ਨਾਨਕ ਮਰਦਾਨਾ ਪ੍ਰਸੰਗ
ਦੇਸ਼-ਵੰਡ ਵਿੱਚ ਗੁੰਮਸ਼ੁਦਾ ਸਿੱਖ-ਮੁਸਲਿਮ ਸਬੰਧਾਂ ਦੀ ਮੁੜ-ਸੁਰਜੀਤੀ
- (ਗੁਰੂ ਜੀ ਦੇ ਮੁਸਲਮਾਨ ਸ਼ਿੱਸ਼ ਦੇ ਇੱਕ ਵੰਸ਼ਜ ਵੱਲੋਂ ਸਿੱਖ ਧਰਮ ਵਿੱਚ ਰਬਾਬੀ ਪਰੰਪਰਾ ਬਾਰੇ ਵਖਿਆਨ)
‘’ਦੇਸ਼ ਵੰਡ ਵੇਲੇ ਮੁਸਲਮਾਨ ਰਬਾਬੀਆਂ ਦੀ ਹਿਫ਼ਾਜ਼ਤ ਕਿਉਂ ਨਾ ਕੀਤੀ ਗਈ? ਜੇ ਕਰ ਸਿੱਖੀ ਵਿੱਚ ਉਹਨਾਂ ਦਾ ਐਨਾ ਬੁਲੰਦ ਮੁਕਾਮ ਸੀ ਤਾਂ ਉਹਨਾਂ ਨੂੰ ਦੇਸ਼ ਵੰਡ ਵੇਲੇ ਪੂਰਬੀ ਪੰਜਾਬ ਵਿੱਚ ਕਿਉਂ ਜਾਣ ਦਿੱਤਾ ਗਿਆ?’’ ਮੈਂ ਗ਼ੁਲਾਮ ਹੁਸੈਨ ਨੂੰ ਪੁੱਛਿਆ। ਮੈਂ ਲਾਹੌਰ ਦੇ ਧੁਰ ਅੰਦਰੂਨੀ ਹਿੱਸੇ ਵਿੱਚ ਬਣੇ ਉਸ ਦੇ ਘਰ ਬੈਠਾ ਸਾਂ ਜੋ ਦਾਤਾ ਦਰਬਾਰ ਦੇ ਮਕਬਰੇ ਦੇ ਬਿਲਕੁਲ ਨਾਲ ਹੈ।
ਗਲੇ ਵਿੱਚ ਚਿੱਟਾ ਸਕਾਰਫ਼ ਲਪੇਟੀਂ ਦਾਖੀ ਜਿਹੀ ਭਾਹ ਵਾਲੀ ਵਾਸਕਟ ਅਤੇ ਚਿੱਟੇ ਸਲਵਾਰ ਕਮੀਜ਼ ਵਿੱਚ ਮਲਬੂਸ ਅੱਸੀਵਿਆਂ ਨੂੰ ਢੁੱਕਿਆ ਇਹ ਬਜ਼ੁਰਗ ਹਾਲ ਹੀ ਵਿੱਚ ਵਾਰ ਵਾਰ ਆਣ ਕੇ ਘੇਰਾ ਪਾ ਲੈਣ ਵਾਲੀ ਕਿਸੇ ਬੀਮਾਰੀ ਨਾਲ ਜੂਝ ਕੇ ਉੱਠਿਆ ਸੀ। ਉਸ ਦੇ ਪਿਛਲੇ ਪਾਸੇ ਦੀਵਾਰਾਂ ਅਤੇ ਅਲਮਾਰੀਆਂ ਸਿੱਖੀ ਦੇ ਚਿੰਨ੍ਹਾਂ ਨਾਲ ਸਜੀਆਂ ਹੋਈਆਂ ਸਨ। ਕਿਤੇ ਕਿਰਪਾਨ ਦੀ ਤਸਵੀਰ ਸੀ ਅਤੇ ਕਿਤੇ ਹਰਿਮੰਦਰ ਸਾਹਿਬ ਦੀ। ਇਸ ਤੋਂ ਇਲਾਵਾ ਕਿੰਨੇ ਹੀ ਇਨਾਮ ਸਨਮਾਨ ਚਿੰਨ੍ਹ ਪਏ ਨਜ਼ਰੀਂ ਆ ਰਹੇ ਸਨ ਜਿਹੜੇ ਪਿਛਲੇ ਵਰ੍ਹਿਆਂ ਦੌਰਾਨ ਉਸ ਨੂੰ ਮੁਖ਼ਤਲਿਫ਼ ਸਿੱਖ ਤਨਜ਼ੀਮਾਂ ਵੱਲੋਂ ਮਿਲੇ ਸਨ।
