ਜੈਲਲਿਤਾ ਬਾਰੇ ਮੈਂ ਆਪਣੇ ਵਲੋਂ ਕੁਝ ਨਹੀਂ ਕਹਾਂਗਾ, ਸਿਰਫ ਪਿਛਲੇ 25 ਵਰ੍ਹਿਆਂ ਦੀਆਂ ਘਟਨਾਵਾਂ ਨੂੰ ਯਾਦ ਕਰਦੇ ਹਾਂ :
ਐੱਮ. ਜੀ. ਰਾਮਚੰਦਰਨ (ਐੱਮ. ਜੀ. ਆਰ.) ਨੇ 1972 'ਚ ਡੀ. ਐੱਮ. ਕੇ. ਨਾਲੋਂ ਅੱਡ ਹੋ ਕੇ ਆਪਣੀ ਵੱਖਰੀ ਪਾਰਟੀ 'ਆਲ ਇੰਡੀਆ ਅੰਨਾਦ੍ਰਮੁਕ' (ਅੰਨਾ ਡੀ. ਐੱਮ. ਕੇ.) ਦਾ ਗਠਨ ਕਰ ਲਿਆ। ਉਹ 1977, 1980 ਅਤੇ 1984 'ਚ ਮੁੱਖ ਮੰਤਰੀ ਚੁਣੇ ਗਏ ਅਤੇ ਆਪਣੀ ਮੌਤ ਤਕ ਅਜੇਤੂ ਰਹੇ। ਉਨ੍ਹਾਂ ਨੇ ਜੈਲਲਿਤਾ ਨੂੰ ਚੁਣਿਆ ਤੇ ਤਰਾਸ਼ਿਆ।
ਐੱਮ. ਜੀ. ਆਰ. ਦੀ ਮੌਤ ਤੋਂ ਬਾਅਦ ਪਾਰਟੀ ਵੰਡੀ ਗਈ ਤੇ 1989 'ਚ ਚੋਣਾਂ ਹਾਰ ਗਈ ਪਰ ਜੈਲਲਿਤਾ ਦੀ ਅਗਵਾਈ ਹੇਠ ਇਸ 'ਚ ਫਿਰ ਇਕਜੁੱਟਤਾ ਹੋ ਗਈ। ਛੇਤੀ ਹੀ ਜੈਲਲਿਤਾ ਦਾ ਪਾਰਟੀ 'ਤੇ ਪੂਰਾ ਕੰਟਰੋਲ ਹੋ ਗਿਆ ਤੇ ਉਨ੍ਹਾਂ ਨੇ ਪਾਰਟੀ ਨੂੰ ਇਕ ਵਫਾਦਾਰ ਇਕਾਈ 'ਚ ਬਦਲ ਦਿੱਤਾ, ਜੋ ਜੈਲਲਿਤਾ ਦੀ ਪੂਜਾ ਇਕ ਦੇਵੀ ਵਾਂਗ ਕਰਦੀ ਸੀ।
ਜੋਖ਼ਮ ਭਰਿਆ ਰਾਹ ਚੁਣਿਆ ਜੈਲਲਿਤਾ ਪਹਿਲੀ ਵਾਰ 1991 'ਚ ਮੁੱਖ ਮੰਤਰੀ ਚੁਣੀ ਗਈ ਸੀ। ਆਪਣੇ ਪਹਿਲੇ ਕਾਰਜਕਾਲ (1991-96) ਦੌਰਾਨ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਹਿਯੋਗੀਆਂ (ਵੀ. ਕੇ. ਸ਼ਸ਼ੀਕਲਾ ਤੇ ਉਨ੍ਹਾਂ ਦਾ ਸਮੂਹ) ਨੇ ਭ੍ਰਿਸ਼ਟ ਅਤੇ ਗੈਰ-ਕਾਨੂੰਨੀ ਢੰਗ ਨਾਲ ਧਨ ਇਕੱਠਾ ਕਰਨ ਦਾ ਜੋਖਮ ਭਰਿਆ ਰਾਹ ਚੁਣਿਆ। ਹਾਲਾਂਕਿ ਜੈਲਲਿਤਾ ਇਸ ਤੋਂ ਬਾਅਦ ਤਿੰਨ ਵਾਰ (2001, 2011 ਅਤੇ 2016) ਮੁੱਖ ਮੰਤਰੀ ਚੁਣੀ ਗਈ ਅਤੇ ਉਨ੍ਹਾਂ ਨੂੰ ਆਪਣੇ ਆਖਰੀ ਦਮ ਤਕ ਲੋਕਾਂ ਦੇ ਵੱਡੇ ਹਿੱਸੇ ਦਾ ਸਮਰਥਨ ਹਾਸਿਲ ਸੀ।
