ਅਸਮਾ ਜਹਾਂਗੀਰ, ਜੋ ਪਿਛਲੇ ਹਫਤੇ ਗੁਜ਼ਰ ਗਈ, ਇਕ ਹਰਮਨਪਿਆਰੀ ਵਕੀਲ ਅਤੇ ਸੋਸ਼ਲ ਵਰਕਰ ਸੀ। ਉਂਝ ਉਨ੍ਹਾਂ ਦਾ ਕੰਮ ਪਾਕਿਸਤਾਨ ਤਕ ਸੀਮਤ ਸੀ ਪਰ ਪੂਰੇ ਉਪ-ਮਹਾਦੀਪ 'ਚ ਉਨ੍ਹਾਂ ਦੀ ਮਿਸਾਲ ਦਿੱਤੀ ਜਾਂਦੀ ਸੀ। ਉਨ੍ਹਾਂ ਨੇ ਨਿੱਜੀ ਅਧਿਕਾਰਾਂ ਦੀ ਰੱਖਿਆ ਲਈ 'ਹਿਊਮਨ ਰਾਈਟਸ ਕਮਿਸ਼ਨ' ਸਥਾਪਿਤ ਕਰਨ ਦਾ ਐਲਾਨ ਜਿਸ ਥਾਂ ਤੋਂ ਕੀਤਾ ਸੀ, ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧ ਸੁਧਾਰਨ ਲਈ ਮੀਟਿੰਗ ਕਰਨ ਦੀ ਜਗ੍ਹਾ ਵੀ ਬਣ ਗਈ ਸੀ।
ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਮੈਨੂੰ ਲਾਹੌਰ ਤੋਂ ਟੈਲੀਫੋਨ 'ਤੇ ਦੱਸਿਆ ਸੀ ਕਿ ਧੀ ਦਾ ਵਿਆਹ ਕਰ ਦੇਣ ਤੋਂ ਬਾਅਦ ਹੁਣ ਉਨ੍ਹਾਂ ਕੋਲ ਭਾਰਤ-ਪਾਕਿ ਸਬੰਧ ਸੁਧਾਰਨ ਲਈ ਕੰਮ ਕਰਨ ਵਾਸਤੇ ਜ਼ਿਆਦਾ ਸਮਾਂ ਹੋਵੇਗਾ। ਮੈਂ ਦੇਖਦਾ ਸੀ ਕਿ ਅਸਮਾ ਸਮਾਜ 'ਤੇ ਧਰਮ ਦੇ ਅਸਰ ਨੂੰ ਬਦਲਣ/ਘਟਾਉਣ ਲਈ ਪੂਰੀ ਕੋਸ਼ਿਸ਼ ਕਰਦੀ ਸੀ। ਸ਼ਾਇਦ ਉਨ੍ਹਾਂ ਦੇ ਕਹਿਣ ਦਾ ਭਾਵ ਇਹ ਸੀ ਕਿ ਇਕ ਧਰਮ ਵੱਲ ਝੁਕੇ ਸਮਾਜ ਨੂੰ ਬਦਲਣ ਲਈ ਅਜੇ ਵੀ ਉਨ੍ਹਾਂ ਨੂੰ ਮੀਲਾਂ ਲੰਮਾ ਸਫ਼ਰ ਤਹਿ ਕਰਨਾ ਪੈਣਾ ਹੈ।
ਅਸਮਾ ਨੂੰ ਇਸ ਗੱਲ ਦੀ ਤਸੱਲੀ ਹੋ ਸਕਦੀ ਹੈ ਕਿ ਉਨ੍ਹਾਂ ਨੇ ਭਾਰਤ-ਪਾਕਿ ਨੂੰ ਸਹਿਮਤੀ ਵੱਲ ਲਿਆਂਦਾ ਸੀ, ਬੇਸ਼ੱਕ ਦੋਹਾਂ ਦੇ ਨੇੜੇ ਆਉਣ 'ਚ ਝਿਜਕ ਸਾਫ ਦਿਖਾਈ ਦਿੰਦੀ ਹੋਵੇ। ਅਸਮਾ ਨੇ ਦਿੱਲੀ ਤੇ ਇਸਲਾਮਾਬਾਦ ਨੂੰ ਇਹ ਮਹਿਸੂਸ ਕਰਵਾਇਆ ਕਿ ਆਹਮੋ-ਸਾਹਮਣੇ ਬੈਠ ਕੇ ਇਸ 'ਤੇ ਚਰਚਾ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ। ਉਂਝ ਨਵੀਂ ਦਿੱਲੀ ਨੇ ਤੈਅ ਕਰ ਲਿਆ ਸੀ ਕਿ ਜਦੋਂ ਤਕ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦੇਣੀ ਬੰਦ ਨਹੀਂ ਕਰਦਾ, ਉਦੋਂ ਤਕ ਕੋਈ ਗੱਲਬਾਤ ਨਹੀਂ ਹੋਵੇਗੀ। ਅਸਮਾ ਦਾ ਮੰਨਣਾ ਸੀ ਕਿ ਸੁਲਾਹ ਦੀ ਗੁੰਜਾਇਸ਼ ਹੁਣ ਵੀ ਸੀ।
ਪਰ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਬਾਰੇ ਸਪੱਸ਼ਟ ਸੀ ਕਿ ਜਦੋਂ ਤਕ ਇਹ ਮਹਿਸੂਸ ਨਹੀਂ ਕੀਤਾ ਜਾਂਦਾ ਕਿ ਅੱਤਵਾਦ ਅਤੇ ਗੱਲਬਾਤ ਨਾਲੋ-ਨਾਲ ਨਹੀਂ ਚੱਲ ਸਕਦੇ, ਨਵੀਂ ਦਿੱਲੀ ਇਸਲਾਮਾਬਾਦ ਨਾਲ ਗੱਲਬਾਤ ਨਹੀਂ ਕਰੇਗੀ। ਅਸਮਾ ਮਹਿਸੂਸ ਕਰਦੀ ਸੀ ਕਿ ਕੋਈ ਸਾਰਥਕ ਮੀਟਿੰਗ ਕਰਨ ਤੋਂ ਪਹਿਲਾਂ ਪਾਕਿਸਤਾਨ ਦੀ ਫੌਜ ਦੀਆਂ ਕੁਝ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਦੂਰ ਕਰਨਾ ਪਵੇਗਾ। ਉਹ ਅਜਿਹੀ ਮੀਟਿੰਗ ਨੂੰ ਲੈ ਕੇ ਕਾਫੀ ਹਾਂ-ਪੱਖੀ ਸੀ ਅਤੇ ਕਿਸੇ ਤਰ੍ਹਾਂ ਸੱਤਾਧਾਰੀਆਂ ਨੂੰ ਇਸ ਦੀ ਤੁਕ ਸਮਝਣ ਲਈ ਰਾਜ਼ੀ ਕਰ ਸਕਦੀ ਸੀ।
ਪਰ ਮੈਨੂੰ ਨਿਰਾਸ਼ਾ ਹੈ ਕਿ ਅਸਮਾ ਦੀ ਮੌਤ 'ਤੇ ਭਾਰਤ ਵਿਚ ਬਹੁਤ ਘੱਟ ਪ੍ਰਤੀਕਿਰਿਆ ਹੋਈ, ਜਦਕਿ ਉਨ੍ਹਾਂ ਨੇ ਭਾਰਤ ਨਾਲ ਦੁਸ਼ਮਣੀ ਦੀ ਸਹੁੰ ਚੁੱਕੀ ਬੈਠੀ ਪਾਕਿ ਫੌਜ ਨੂੰ ਚੁਣੌਤੀ ਦਿੱਤੀ ਸੀ। ਭਾਰਤ-ਪਾਕਿ ਸਬੰਧ ਬਿਹਤਰ ਬਣਾਉਣ ਨੂੰ ਲੈ ਕੇ ਉਨ੍ਹਾਂ ਦਾ ਸਮਰਪਣ ਉਤਸ਼ਾਹ ਵਧਾਉਣ ਵਾਲਾ ਸੀ ਤੇ ਮੈਂ ਹਮੇਸ਼ਾ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਸਮਰਥਨ ਦਿੱਤਾ।
ਰਾਜ ਸਭਾ ਮੈਂਬਰ ਦੇ ਰੂਪ 'ਚ ਮੈਨੂੰ ਲੋਧੀ ਅਸਟੇਟ 'ਚ ਇਕ ਮਕਾਨ ਦਿੱਤਾ ਗਿਆ ਸੀ, ਜਿਥੇ ਅਸਮਾ ਪਾਕਿਸਤਾਨ ਦੇ ਮੁੰਡਿਆਂ-ਕੁੜੀਆਂ ਨੂੰ ਭਾਰਤ ਦੇ ਮੁੰਡਿਆਂ-ਕੁੜੀਆਂ ਨਾਲ ਮਿਲਾਉਣ ਲਈ ਲਿਆਉਂਦੀ ਹੁੰਦੀ ਸੀ। ਉਨ੍ਹਾਂ ਨੇ ਉਸ ਜਗ੍ਹਾ ਦਾ ਨਾਂ 'ਪਾਕਿਸਤਾਨ ਹਾਊਸ' ਰੱਖ ਦਿੱਤਾ ਸੀ। ਭਾਰਤ ਤੇ ਪਾਕਿਸਤਾਨ ਦੇ ਮੁੰਡੇ-ਕੁੜੀਆਂ ਇਕ-ਦੂਜੇ ਤੋਂ ਵਿਦਾ ਲੈਂਦੇ ਸਮੇਂ ਅੱਖਾਂ ਭਰ ਲੈਂਦੇ ਸਨ। ਉਹ ਇਕ ਖਾਸ ਧਰਮ ਵੱਲ ਝੁਕਦੇ ਸਮਾਜ ਤੋਂ ਸਿੱਖਿਆ ਲੈਣ ਲਈ ਭਾਰਤ ਦੇ ਨੌਜਵਾਨਾਂ ਨੂੰ ਵੀ ਪਾਕਿਸਤਾਨ ਲਿਜਾਂਦੀ ਸੀ।
ਪਾਕਿਸਤਾਨ ਦੇ ਮਨੁੱਖੀ ਅਧਿਕਾਰਾਂ ਤੇ ਵਿਰੋਧ ਦੀ ਪ੍ਰਤੀਕ ਅਸਮਾ ਜਹਾਂਗੀਰ ਚਾਰ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਫੌਜੀ ਤਾਨਾਸ਼ਾਹਾਂ ਦੀ ਕੱਟੜ ਵਿਰੋਧੀ ਸੀ। ਉਹ ਭਾਰਤ-ਪਾਕਿ ਸ਼ਾਂਤੀ ਦੀ ਸਮਰਥਕ ਅਤੇ ਭਾਰਤ ਨਾਲ ਗੱਲਬਾਤ ਲਈ ਕਈ ਗ਼ੈਰ-ਰਸਮੀ ਵਫ਼ਦਾਂ ਦਾ ਹਿੱਸਾ ਵੀ ਰਹੀ। ਇੰਨਾ ਹੀ ਨਹੀਂ, ਜਦੋਂ ਅਸਮਾ ਨੇ ਨਿਆਂ ਪਾਲਿਕਾ 'ਚ ਬਤੌਰ ਵਕੀਲ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਦਾ ਕੈਰੀਅਰ ਜ਼ਿਕਰਯੋਗ ਰਿਹਾ। ਇਸ ਤੋਂ ਉਨ੍ਹਾਂ ਦੀ ਹਰਮਨਪਿਆਰਤਾ ਦਾ ਸੰਕੇਤ ਮਿਲਦਾ ਹੈ ਕਿ ਉਹ ਪਾਕਿਸਤਾਨ ਦੀ ਸੁਪਰੀਮ ਬਾਰ ਐਸੋਸੀਏਸ਼ਨ ਦੀ ਪ੍ਰਧਾਨ ਸੀ।
