ਜਲੰਧਰ- ਸੀਨੀਅਰ ਖਿਡਾਰੀਆਂ ਦੀ ਗੈਰ-ਮੌਜੂਦਗੀ ਵਿਚ ਭਾਰਤੀ ਹਾਕੀ ਟੀਮ ਦੇ ਕਪਤਾਨ ਬਣਾਏ ਗਏ ਮਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਭਾਵੇਂ ਸੀਨੀਅਰ ਖਿਡਾਰੀ ਟੀਮ ਵਿਚ ਨਹੀਂ ਸਨ ਪਰ ਉਨ੍ਹਾਂ ਦਾ ਮਾਰਗਦਰਸ਼ਨ ਹਮੇਸ਼ਾ ਸਾਡੇ ਨਾਲ ਰਿਹਾ। ਇਸ ਦੇ ਨਾਲ ਸਾਡੇ ਨੌਜਵਾਨ ਖਿਡਾਰੀ ਹਰ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੋ ਰਹੇ ਹਨ।
ਭਾਰਤ ਨੂੰ ਏਸ਼ੀਆ ਕੱਪ ਦਿਵਾਉਣ ਵਾਲੇ ਮਨਪ੍ਰੀਤ ਸਿੰਘ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਕੋਲ ਭਵਿੱਖ ਦੇ ਚੰਗੇ ਖਿਡਾਰੀ ਹਨ, ਜਿਹੜੇ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਅਜੇ ਸਾਡਾ ਫੋਕਸ ਕਾਮਨਵੈਲਥ ਖੇਡਾਂ ਤੇ ਹਾਕੀ ਵਰਲਡ ਕੱਪ 'ਤੇ ਹੈ। ਗਰਾਊਂਡ ਲੈਵਲ 'ਤੇ ਵੱਡੇ ਬਦਲਾਅ ਆਉਣ ਕਾਰਨ ਚੰਗੇ ਖਿਡਾਰੀ ਨਿਕਲ ਕੇ ਸਾਹਮਣੇ ਆ ਰਹੇ ਹਨ। ਉਮੀਦ ਹੈ ਕਿ ਅਸੀਂ ਆਉਣ ਵਾਲੇ ਵੱਡੇ ਟੂਰਨਾਮੈਟਾਂ ਵਿਚ ਵੀ ਬਿਹਤਰ ਪ੍ਰਦਰਸ਼ਨ ਕਰਾਂਗੇ।
ਘਰ ਲੈ ਕੇ ਆਵਾਂਗਾ ਓਲੰਪਿਕ 2020 ਦਾ ਗੋਲਡ
2016 ਰੀਓ ਓਲੰਪਿਕ ਵਿਚ ਕੁਆਰਟਰ ਫਾਈਨਲ ਤੋਂ ਹੀ ਬਾਹਰ ਹੋਣ ਤੋਂ ਬਾਅਦ ਜਦੋਂ ਭਾਰਤੀ ਹਾਕੀ ਟੀਮ ਵਾਪਸੀ ਦੀ ਤਿਆਰੀ ਕਰ ਰਹੀ ਸੀ ਤਦ ਮਨਪ੍ਰੀਤ ਉਥੋਂ ਖੇਡਾਂ ਦਾ ਪੋਸਟਰ ਨਾਲ ਲੈ ਕੇ ਆਇਆ। ਉਸ ਨੇ ਕਿਹਾ ਕਿ ਮੈਂ ਖੁਦ ਨਾਲ ਵਾਅਦਾ ਕੀਤਾ ਹੈ ਕਿ ਓਲੰਪਿਕ 2020 ਵਿਚ ਭਾਰਤ ਲਈ ਸੋਨ ਤਮਗਾ ਲਿਆਵਾਂਗਾ। ਜਿਹੜੀ ਕਸਰ ਸਾਡੇ ਕੋਲੋਂ ਰੀਓ ਵਿਚ ਰਹਿ ਗਈ ਸੀ, ਉਸ ਨੂੰ ਟੋਕੀਓ ਵਿਚ ਪੂਰੀ ਕਰਾਂਗੇ। ਪੋਸਟਰ ਇਸ ਲਈ ਲਿਆਇਆ ਸੀ ਤਾਂ ਕਿ ਟੀਚੇ 'ਤੇ ਧਿਆਨ ਦੇ ਸਕਾਂ। ਜਿੱਤ ਕੇ ਇਸ ਸਥਾਨ 'ਤੇ ਟੋਕੀਓ ਓਲੰਪਿਕ ਦਾ ਪੋਸਟਰ ਲਾਵਾਂਗਾ।
ਕਾਮਨਵੈਲਥ, ਖੇਲੋ ਇੰਡੀਆ ਤੇ ਹਾਕੀ ਵਰਲਡ ਕੱਪ 'ਤੇ ਵੀ ਪੇਸ਼ ਕੀਤੇ ਵਿਚਾਰ
ਬੈਲਜੀਅਮ ਵਿਰੁੱਧ ਬੁਰੇ ਪ੍ਰਦਰਸ਼ਨ ਦੇ ਪਿੱਛੇ ਕੀ ਕਾਰਨ ਸੀ?