ਅੰਨਾ ਡੀ. ਐੱਮ. ਕੇ. ਦਾ ਅਕਸ ਹੌਲੀ-ਹੌਲੀ ਖਰਾਬ ਹੁੰਦਾ ਗਿਆ। ਇਹ ਹੁਣ ਉਹ ਪਾਰਟੀ ਨਹੀਂ ਰਹੀ ਸੀ, ਜਿਸ ਦਾ ਗਠਨ ਐੱਮ. ਜੀ. ਆਰ. ਨੇ ਕੀਤਾ ਸੀ। ਸੁਪਰੀਮ ਕੋਰਟ ਨੇ ਜੈਲਲਿਤਾ ਤੇ ਹੋਰਨਾਂ ਵਿਰੁੱਧ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ 'ਚ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਮੁਕੱਦਮੇ ਚਲਾਏ, ਜੋ 1991-96 ਦੇ ਕਾਰਜਕਾਲ ਨਾਲ ਸੰਬੰਧਿਤ ਸਨ। ਜੈਲਲਿਤਾ ਦੇ ਦੂਜੇ ਤੇ ਤੀਜੇ ਕਾਰਜਕਾਲ ਦੌਰਾਨ ਉਨ੍ਹਾਂ ਵਿਰੁੱਧ ਇਕ ਤੋਂ ਬਾਅਦ ਇਕ ਮਾਮਲੇ ਖਾਰਿਜ ਹੁੰਦੇ ਗਏ ਪਰ ਆਮਦਨ ਤੋਂ ਜ਼ਿਆਦਾ ਜਾਇਦਾਦ ਤੋਂ ਇਲਾਵਾ ਕੁਝ ਹੋਰ ਮਾਮਲੇ ਬਰਕਰਾਰ ਰਹੇ।
ਸ਼ਸ਼ੀਕਲਾ ਤੇ ਉਨ੍ਹਾਂ ਦਾ ਸਮੂਹ ਨਾ ਤਾਂ ਮਾਮਲਿਆਂ ਦੇ ਡਰੋਂ ਅਤੇ ਨਾ ਹੀ ਕਾਨੂੰਨੀ ਝਟਕਿਆਂ ਨਾਲ ਅਜਿਹਾ ਕਰਨੋਂ ਰੁਕਿਆ। ਉਨ੍ਹਾਂ ਨੇ ਦੂਜੇ ਤੇ ਤੀਜੇ ਕਾਰਜਕਾਲ ਵਿਚ ਹੋਰ ਵੀ ਜ਼ਿਆਦਾ ਜਾਇਦਾਦ ਇਕੱਠੀ ਕਰ ਲਈ। ਸ਼ਸ਼ੀਕਲਾ ਇੰਨੀ ਚੁਸਤ-ਚਲਾਕ ਸੀ (ਹੈ) ਕਿ ਜੈਲਲਿਤਾ ਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਉਨ੍ਹਾਂ ਨੂੰ ਇਕ ਡੂੰਘੀ ਖੱਡ 'ਚ ਧੱਕਿਆ ਜਾ ਰਿਹਾ ਹੈ, ਜਿਥੋਂ ਉਹ ਕਦੇ ਵੀ ਸੁਰੱਖਿਅਤ ਬਾਹਰ ਨਹੀਂ ਨਿਕਲ ਸਕਦੀ।
ਜੈਲਲਿਤਾ ਨੂੰ ਜਿਥੇ ਜ਼ਿਆਦਾਤਰ ਲੋਕਾਂ ਦਾ ਸਮਰਥਨ ਹਾਸਿਲ ਸੀ, ਉਥੇ ਹੀ ਲੋਕਾਂ ਦਾ ਇਕ ਵਰਗ ਚੁੱਪਚਾਪ ਸ਼ਸ਼ੀਕਲਾ ਤੇ ਉਨ੍ਹਾਂ ਦੇ ਸਾਥੀਆਂ ਦੇ ਵਿਰੁੱਧ ਹੋ ਗਿਆ। ਕੁਝ ਸਿਆਸੀ ਆਬਜ਼ਰਵਰਾਂ ਨੇ ਲੋਕਾਂ ਦੇ ਇਸ ਦੋਹਰੇ ਰਵੱਈਏ ਦਾ ਨੋਟਿਸ ਲਿਆ ਸੀ।
5 ਦਸੰਬਰ 2016 ਨੂੰ ਜੈਲਲਿਤਾ ਦੀ ਮੌਤ ਹੋ ਗਈ। ਫਿਰ 14 ਫਰਵਰੀ 2017 ਨੂੰ ਸੁਪਰੀਮ ਕੋਰਟ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ 'ਚ ਟ੍ਰਾਇਲ ਕੋਰਟ ਦੇ ਫੈਸਲੇ ਨੂੰ ਸਹੀ ਠਹਿਰਾਇਆ ਅਤੇ ਸ਼ਸ਼ੀਕਲਾ ਤੇ 2 ਹੋਰਨਾਂ ਨੂੰ ਸੁਣਾਈ ਗਈ ਸਜ਼ਾ ਭੁਗਤਣ ਦਾ ਹੁਕਮ ਦਿੱਤਾ।
ਜੈਲਲਿਤਾ ਜੇਲ ਜਾਣ ਦੀ ਬਦਨਾਮੀ ਤੋਂ ਬਚ ਗਈ। ਅਜਿਹਾ ਲੱਗਦਾ ਸੀ ਕਿ ਅੰਨਾ ਡੀ. ਐੱਮ. ਕੇ. ਦੇ ਦੋ ਧੜੇ ਇਸ ਫੈਸਲੇ ਦੀ ਗੰਭੀਰਤਾ ਨੂੰ ਨਹੀਂ ਸਮਝ ਸਕੇ। ਇਕ ਧੜਾ ਇਹ ਭੁੱਲ ਕੇ ਕਿ ਜੈਲਲਿਤਾ ਵੀ ਦੋਸ਼ੀ ਪਾਈ ਗਈ ਸੀ, ਇਸ ਫੈਸਲੇ ਦੀ 'ਖੁਸ਼ੀ' ਮਨਾ ਰਿਹਾ ਸੀ ਤੇ ਦੂਜਾ ਧੜਾ ਇਸ ਗੱਲ ਨੂੰ ਅਣਡਿੱਠ ਕਰਦਿਆਂ ਮੰਨ ਨਹੀਂ ਰਿਹਾ ਸੀ ਕਿ ਜਿਸ ਨੇਤਾ ਨੂੰ ਉਨ੍ਹਾਂ ਨੇ ਪਹਿਲਾਂ ਚੁਣਿਆ ਸੀ, ਉਹ ਅਗਲੇ 4 ਸਾਲ ਜੇਲ 'ਚ ਗੁਜ਼ਾਰੇਗੀ। ਹਾਲਾਂਕਿ ਤਾਮਿਲਨਾਡੂ ਦੇ ਲੋਕ ਪਰਵਾਹ ਨਾ ਕਰਨ ਵਾਲੇ ਜਾਂ ਮੁਆਫ ਕਰ ਦੇਣ ਵਾਲੇ ਨਹੀਂ ਹੋ ਸਕਦੇ।
ਪ੍ਰਚੰਡ ਖਾਹਿਸ਼ਾਂ
ਹੁਣ ਜੈਲਲਿਤਾ ਦੀ ਮੌਤ ਤੋਂ ਬਾਅਦ ਅੰਨਾ ਡੀ. ਐੱਮ. ਕੇ. ਦਾ ਆਪਣੀ ਤਬਾਹਕੁੰਨ ਤਬਦੀਲੀ ਦੇ ਦੌਰ 'ਚੋਂ ਲੰਘਣਾ ਤੈਅ ਹੈ। ਕੁਝ ਦਿਨਾਂ ਲਈ ਇਕ ਨਾਜ਼ੁਕ ਪ੍ਰਬੰਧ ਕੀਤਾ ਗਿਆ, ਜਦੋਂ ਸ਼ਸ਼ੀਕਲਾ ਨੂੰ ਪਾਰਟੀ ਦੀ ਜਨਰਲ ਸਕੱਤਰ ਤੇ ਓ. ਪਨੀਰਸੇਲਵਮ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ ਪਰ ਜਿਵੇਂ ਕਿ ਲੱਗਦਾ ਸੀ, ਇਹ ਵਿਵਸਥਾ ਸ਼ਸ਼ੀਕਲਾ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਪ੍ਰਚੰਡ ਖਾਹਿਸ਼ਾਂ ਅੱਗੇ ਢਹਿ-ਢੇਰੀ ਹੋ ਗਈ। ਉਨ੍ਹਾਂ ਦਾ ਉਦੇਸ਼ ਸਿਰਫ ਪਾਰਟੀ ਨਹੀਂ, ਸਗੋਂ ਸਰਕਾਰ 'ਤੇ ਵੀ ਕੰਟਰੋਲ ਕਰਨਾ ਸੀ।
