ਹੈਦਰਾਬਾਦ— ਮੁੰਬਈ ਇੰਡੀਅਨਜ਼ ਵਿਰੁੱਧ ਖਰਾਬ ਸ਼ੁਰੂਆਤ ਦੇ ਬਾਵਜੂਦ ਗੇਂਦਬਾਜ਼ਾਂ ਦੇ ਦਮ 'ਤੇ ਜਿੱਤ ਦਰਜ ਕਰ ਕੇ ਸਨਰਾਈਜ਼ਰਸ ਹੈਦਰਾਬਾਦ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਸਥਿਤੀ 'ਚ ਪਾਸਾ ਪਲਟ ਸਕਦੀ ਹੈ ਤੇ ਵੀਰਵਾਰ ਨੂੰ ਆਪਣੇ ਘਰੇਲੂ ਮੈਦਾਨ 'ਤੇ ਉਹ ਕਿੰਗਜ਼ ਇਲੈਵਨ ਪੰਜਾਬ ਦਾ ਜੇਤੂ ਰੱਥ ਰੋਕਣ ਉਤਰੇਗੀ, ਜਿਹੜੀ ਅੰਕ ਸੂਚੀ 'ਚ ਇਕ ਨੰਬਰ 'ਤੇ ਹੈ।
ਹੈਦਰਾਬਾਦ ਦਾ ਆਈ. ਪੀ. ਐੱਲ.-11 ਵਿਚ ਪ੍ਰਦਰਸ਼ਨ ਹੁਣ ਤਕ ਕਾਫੀ ਸਬਰਯੋਗ ਰਿਹਾ ਹੈ ਤੇ ਉਸ ਨੇ ਆਪਣੇ 6 ਮੈਚਾਂ 'ਚੋਂ 4 ਜਿੱਤੇ ਹਨ ਤੇ 2 ਹਾਰੇ ਹਨ। ਉਹ ਅੰਕ ਸੂਚੀ 'ਚ ਤੀਜੇ ਨੰਬਰ 'ਤੇ ਹੈ, ਜਦਕਿ ਪੰਜਾਬ ਦੀ ਟੀਮ ਵੀ ਬਿਹਤਰੀਨ ਲੈਅ 'ਚ ਖੇਡ ਰਹੀ ਹੈ ਅਤੇ ਆਪਣੇ 5 ਮੈਚਾਂ 'ਚੋਂ 4 ਜਿੱਤਾਂ ਤੇ ਇਕਲੌਤੀ ਹਾਰ ਨਾਲ ਉਹ ਅਜੇ ਇਕ ਨੰਬਰ 'ਤੇ ਚੱਲ ਰਹੀ ਹੈ। ਦੋਵੇਂ ਹੀ ਟੀਮਾਂ ਜਦੋਂ ਹੈਦਰਾਬਾਦ 'ਚ ਵੀਰਵਾਰ ਨੂੰ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦੀ ਕੋਸ਼ਿਸ਼ ਜਿੱਤ ਦੀ ਲੈਅ ਬਣਾਈ ਰੱਖਣ ਦੀ ਹੋਵੇਗੀ। ਹੈਦਰਾਬਾਦ ਨੇ ਆਪਣੇ ਪਿਛਲੇ ਮੈਚ 'ਚ ਜ਼ਬਰਦਸਤ ਖੇਡ ਨਾਲ ਸਾਬਤ ਕਰ ਦਿੱਤਾ ਹੈ ਕਿ ਟੂਰਨਾਮੈਂਟ ਵਿਚ ਉਸ ਦੇ ਕੋਲ ਸਭ ਤੋਂ ਮਜ਼ਬੂਤ ਗੇਂਦਬਾਜ਼ੀ ਸੰਯੋਜਨ ਹੈ, ਜਿਹੜਾ ਕਦੇ ਵੀ ਪਾਸਾ ਪਲਟ ਸਕਦਾ ਹੈ। ਮੁੰਬਈ ਵਿਰੁੱਧ ਸਿਰਫ 18.4 ਓਵਰਾਂ 'ਚ 118 ਦੌੜਾਂ 'ਤੇ ਢੇਰ ਹੋਣ ਦੇ ਬਾਵਜੂਦ ਜਿਥੇ ਇਕ ਸਮੇਂ ਉਸ ਨੂੰ ਹਾਰਿਆ ਹੋਇਆ ਮੰਨਿਆ ਜਾ ਰਿਹਾ ਸੀ, ਤਾਂ ਉਸ ਦੇ ਗੇਂਦਬਾਜ਼ਾਂ ਨੇ ਮਾਮੂਲੀ ਸਕੋਰ ਦਾ ਵੀ ਬਚਾਅ ਕੀਤਾ ਤੇ ਵਿਰੋਧੀ ਟੀਮ ਨੂੰ 87 ਦੌੜਾਂ 'ਤੇ ਹੀ ਢੇਰ ਕਰ ਕੇ ਮੈਚ 31 ਦੌੜਾਂ ਨਾਲ ਜਿੱਤ ਲਿਆ।
