਧਾਰਾ ਦਾ ਪ੍ਰਚਾਰਕ ਹੈ। ਇਹ ਪੂਰਾ ਇਲਾਕਾ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦਾ ਹੈ ਅਤੇ ਫਿਰਕੂ ਨਜ਼ਰੀਏ ਤੋਂ ਬਹੁਤ ਸੰਵੇਦਨਸ਼ੀਲ ਹੈ।
ਬੇਸ਼ੱਕ ਉਸ ਲੜਕੇ ਦੀ ਪੋਸਟ ਨੂੰ 'ਡਿਲੀਟ' ਕਰ ਦਿੱਤਾ ਗਿਆ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ, ਫਿਰ ਵੀ ਦੋਹਾਂ ਧਿਰਾਂ ਦੇ ਸ਼ਰਾਰਤੀ ਅਨਸਰਾਂ ਨੇ ਫਿਰਕੂ ਹਿੰਸਾ ਭੜਕਾਉਣ 'ਚ ਕੋਈ ਕਸਰ ਨਹੀਂ ਛੱਡੀ। ਦੇਖਦੇ ਹੀ ਦੇਖਦੇ ਪੂਰਾ ਇਲਾਕਾ ਇਸ ਹਿੰਸਾ ਦੀ ਲਪੇਟ 'ਚ ਆ ਗਿਆ।
4 ਜੁਲਾਈ ਤੋਂ ਦੋ ਦਿਨ ਪਹਿਲਾਂ ਹੀ ਇਸ ਫਿਰਕੂ ਹਿੰਸਾ ਦੀ ਜ਼ਮੀਨ ਤਿਆਰ ਹੋ ਗਈ ਸੀ। ਬਸ਼ੀਰਹਾਟ ਦੀ ਇਕ ਸਥਾਨਕ ਅਖਬਾਰ ਨੇ ਜਾਣਬੁੱਝ ਕੇ ਝੂਠੀ ਕਹਾਣੀ ਛਾਪੀ ਕਿ ਕੁਝ ਸਥਾਨਕ ਮੁਸਲਮਾਨਾਂ ਨੇ ਈਦ ਵਾਲੇ ਦਿਨ ਪਾਕਿਸਤਾਨ ਦਾ ਝੰਡਾ ਲਹਿਰਾਇਆ ਸੀ। ਇਹ ਖਬਰ ਛਪਦਿਆਂ ਹੀ ਸਥਾਨਕ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾਣ ਲੱਗਾ। ਅਸਲ ਵਿਚ ਫੇਸਬੁੱਕ ਪੋਸਟ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਪੂਰਾ ਇਲਾਕਾ ਹਿੰਸਕ ਅੱਗ ਦੀਆਂ ਲਪਟਾਂ ਦੀ ਲਪੇਟ 'ਚ ਆ ਚੁੱਕਾ ਸੀ।
ਬੰਗਲਾਦੇਸ਼ 'ਚ ਫਿਰਕੂ ਸੰਗਠਨਾਂ ਵਿਰੁੱਧ ਸ਼ੇਖ ਹਸੀਨਾ ਸਰਕਾਰ ਵਲੋਂ ਸਖਤ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਜਮਾਤ-ਏ-ਇਸਲਾਮੀ ਦੇ ਬਹੁਤ ਸਾਰੇ ਮੈਂਬਰਾਂ ਨੇ ਭੱਜ ਕੇ ਪੱਛਮੀ ਬੰਗਾਲ ਵਿਚ ਪਨਾਹ ਲੈ ਲਈ ਅਤੇ ਬਸ਼ੀਰਹਾਟ ਤੇ ਇਸ ਦੇ ਆਸ-ਪਾਸ ਵਾਲੇ ਇਲਾਕਿਆਂ 'ਚ ਫਿਰਕੂ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ। ਇਸੇ ਕਾਰਨ ਹਿੰਦੂਵਾਦੀ ਸੰਗਠਨ ਵੀ ਸਾਹਮਣੇ ਆ ਗਏ ਤੇ ਉਨ੍ਹਾਂ ਨੇ ਬੰਗਲਾਦੇਸ਼ ਤੋਂ ਆਏ ਹਿੰਦੂ ਸ਼ਰਨਾਰਥੀਆਂ 'ਤੇ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਨੇ ਮੁੱਖ ਤੌਰ 'ਤੇ ਇਹ ਪ੍ਰਚਾਰ ਕੀਤਾ ਹੈ ਕਿ ਜਿਸ ਤੇਜ਼ੀ ਨਾਲ ਬੰਗਾਲ 'ਚ ਮੁਸਲਮਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਉਸ ਨੂੰ ਦੇਖਦਿਆਂ ਛੇਤੀ ਹੀ ਇਥੇ ਹਿੰਦੂ ਘੱਟਗਿਣਤੀ ਬਣ ਜਾਣਗੇ।
ਇਸੇ ਭਾਵਨਾ ਦੀ ਲਹਿਰ 'ਤੇ ਸਵਾਰ ਹੋ ਕੇ ਭਾਜਪਾ ਉਮੀਦਵਾਰ ਸ਼ਮਿਕ ਭੱਟਾਚਾਰੀਆ ਨੇ 2014 'ਚ ਬਸ਼ੀਰਹਾਟ ਵਿਧਾਨ ਸਭਾ ਸੀਟ ਜਿੱਤੀ ਸੀ ਅਤੇ ਸੂਬੇ ਦੇ ਇਕਲੌਤੇ ਭਾਜਪਾ ਵਿਧਾਇਕ ਬਣੇ ਸਨ। ਫਿਰ ਵੀ ਜ਼ਿਕਰਯੋਗ ਗੱਲ ਇਹ ਹੈ ਕਿ ਸਥਾਨਕ ਮੁਸਲਮਾਨਾਂ ਨੇ ਜਮਾਤ ਦੇ ਫਿਰਕੂ ਪ੍ਰਾਪੇਗੰਡੇ 'ਚ ਫਸਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦਾ ਸਖਤ ਵਿਰੋਧ ਕੀਤਾ। ਸਿੱਟੇ ਵਜੋਂ ਸਥਾਨਕ ਮੁਸਲਮਾਨਾਂ ਤੇ ਬੰਗਲਾਦੇਸ਼ ਤੋਂ ਆਏ ਜਮਾਤ-ਏ-ਇਸਲਾਮੀ ਦੇ ਬੰਦਿਆਂ ਵਿਚਾਲੇ ਟਕਰਾਅ ਤੇਜ਼ ਹੋ ਗਿਆ। ਫਿਰ ਵੀ ਭਿਆਨਕ ਸੱਚਾਈ ਇਹ ਹੈ ਕਿ ਇਸ ਇਲਾਕੇ 'ਚ ਦੋਹਾਂ ਭਾਈਚਾਰਿਆਂ ਦੇ ਫਿਰਕੂ ਅਨਸਰ ਸਰਗਰਮ ਸਨ।
4 ਜੁਲਾਈ ਨੂੰ ਜਦੋਂ ਅਸਲੀ ਰੂਪ 'ਚ ਹਿੰਸਾ ਭੜਕੀ ਤਾਂ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਇਕ ਤਰ੍ਹਾਂ ਨੀਂਦ ਵਿਚ ਹੀ ਸੀ। ਹੈਰਾਨੀ ਦੀ ਗੱਲ ਹੈ ਕਿ ਦੋਹਾਂ ਨੂੰ ਇਸ ਇਲਾਕੇ ਦੀ ਫਿਰਕੂ ਸਥਿਤੀ ਬਾਰੇ ਪਤਾ ਸੀ, ਫਿਰ ਵੀ ਉਨ੍ਹਾਂ ਨੇ ਹਿੰਸਾ ਨੂੰ ਟਾਲਣ ਲਈ ਸ਼ੁਰੂ 'ਚ ਕੋਈ ਕੋਸ਼ਿਸ਼ ਨਹੀਂ ਕੀਤੀ। ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸਿਵਲ ਪ੍ਰਸ਼ਾਸਨ ਅਤੇ ਪੁਲਸ ਦੋਵੇਂ ਲਾਪਰਵਾਹ ਬਣੇ ਰਹੇ। ਸ਼ਾਇਦ ਪੱਛਮੀ ਬੰਗਾਲ ਸਰਕਾਰ ਵਲੋਂ ਕਾਇਮ ਕੀਤੇ ਇਕ ਮੈਂਬਰੀ ਨਿਆਇਕ ਕਮਿਸ਼ਨ ਦੀ ਜਾਂਚ 'ਚ ਸੱਚਾਈ ਸਾਹਮਣੇ ਆ ਜਾਏਗੀ।
ਹਾਲਾਂਕਿ ਸੂਬੇ ਦੇ ਪਿੰ੍ਰਟ ਅਤੇ ਇਲੈਕਟ੍ਰੋਨਿਕ ਮੀਡੀਆ ਨੇ ਬਸ਼ੀਰਹਾਟ ਵਾਲੀ ਹਿੰਸਾ ਦੇ ਮੁੱਦੇ 'ਤੇ ਜ਼ਿਕਰਯੋਗ ਸੰਜਮ ਤੇ ਝਿਜਕ ਦਿਖਾਈ ਅਤੇ ਹਿੰਦੂ-ਮੁਸਲਿਮ ਏਕਤਾ ਨੂੰ ਰੇਖਾਂਕਿਤ ਕੀਤਾ, ਫਿਰ ਵੀ ਦਿੱਲੀ ਦੇ ਕਥਿਤ ਕੌਮੀ ਚੈਨਲਾਂ ਨੇ ਬਹੁਤ ਹੀ ਪੱਖਪਾਤੀ ਭੂਮਿਕਾ ਨਿਭਾਈ।
ਕੌਮੀ ਟੀ. ਵੀ. ਚੈਨਲਾਂ ਨੇ ਬੰਗਲਾਦੇਸ਼ ਦੇ ਕੋਮਿਲਾ ਸ਼ਹਿਰ ਵਿਚ ਹੋਏ ਦੰਗਿਆਂ ਦੀਆਂ ਪੁਰਾਣੀਆਂ ਤਸਵੀਰਾਂ ਦਿਖਾਉਣ ਦੇ ਨਾਲ-ਨਾਲ ਭੋਜਪੁਰੀ ਫਿਲਮਾਂ ਦੇ ਦ੍ਰਿਸ਼ ਟੈਲੀਕਾਸਟ ਕਰ ਕੇ ਬਸ਼ੀਰਹਾਟ ਵਿਚ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਸੂਬਾ ਸਰਕਾਰ ਦੋ ਟੀ. ਵੀ. ਚੈਨਲਾਂ ਵਿਰੁੱਧ ਕਾਰਵਾਈ ਕਰੇਗੀ ਕਿਉਂਕਿ ਉਨ੍ਹਾਂ ਬਸ਼ੀਰਹਾਟ ਦੰਗਿਆਂ ਦੇ ਸੰਬੰਧ 'ਚ ਜਾਅਲੀ ਵੀਡੀਓ ਕਲਿੱਪਾਂ ਦਿਖਾਈਆਂ ਸਨ। ਮਮਤਾ ਨੇ ਬਦੁਰੀਆ ਤੇ ਬਸ਼ੀਰਹਾਟ ਦੇ ਲੋਕਾਂ ਦੀ ਤਾਰੀਫ ਕੀਤੀ ਕਿ ਭੜਕਾਉਣ ਦੇ ਬਾਵਜੂਦ ਉਹ ਭਾਜਪਾ ਦੇ ਜਾਲ 'ਚ ਨਹੀਂ ਫਸੇ।
ਫਿਰ ਵੀ ਹੋ ਸਕਦਾ ਹੈ ਕਿ ਬਸ਼ੀਰਹਾਟ ਭਵਿੱਖ ਦੀਆਂ ਘਟਨਾਵਾਂ ਦਾ ਹੀ ਸੰਕੇਤ ਹੋਵੇ। ਪੱਛਮੀ ਬੰਗਾਲ ਦੀ ਸਿਆਸਤ 'ਚ ਭਾਜਪਾ ਕਾਫੀ ਲੰਬੇ ਸਮੇਂ ਤੋਂ ਹਾਸ਼ੀਏ 'ਤੇ ਹੀ ਰਹੀ ਹੈ, ਫਿਰ ਵੀ 2014 ਦੀਆਂ ਆਮ ਚੋਣਾਂ 'ਚ ਕੌਮੀ ਪੱਧਰ 'ਤੇ ਆਪਣੀ ਜਿੱਤ ਤੋਂ ਬਾਅਦ ਇਹ ਅਚਾਨਕ ਹੀ ਅਸਾਧਾਰਨ ਰੂਪ 'ਚ ਸਰਗਰਮ ਹੋ ਗਈ। ਇਹ ਬੁੱਧੀਜੀਵੀਆਂ ਅਤੇ ਨੌਕਰਸ਼ਾਹਾਂ ਤੋਂ ਲੈ ਕੇ ਕਲਾਕਾਰਾਂ ਅਤੇ ਵੱਖ-ਵੱਖ ਖੇਤਰਾਂ ਦੇ ਲੋਕਾਂ ਦਾ ਦਿਲ ਜਿੱਤਣ ਲਈ ਬਹੁਤ ਦ੍ਰਿੜ੍ਹਤਾ ਨਾਲ ਯਤਨ ਕਰ ਰਹੀ ਹੈ।
