ਆਇਲ ਆਫ ਮੈਨ— ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਆਇਲ ਆਫ ਮੈਨ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਜਰਮਨੀ ਦੇ ਨਿਕੋਲਸ ਲੂਬੇ ਨੂੰ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ, ਜਦਕਿ ਹਰਿਕਾ ਦ੍ਰੋਣਾਵਲੀ ਨੇ ਸਵੀਡਨ ਦੇ ਗ੍ਰੈਂਡਮਾਸਟਰ ਨੀਲਸ ਗ੍ਰੈਂਡੀਲਿਅਸ ਵਿਰੁੱਧ ਬਾਜ਼ੀ ਡਰਾਅ ਖੇਡੀ।
ਆਨੰਦ ਨੇ ਪਿਛਲੇ ਦੌਰ 'ਚ ਆਪਣੀ ਬਾਜ਼ੀ ਡਰਾਅ ਖੇਡੀ ਸੀ ਪਰ ਤੀਜੇ ਦੌਰ ਵਿਚ ਉਸ ਨੇ ਸਫੈਦ ਮੋਹਰਿਆਂ ਨਾਲ ਖੇਡਦਿਆਂ ਜਰਮਨ ਖਿਡਾਰੀ 'ਤੇ ਦਬਦਬਾ ਬਣਾਈ ਰੱਖਿਆ ਤੇ 42 ਚਾਲਾਂ 'ਚ ਬਾਜ਼ੀ ਆਪਣੇ ਨਾਂ ਕੀਤੀ। ਸ਼ਾਨਦਾਰ ਫਾਰਮ 'ਚ ਚੱਲ ਰਹੀ ਹਰਿਕਾ ਕੋਲ ਲਗਾਤਾਰ ਤੀਜੀ ਬਾਜ਼ੀ ਜਿੱਤਣ ਦਾ ਸ਼ਾਨਦਾਰ ਮੌਕਾ ਸੀ ਪਰ ਸਫੈਦ ਮੋਹਰਿਆਂ ਨਾਲ ਖੇਡਣ ਦੇ ਬਾਵਜੂਦ ਉਸ ਨੂੰ ਨੀਲਸ ਨਾਲ ਅੰਕ ਵੰਡਣੇ ਪਏ। ਹੁਣ ਆਨੰਦ ਤੇ ਹਰਿਕਾ ਦੋਵਾਂ ਦੇ ਤਿੰਨ 'ਚੋਂ 2.5 ਅੰਕ ਹਨ ਤੇ ਉਹ ਸਾਂਝੇ ਤੌਰ 'ਤੇ ਪੰਜਵੇਂ ਸਥਾਨ 'ਤੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਭਾਰਤ ਦਾ ਐੱਸ. ਪੀ. ਸੇਥੂਰਮਨ, ਵਿਦਿਤ ਗੁਜਰਾਤੀ ਤੇ ਸਵਪਨਿਲ ਘੋਪਾੜੇ ਦੇ ਵੀ ਬਰਾਬਰ 2.5 ਅੰਕ ਹਨ। ਸੇਥੂਰਮਨ ਤੇ ਗੁਜਰਾਤੀ ਨੇ ਸਫੈਦ ਮੋਹਰਿਆਂ ਦਾ ਫਾਇਦਾ ਚੁੱਕ ਕੇ ਕ੍ਰਮਵਾਰ ਇੰਗਲੈਂਡ ਦੇ ਐਂਡ੍ਰਿਊ ਲੇਡਰ ਤੇ ਅਮਰੀਕਾ ਦੇ ਮਾਈਕਲ ਵਿਲੀਅਮਸ ਬ੍ਰਾਊਨ ਨੂੰ ਹਰਾਇਆ। ਹਰਿਕਾ ਦੀ ਤਰ੍ਹਾਂ ਆਪਣੀਆਂ ਪਹਿਲੀਆਂ ਦੋਵੇਂ ਬਾਜ਼ੀਆਂ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕਰਨ ਵਾਲੇ ਘੋਪਾੜੇ ਨੇ ਤੀਜੀ ਬਾਜ਼ੀ ਕਾਲੇ ਮੋਹਰਿਆਂ ਨਾਲ ਪੇਰੂ ਦੇ ਜੂਲੀਆ ਗ੍ਰੈਂਡਾ ਜੂਨੀਜਾ ਵਿਰੁੱਧ ਡਰਾਅ ਖੇਡੀ।
ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਉਸ ਨੇ ਅਮਰੀਕਾ ਦੇ ਝਿਯਾਂਗ ਜੈਫਰੀ ਨੂੰ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਤੇ ਉਹ ਤਿੰਨ 'ਚੋਂ ਤਿੰਨ ਅੰਕ ਲੈ ਕੇ ਯੂਕ੍ਰੇਨ ਦੇ ਪਾਵੇਲ ਇਲਜਾਨੋਵ, ਉਜ਼ਬੇਕਿਸਤਾਨ ਦੇ ਰੁਸਤਮ ਕਾਸਿਮਦਜਨੋਵ ਤੇ ਅਮਰੀਕਾ ਦੇ ਅਲੈਕਸਾਂਦ੍ਰ ਲੈਡਰਮੈਨ ਨਾਲ ਸਾਂਝੇ ਤੌਰ 'ਤੇ ਬੜ੍ਹਤ 'ਤੇ ਹੈ। ਇਸ ਟੂਰਨਾਮੈਂਟ 'ਚ ਕੁਲ 160 ਖਿਡਾਰੀ ਹਿੱਸਾ ਲੈ ਰਹੇ ਹਨ, ਜਿਨ੍ਹਾਂ 'ਚ 30 ਭਾਰਤੀ ਸ਼ਾਮਲ ਹਨ।
ਮਿਸਬਾਹ ਤੇ ਯੂਨਸ ਤੋਂ ਬਿਨਾਂ ਨਵੇਂ ਟੈਸਟ ਯੁੱਗ ਦੀ ਸ਼ੁਰੂਆਤ ਕਰੇਗਾ ਪਾਕਿ
NEXT STORY