ਪਾਕਿਸਤਾਨ ਦੀ ਨਿਆਂ ਪਾਲਿਕਾ ਅਜੇ ਵੀ ਉਨ੍ਹਾਂ ਨੂੰ ਇਸ ਗੱਲ ਲਈ ਯਾਦ ਕਰਦੀ ਹੈ ਕਿ ਜਦੋਂ ਇਫ਼ਤਿਖਾਰ ਚੌਧਰੀ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਨ, ਨਿਆਂ ਪਾਲਿਕਾ ਦੇ ਸਨਮਾਨ ਨੂੰ ਮੁੜ ਬਹਾਲ ਕਰਨ ਲਈ ਅਸਮਾ ਨੇ ਲੜਾਈ ਲੜੀ ਸੀ।
ਵਕੀਲਾਂ ਦੇ ਅੰਦੋਲਨ ਨੂੰ ਆਖਿਰ 'ਚ ਸਫਲਤਾ ਮਿਲੀ ਤੇ ਇਹ ਅੰਦੋਲਨ ਪ੍ਰਵੇਜ਼ ਮੁਸ਼ੱਰਫ ਦੇ ਪਤਨ ਦੀ ਵਜ੍ਹਾ ਵੀ ਬਣਿਆ। ਉਸ ਬੇਮਿਸਾਲ ਅੰਦੋਲਨ ਨੇ ਇਸ ਗੱਲ ਦੀ ਆਸ ਬੰਨ੍ਹਾਈ ਕਿ ਪਾਕਿਸਤਾਨ ਲੋਕਤੰਤਰ ਦੀ ਮਹੱਤਤਾ ਅਤੇ ਉਸ ਦੀ ਬਹਾਲੀ ਦੀ ਮਹੱਤਤਾ ਨੂੰ ਸੱਚਮੁਚ ਸਮਝ ਰਿਹਾ ਹੈ ਪਰ ਫਿਰ ਵੀ ਪਾਕਿਸਤਾਨ 'ਚ ਹਰੇਕ ਸ਼ਾਸਕ ਦਾ ਧਿਆਨ ਇਸ ਗੱਲ 'ਤੇ ਰਹਿੰਦਾ ਹੈ ਕਿ ਫੌਜ ਉਸ ਨਾਲ ਕੀ ਕਰੇਗੀ?
ਮੈਨੂੰ ਯਾਦ ਹੈ ਕਿ 80 ਦੇ ਦਹਾਕੇ 'ਚ ਅਸਮਾ ਜਹਾਂਗੀਰ ਨੇ ਮਾਰਸ਼ਲ ਲਾਅ ਪ੍ਰਸ਼ਾਸਕ ਜਨਰਲ ਜ਼ਿਆ-ਉਲ-ਹੱਕ ਨਾਲ ਟੱਕਰ ਲਈ ਸੀ ਅਤੇ ਪਾਕਿਸਤਾਨ 'ਚ ਲੋਕਤੰਤਰ ਦੀ ਬਹਾਲੀ ਦੇ ਅੰਦੋਲਨ 'ਚ ਭਿੜੀ ਸੀ। ਵਿਰੋਧ ਦੇ ਅੰਦੋਲਨ ਦੀ ਅਗਵਾਈ ਕਰਨ ਦੇ ਦੋਸ਼ ਹੇਠ ਅਸਮਾ ਨੂੰ ਜੇਲ 'ਚ ਬੰਦ ਕਰ ਦਿੱਤਾ ਗਿਆ ਸੀ ਪਰ ਇਸ ਤੋਂ ਛੇਤੀ ਬਾਅਦ ਉਹ ਪਹਿਲੇ ਦਰਜੇ ਦੀ ਅੰਦੋਲਨਕਾਰੀ ਬਣ ਗਈ ਸੀ।