ਬਹੁਤ ਸਾਰੇ ਸਾਬਕਾ ਖੱਬੇਪੱਖੀ ਵਰਕਰ, ਖਾਸ ਤੌਰ 'ਤੇ ਮਾਕਪਾ ਦੇ ਮੈਂਬਰ ਭਾਜਪਾ ਵਿਚ ਸ਼ਾਮਲ ਹੋ ਗਏ। ਇਨ੍ਹਾਂ ਲੋਕਾਂ ਨੂੰ ਕਿਉਂਕਿ ਚੋਣਾਂ ਲੜਨ ਦਾ ਕਾਫੀ ਤਜਰਬਾ ਹੈ, ਇਸ ਲਈ 2021 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ 'ਚ ਇਹ ਭਾਜਪਾ ਲਈ ਮਦਦਗਾਰ ਸਿੱਧ ਹੋ ਸਕਦੇ ਹਨ। ਭਾਜਪਾ ਵੀ ਇਸ ਲੋਕ-ਧਾਰਨਾ ਦਾ ਖੂਬ ਲਾਹਾ ਲੈ ਰਹੀ ਹੈ ਕਿ ਮਮਤਾ ਬੈਨਰਜੀ ਦੀ ਸਰਕਾਰ ਮੁਸਲਮਾਨਾਂ ਪ੍ਰਤੀ ਨਰਮ ਰੁਖ਼ ਅਪਣਾਉਂਦੀ ਹੈ ਤੇ ਇਸ ਨੇ ਆਪਣੀ ਪਾਰਟੀ, ਮੰਤਰੀ ਮੰਡਲ 'ਚ ਅਜਿਹੇ ਮੁਸਲਮਾਨਾਂ ਨੂੰ ਸ਼ਾਮਲ ਕੀਤਾ ਹੋਇਆ ਹੈ, ਜਿਨ੍ਹਾਂ ਦਾ ਫਿਰਕੂ ਰੁਖ਼ ਜਗ-ਜ਼ਾਹਿਰ ਹੈ।
ਅਸਲ 'ਚ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਾਹਰੋਂ ਬੇਸ਼ੱਕ ਫਿਰਕੂ ਸ਼ਾਂਤੀ ਤੇ ਸੁਹਿਰਦਤਾ ਦੇਖਣ ਨੂੰ ਮਿਲਦੀ ਹੋਵੇ ਤਾਂ ਵੀ ਅੰਦਰਖਾਤੇ ਫਿਰਕੂਵਾਦ ਦੀਆਂ ਡੂੰਘੀਆਂ ਭਾਵਨਾਵਾਂ ਕੰਮ ਕਰਦੀਆਂ ਹਨ। ਇਹ ਮੰਨਣਾ ਘੋਰ ਨਾਸਮਝੀ ਹੋਵੇਗੀ ਕਿ ਪੁਲਸ ਅਤੇ ਪ੍ਰਸ਼ਾਸਨ ਮੌਜੂਦਾ ਮਾਹੌਲ ਤੋਂ ਪ੍ਰਭਾਵਿਤ ਨਹੀਂ ਰਹਿਣਗੇ।
ਭਾਜਪਾ ਨੇ ਤਾਂ ਪਹਿਲਾਂ ਹੀ ਮਮਤਾ ਅਤੇ ਤ੍ਰਿਣਮੂਲ ਸਰਕਾਰ ਵਿਰੁੱਧ ਆਪਣੀ ਪ੍ਰਚਾਰ ਮੁਹਿੰਮ ਤੇਜ਼ ਕੀਤੀ ਹੋਈ ਹੈ ਅਤੇ ਇਸ ਦੇ ਨਾਲ ਹੀ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਉਠਾਈ ਹੈ ਕਿਉਂਕਿ ਇਹ ਸਰਕਾਰ ਸੂਬੇ 'ਚ ਅਮਨ-ਕਾਨੂੰਨ ਬਣਾਈ ਰੱਖਣ 'ਚ ਨਾਕਾਮ ਰਹੀ ਹੈ।
'ਸੜਕ ਹਾਦਸਿਆਂ ਦਾ ਸੂਬਾ' ਬਣ ਚੁੱਕਿਐ ਹਿਮਾਚਲ
NEXT STORY