2019 'ਚ ਦੁਬਾਰਾ ਚੋਣ ਮੈਦਾਨ 'ਚ ਉਤਰਨ ਤੋਂ ਪਹਿਲਾਂ ਲਾਲ ਕਿਲੇ ਦੀ ਫਸੀਲ ਤੋਂ ਆਪਣੇ ਆਖਰੀ ਤੋਂ ਪਹਿਲੇ ਆਜ਼ਾਦੀ ਦਿਵਸ ਭਾਸ਼ਣ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿਰਾਂ ਤੋਂ ਉਡੀਕੀ ਜਾ ਰਹੀ ਆਸ ਦੀ ਕਿਰਨ ਪੇਸ਼ ਕੀਤੀ ਹੈ। ਉਨ੍ਹਾਂ ਨੇ ਨਾ ਸਿਰਫ ਕਸ਼ਮੀਰ ਦੇ ਸੰਬੰਧ 'ਚ ਆਪਣੀ ਚੁੱਪ ਤੋੜੀ ਹੈ ਸਗੋਂ ਦੋਸਤੀ ਦਾ ਹੱਥ ਵੀ ਵਧਾਇਆ ਹੈ। ਅਜਿਹਾ ਕਰਦਿਆਂ ਉਨ੍ਹਾਂ ਨੇ ਹਿੰਸਕ ਭੀੜਾਂ ਨੂੰ ਵੀ ਸਖਤ ਚਿਤਾਵਨੀ ਦਿੱਤੀ ਹੈ, ਜਿਨ੍ਹਾਂ ਨੇ ਭਾਰਤ ਨੂੰ 'ਹਿੰਦੂ ਰਾਸ਼ਟਰ' ਬਣਾਉਣ ਦੇ ਬਹਾਨੇ ਕਾਨੂੰਨ ਆਪਣੇ ਹੱਥਾਂ 'ਚ ਲਿਆ ਹੋਇਆ ਹੈ ਤੇ ਆਪਣੇ ਰਾਹ 'ਚ ਰੋੜਾ ਬਣਨ ਵਾਲਿਆਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਤੋਂ ਉਨ੍ਹਾਂ ਨੂੰ ਕੋਈ ਪ੍ਰਹੇਜ਼ ਨਹੀਂ ਤੇ ਨਾ ਹੀ ਉਹ ਇਸ ਅਪਰਾਧ 'ਤੇ ਕੋਈ ਪਛਤਾਵਾ ਮਹਿਸੂਸ ਕਰਦੇ ਹਨ।ਬੇਸ਼ੱਕ ਉਨ੍ਹਾਂ ਦੇ ਭਾਸ਼ਣ 'ਚ ਚੀਨ ਨਾਲ ਪੈਦਾ ਹੋਏ ਤਣਾਅ ਅਤੇ ਗੋਰਖਪੁਰ 'ਚ ਵੱਡੀ ਗਿਣਤੀ 'ਚ ਬੱਚਿਆਂ ਦੀ ਮੌਤ ਦੀ ਤ੍ਰਾਸਦੀ ਸਮੇਤ ਕੁਝ ਅਹਿਮ ਪਹਿਲੂਆਂ ਨੂੰ ਅਣਡਿੱਠ ਕੀਤਾ ਗਿਆ, ਫਿਰ ਵੀ ਉਨ੍ਹਾਂ ਦਾ ਸੁਰ ਜ਼ਿਕਰਯੋਗ ਹੱਦ ਤਕ ਨਰਮ ਅਤੇ ਜ਼ਮੀਨੀ ਹਕੀਕਤਾਂ ਨਾਲ ਜੁੜਿਆ ਹੋਇਆ ਸੀ।