ਉਨ੍ਹਾਂ ਨੇ ਡਟ ਕੇ ਖਤਰਿਆਂ ਦਾ ਸਾਹਮਣਾ ਕੀਤਾ ਤੇ ਤਾਨਾਸ਼ਾਹਾਂ ਦੇ ਵਿਰੁੱਧ ਸਰਗਰਮ ਰਹੀ। ਇਸ ਪ੍ਰਕਿਰਿਆ 'ਚ ਉਨ੍ਹਾਂ ਨੇ ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਥਾਪਨਾ ਕਰਨ 'ਚ ਮਦਦ ਕੀਤੀ ਤੇ ਬਾਅਦ ਵਿਚ ਇਸ ਦੀ ਪ੍ਰਧਾਨ ਵੀ ਬਣੀ।
ਅਸਮਾ ਅਕਸਰ ਕਹਿੰਦੀ ਸੀ ਕਿ ਘੱਟਗਿਣਤੀਆਂ ਦੀ ਰੱਖਿਆ ਕਰਨਾ ਕਮਿਸ਼ਨ ਦਾ ਫਰਜ਼ ਹੈ। ਉਨ੍ਹਾਂ ਦੇ ਪ੍ਰਧਾਨ ਹੁੰਦਿਆਂ ਕਮਿਸ਼ਨ ਨੇ 'ਈਸ਼ਨੰਦਾ' ਦੇ ਨਾਲ-ਨਾਲ ਝੂਠੀ ਸ਼ਾਨ ਲਈ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਨੂੰ ਵੀ ਸਫਲਤਾਪੂਰਵਕ ਰੋਕਿਆ। ਉਨ੍ਹਾਂ ਨੇ ਆਪਣੇ ਦੇਸ਼ 'ਚ ਔਰਤਾਂ ਦੇ ਹੱਕਾਂ ਦੇ ਅੰਦੋਲਨ ਦੀ ਅਗਵਾਈ ਉਦੋਂ ਕੀਤੀ, ਜਦੋਂ ਪਾਕਿਸਤਾਨ 'ਚ ਮਨੁੱਖੀ ਅਧਿਕਾਰਾਂ ਨੂੰ ਕੋਈ ਮੁੱਦਾ ਨਹੀਂ ਸਮਝਿਆ ਜਾਂਦਾ ਸੀ। ਉਨ੍ਹਾਂ ਕਾਰਨ ਹੀ ਅੱਜ ਲੋਕ, ਖਾਸ ਕਰਕੇ ਔਰਤਾਂ, ਆਪਣੇ ਹੱਕਾਂ ਦੀ ਗੱਲ ਕਰਦੇ ਹਨ ਤੇ ਧਾਰਮਿਕ ਸਮੂਹਾਂ ਸਮੇਤ ਸਿਆਸੀ ਪਾਰਟੀਆਂ ਵੀ ਔਰਤਾਂ ਦੇ ਹੱਕਾਂ ਦੀ ਅਹਿਮੀਅਤ ਨੂੰ ਮਹਿਸੂਸ ਕਰਦੀਆਂ ਹਨ।
ਇਕ ਜਿਹੜਾ ਖਾਸ ਮੁੱਦਾ ਅਸਮਾ ਨੇ ਉਠਾਇਆ, ਉਹ ਸੀ ਈਸਾਈਆਂ 'ਤੇ ਈਸ਼ਨੰਦਾ ਦੇ ਦੋਸ਼ ਲਾਉਣਾ। ਘੱਟਗਿਣਤੀ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਤਹਿਤ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਈਸ਼ਨੰਦਾ ਦੇ ਅਪਰਾਧ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਵਿਵਸਥਾ ਹੈ। ਉਹ ਲਾਪਤਾ ਲੋਕਾਂ ਨੂੰ ਲੱਭਣ ਦੇ ਮੁਕੱਦਮਿਆਂ ਲਈ ਕੋਈ ਫੀਸ ਨਹੀਂ ਲੈਂਦੀ ਸੀ। ਇਕ ਦਿਆਲੂ ਔਰਤ ਅਸਮਾ ਕੱਟੜਪੰਥੀਆਂ ਦੀਆਂ ਧਮਕੀਆਂ ਸਮੇਤ ਕਿਸੇ ਵੀ ਤਰ੍ਹਾਂ ਦੇ ਦਬਾਅ ਅੱਗੇ ਨਹੀਂ ਝੁਕੀ ਸੀ।
ਪੂਰੀ ਦੁਨੀਆ 'ਚ ਹਰਮਨਪਿਆਰੀ ਤੇ ਅੰਦੋਲਨਕਾਰੀ ਅਸਮਾ ਜਹਾਂਗੀਰ ਨੂੰ 'ਮੈਗਸੈਸੇ' ਅਤੇ 'ਯੂਨਾਈਟਿਡ ਨੇਸ਼ਨਜ਼ ਹਿਊਮਨ ਡਿਵੈੱਲਪਮੈਂਟ ਫੰਡ ਐਵਾਰਡ' ਤੋਂ ਇਲਾਵਾ ਕਈ ਪੁਰਸਕਾਰ ਮਿਲੇ ਸਨ ਪਰ ਅਸਮਾ ਲਈ ਇਨ੍ਹਾਂ ਦਾ ਕੋਈ ਮਤਲਬ ਨਹੀਂ ਸੀ ਕਿਉਂਕਿ ਉਨ੍ਹਾਂ ਦਾ ਇਕੋ-ਇਕ ਉਦੇਸ਼ ਪਾਕਿਸਤਾਨ 'ਚ ਲੋਕਤੰਤਰ ਦੀ ਬਹਾਲੀ ਕਰਵਾਉਣਾ ਸੀ, ਜਿਸ ਵਿਚ ਉਨ੍ਹਾਂ ਦੀ ਅਡਿਗ ਆਸਥਾ ਸੀ।
ਇਸੇ ਤਰ੍ਹਾਂ ਅਸਮਾ ਨੇ ਸਿਰਫ ਪਾਕਿਸਤਾਨ ਦੇ ਲੋਕਾਂ ਲਈ ਹੀ ਨਹੀਂ, ਸਗੋਂ ਫਿਲਸਤੀਨ ਜਾਂ ਹੋਰਨਾਂ ਥਾਵਾਂ ਦੇ ਸੰਘਰਸ਼ਾਂ ਸਮੇਤ ਪੂਰੀ ਦੁਨੀਆ ਦੇ ਲੋਕਾਂ ਲਈ ਲੜਾਈ ਲੜੀ। ਆਪਣੇ ਸੰਘਰਸ਼ਾਂ ਕਾਰਨ ਬੇਸ਼ੱਕ ਉਨ੍ਹਾਂ ਨੇ ਆਪਣੇ ਦੇਸ਼ 'ਚ ਬਹੁਤ ਸਾਰੇ ਦੁਸ਼ਮਣ ਬਣਾਏ ਪਰ ਉਨ੍ਹਾਂ ਦਾ ਮੰਨਣਾ ਸੀ ਕਿ ਇਨ੍ਹਾਂ ਚੁਣੌਤੀਆਂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਇਹ ਅਸਮਾ ਜਹਾਂਗੀਰ ਬਾਰੇ ਕਾਫੀ ਕੁਝ ਬਿਆਨ ਕਰਦਾ ਹੈ।
(kuldipnayar੦੯@gmail.com)
ਅਸਲੀ ਲੋੜ ਆਰ. ਬੀ. ਆਈ. ਨੂੰ 'ਮਜ਼ਬੂਤ' ਕਰਨ ਦੀ ਹੈ
NEXT STORY