ਇਹਨਾਂ ਦੇ ਨਾਲ ਹੀ ਕੁੱਝ ਇਸਲਾਮ ਨਾਲ ਵਾਬਸਤਾ ਚਿੰਨ੍ਹ ਵੀ ਪਏ ਦਿਖਾਈ ਦੇ ਰਹੇ ਸਨ। ਇਹਨਾਂ ਵਿੱਚ ਕੁਰਾਨ ਦੀ ਕਿਸੇ ਆਇਤ ਵਾਲਾ ਪੋਸਟਰ ਵੀ ਸ਼ਾਮਿਲ ਸੀ। ਮੈਂ ਗ਼ੁਲਾਮ ਹੁਸੈਨ ਨੂੰ ਫ਼ਰਬਰੀ 2014 ਵਿੱਚ ਮਿਲਿਆ ਸੀ ਅਤੇ ਅਗਲੇ ਸਾਲ ਅਪ੍ਰੈਲ ਵਿੱਚ ਉਹ ਚੱਲ ਵੱਸਿਆ ਸੀ। ਸ਼ਾਇਦ ਇਹ ਉਸ ਦੀ ਆਖ਼ਰੀ ਇੰਟਰਵਿਊ ਸੀ।
ਉਸ ਦੇ ਭਾਈ ਮਰਦਾਨਾ ਦੇ ਵੰਸ਼ਜ ਹੋਣ ਬਾਰੇ ਸੁਣ ਕੇ ਮੈਂ ਕੁੱਝ ਸਾਲ ਗ਼ੁਲਾਮ ਹੁਸੈਨ ਦੀ ਤਲਾਸ਼ ਕੀਤੀ ਸੀ।
ਭਾਈ ਮਰਦਾਨਾ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ ਹੈ। ਨਾ ਸਿਰਫ਼ ਉਹ ਗੁਰੂ ਜੀ ਦੀਆਂ ਉਦਾਸੀਆਂ ਦੌਰਾਨ ਉਨ੍ਹਾਂ ਦੇ ਨਾਲ ਰਿਹਾ ਬਲਕਿ ਜਦੋਂ ਗੁਰੂ ਨਾਨਕ ‘ਧੁਰ ਕੀ ਬਾਣੀ’ ਦਾ ਗਾਇਨ ਕਰਦੇ ਤਾਂ ਉਹ ਉਨ੍ਹਾਂ ਨਾਲ ਰਬਾਬ ਤੇ ਸੰਗਤ ਕਰਦਾ। ਉਹਨਾਂ ਦੇ ਸਮੇਂ ਤੋਂ ਹੀ ਮੁਸਲਮਾਨ ਰਬਾਬੀਆਂ ਨੂੰ ਗੁਰਦਵਾਰੇ ਅੰਦਰ ਕੀਰਤਨ ਦੀ ਜ਼ਿੰਮੇਂਵਾਰੀ ਦੇ ਦਿੱਤੀ ਗਈ ਸੀ। ਪਰ ਫਿਰ ਇਹ ਮੁਲਕ ਦੀ ਤਕਸੀਮ ਦੌਰਾਨ ਅਚਾਨਕ ਖ਼ਤਮ ਕਰ ਦਿੱਤੀ ਗਈ।
ਕੀਰਤਨ ਤੋਂ ਕੱਵਾਲੀ ਤੱਕ
‘’ਉਸ ਵੇਲੇ ਹਰ ਬੰਦਾ ਆਪਣੇ ਆਪ ਤੱਕ ਹੀ ਮਹਿਦੂਦ ਸੀ,’’ ਗ਼ੁਲਾਮ ਹੁਸੈਨ ਮਾਜ਼ੀ ਦੇ ਵਿੱਚ ਗਵਾਚਿਆ ਹੋਇਆ ਸੀ, ‘’ਮੁਸਲਮਾਨ ਹੋਣ ਕਰ ਕੇ ਸਾਨੂੰ ਮੁਲਕ ਛੱਡਣਾ ਪਿਆ। ਸਾਡਾ ਰਬਾਬੀ ਹੋਣਾ ਉਦੋਂ ਬਿਲਕੁਲ ਬੇਮਾਅਨੀ ਸੀ। ਬਸ ਸਾਡਾ ਮੁਸਲਮਾਨ ਹੋਣਾ ਹੀ ਕਾਫ਼ੀ ਸੀ। ਇਹੋ ਸਾਡੀ ਸ਼ਨਾਖ਼ਤ ਹੋ ਨਿੱਬੜੀ। ਫ਼ਸਾਦਾਂ ਦੌਰਾਨ ਸਾਡੇ ਦੋ ਰਬਾਬੀ ਵੀ ਮਾਰੇ ਗਏ। ਉਹਨਾਂ ਵਿੱਚ ਮੇਰਾ ਸਹੁਰਾ ਭਾਈ ਮੋਤੀ ਵੀ ਸੀ। ਉਹ ਪਟਿਆਲੇ ਕਿਸੇ ਗੁਰਦਵਾਰੇ ਵਿੱਚ ਤਬਲਾ ਵਾਦਕ ਸੀ। ਗੋਇੰਦਵਾਲ ਦੇ ਗੁਰੂ ਅਮਰ ਦਾਸ ਗੁਰਦਵਾਰੇ ਵਿੱਚ ਕੀਰਤਨ ਕਰਨ ਵਾਲਾ ਇੱਕ ਹੋਰ ਰਬਾਬੀ ਵੀ ਮਾਰਿਆ ਗਿਆ,’’ ਉਸ ਦਾ ਵਖਿਆਨ ਜਾਰੀ ਸੀ,’’ ਮੇਰਾ ਚਾਚਾ ਭਾਈ ਚਾਂਦ ਹਰਿਮੰਦਰ ਵਿੱਚ ਰਬਾਬੀ ਸੀ। ਉਸ ਦੇ ਅੰਬਰਸਰ ਵਿੱਚ ਤਿੰਨ ਮਕਾਨ ਸਨ, ‘ਤੇ ਤਿੰਨੇ ਈ ਤਿਮੰਜ਼ਲੇ। ਉਸ ਜ਼ਮਾਨੇ ‘ਚ ਵੀ ਲਖਪਤੀ ਸੀ ਉਹ। ਉਹ ‘ਭਾਈਆਂ ਦੀ ਗਲੀ’ ਵਿੱਚ ਰਹਿੰਦਾ ਸੀ ਜਿਸ ਦਾ ਨਾਉਂ ਹੀ ਰਬਾਬੀ ਪਰਵਾਰ ਦੇ ਨਾਂ ਤੇ ਰੱਖਿਆ ਹੋਇਆ ਸੀ। ਪਾਕਿਸਤਾਨ ਜਾ ਕੇ ਉਹ ਕੰਗਾਲ ਹੋ ਗਿਆ।‘’
ਆਪਣੇ ਸਿੱਖ ਵਿਰਸੇ ਦੀ ਗੱਲ ਕਰਦਿਆਂ ਗ਼ੁਲਾਮ ਹੁਸੈਨ ਨੇ ਦੱਸਿਆ ਕਿ ਉਹਨਾਂ ਦੇ ਪਰਵਾਰ ਦਾ ਖ਼ਾਨਦਾਨੀ ਗੁਰਦਵਾਰਾ ਸਿਆਚਲ ਸਾਹਬ ਸੀ ਜਿਹੜਾ ਲਾਹੌਰ ‘ਤੇ ਅੰਮ੍ਰਿਤਸਰ ਦਰਮਿਆਨ ਸੀ। ਉਸ ਦਾ ਪਿਤਾ ਗਿਆਨੀ ਸੀ- ਸੰਗਤ ਦਾ ਮੋਹਰੀ, ਸਿੱਖੀ ਤੇ ਤਕ਼ਰੀਰਾਂ ਕਰਨ ਵਾਲਾ।
‘’ਮੇਰਾ ਅੱਬਾ ਉੱਥੇ ਰਬਾਬੀ ਗੱਦੀ ਦਾ ਗੱਦੀ ਨਸ਼ੀਨ ਸੀ ਜਿਸ ਦਾ ਮਤਲਬ ਸੀ ਕਿ ਆਖ਼ਰ ਇਹ ਗੱਦੀ ਨਸ਼ੀਨੀ ਮੇਰੇ ਹਿੱਸੇ ਹੀ ਆਉਣੀ ਸੀ,’’ ਉਸ ਨੇ ਕਿਹਾ, ‘’ਪਰ ਤਕਸੀਮੇ ਮੁਲਕ ਨੇ ਸਭ ਕੁੱਝ ਹੀ ਬਦਲ ਕੇ ਰੱਖ ਦਿੱਤਾ। ਅਸੀਂ ਉਦੋਂ ਪੈਸਾ ਧੇਲਾ ਹੀ ਨਹੀਂ ਕਸਬ ਵੀ ਗੁਆਇਆ,’’ਗ਼ੁਲਾਮ ਹੁਸੈਨ ਦੱਸ ਰਿਹਾ ਸੀ, ‘’ਗਰੰਥ ਸਾਨੂੰ ਜ਼ਬਾਨੀ ਯਾਦ ਸੀ ਜਦੋਂ ਕਿ ਬਿਨਾ ਕਲਮਾ ਪੜ੍ਹੇ ਹੋਣ ਤੋਂ ਸਾਨੂੰ ਆਪਣੇ ਮੁਸਲਮਾਨ ਹੋਣ ਬਾਰੇ ਕੋਈ ਇਲਮ ਨਹੀਂ ਸੀ।ਮੁਸਲਮਾਨਾਂ ਨੂੰ ਤੇ ਸਾਡੇ ਕਸਬ ਵਿੱਚ ਦਿਲਚਸਪੀ ਹੀ ਕੋਈ ਨਹੀਂ ਸੀ। ਸੋ ਅਸੀਂ ਸਮੋਸੇ, ਖੀਰ, ਮੀਟ ਵਗ਼ੈਰਾ ਵੇਚਣ ਵਰਗੇ ਅਵੱਲੇ ਜਿਹੇ ਕੰਮ ਕਰਨ ਲੱਗੇ।‘’
ਪਰ ਛੇਤੀ ਹੀ ਹੁਸੈਨ ਨੂੰ ਇੱਕ ਹੋਰ ਕਿੱਤਾ ਮਿਲ ਗਿਆ- ਕੱਵਾਲੀ ਗਾਇਨ ਦਾ, ਜਦੋਂ ਉਸ ਨੂੰ ਇੱਕ ਮੁਕਾਮੀ ਸੱਭਿਆਚਾਰਕ ਤਨਜ਼ੀਮ ‘ਨਿਜ਼ਾਮੀ ਆਰਟ ਸੋਸਾਇਟੀ’ ਵੱਲੋਂ ਕਿਸੇ ਪਰੋਗਰਾਮ ਵਾਸਤੇ ਸੱਦਾ ਆਇਆ।
‘’ਤਕਸੀਮ ਨੂੰ ਬਹਤਾ ਚਿਰ ਨਹੀਂ ਸੀ ਹੋਇਆ ਜਦੋਂ ਮੈਨੂੰ ਕੱਵਾਲੀ ਗਾਉਣ ਲਈ ਬੁਲਾਇਆ ਗਿਆ,’’ਹੁਸੈਨ ਦੱਸਣ ਲੱਗਾ, ‘’ਉਹਨੀਂ ਦਿਨੀਂ ਮੈਨੂੰ ਬਹੁਤ ਜੱਦੋਜਹਿਦ ਕਰਨੀ ਪਈ ਕਿਉਂਕਿ ਮੇਰਾ ਉਰਦੂ ਦਾ ਤਲੱਫ਼ਜ਼ ਬੜਾ ਕਮਜ਼ੋਰ ਸੀ। ਮੈਥੋਂ ਸਕ੍ਰਿਪਟ ਵੀ ਨਹੀਂ ਸੀ ਪੜ੍ਹੀ ਜਾਂਦੀ ਕਿਉਂਕਿ ਮੇਰੀ ਤਰਬੀਅਤ ਤਾਂ ਸਾਰੀ ਗੁਰਮੁਖੀ ਵਿੱਚ ਸੀ। ਪਰ ਫਿਰ ਵੀ ਮੈਂ ਮਸ਼ਕ ਕਰ ਕਰ ਕੇ ਹੌਲ਼ੀ ਹੌਲ਼ੀ ਉਰਦੂ ‘ਚ ਗਾਉਣ ਤੇ ਮੁਹਾਰਤ ਹਾਸਲ ਕਰ ਲਈ। ਇੰਜ ਮੇਰੀ ਇਕਤਸਾਦੀ ਹਾਲਤ ਵੀ ਸੁਧਰਨ ਲੱਗੀ।‘’
‘’ਇਹ ਕੀਰਤਨ ਤੇ ਕੱਵਾਲੀ ਪਰੰਪਰਾਵਾਂ ਆਪਸ ਵਿੱਚ ਕਿੰਨੀਅਆਂ ਕੁ ਮਿਲਦੀਆਂ ਨੇ?’’ ਮੈਂ ਪੁੱਛਿਆ।
‘’ਇੱਕ ਪੁਰਾਣੀ ਕਹਾਵਤ ਹੈ ਕਿ ਸੌ ਸਿਆਣੇ ਇੱਕੋ ਮੱਤ ਮੂਰਖ ਆਪੋ ਆਪਣੀ। ਬੁੱਲ੍ਹੇ ਸ਼ਾਹ ਨੇ ਨਾਨਕ ਬਾਣੀ ਨੂੰ ਹੀ ਦੁਹਰਾਇਆ। ਉੱਧਰ ਗੁਰੂ ਅਰਜਨ ਅਤੇ ਸੁਲਤਾਨ ਬਾਹੂ ਦੋਵਾਂ ਦਾ ਪੈਗ਼ਾਮ ਸ਼ਾਹ ਹੁਸੈਨ ਨਾਲ ਮਿਲਦਾ ਹੈ। ਉਹਨਾਂ ਦਾ ਕਲਾਮ ਇੱਕ ਦੂਸਰੇ ਨਾਲ ਰਲ਼ਗਡ ਏ। ਮੈਂ ਤਾਂ ਇੱਥੋਂ ਤੱਕ ਵੀ ਕਹਾਂਗਾ ਕਿ ਗੁਰੂ ਨਾਨਕ ਨੇ ਕੁਰਾਨ ਨੂੰ ਹੀ ਬਾ-ਤਫ਼ਸੀਲ ਪੇਸ਼ ਕਰ ਦਿੱਤਾ। ਲਿਹਾਜ਼ਾ ਤੁਹਾਡੇ ਸਵਾਲ ਦਾ ਜਵਾਬ ਇਹੋ ਹੈ ਕਿ ਕੱਵਾਲੀ ਤੇ ਕੀਰਤਨ ਇੱਕੋ ਰਵਾਇਤ ਦਾ ਅੰਗ ਨੇ, ‘’ਹੁਸੈਨ ਨੇ ਦੱਸਿਆ, ‘’ਪਰ ਹੁਣ ਕੋਈ ਇਸ ਸਾਂਝ ਦਾ ਹਾਮੀ ਨਹੀਂ।‘’
