ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਰਤ ਯਾਤਰਾ ਕਈ ਮਾਇਨਿਆਂ 'ਚ ਸਫਲ ਰਹੀ ਕਿਉਂਕਿ ਉਨ੍ਹਾਂ ਨੇ 22 ਸਮਝੌਤੇ ਕਰਨ 'ਚ ਸਫਲਤਾ ਪ੍ਰਾਪਤ ਕਰ ਲਈ। ਇਨ੍ਹਾਂ 'ਚੋਂ ਇਕ ਪ੍ਰਮਾਣੂ ਸਹੂਲਤਾਂ ਨਾਲ ਸੰਬੰਧਿਤ ਹੈ ਪਰ ਉਨ੍ਹਾਂ ਦੀ ਯਾਤਰਾ ਨੂੰ ਲੋਕਾਂ ਦਾ ਸਮਰਥਨ ਨਹੀਂ ਮਿਲਿਆ। ਇਸ ਪਿੱਛੇ ਜੋ ਇਕ ਵਜ੍ਹਾ ਮੇਰੇ ਦਿਮਾਗ 'ਚ ਆਉਂਦੀ ਹੈ, ਉਹ ਇਹ ਹੈ ਕਿ ਯਾਤਰਾ ਦਾ ਫੋਕਸ ਉਨ੍ਹਾਂ 'ਤੇ ਸੀ, ਬੰਗਲਾਦੇਸ਼ ਦੇ ਮੁਕਤੀ ਸੰਗਰਾਮ 'ਤੇ ਨਹੀਂ। ਸ਼ੇਖ ਮੁਜੀਬੁਰ ਰਹਿਮਾਨ ਦਾ ਨਾਂ ਭਾਰਤ ਵਿਚ ਹਰ ਕਿਸੇ ਦੀ ਜ਼ੁਬਾਨ 'ਤੇ ਹੈ ਕਿਉਂਕਿ ਉਹ ਲੋਕਾਂ ਨੂੰ ਉਸ ਸੰਘਰਸ਼ ਦੀ ਯਾਦ ਦਿਵਾਉਂਦੇ ਹਨ, ਜੋ ਅੰਗਰੇਜ਼ਾਂ ਵਿਰੁੱਧ ਉਨ੍ਹਾਂ ਨੇ 30 ਅਤੇ 40 ਦੇ ਦਹਾਕੇ ਵਿਚ ਕੀਤੇ ਸਨ ਅਤੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਕੀਤਾ ਸੀ।
ਸੱਚ ਹੈ ਕਿ ਬੰਗਲਾਦੇਸ਼ ਹਾਈ ਕਮਿਸ਼ਨ ਨੇ ਹਸੀਨਾ ਦੇ ਸਨਮਾਨ 'ਚ ਸੱਦੇ ਗਏ ਮਹਿਮਾਨਾਂ ਲਈ ਬੰਗਲਾਦੇਸ਼ ਮੁਕਤੀ ਸੰਗਰਾਮ 'ਤੇ ਇਕ ਕੰਪਿਊਟਰ ਪੇਸ਼ਕਾਰੀ ਦਿੱਤੀ ਸੀ, ਜਿਸ ਦੇ ਫੋਕਸ 'ਚ ਸ਼ੇਖ ਸਨ ਪਰ ਸ਼ੇਖ ਹਸੀਨਾ ਨੇ 1971 ਦੇ ਸੰਘਰਸ਼ ਬਾਰੇ ਦੱਸਣ ਦਾ ਚੰਗਾ ਮੌਕਾ ਗੁਆ ਲਿਆ, ਜਿਸ 'ਚ ਦੇਸ਼ ਦੇ ਬੁੱਧੀਜੀਵੀ ਫੜ ਲਏ ਗਏ ਸਨ ਤੇ ਗੋਲੀਆਂ ਨਾਲ ਭੁੰਨ ਦਿੱਤੇ ਗਏ ਸਨ।
ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਜ਼ੁਲਿਫ਼ਕਾਰ ਅਲੀ ਭੁੱਟੋ ਨੇ ਸ਼ੇਖ ਦੀ ਜਾਨ ਬਚਾਉਣ ਦਾ ਸਿਹਰਾ ਲਿਆ ਸੀ। ਜਨਰਲ ਯਾਹੀਆ ਖਾਨ ਉਦੋਂ ਪਾਕਿ ਫੌਜ ਦੇ ਕਮਾਂਡਰ ਸਨ ਅਤੇ ਉਹ ਸ਼ੇਖ ਨੂੰ ਮਾਰਨ ਵਾਲੇ ਹੀ ਸੀ। ਜਨਰਲ ਉਨ੍ਹਾਂ ਨੂੰ ਖਤਮ ਕਰ ਦੇਣਾ ਚਾਹੁੰਦੇ ਸਨ ਪਰ ਭੁੱਟੋ ਅਤੇ ਮੁਹੰਮਦ ਅਯੂਬ ਖਾਨ, ਜੋ ਉਦੋਂ ਮਾਰਸ਼ਲ ਲਾਅ ਪ੍ਰਸ਼ਾਸਕ ਸਨ, ਨੇ ਉਨ੍ਹਾਂ ਨੂੰ ਰੋਕ ਲਿਆ। ਜਦੋਂ ਪਾਕਿਸਤਾਨੀ ਫੌਜ ਦੀ ਅਗਵਾਈ ਕਰ ਰਹੇ ਜਨਰਲ ਏ. ਕੇ. ਨਿਆਜ਼ੀ ਨੇ 90 ਹਜ਼ਾਰ ਫੌਜੀਆਂ ਨਾਲ ਸੈਨਾ ਦੀ ਮਦਦ ਕਰਨ ਵਾਲੀ ਨੌਜਵਾਨਾਂ ਦੀ ਮੁਕਤੀ ਵਾਹਿਨੀ ਦੀ ਸਾਂਝੀ ਕਮਾਨ ਸਾਹਮਣੇ ਆਤਮ-ਸਮਰਪਣ ਕੀਤਾ ਤਾਂ ਜਨਰਲ ਯਾਹੀਆ ਖਾਨ ਨੇ ਸ਼ੇਖ ਨੂੰ ਖਤਮ ਕਰਨ ਦਾ ਹੁਕਮ ਦੇ ਦਿੱਤਾ ਪਰ ਭੁੱਟੋ, ਜਿਨ੍ਹਾਂ ਨੇ ਸ਼ੇਖ ਨੂੰ ਬਚਾਉਣ ਦਾ ਸਿਹਰਾ ਲਿਆ, ਅਸਲ 'ਚ ਮੁਜੀਬ ਦੇ ਰੱਖਿਅਕ ਨਹੀਂ ਸਨ। ਅਯੂਬ ਖਾਨ, ਜਿਨ੍ਹਾਂ ਦੀ ਬਾਅਦ ਵਿਚ ਮੈਂ ਇੰਟਰਵਿਊ ਲਈ, ਨੇ ਮੈਨੂੰ ਦੱਸਿਆ ਕਿ ਪੂਰਬੀ ਪਾਕਿਸਤਾਨ ਵਿਚ ਰਹਿਣ ਵਾਲਿਆਂ 'ਤੇ ਉਨ੍ਹਾਂ ਨੇ ਕਦੇ ਵੀ ਭਰੋਸਾ ਨਹੀਂ ਕੀਤਾ ਕਿਉਂਕਿ ਉਹ ਪੰਛੀਆਂ ਦੇ ਝੁੰਡ ਸਨ ਪਰ ਉਨ੍ਹਾਂ ਨੇ ਢਾਕਾ ਵਿਚ ਸੰਸਦ ਭਵਨ ਬਣਵਾਇਆ ਸੀ ਅਤੇ ਮੁਜੀਬ ਨੂੰ ਬਚਾਉਣ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਖ਼ਦਸ਼ਾ ਸੀ ਕਿ ਅੱਜ ਨਹੀਂ ਤਾਂ ਕੱਲ ਉਹ ਲੋਕ ਆਜ਼ਾਦ ਹੋ ਜਾਣਗੇ।
ਅੱਜ ਵੀ ਪਾਕਿਸਤਾਨ ਬੰਗਲਾਦੇਸ਼ ਦੇ ਜਨਮ ਲਈ ਭਾਰਤ ਨੂੰ ਦੋਸ਼ ਦਿੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤੀ ਫੌਜ ਦੀ ਸਹਾਇਤਾ ਤੋਂ ਬਿਨਾਂ ਬੰਗਲਾਦੇਸ਼ ਆਜ਼ਾਦ ਨਹੀਂ ਹੋ ਸਕਦਾ ਸੀ ਪਰ ਪੂਰਬੀ ਪਾਕਿਸਤਾਨ 'ਚ ਰਹਿਣ ਵਾਲੇ ਰਾਵਲਪਿੰਡੀ ਦੇ ਸ਼ਾਸਕਾਂ ਦੇ ਇੰਨੇ ਵਿਰੁੱਧ ਸਨ ਕਿ ਇਕ ਨਾ ਇਕ ਦਿਨ ਉਹ ਆਜ਼ਾਦ ਹੋ ਹੀ ਜਾਂਦੇ।
ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਪਾਕਿ ਸਮਰਥਕਾਂ ਦੇ ਇਕ ਸਮੂਹ, ਜੋ ਬਹੁਤ ਛੋਟਾ ਸੀ, ਨੂੰ ਛੱਡ ਕੇ ਲੱਗਭਗ ਹਰ ਇਕ ਨੇ ਵਿਰੋਧ ਕੀਤਾ। ਇਕ ਵੀ ਬੰਗਲਾਦੇਸ਼ੀ ਇਸ ਦੇ ਪੱਖ ਵਿਚ ਨਹੀਂ ਸੀ ਕਿ ਪਾਕਿਸਤਾਨ ਉਨ੍ਹਾਂ 'ਤੇ ਰਾਜ ਕਰੇ। ਇਥੋਂ ਦੀ ਫੌਜ ਨੇ ਲੋਕਾਂ 'ਤੇ ਇੰਨੇ ਜ਼ੁਲਮ ਕੀਤੇ ਸਨ ਕਿ ਉਹ ਅੱਜ ਵੀ ਉਸ ਸਮੇਂ ਨੂੰ ਯਾਦ ਕਰਦੇ ਹਨ, ਜਦੋਂ ਉਨ੍ਹਾਂ ਨੇ ਪਾਕਿਸਤਾਨ ਤੋਂ ਆਜ਼ਾਦੀ ਹਾਸਿਲ ਕੀਤੀ। ਉਨ੍ਹੀਂ ਦਿਨੀਂ ਮੈਨੂੰ ਰਾਵਲਪਿੰਡੀ ਜਾਣ ਦਾ ਮੌਕਾ ਮਿਲਿਆ। ਕੰਧਾਂ ਇਸ ਨਾਅਰੇ ਨਾਲ ਰੰਗੀਆਂ ਹੋਈਆਂ ਸਨ—'ਭਾਰਤ ਨੂੰ ਕੁਚਲ ਦਿਓ'। ਉਨ੍ਹਾਂ ਲਈ ਉਹ ਲੜਾਈ ਨਵੀਂ ਦਿੱਲੀ ਦੇ ਵਿਰੁੱਧ ਸੀ। ਬੰਗਲਾਦੇਸ਼ ਦੇ ਸੰਘਰਸ਼ ਨੂੰ ਇਸੇ ਦਾ ਇਕ ਸਿੱਟਾ ਮੰਨਿਆ ਜਾਂਦਾ ਸੀ।
ਇਹ ਦੁੱਖ ਦੀ ਗੱਲ ਹੈ ਕਿ ਸ਼ੇਖ ਹਸੀਨਾ ਤਾਨਾਸ਼ਾਹ ਬਣ ਗਈ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਵਿਰੋਧ ਸਹਿਣ ਨਹੀਂ ਕਰਦੀ। ਸੱਤਾ 'ਚ ਬਣੇ ਰਹਿਣ ਲਈ ਉਹ ਚੋਣਾਂ ਵਿਚ ਵੀ ਉਲਟਫੇਰ ਕਰਦੀ ਹੈ। ਸ਼ੇਖ ਹਸੀਨਾ ਦੀ ਵਿਰੋਧੀ ਖਾਲਿਦਾ ਜ਼ਿਆ ਖੁੱਲ੍ਹ ਕੇ ਕਹਿੰਦੀ ਹੈ ਕਿ ਜੇ ਭਾਰਤ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਪਿੱਛੇ ਨਾ ਹੁੰਦਾ ਤਾਂ ਸ਼ੇਖ ਹਸੀਨਾ ਨੂੰ ਕਦੋਂ ਦੀ ਸੱਤਾ ਤੋਂ ਬਾਹਰ ਕਰ ਦਿੱਤਾ ਹੁੰਦਾ। ਮੈਨੂੰ ਢਾਕਾ ਦੀ ਆਪਣੀ ਇਕ ਯਾਤਰਾ ਦੌਰਾਨ ਕੌਮੀ ਦਿਵਸ ਮਨਾਉਣ ਲਈ ਉਥੇ ਆਯੋਜਿਤ ਚਾਹ ਪਾਰਟੀ ਯਾਦ ਆਉਂਦੀ ਹੈ, ਜਿਸ 'ਚ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਮੌਜੂਦ ਸਨ। ਵਿਰੋਧੀ ਧਿਰ ਦੇ ਨੇਤਾ ਮੌਦੂਦ ਅਹਿਮਦ ਚਾਹ ਪਾਰਟੀ ਤੋਂ ਬਾਹਰ ਆਉਂਦਿਆਂ ਹੀ ਗ੍ਰਿਫਤਾਰ ਕਰ ਲਏ ਗਏ ਸਨ ਤੇ ਉਨ੍ਹਾਂ ਨੂੰ ਜੇਲ 'ਚ ਲੰਮਾ ਸਮਾਂ ਬਿਤਾਉਣਾ ਪਿਆ।
ਜ਼ਾਹਿਰ ਹੈ ਕਿ ਵਿਰੋਧੀ ਧਿਰ ਦੀ ਨੇਤਾ ਖਾਲਿਦਾ ਜ਼ਿਆ ਦੀ 'ਭਾਰਤ ਦੇ ਹੱਥਾਂ 'ਚ ਵਿਕ ਜਾਣ' ਵਾਲੀ ਟਿੱਪਣੀ ਸੱਤਾ 'ਚ ਟਿਕੇ ਰਹਿਣ ਦੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਸੁਪਨਿਆਂ ਵੱਲ ਇਸ਼ਾਰਾ ਕਰਦੀ ਹੈ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਨੇ ਰੱਖਿਆ ਸੌਦਿਆਂ 'ਤੇ ਹੋਏ ਦਸਤਖਤਾਂ ਨੂੰ 'ਲੋਕਾਂ ਨਾਲ ਧੋਖਾ' ਦੱਸਿਆ ਹੈ। ਉਸ ਨੂੰ ਡਰ ਹੈ ਕਿ ਇਸ ਨਾਲ ਬੰਗਲਾਦੇਸ਼ ਦਾ ਸੁਰੱਖਿਆ ਤੰਤਰ ਨਵੀਂ ਦਿੱਲੀ ਸਾਹਮਣੇ ਉੱਘੜ ਜਾਵੇਗਾ। ਜ਼ਾਹਿਰਾ ਤੌਰ 'ਤੇ ਇਹ ਸਮਝੌਤਾ ਉਸ ਤੋਂ ਬਾਅਦ ਹੋਇਆ ਹੈ, ਜਦੋਂ ਚੀਨ ਨੇ ਪਲੇਟ ਵਿਚ ਸਜਾ ਕੇ ਪੇਸ਼ਕਸ਼ ਬੰਗਲਾਦੇਸ਼ ਦੇ ਸਾਹਮਣੇ ਰੱਖੀ ਹੈ ।
'ਤੀਸਤਾ ਜਲ ਸਮਝੌਤਾ' ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਿਰੋਧ ਕਾਰਨ ਨਹੀਂ ਹੋ ਸਕਿਆ। ਮੁੱਖ ਮੰਤਰੀ ਨੂੰ ਲੱਗਦਾ ਹੈ ਕਿ ਤੀਸਤਾ ਨਦੀ ਵਿਚ ਬਹੁਤ ਘੱਟ ਪਾਣੀ ਹੈ। ਇਸ ਲਈ ਪਾਣੀ ਦੇ ਸੰਕਟ ਨਾਲ ਜੂਝ ਰਹੇ ਉੱਤਰੀ ਬੰਗਾਲ ਦੀ ਕੀਮਤ 'ਤੇ ਬੰਗਲਾਦੇਸ਼ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ। ਤੀਸਤਾ ਨਦੀ ਪੱਛਮੀ ਬੰਗਾਲ ਤੇ ਬੰਗਲਾਦੇਸ਼ 'ਚੋਂ ਹੋ ਕੇ ਲੰਘਦੀ ਹੈ, ਇਸ ਲਈ ਜੇਕਰ ਸਮਝੌਤੇ 'ਤੇ ਦਸਤਖਤ ਹੁੰਦੇ ਹਨ ਤਾਂ ਨਦੀ ਦੇ ਪਾਣੀ 'ਚ ਬਰਾਬਰ ਦੀ ਹਿੱਸੇਦਾਰੀ ਦੀ ਇਜਾਜ਼ਤ ਮਿਲ ਜਾਵੇਗੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੂੰ ਇਸ ਸਮੱਸਿਆ ਦਾ ਛੇਤੀ ਹੱਲ ਕੱਢਣ ਦਾ ਭਰੋਸਾ ਦਿੱਤਾ ਹੈ। ਮੋਦੀ ਦਾ ਕਹਿਣਾ ਸੀ, ''ਅਸੀਂ ਇਸ ਨੂੰ ਹੱਲ ਕਰ ਸਕਦੇ ਹਾਂ, ਅਸੀਂ ਇਸ ਨੂੰ ਹੱਲ ਕਰਾਂਗੇ।''ਨਵੀਂ ਦਿੱਲੀ ਨੂੰ ਉਦਾਰ ਹੋਣਾ ਚਾਹੀਦਾ ਹੈ ਕਿ ਬੰਗਲਾਦੇਸ਼ ਦੀਆਂ ਮੰਗਾਂ ਨੂੰ ਜਗ੍ਹਾ ਦੇਣੀ ਚਾਹੀਦੀ ਹੈ। ਸਿਰਫ ਇਹੋ ਇਕ ਮਿੱਤਰ ਗੁਆਂਢੀ ਦੇਸ਼ ਹੈ ਕਿਉਂਕਿ ਪਾਕਿਸਤਾਨ, ਨੇਪਾਲ ਤੇ ਸ਼੍ਰੀਲੰਕਾ ਨੂੰ ਅਸੀਂ ਪਹਿਲਾਂ ਹੀ ਖ਼ੁਦ ਤੋਂ ਦੂਰ ਕਰ ਲਿਆ ਹੈ। ਚੀਨ ਇਸ ਦਾ ਫਾਇਦਾ ਉਠਾ ਰਿਹਾ ਹੈ ਅਤੇ ਉਨ੍ਹਾਂ ਦੇਸ਼ਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਨੇ ਪਹਿਲਾਂ ਹੀ ਉਨ੍ਹਾਂ ਨੂੰ ਫੌਜੀ ਸਹਾਇਤਾ ਦਿੱਤੀ ਹੋਈ ਹੈ ਤੇ ਭਾਰਤ ਨੂੰ ਦੁਸ਼ਮਣੀ ਲਈ ਚੁਣਿਆ ਹੋਇਆ ਹੈ।
ਦਲਾਈਲਾਮਾ ਦੀ ਹਾਲ ਹੀ ਦੀ ਅਰੁਣਾਚਲ ਯਾਤਰਾ ਨੇ ਚੀਨ ਨੂੰ ਹੋਰ ਵੀ ਭੜਕਾ ਦਿੱਤਾ ਹੈ ਤੇ ਉਸ ਨੇ ਕਿਹਾ ਹੈ ਕਿ ਦਲਾਈਲਾਮਾ ਦੇ ਤਵਾਂਗ ਦੌਰੇ ਦੀ ਕੀਮਤ ਭਾਰਤ ਨੂੰ ਚੁਕਾਉਣੀ ਪਵੇਗੀ। ਦੂਜੇ ਪਾਸੇ ਦਲਾਈਲਾਮਾ ਨੇ ਕਿਹਾ ਹੈ ਕਿ ਤਿੱਬਤ ਚੀਨ ਦੇ ਮਾਤਹਿਤ ਸੈਲਫ਼ ਰੂਲ ਚਾਹੁੰਦਾ ਹੈ। ਦਲਾਈਲਾਮਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਅਰੁਣਾਚਲ ਦੌਰਾ ਪੂਰੀ ਤਰ੍ਹਾਂ ਧਾਰਮਿਕ ਸੀ ਤੇ ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਸ਼ੇਖ ਹਸੀਨਾ ਨੂੰ ਵਿਰੋਧ ਬਰਦਾਸ਼ਤ ਕਰਨਾ ਚਾਹੀਦਾ ਹੈ ਕਿਉਂਕਿ ਲੋਕਤੰਤਰ 'ਚ ਮੱਤਭੇਦਾਂ ਦਾ ਅਧਿਕਾਰ ਸ਼ਾਮਿਲ ਹੁੰਦਾ ਹੈ। ਇਸ ਸਮੇਂ ਕੰਮ ਕਰਨ ਦੇ ਹਸੀਨਾ ਦੇ ਤਾਨਾਸ਼ਾਹੀ ਤਰੀਕੇ ਨੇ ਸ਼ਾਸਨ ਦੀ ਸੂਰਤ ਹੀ ਵਿਗਾੜ ਦਿੱਤੀ ਹੈ। ਉਨ੍ਹਾਂ ਨੂੰ ਸਾਰੇ ਲੋਕਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਤੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਪਰ ਬਦਕਿਸਮਤੀ ਨਾਲ ਬੰਗਲਾਦੇਸ਼ 'ਚ ਇਕ ਅਜਿਹੀ ਸਰਕਾਰ ਹੈ, ਜਿਸ 'ਚ ਲੋਕ ਘੁੱਟਿਆ-ਘੁੱਟਿਆ ਮਹਿਸੂਸ ਕਰਦੇ ਹਨ।
ਨਵੀਂ ਦਿੱਲੀ ਨੇ ਸਭ ਕੁਝ ਸ਼ੇਖ ਹਸੀਨਾ ਦੀ ਝੋਲੀ 'ਚ ਰੱਖ ਦਿੱਤਾ ਹੈ ਤੇ ਜਦੋਂ ਉਸ ਦੀ ਆਲੋਚਨਾ ਇਸ ਦੇ ਲਈ ਕੀਤੀ ਜਾਂਦੀ ਹੈ ਕਿ ਉਹ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ 'ਤੇ ਲੋਕਤੰਤਰ ਨੂੰ ਸਹੀ ਅਰਥਾਂ 'ਚ ਬਹਾਲ ਰੱਖਣ ਲਈ ਢੁੱਕਵਾਂ ਦਬਾਅ ਨਹੀਂ ਪਾਉਂਦੀ ਤਾਂ ਉਹ ਮੂੰਹ ਘੁਮਾ ਲੈਂਦੀ ਹੈ। ਬੇਸ਼ੱਕ ਮੋਦੀ ਦਾ ਸ਼ਾਸਨ ਲੋਕਤੰਤਰਿਕ ਹੈ ਪਰ ਇਕ ਤੋਂ ਜ਼ਿਆਦਾ ਅਰਥਾਂ 'ਚ ਇਹ 'ਵਨ ਮੈਨ ਸ਼ੋਅ' ਹੈ। ਬੰਗਲਾਦੇਸ਼ ਦੇ ਲੋਕਾਂ ਨੂੰ ਉਸ ਤਰ੍ਹਾਂ ਦੱਬੂ ਨਹੀਂ ਬਣਨਾ ਚਾਹੀਦਾ, ਜਿਸ ਤਰ੍ਹਾਂ ਭਾਰਤ ਦੇ ਲੋਕ ਮੋਦੀ ਸਾਹਮਣੇ ਬਣ ਗਏ ਹਨ।
(kuldipnayar੦੯@gmail.com)
ਵਿਰੋਧੀ ਧਿਰ ਦੀ ਏਕਤਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ
NEXT STORY