ਕਥਿਤ ਗਊ ਭਗਤਾਂ ਨੂੰ ਆਪਣੇ ਸਪੱਸ਼ਟ ਸੰਕੇਤ 'ਚ ਉਨ੍ਹਾਂ ਨੇ ਧਾਰਮਿਕ ਸ਼ਰਧਾ ਦੇ ਨਾਂ 'ਤੇ ਹੋਣ ਵਾਲੀ ਹਿੰਸਾ ਦੀ ਜ਼ੋਰਦਾਰ ਸ਼ਬਦਾਂ 'ਚ ਨਿੰਦਾ ਕੀਤੀ ਤੇ ਕਿਹਾ ਕਿ ਗਾਂਧੀ ਅਤੇ ਬੁੱਧ ਦਾ ਇਹ ਦੇਸ਼ 'ਆਸਥਾ ਦੇ ਨਾਂ 'ਤੇ ਹਿੰਸਾ' ਨੂੰ ਬਿਲਕੁਲ ਪ੍ਰਵਾਨ ਨਹੀਂ ਕਰੇਗਾ। ਕਾਸ਼ 'ਗਊ ਰੱਖਿਅਕਾਂ' ਦੇ ਸੰਬੰਧ ਵਿਚ ਇਹੋ ਬਿਆਨ ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਦਿੱਤਾ ਹੁੰਦਾ।
ਉਨ੍ਹਾਂ ਵਲੋਂ ਕਸ਼ਮੀਰ ਦੀਆਂ ਸਥਿਤੀਆਂ ਦਾ ਜ਼ਿਕਰ ਕਰਨਾ ਸਵਾਗਤਯੋਗ ਹੈ। ਉਨ੍ਹਾਂ ਨੇ ਬਹੁਤ ਸੋਚ-ਸਮਝ ਕੇ ਲੰਬੇ ਸਮੇਂ ਤਕ ਚੁੱਪ ਵੱਟੀ ਰੱਖੀ ਸੀ। ਉਨ੍ਹਾਂ ਕਿਹਾ ਕਿ ਕਸ਼ਮੀਰ ਦੀ ਸਮੱਸਿਆ ਨਾ ਗਾਲੀ ਨਾਲ ਹੱਲ ਹੋਵੇਗੀ ਤੇ ਨਾ ਗੋਲੀ ਨਾਲ, ਲੋਕਾਂ ਨੂੰ ਮਿਲ-ਬੈਠ ਕੇ ਗੱਲ ਕਰਨ ਦੀ ਲੋੜ ਹੈ। ਉਨ੍ਹਾਂ ਵਲੋਂ ਹਰ ਕਿਸੇ ਨੂੰ ਮੁੱਖ ਧਾਰਾ 'ਚ ਸ਼ਾਮਲ ਹੋਣ ਦਾ ਦਿੱਤਾ ਗਿਆ ਸੱਦਾ ਕੇਂਦਰ ਸਰਕਾਰ ਦੀ ਉਸ ਕਠੋਰ ਨੀਤੀ ਨਾਲੋਂ ਇਕ ਵੱਖਰੇ ਰਾਹ ਦਾ ਸੰਕੇਤ ਦਿੰਦਾ ਹੈ, ਜਿਸ ਨੀਤੀ 'ਤੇ ਉਨ੍ਹਾਂ ਦੀ ਸਰਕਾਰ ਕਸ਼ਮੀਰ ਵਿਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਹੈ।
ਮੋਦੀ ਦੇ ਭਾਸ਼ਣ 'ਚ ਚੋਣ ਮੁਹਿੰਮ ਦੀਆਂ ਸਾਰੀਆਂ ਖੂਬੀਆਂ ਮੌਜੂਦ ਹਨ। ਉਂਝ ਇਸ ਦੀ ਇਕ ਖਾਸ ਗੱਲ ਇਹ ਵੀ ਸੀ ਕਿ ਉਨ੍ਹਾਂ ਨੇ ਉਨ੍ਹਾਂ ਵੱਖ-ਵੱਖ ਪਹਿਲੂਆਂ ਦੇ ਨਾ ਸਿਰਫ ਖੁਲਾਸੇ ਕੀਤੇ ਸਗੋਂ ਟਿੱਪਣੀਆਂ ਵੀ ਕੀਤੀਆਂ, ਜਿਨ੍ਹਾਂ ਬਾਰੇ ਉਨ੍ਹਾਂ ਨੇ ਖੁਦ ਅਤੇ ਉਨ੍ਹਾਂ ਦੀ ਸਰਕਾਰ ਨੇ ਭੇਤ ਬਣਾਇਆ ਹੋਇਆ ਸੀ। ਨੋਟਬੰਦੀ ਦੇ ਫੌਰੀ ਅਤੇ ਚਿਰਸਥਾਈ ਅਸਰਾਂ ਦਾ ਖੁਲਾਸਾ ਵੀ ਇਨ੍ਹਾਂ ਗੱਲਾਂ 'ਚ ਸ਼ਾਮਲ ਸੀ।