ਹੈਦਰਾਬਾਦ ਲਈ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੇ ਜਿਥੇ 23 ਦੌੜਾਂ 'ਤੇ 3 ਵਿਕਟਾਂ ਲਈਆਂ ਤਾਂ ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਨੇ 4 ਓਵਰਾਂ 'ਚ 11 ਦੌੜਾਂ ਦਿੱਤੀਆਂ ਤੇ ਬਾਸਿਲ ਥਾਂਪੀ ਨੇ 4 ਦੌੜਾਂ 'ਤੇ 2 ਵਿਕਟਾਂ ਲਈਆਂ। ਉਥੇ ਹੀ ਸੰਦੀਪ ਸ਼ਰਮਾ ਨੇ ਵੀ ਕਿਫਾਇਤੀ ਗੇਂਦਬਾਜ਼ੀ ਕੀਤੀ ਤੇ 3 ਓਵਰਾਂ ਵਿਚ ਸਿਰਫ 9 ਦੌੜਾਂ ਦੇ ਕੇ ਇਕ ਵਿਕਟ ਲਈ। ਟੀਮ ਦੇ ਹਰ ਗੇਂਦਬਾਜ਼ ਨੂੰ ਵਿਕਟ ਮਿਲੀ ਤੇ ਬੇਹੱਦ ਛੋਟੇ ਸਕੋਰ ਦਾ ਵੀ ਬਚਾਅ ਕਰ ਲਿਆ ਗਿਆ। ਹੈਦਰਾਬਾਦ ਦੀ ਜਿੱਤ ਇਸ ਲਈ ਵੀ ਅਹਿਮ ਹੈ ਕਿਉਂਕਿ ਉਸ ਨੇ ਮੁੰਬਈ ਵਰਗੀ ਟੀਮ ਦੇ ਬਿਹਤਰੀਨ ਬੱਲੇਬਾਜ਼ਾਂ ਨੂੰ ਦੌੜਾਂ ਨਹੀਂ ਬਣਾਉਣ ਦਿੱਤੀਆਂ।
ਦੂਜੇ ਪਾਸੇ ਪੰਜਾਬ ਵੀ 11ਵੇਂ ਸੈਸ਼ਨ 'ਚ ਨਵੇਂ ਕਪਤਾਨ ਆਰ. ਅਸ਼ਵਿਨ ਦੀ ਅਗਵਾਈ 'ਚ ਜ਼ਬਰਦਸਤ ਲੈਅ ਵਿਚ ਹੈ ਤੇ ਉਸ ਨੇ ਪਿਛਲੇ ਮੈਚ ਵਿਚ ਦਿੱਲੀ ਡੇਅਰਡੇਵਿਲਜ਼ ਨੂੰ ਉਸ ਦੇ ਘਰੇਲੂ ਮੈਦਾਨ 'ਤੇ ਸਿਰਫ 4 ਦੌੜਾਂ ਨਾਲ ਹਰਾਇਆ ਸੀ। ਇਹ ਮੈਚ ਵੀ ਪੰਜਾਬ ਨੂੰ ਉਸ ਦੇ ਗੇਂਦਬਾਜ਼ਾਂ ਨੇ ਜਿਤਵਾਇਆ ਸੀ। ਮੁਜੀਬ-ਉਰ-ਰਹਿਮਾਨ ਦੇ ਕੰਜੂਸੀ ਭਰੇ ਆਖਰੀ ਓਵਰ ਨੇ ਟੀਮ ਲਈ ਨੇੜਲੀ ਜਿੱਤ ਤੈਅ ਕੀਤੀ।