ਦੇਖਿਆ ਜਾਵੇ ਤਾਂ ਬੈਲਜੀਅਮ ਵਿਰੁੱਧ ਸਾਡੀ ਟੀਮ ਦੇ ਸਾਰੇ ਖਿਡਾਰੀ ਨੌਜਵਾਨ ਸਨ। ਸਾਰਿਆਂ ਨੇ ਜੀਅ-ਜਾਨ ਨਾਲ ਬਿਹਤਰ ਖੇਡ ਦਿਖਾਈ। ਅਸੀਂ ਕੁਝ ਚੰਗੇ ਮੈਚ ਖੇਡੇ। ਕਈ ਮੌਕਿਆਂ 'ਤੇ ਵਿਰੋਧੀ ਟੀਮ ਨੂੰ ਪਛਾੜਿਆ ਵੀ। ਫਾਈਨਲ ਮੈਚ ਅਸੀਂ 2-1 ਨਾਲ ਹਾਰ ਗਏ ਪਰ ਇਨ੍ਹਾਂ ਵਿਚਾਲੇ ਜਿਹੜੀ ਹਾਂ-ਪੱਖੀ ਗੱਲ ਵੀ ਸਾਹਮਣੇ ਆਈ, ਉਹ ਇਹ ਸੀ ਕਿ ਸਾਡੇ ਕੋਲ ਭਵਿੱਖ ਦੇ ਚੰਗੇ ਖਿਡਾਰੀ ਆ ਗਏ ਹਨ। ਨੌਜਵਾਨਾਂ ਦੇ ਜੋਸ਼ ਤੇ ਸੀਨੀਅਰ ਦੇ ਤਜਰਬੇ ਨਾਲ ਅਸੀਂ ਆਪਣੀ ਰਣਨੀਤੀ ਬਣਾ ਰਹੇ ਹਾਂ, ਜਿਸ ਨਾਲ ਵਿਰੋਧੀ ਟੀਮਾਂ ਨੂੰ ਪਛਾੜ ਸਕੀਏ।
ਹਾਕੀ ਟੀਮ 'ਚ ਸ਼ਾਮਲ ਨੌਜਵਾਨ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਕੀ ਕਹੋਗੇ?
ਚਾਰ ਨੌਜਵਾਨ ਖਿਡਾਰੀਆਂ ਨੇ ਬੈਲਜੀਅਮ ਵਿਚ ਡੈਬਿਊ ਕੀਤਾ ਸੀ। ਇਸ ਵਿਚ ਕ੍ਰਿਸ਼ਣਾ ਪਾਠਕ ਤੇ ਦਿਲਪ੍ਰੀਤ ਦੇ ਇਲਾਵਾ ਵਿਵੇਕ ਸਾਗਰ ਨੇ ਚੰਗੀ ਖੇਡ ਦਿਖਾਈ। ਕ੍ਰਿਸ਼ਣਾ ਪਹਿਲਾਂ ਵੀ ਕਾਫੀ ਜੂਨੀਅਰ ਹਾਕੀ ਖੇਡ ਚੁੱਕਾ ਹੈ। ਦਿਲਪ੍ਰੀਤ ਨੇ ਕੁਝ ਫੀਲਡ ਗੋਲ ਕਰ ਕੇ ਦੱਸ ਦਿੱਤਾ ਹੈ ਕਿ ਭਵਿੱਖ ਵਿਚ ਉਹ ਹਾਕੀ ਦਾ ਸਿਤਾਰਾ ਬਣੇਗਾ। ਜੂਨੀਅਰ ਖਿਡਾਰੀਆਂ ਨੂੰ ਸਾਡੇ ਸੀਨੀਅਰ ਖਿਡਾਰੀਆਂ ਦੀ ਅਗਵਾਈ ਦਾ ਫਾਇਦਾ ਮਿਲ ਰਿਹਾ ਹੈ। ਉਮੀਦ ਹੈ ਕਿ ਅੱਗੇ ਜਾ ਕੇ ਅਸੀਂ ਬਿਹਤਰ ਖੇਡ ਦਿਖਾਵਾਂਗੇ।
ਨਿਊਜ਼ੀਲੈਂਡ ਵਿਚ ਦ੍ਰਾਵਿੜ ਤੁਹਾਡੇ ਨਾਲ ਮਿਲਿਆ ਸੀ, ਕੀ ਗੱਲਬਾਤ ਹੋਈ?