ਇਹ ਇਕ ਦਲੇਰਾਨਾ ਕਦਮ ਸੀ ਪਰ ਸ਼ਸ਼ੀਕਲਾ ਦੇ ਸਮੂਹ ਵਲੋਂ 1996 ਤੋਂ ਦਿਖਾਈ ਜਾ ਰਹੀ ਮੱਕਾਰੀ ਤੇ ਦਲੇਰੀ ਦਾ ਇਕ ਹਿੱਸਾ ਸੀ। ਲੋਕਾਂ ਦਾ ਗੁੱਸਾ ਸ਼ਸ਼ੀਕਲਾ ਵਿਰੁੱਧ ਖੁੱਲ੍ਹ ਕੇ ਸਾਹਮਣੇ ਆ ਗਿਆ, ਜਦੋਂ ਉਨ੍ਹਾਂ ਨੇ ਪਾਰਟੀ ਜਨਰਲ ਸਕੱਤਰ ਬਣਨ ਲਈ ਆਪਣਾ ਰਾਹ 'ਪੱਧਰਾ' ਕੀਤਾ ਤੇ ਕੁਝ ਹੀ ਦਿਨਾਂ ਵਿਚ ਇਕ ਵਾਰ ਫਿਰ ਅੰਨਾ ਡੀ. ਐੱਮ. ਕੇ. ਵਿਧਾਇਕ ਦਲ ਦੀ ਨੇਤਾ ਚੁਣੀ ਜਾਣ ਲਈ ਆਪਣੀ ਰਾਹ ਦੇ ਸਾਰੇ ਰੋੜੇ ਸਾਫ ਕਰ ਦਿੱਤੇ। ਸੋਸ਼ਲ ਮੀਡੀਆ ਖੁੱਲ੍ਹ ਕੇ ਉਨ੍ਹਾਂ ਦੇ ਵਿਰੁੱਧ ਬੋਲਿਆ ਪਰ ਸ਼ਸ਼ੀਕਲਾ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਅੰਨਾ ਡੀ. ਐੱਮ. ਕੇ. ਪਾਰਟੀ ਵਿਚ ਪਹਿਲਾਂ ਜ਼ਮੀਨੀ ਪੱਧਰ ਦੀ ਫੁੱਟ ਪਈ। ਬਹੁਤੇ ਲੋਕ, ਖਾਸ ਕਰਕੇ ਗਰੀਬ ਵਰਗ ਅਤੇ ਔਰਤਾਂ ਖੁੱਲ੍ਹ ਕੇ ਉਨ੍ਹਾਂ ਦੇ ਵਿਰੁੱਧ ਬੋਲਣ ਲੱਗੀਆਂ, ਪਾਰਟੀ ਵਰਕਰ ਦੁਚਿੱਤੀ 'ਚ ਪੈ ਗਏ ਤੇ ਇਕ ਤਰ੍ਹਾਂ ਨਾਲ ਨਕਾਰਾ ਹੋ ਗਏ। ਸਿਰਫ ਵਿਧਾਇਕ ਅਤੇ ਪਾਰਟੀ ਦੇ ਅਹੁਦੇਦਾਰ ਹੀ ਸਨ, ਜਿਨ੍ਹਾਂ ਨੇ ਸ਼ਸ਼ੀਕਲਾ ਨੂੰ 'ਆਗਿਆਕਾਰੀ' ਬਣ ਕੇ 'ਸ਼ਰਧਾਂਜਲੀ' ਦਿੱਤੀ ਅਤੇ ਇੰਝ ਸਲੂਕ ਕੀਤਾ, ਜਿਵੇਂ ਉਹ ਉਨ੍ਹਾਂ ਦੇ ਦਾਸ ਹੋਣ।
ਆਖਰੀ ਖੇਡ
ਹੁਣ ਅੰਨਾ ਡੀ. ਐੱਮ. ਕੇ. 'ਚ ਵਿਆਪਕ ਫੁੱਟ ਪੈ ਸਕਦੀ ਹੈ ਕਿਉਂਕਿ ਨਵੇਂ ਨੇਤਾ ਪਲਾਨੀਸਾਮੀ ਦੀ ਅਗਵਾਈ ਹੇਠ ਸਰਕਾਰ ਨੇ ਆਪਣਾ ਬਹੁਮਤ ਸਿੱਧ ਕਰ ਲਿਆ ਹੈ। ਹੁਣ ਲੋਕਾਂ ਅਤੇ ਪਾਰਟੀ/ਸਰਕਾਰ ਵਿਚਾਲੇ ਨਾਰਾਜ਼ਗੀ ਹੋਰ ਵਧ ਜਾਵੇਗੀ।