ਇੰਟਰਵਿਊ ਦੇ ਦੌਰਾਨ ਕੋਲ ਬੈਠਾ ਹੁਸੈਨ ਦਾ ਬੇਟਾ ਅਚਾਨਕ ਗੱਲਬਾਤ ਵਿੱਚ ਸ਼ਰੀਕ ਹੋ ਗਿਆ। ਕਹਿਣ ਲੱਗਾ, ‘’ਕੁੱਝ ਸਿੱਖ ਕਹਿੰਦੇ ਨੇ ਕਿ ਮਰਦਾਨਾ ਤਾਂ ਬਸ ਨਾਨਕ ਦੀਆਂ ਜਨਮ ਸਾਖੀਆਂ ਦਾ ਇੱਕ ਮਜ਼ਾਹੀਆ ਕਿਰਦਾਰ ਸੀ ਜਿਸ ਨੂੰ ਹਮੇਸ਼ਾ ਭੁੱਖ ਜਾਂ ਤੇਹ ਲੱਗੀ ਰਹਿੰਦੀ ਸੀ। ਪਰ ਮੈਂ ਇਸ ਗੱਲ ਨਾਲ ਮੁਤਫ਼ਿਕ ਨਹੀਂ। ਇਹ ਮਰਦਾਨਾ ਹੀ ਤਾਂ ਸੀ ਜਿਸ ਨੇ ਬਾਬੇ ਨਾਨਕ ਅੰਦਰਲੀ ਰੂਹਾਨੀਅਤ ਨੂੰ ਉਭਾਰਿਆ। ਮਰਦਾਨੇ ਵਾਸਤੇ ਹੀ ਬਾਬਾ ਨਾਨਕ ਨੇ ਕਿੱਕਰ ਦੇ ਤੁੱਕਿਆਂ ਨੂੰ ਮਿੱਠੇ ਕੀਤਾ ਸੀ।‘’
ਹੁਸੈਨ ਕੋਲ ਮਰਦਾਨੇ ਦੀ ਸਿੱਖ ਧਰਮ ਵਿੱਚ ਮਹੱਤਤਾ ਦਰਸਾਉਣ ਲਈ ਇੱਕ ਆਪਣੀ ਹੀ ਕਹਾਣੀ ਸੀ।
‘’ਮੁਲਕ ਦੀ ਤਕਸੀਮ ਤੋਂ ਪਹਿਲਾਂ ਮੇਰਾ ਅੱਬਾ ਗੁਰਦਵਾਰਾ ਪੰਜਾ ਸਾਹਬ ਹਸਨ ਅਬਦਾਲ ਵਿੱਚ ਸੀ। ਉਹ ਸਰੋਵਰ ਵਿੱਚ ਡੁਬਕੀਆਂ ਲੈ ਰਿਹਾ ਸੀ ਜਦੋਂ ਇੱਕ ਸਿੱਖ ਨੇ ਗੁੱਸੇ ਹੋ ਕੇ ਦਫ਼ਤਰ ਵਿੱਚ ਸ਼ਿਕਾਇਤ ਲਗਾ ਦਿੱਤੀ ਕਿ ਉਹ ਪਾਣੀ ਨੂੰ ਗੰਦਾ ਕਰ ਰਿਹੈ। ਅੱਬਾ ਨੂੰ ਦਫ਼ਤਰ ਵਿੱਚ ਬੁਲਾਇਆ ਗਿਆ। ਪੁੱਛੇ ਜਾਣ ਤੇ ਕਿ ਉਸ ਨੇ ਸਰੋਵਰ ਵਿੱਚ ਡੁਬਕੀ ਕਿਉਂ ਲਗਾਈ ਉਸ ਨੇ ਕਰਮਚਾਰੀ ਨੂੰ ਪੁੱਛਿਆ, ‘’ਇਹ ਸਰੋਵਰ ਬਾਬੇ ਨਾਨਕ ਨੇ ਬਣਾਇਆ ਕੀਹਦੇ ਲਈ ਸੀ? ਯਕੀਨਨ, ਮਰਦਾਨੇ ਦੀ ਪਿਆਸ ਬੁਝਾਉਣ ਲਈ। ਸੋ ਇਹ ਮਰਦਾਨੇ ਦਾ ਸਰੋਵਰ ਏ ‘ਤੇ ਮੈਂ ਰਬਾਬੀ ਹੋਣ ਕਰ ਕੇ ਉਸ ਦਾ ਵੰਸ਼ਜ ਹਾਂ। ਹੁਣ ਤੁਸੀਂ ਦੱਸੋ ਕੌਣ ਹੋ ਇਸ ਤੇ ਇਸ ਤੇ ਮਾਲਕੀ ਜਤਾਉਣ ਵਾਲੇ?’’