ਮੋਦੀ ਨੇ ਇਹ ਵੀ ਖੁਲਾਸਾ ਕੀਤਾ ਕਿ ਨੋਟਬੰਦੀ ਤੋਂ ਬਾਅਦ ਬੈਂਕਾਂ 'ਚ ਜਮ੍ਹਾ ਹੋਣ ਵਾਲੇ 1.75 ਲੱਖ ਕਰੋੜ ਰੁਪਏ ਅਤੇ 18 ਲੱਖ ਲੋਕਾਂ ਦੀ ਐਲਾਨੀ ਆਮਦਨ ਤੋਂ ਇਲਾਵਾ ਹੋਰ ਅਣਪਛਾਤੇ ਸੋਮਿਆਂ ਦਾ ਵੀ ਜਾਂਚ ਦੌਰਾਨ ਪਤਾ ਲੱਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਵੰਬਰ 'ਚ ਨੋਟਬੰਦੀ ਦੇ ਸਿੱਟੇ ਵਜੋਂ ਘੱਟੋ-ਘੱਟ 2 ਲੱਖ ਕਰੋੜ ਰੁਪਏ ਦਾ ਅਜਿਹਾ ਧਨ ਬੈਂਕਿੰਗ ਤੰਤਰ ਵਿਚ ਆਇਆ, ਜਿਸ ਦਾ ਕਿਸੇ ਆਮਦਨ 'ਚ ਖੁਲਾਸਾ ਨਹੀਂ ਕੀਤਾ ਗਿਆ ਸੀ।ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਨੋਟਬੰਦੀ ਦੇ ਕਾਰਨ ਹੀ ਇਨਕਮ ਟੈਕਸ ਰਿਟਰਨ ਦਾਖਲ ਕਰਨ ਵਾਲਿਆਂ ਦੀ ਗਿਣਤੀ ਲੱਗਭਗ ਦੁੱਗਣੀ ਹੋ ਕੇ 56 ਲੱਖ ਤਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 3 ਲੱਖ ਅਜਿਹੀਆਂ ਜਾਅਲੀ ਤੇ ਕਾਗਜ਼ੀ ਕੰਪਨੀਆਂ ਦਾ ਵੀ ਪਤਾ ਲੱਗਾ, ਜਿਨ੍ਹਾਂ ਨੂੰ ਕਾਲਾ ਧਨ ਸਫੈਦ ਕਰਨ ਭਾਵ ਮਨੀ ਲਾਂਡਰਿੰਗ ਲਈ ਇਸਤੇਮਾਲ ਕੀਤਾ ਜਾਂਦਾ ਸੀ। ਫਿਰ ਵੀ ਜਿੰਨੇ ਸਵਾਲ ਮੋਦੀ ਤੋਂ ਤੁਸੀਂ ਪੁੱਛਣਾ ਪਸੰਦ ਕਰੋਗੇ, ਉਨ੍ਹਾਂ ਸਾਰਿਆਂ ਦਾ ਇਸ ਖੁਲਾਸੇ ਨਾਲ ਕਾਫੀ ਜਵਾਬ ਨਹੀਂ ਮਿਲਦਾ।
ਪਾਠਕਾਂ ਨੇ ਸ਼ਾਇਦ ਇਹ ਨੋਟਿਸ ਕੀਤਾ ਹੋਵੇਗਾ ਕਿ 3 ਸਾਲ ਪਹਿਲਾਂ ਸੱਤਾ 'ਚ ਆਉਣ ਤੋਂ ਬਾਅਦ ਮੋਦੀ ਨੇ ਇਕ ਵੀ ਪ੍ਰੈੱਸ ਕਾਨਫਰੰਸ ਨਾ ਕਰ ਕੇ ਇਕ ਤਰ੍ਹਾਂ ਨਾਲ ਰਿਕਾਰਡ ਹੀ ਬਣਾਇਆ ਸੀ। ਇਥੋਂ ਤਕ ਆਮ ਤੌਰ 'ਤੇ 'ਚੁੱਪ' ਰਹਿਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਨਾਲੋਂ ਕਿਤੇ ਜ਼ਿਆਦਾ ਪ੍ਰੈੱਸ ਕਾਨਫਰੰਸਾਂ ਨੂੰ ਸੰਬੋਧਨ ਕੀਤਾ ਅਤੇ ਆਪਣੀ ਸਰਕਾਰ ਦੀਆਂ ਯੋਜਨਾਵਾਂ ਤੇ ਵੱਖ-ਵੱਖ ਮੁੱਦਿਆਂ 'ਤੇ ਸਟੈਂਡ ਦੇ ਸੰਬੰਧ 'ਚ ਸਵਾਲਾਂ ਦੇ ਜਵਾਬ ਦਿੱਤੇ ਸਨ।
ਅਜਿਹਾ ਲੱਗਦਾ ਹੈ ਕਿ ਮੋਦੀ ਦੇ ਮਨ 'ਚ ਮੀਡੀਆ ਪ੍ਰਤੀ ਕੋਈ ਨਫਰਤ ਹੈ ਤੇ ਹੁਣ ਤਕ ਉਨ੍ਹਾਂ ਨੇ ਸਿਰਫ ਸੌਖੇ ਸਵਾਲਾਂ ਦੇ ਜਵਾਬ ਦੇਣ ਲਈ ਟੀ. ਵੀ. ਚੈਨਲਾਂ ਦੇ ਮਿੱਤਰ ਭਾਵਨਾ ਰੱਖਣ ਵਾਲੇ ਐਂਕਰਾਂ ਅਤੇ ਮੀਡੀਆ ਅਦਾਰਿਆਂ ਦੇ ਇਕ ਵਰਗ ਨੂੰ ਹੀ ਚੁਣਿਆ ਹੈ।
ਹੁਣ ਤਕ ਮੋਦੀ ਦਾ ਸੰਵਾਦ ਮੁੱਖ ਤੌਰ 'ਤੇ 'ਮਨ ਕੀ ਬਾਤ' ਜਾਂ ਰੇਡੀਓ ਤੇ ਟੀ. ਵੀ. ਭਾਸ਼ਣਾਂ, ਸੰਸਦ ਦੇ ਅੰਦਰ ਜਾਂ ਬਾਹਰ ਉਨ੍ਹਾਂ ਵਲੋਂ ਦਿੱਤੇ ਭਾਸ਼ਣਾਂ ਦੇ ਰੂਪ 'ਚ ਸਾਹਮਣੇ ਆਇਆ ਹੈ ਤੇ ਉਹ ਵੀ ਇਕਪਾਸੜ। ਸ਼ਾਇਦ ਉਹ ਮੀਡੀਆ ਨਾਲ ਗੱਲਬਾਤ ਕਰਨਾ ਆਪਣੀ ਸ਼ਾਨ ਦੇ ਵਿਰੁੱਧ ਸਮਝਦੇ ਹਨ।
ਇਨ੍ਹਾਂ ਸਭ ਗੱਲਾਂ ਦੇ ਬਾਵਜੂਦ ਭਾਰਤ ਦੀ ਆਜ਼ਾਦੀ ਦੇ 70 ਸਾਲ ਪੂਰੇ ਹੋਣ ਮੌਕੇ ਲਾਲ ਕਿਲੇ ਦੀ ਫਸੀਲ ਤੋਂ ਉਨ੍ਹਾਂ ਵਲੋਂ ਦਿੱਤਾ ਗਿਆ ਭਾਸ਼ਣ ਬਹੁਤ ਸਵਾਗਤਯੋਗ ਹੈ ਅਤੇ ਇਹ ਉਮੀਦ ਕਰਨੀ ਚਾਹੀਦੀ ਹੈ ਕਿ ਇਸ ਨਾਲ ਉਨ੍ਹਾਂ ਲੋਕਾਂ ਨੂੰ ਸਖਤ ਸੰਦੇਸ਼ ਜਾਵੇਗਾ, ਜੋ ਦੂਜਿਆਂ ਦੀਆਂ ਗੱਡੀਆਂ ਦੀ ਤਲਾਸ਼ੀ ਲੈਣਾ ਅਤੇ ਕਥਿਤ ਤੌਰ 'ਤੇ ਹੱਤਿਆ ਲਈ ਗਊਆਂ ਨੂੰ ਲਿਜਾਣ ਦਾ ਜ਼ਰਾ ਜਿੰਨਾ ਸ਼ੱਕ ਹੋਣ 'ਤੇ ਡਰਾਈਵਰਾਂ ਤੇ ਪਸ਼ੂ ਵਪਾਰੀਆਂ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ।