ਟ੍ਰੇਨਿੰਗ ਸੈਸ਼ਨ ਦੌਰਾਨ ਦ੍ਰਾਵਿੜ ਮਿਲਣ ਆਇਆ ਸੀ। ਉਸ ਨੇ ਕਿਹਾ ਕਿ ਤੁਸੀਂ ਬਹੁਤ ਚੰਗਾ ਖੇਡ ਰਹੇ ਹੋ। ਸਾਡੇ ਸੱਦੇ 'ਤੇ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਸਾਡਾ ਮੈਚ ਦੇਖਣ ਆਉਣਗੇ। ਉਹ ਆਏ ਵੀ। ਜਾਪਾਨ ਵਿਰੁੱਧ ਮੈਚ ਵਿਚ ਉਹ ਪੂਰੀ ਟੀਮ ਨੂੰ ਲੈ ਕੇ ਆਏ ਸਨ। ਬਾਅਦ ਵਿਚ ਉਨ੍ਹਾਂ ਨੇ ਸਾਡੇ ਲੜਕਿਆਂ ਨੂੰ ਖੇਡ ਜਗਤ ਨਾਲ ਜੁੜੇ ਕਿੱਸੇ ਸੁਣਾ ਕੇ ਉਤਸ਼ਾਹਿਤ ਕੀਤਾ।
ਖੇਲੋ ਇੰਡੀਆ 'ਤੇ ਕੀ ਕਹਿਣਾ ਚਾਹੋਗੇ?
ਇਹ ਚੰਗਾ ਪਲੇਟਫਾਰਮ ਹੈ। ਇਸ ਨਾਲ ਤੁਹਾਨੂੰ ਨੈਸ਼ਨਲ ਲੈਵਲ 'ਤੇ ਖੁਦ ਨੂੰ ਸਾਬਤ ਕਰਨ ਦਾ ਮੌਕਾ ਮਿਲ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਜਿਵੇਂ ਅਜੇ ਇਹ ਖੇਡਾਂ ਅੰਡਰ-17 ਲਈ ਸ਼ੁਰੂ ਹੋਈਆਂ ਹਨ। ਹੌਲੀ-ਹੌਲੀ ਬਾਕੀ ਉਮਰ ਵਰਗ ਲਈ ਵੀ ਕਰਵਾਈਆਂ ਜਾਣਗੀਆਂ। ਇਸ ਨਾਲ ਨਾ ਸਿਰਫ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾਵੇਗਾ, ਸਗੋਂ ਨਾਲ ਹੀ ਸੰਭਾਵਨਾ ਵੀ ਪ੍ਰਗਟਾਈ ਜਾ ਸਕਦੀ ਹੈ ਕਿ ਭਾਰਤ ਨੂੰ ਭਵਿੱਖ ਵਿਚ ਬਿਹਤਰ ਖਿਡਾਰੀ ਮਿਲਣਗੇ।
ਸੁਲਤਾਨ ਅਜਲਾਨ ਸ਼ਾਹ, ਕਾਮਨਵੈਲਥ ਖੇਡਾਂ ਲਈ ਕੀ ਤਿਆਰੀ ਹੈ?
ਨਿਊਜ਼ੀਲੈਂਡ ਟੂਰ 'ਤੇ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ। ਇਸ ਤੋਂ ਬਹੁਤ ਸਾਰੇ ਤਜਰਬੇ ਮਿਲੇ ਹਨ, ਜਿਹੜੇ ਅੱਗੇ ਜਾ ਕੇ ਸਾਡੀ ਮਦਦ ਕਰਨਗੇ। ਇਸ ਸਾਲ ਕਾਮਨਵੈਲਥ, ਏਸ਼ੀਅਨ ਖੇਡਾਂ ਦੇ ਇਲਾਵਾ ਭਾਰਤ ਵਿਚ ਵਰਲਡ ਕੱਪ ਵੀ ਹੋਣਾ ਹੈ, ਅਜਿਹੇ ਵਿਚ ਸਾਡਾ ਕੁਲ ਟੀਚਾ ਖੁਦ ਨੂੰ ਬਿਹਤਰ ਬਣਾਉਣਾ ਹੋਵੇਗਾ ਤਾਂ ਕਿ ਆਪਣਾ 100 ਫੀਸਦੀ ਪ੍ਰਦਰਸ਼ਨ ਦੇ ਕੇ ਆਉਣ ਵਾਲੀਆਂ ਖੇਡਾਂ ਵਿਚ ਤਮਗਾ ਲੈ ਕੇ ਆ ਸਕੀਏ।
ਫੈੱਡ ਕੱਪ 'ਚ ਭਾਰਤ ਨੇ ਹਾਂਗਕਾਂਗ ਨੂੰ 3-0 ਨਾਲ ਹਰਾਇਆ
NEXT STORY