ਕਹਾਣੀ ਦੇ ਅੰਤ ਤੇ ਪੁੱਜ ਕੇ ਉਹ ਹੱਸ ਪਿਆ ਪਰ ਫਿਰ ਸੰਜੀਦਾ ਹੋ ਕੇ ਵੰਡ ਤੋਂ ਬਾਅਦ ਪਹਿਲੀ ਦਫ਼ਾ 2005 ਵਿੱਚ ਹਰਿਮੰਦਰ ਸਾਹਬ ਜਾਣ ਬਾਰੇ ਦੱਸਣ ਲੱਗਾ, ‘’ਮੇਰੇ ਪਰਵਾਰ ਨੇ ਉੱਥੇ ਸੱਤ ਨਸਲਾਂ ਨਾਲ ਰਬਾਬ ਵਜਾਈ। ਅਸੀਂ ਭਾਈ ਸਾਧਾ ‘ਤੇ ਭਾਈ ਮਾਧਾ ਦੇ ਵੰਸ਼ਜ ਹਾਂ ਜਿਹਨਾਂ ਨੂੰ ਗੁਰੂ ਤੇਗ਼ ਬਹਾਦਰ ਨੇ ਹਰਿਮੰਦਰ ਸਾਹਬ ਵਿੱਚ ਮੁਕੱਰਰ ਕੀਤਾ ਸੀ। ਸਾਡਾ ਮਾਣ ਸਨਮਾਨ ਐਨਾ ਸੀ ਕਿ ਸਾਨੂੰ ਉੱਥੋਂ ਦੇ ਚੜ੍ਹਾਵੇ ‘ਚੋਂ ਹਿੱਸਾ ਵੀ ਦਿੱਤਾ ਜਾਂਦਾ ਸੀ। ਪੂਰੇ ਸਿੱਖ ਇਤਿਹਾਸ ਵਿੱਚ ਰਬਾਬੀਆਂ ਨੇ ਗੁਰੂ ਸਾਹਿਬਾਨ ਪ੍ਰਤੀ ਅਕੀਦਤ ਦਿਖਾਈ ਏ। ਇਹ ਗੁਰੂ ਹਰਗੋਬਿੰਦ ਦਾ ਰਬਾਬੀ ਬਾਬਕ ਹੀ ਸੀ ਜਿਸ ਨੇ ਉਨ੍ਹਾਂ ਦੀ ਧੀ ਬੀਬੀ ਵੀਰਾਂ ਨੂੰ ਤੁਰਕਾਂ ਤੋਂ ਬਚਾਇਆ ਸੀ ਜਦੋਂਕਿ ਕਿਸੇ ਵੀ ਸਿੱਖ ਦੀ ਹਿੰਮਤ ਨਹੀਂ ਸੀ ਪਈ ਉਹਨਾਂ ਦੇ ਇਲਾਕੇ ਵਿੱਚ ਜਾਣ ਦੀ।‘’
ਪਰ ਗੁਰਦਵਾਰੇ ਵਿੱਚ ਗਾਉਣ ਦੀ ਹੁਸੈਨ ਦੀ ਖ਼ਾਹਸ਼ ਨੂੰ ਪੂਰਾ ਨਹੀਂ ਕੀਤਾ ਗਿਆ।
‘’ਸਾਡੇ ਪਰਵਾਰ ਦਾ ਹਰਿਮੰਦਰ ਨਾਲ ਬੜਾ ਡੂੰਘਾ ਤਾਅੱਲੁਕ ਏ ਪਰ ਹੁਣ ਕਿਸੇ ਵੀ ਰਬਾਬੀ ਲਈ ਉੱਥੇ ਕੀਰਤਨ ਕਰਨਾ ਔਖਾ ਹੋ ਗਿਆ ਏ। ਉੱਥੋਂ ਦੇ ਮੁਲਾਜ਼ਮਾਂ ਨੇ ਮੈਨੂੰ ਦੱਸਿਆ ਕਿ ਇੱਥੇ ਸਿਰਫ਼ ਅੰਮ੍ਰਿਤਧਾਰੀ ਹੀ ਕੀਰਤਨ ਕਰ ਸਕਦਾ ਏ।’’ ਉਸ ਨੇ ਹੋਰ ਕਿਹਾ, ‘’ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਸੀ ਕਿ ਮੇਰੇ ਪੁਰਖੇ ਇੱਥੇ ਗੋਬਿੰਦ ਰਾਇ ਦੇ ਗੁਰੂ ਗੋਬਿੰਦ ਸਿੰਘ ਬਣਨ ਤੋਂ ਦਹਿਲਾਂ ਕੀਰਤਨ ਕਰਦੇ ਰਹੇ ਸੀ ਅਤੇ ਕਿਸੇ ਵੀ ਰਬਾਬੀ ਦੇ ਇਸਲਾਮ ਤਰਕ ਕਰਨ ਦੀ ਕੋਈ ਰਵਾਇਤ ਨਹੀਂ। ਜਦੋਂ ਗੁਰੂ ਸਾਹਿਬਾਨ ਨੇ ਸਾਨੂੰ ਕਦੇ ਸਿੱਖ ਬਣਨ ਲਈ ਨਹੀਂ ਕਿਹਾ ਤਾਂ ਇਹਨਾਂ ਮੁਲਾਜ਼ਮਾਂ ਨੂੰ ਇਹ ਹੱਕ ਕਿਸ ਨੇ ਦਿੱਤਾ ਹੈ?’’
ਸਤਿਨੂਰ ਨਾਨਕ : ਸਭੇ ਸਾਂਝੀਵਾਲ ਸਦਾਇਣ
NEXT STORY