ਸੰਕੇਤ ਉਤਸ਼ਾਹਜਨਕ ਨਹੀਂ ਹਨ। ਆਪਣੀ ਜੇਲ ਯਾਤਰਾ ਲਈ ਬੈਂਗਲੁਰੂ ਰਵਾਨਾ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਸ਼ਸ਼ੀਕਲਾ ਨੇ ਆਪਣੇ 2 ਭਤੀਜਿਆਂ (ਜਿਨ੍ਹਾਂ ਨੂੰ ਜੈਲਲਿਤਾ ਨੇ ਪਾਰਟੀ 'ਚੋਂ ਕੱਢ ਦਿੱਤਾ ਸੀ) ਨੂੰ ਮੁੜ ਪਾਰਟੀ ਵਿਚ ਸ਼ਾਮਿਲ ਕਰ ਲਿਆ ਅਤੇ ਉਨ੍ਹਾਂ 'ਚੋਂ ਇਕ ਦਿਨਾਕਰਨ ਨੂੰ ਪਾਰਟੀ ਚਲਾਉਣ ਲਈ ਉਪ-ਜਨਰਲ ਸਕੱਤਰ ਨਿਯੁਕਤ ਕਰ ਦਿੱਤਾ। ਇਹ ਬਹੁਤ ਹੈਰਾਨੀਜਨਕ ਹੈ ਕਿ ਸ਼ਸ਼ੀਕਲਾ ਸਮਝਦੀ ਹੈ ਕਿ ਉਹ ਅਗਲੇ 4 ਸਾਲਾਂ ਤਕ ਆਪਣੇ 'ਪ੍ਰਾਕਸੀਜ਼' ਦੇ ਜ਼ਰੀਏ ਜੇਲ ਤੋਂ ਹੀ ਪਾਰਟੀ ਤੇ ਸਰਕਾਰ ਚਲਾ ਸਕਦੀ ਹੈ। ਸ਼ਸ਼ੀਕਲਾ ਦੀ ਤਾਜ਼ਾ ਕਾਰਵਾਈ ਨੇ ਉਨ੍ਹਾਂ ਦੇ ਅਤੇ ਤਾਮਿਲਨਾਡੂ ਵਿਚਾਲੇ ਨਾਰਾਜ਼ਗੀ ਨੂੰ ਹੋਰ ਪੁਖਤਾ ਕਰ ਦਿੱਤਾ ਹੈ। ਸ਼ਸ਼ੀਕਲਾ ਸ਼ਾਇਦ ਅੱਜ ਤਾਮਿਲਨਾਡੂ 'ਚ ਸਭ ਤੋਂ ਵੱਧ ਨਿੰਦਣਯੋਗ ਜਨਤਕ ਸ਼ਖ਼ਸੀਅਤ ਹੈ। ਅਜਿਹਾ ਲੱਗਦਾ ਹੈ ਕਿ ਆਪਣੇ 41ਵੇਂ ਵਰ੍ਹੇ ਵਿਚ ਅੰਨਾ ਡੀ. ਐੱਮ. ਕੇ. ਪਾਰਟੀ ਆਪਣੀ ਮੌਤ ਵੱਲ ਭੱਜ ਰਹੀ ਹੈ। ਇਹ ਕਿਸਮਤ ਦੀ ਭੱਦੀ ਖੇਡ ਹੈ ਕਿ ਜਿਸ ਪਾਰਟੀ ਦੀ ਸਥਾਪਨਾ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦੇ ਮੁੱਦੇ 'ਤੇ ਕੀਤੀ ਗਈ ਸੀ, ਉਹ ਇਸ ਦੇ ਤੀਜੇ (ਅਤੇ ਆਖਰੀ) ਸੁਪਰੀਮ ਨੇਤਾ ਦੇ ਭ੍ਰਿਸ਼ਟਾਚਾਰ ਕਾਰਨ ਦਫਨ ਹੋ ਜਾਵੇਗੀ।
ਕਾਂਗਰਸ 'ਚ 'ਹਾਸੇ-ਮਜ਼ਾਕ ਦੀ ਭਾਵਨਾ' ਦੀ ਘਾਟ
NEXT STORY