ਮੋਦੀ ਨੇ ਇਹ ਗੱਲਾਂ ਕਿੰਨੇ ਸੱਚੇ ਮਨ ਨਾਲ ਕਹੀਆਂ ਹਨ, ਇਸ ਦਾ ਇਮਤਿਹਾਨ ਇਸ ਗੱਲ ਨਾਲ ਲਿਆ ਜਾਵੇਗਾ ਕਿ ਕੀ ਉਹ ਆਪਣੇ ਤਿੰਨ ਵਰ੍ਹਿਆਂ ਦੇ ਸ਼ਾਸਨ ਦੌਰਾਨ ਅਜਿਹੇ ਅਪਰਾਧ ਕਰਨ ਵਾਲਿਆਂ ਨੂੰ ਅਜਿਹੀ ਸਜ਼ਾ ਦੇਣਗੇ, ਜਿਸ ਨਾਲ ਦੂਜਿਆਂ ਨੂੰ ਕੰਨ ਹੋ ਜਾਣ? ਮੋਦੀ ਨੂੰ ਉਨ੍ਹਾਂ ਲੋਕਾਂ ਵਿਰੁੱਧ ਵੀ ਸਖਤ ਕਾਰਵਾਈ ਕਰਨੀ ਪਵੇਗੀ, ਜਿਨ੍ਹਾਂ ਦੀ ਲਾਪਰਵਾਹੀ ਕਾਰਨ ਗੋਰਖਪੁਰ 'ਚ ਦਰਜਨਾਂ ਬੱਚੇ ਮੌਤ ਦੇ ਮੂੰਹ 'ਚ ਚਲੇ ਗਏ। ਇਸ ਤੋਂ ਇਲਾਵਾ ਦੇਸ਼ 'ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨਾਲ ਵੀ ਨਜਿੱਠਣਾ ਪਵੇਗਾ।
ਚੰਡੀਗੜ੍ਹ 'ਚ ਆਜ਼ਾਦੀ ਦਿਵਸ ਦੇ ਜਸ਼ਨਾਂ 'ਚ ਹਿੱਸਾ ਲੈਣ ਲਈ ਆਪਣੇ ਸਕੂਲ ਜਾ ਰਹੀ ਇਕ ਵਿਦਿਆਰਥਣ ਨਾਲ ਬਲਾਤਕਾਰ ਇਸ ਗੱਲ ਦਾ ਕੌੜਾ ਚੇਤਾ ਕਰਵਾਉਂਦਾ ਹੈ ਕਿ ਸਰਕਾਰ ਨੂੰ ਆਪਣੀਆਂ 3 ਸਾਲਾਂ ਦੀਆਂ ਪ੍ਰਾਪਤੀਆਂ ਦੇ ਬਾਵਜੂਦ ਅਜੇ ਕਿੰਨਾ ਲੰਬਾ ਸਫਰ ਤਹਿ ਕਰਨਾ ਪੈਣਾ ਹੈ। ਸਰਕਾਰ ਨੂੰ ਕਿਸੇ ਵੀ ਕੀਮਤ 'ਤੇ ਆਪਣੀ ਚੌਕਸੀ 'ਚ ਕਮੀ ਨਹੀਂ ਕਰਨੀ ਚਾਹੀਦੀ ਤੇ ਇਸ ਨੂੰ ਹਰ ਹਾਲ 'ਚ ਰਾਸ਼ਟਰ ਨੂੰ ਅੱਗੇ ਲਿਜਾਣ ਲਈ ਕਦਮ ਚੁੱਕਣੇ ਪੈਣਗੇ।
vipinpubby@gmail.com
ਸਫਾਈ ਮੁਲਾਜ਼ਮਾਂ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ
NEXT STORY