ਅਜਿਹੀ ਹਾਲਤ 'ਚ ਹੈਦਰਾਬਾਦ ਤੇ ਪੰਜਾਬ ਦੋਵਾਂ ਵਿਚਾਲੇ ਉਨ੍ਹਾਂ ਦੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਤੇ ਉਨ੍ਹਾਂ ਦੀ ਸ੍ਰੇਸ਼ਠਤਾ 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਹੈਦਰਾਬਾਦ ਦਾ ਸਿਧਾਰਥ ਕੌਲ ਪਿਛਲੇ 6 ਮੈਚਾਂ 'ਚ 19.11 ਦੀ ਔਸਤ ਨਾਲ 9 ਵਿਕਟਾਂ ਲੈ ਕੇ ਸਭ ਤੋਂ ਸਫਲ ਹੈ, ਜਦਕਿ ਭੁਵਨੇਸ਼ਵਰ ਕੁਮਾਰ, ਸ਼ਾਕਿਬ ਅਲ ਹਸਨ ਤੇ ਰਾਸ਼ਿਦ ਖਾਨ ਨੇ ਹੁਣ ਤਕ 6-6 ਵਿਕਟਾਂ ਲਈਆਂ ਹਨ ਤੇ ਕਾਫੀ ਪ੍ਰਭਾਵਸ਼ਾਲੀ ਰਹੇ ਹਨ। ਬਿਲੀ ਸਟਾਨਲੇਕ, ਸੰਦੀਪ ਸ਼ਰਮਾ ਤੇ ਬਾਸਿਲ ਥਾਂਪੀ ਵੀ ਉਸ ਦੇ ਚੰਗੇ ਗੇਂਦਬਾਜ਼ ਹਨ।
ਭੁਵਨੇਸ਼ਵਰ ਹਾਲਾਂਕਿ ਪਿੱਠ 'ਚ ਸੱਟ ਕਾਰਨ ਪਿਛਲੇ ਮੈਚ 'ਚ ਨਹੀਂ ਖੇਡਿਆ ਸੀ ਤੇ ਉਸ ਦੀ ਫਿੱਟਨੈੱਸ ਨੂੰ ਲੈ ਕੇ ਸਥਿਤੀ ਸਾਫ ਨਹੀਂ ਹੈ। ਹਾਲਾਂਕਿ ਬੱਲੇਬਾਜ਼ ਸ਼ਿਖਰ ਧਵਨ ਸੱਟ ਤੋਂ ਬਾਅਦ ਵਾਪਸੀ ਕਰ ਰਿਹਾ ਹੈ ਤੇ ਫਿੱਟਨੈੱਸ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਪਿਛਲੇ ਮੈਚ ਵਿਚ ਉਸ ਨੇ 5 ਦੌੜਾਂ ਬਣਾਈਆਂ ਸਨ। ਹੈਦਰਾਬਾਦ ਲਈ ਬੱਲੇਬਾਜ਼ੀ 'ਚ ਸੁਧਾਰ ਸਭ ਤੋਂ ਅਹਿਮ ਹੈ ਕਿਉਂਕਿ ਜਿਥੇ ਉਸ ਦੀ ਗੇਂਦਬਾਜ਼ੀ ਲਾਈਨਅਪ ਕਾਫੀ ਮਜ਼ਬੂਤ ਹੈ ਤੇ ਉਹ ਦੌੜਾਂ ਲਈ ਸਿਰਫ ਧਵਨ ਤੇ ਕਪਤਾਨ ਕੇਨ ਵਿਲੀਅਮਸਨ 'ਤੇ ਨਿਰਭਰ ਦਿਸਦੀ ਹੈ। ਕੇਨ ਛੇ ਮੈਚਾਂ 'ਚ 269 ਦੌੜਾਂ ਨਾਲ ਚੋਟੀ ਦਾ ਸਕੋਰਰ ਹੈ। ਇਸ ਤੋਂ ਬਾਅਦ ਧਵਨ (135) ਤੇ ਯੂਸਫ ਪਠਾਨ (124) ਉਸ ਦੇ ਪ੍ਰਮੁੱਖ ਬੱਲੇਬਾਜ਼ ਹਨ।
145 ਦੀ ਸਪੀਡ ਨਾਲ ਗੇਂਦ ਕਰਵਾਉਣ ਵਾਲੇ ਉਮੇਸ਼ ਨੇ ਬਣਾਇਆ 'ਦੋਹਰਾ ਸੈਂਕੜਾ'
NEXT STORY