ਜਲੰਧਰ (ਬਿਊਰੋ) - ਟਿੱਡੀ ਦਲ ਦੇ ਹਮਲੇ ਉਪਰੰਤ ਇਸ ਨੂੰ ਕੰਟਰੋਲ ਕਰਨ ਲਈ ਤੁਰੰਤ ਕਾਰਵਾਈ ਕਰਦੇ ਹੋਏ ਹਮਲੇ ਵਾਲੀ ਥਾਂ ’ਤੇ ਜ਼ਹਿਰਾਂ ਦੇ ਇਸਤੇਮਾਲ ਦੀ ਜਰੂਰਤ ਹੁੰਦੀ ਹੈ। ਇਸ ਮਕਸਦ ਲਈ ਜਿੱਥੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਬੇਹੱਦ ਜਰੂਰਤ ਹੈ, ਉੱਥੇ ਇਸ ਨਾਮੁਰਾਦ ਕੀੜੇ ਦੀ ਰੋਕਥਾਮ ਲਈ ਸਬੰਧਤ ਖੇਤੀਬਾੜੀ ਵਿਭਾਗ ਦੇ ਤਕਨੀਕੀ ਮਾਹਿਰਾਂ ਨੂੰ ਵੀ ਹਰ ਵਕਤ ਤੱਤਪਰ ਰਹਿਣ ਦੀ ਜਰੂਰਤ ਹੈ। ਇਸ ਮਕਸਦ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜ਼ਿਲ੍ਹਾ ਜਲੰਧਰ ਵੱਲੋਂ ਟਿੱਡੀ ਦਲ ਦੀ ਰੋਕਥਾਮ ਲਈ ਵਿਭਾਗੀ ਕਰਮਚਾਰੀਆਂ ਅਤੇ ਕਿਸਾਨਾਂ ਨੂੰ ਨਿਪੁੰਨ ਕਰਨ ਵਾਸਤੇ ਇੱਕ ਮੋਕ ਡਰਿੱਲ ਭਾਵ ਰਿਹਰਸਲ ਕੀਤੀ ਗਈ। ਪਿੰਡ ਕਿਸ਼ਨਗੜ੍ਹ ਬਲਾਕ ਜਲੰਧਰ ਪੱਛਮੀ ਵਿਖੇ ਕੀਤੀ ਇਸ ਨਕਲੀ ਡਰਿਲ ਵਿੱਚ ਜ਼ਿਲ੍ਹੇ ਦੇ ਸਮੂਹ ਬਲਾਕ ਖੇਤੀਬਾੜੀ ਅਫਸਰ ਸ਼ਾਮਲ ਹੋਏ।
ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਿੱਡੀ ਦਲ ਝੁੰਡ ਦੀ ਸ਼ਕਲ ਵਿੱਚ ਉੱਡਦਾ ਹੈ ਅਤੇ ਜਿੱਥੇ ਇਹ ਕੀੜਾ ਬੈਠਦਾ ਹੈ, ਉੱਥੇ ਵੱਡੇ ਪੱਧਰ ’ਤੇ ਹਰਿਆਵਲ ਨੂੰ ਕੁਝ ਘੰਟਿਆਂ ਵਿੱਚ ਹੀ ਖਤਮ ਕਰ ਦਿੰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸਿਓ ਊਡਾਰੀ ਮਾਰ ਕੇ ਇਹ ਸਾਡੇ ਸੂਬੇ ਵਿੱਚ ਦਾਖਿਲ ਹੋ ਸਕਦਾ ਹੈ। ਇਹ ਕੀੜਾ ਪਹਿਲੋ-ਪਹਿਲ ਦਰਖੱਤਾਂ ’ਤੇ ਬੈਠਦਾ ਹੈ ਅਤੇ ਇਸ ਦੀ ਰੋਕਥਾਮ ਲਈ ਹਾਈ ਪਾਵਰ ਸਪਰੇ ਪੰਪਾਂ ਰਾਹੀਂ ਵੱਡੇ ਅਤੇ ਜੰਗੀ ਪੱਧਰ ’ਤੇ ਜ਼ਹਿਰਾਂ ਦੀ ਸਪਰੇ ਕਰਨ ਦੀ ਜਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਪੰਜਾਬ ਸਰਕਾਰ ਵੱਲੋਂ ਕਲੋਰੋਪਾਇਰੀਫਾਸ ਅਤੇ ਲੇਮੈਡਾ ਆਦਿ ਦਵਾਈਆ ਮੁਹੱਈਆ ਕਰਵਾਇਆ ਜਾ ਰਹੀਆਂ ਹਨ, ਜੋ ਕਲੋਰੋਪਾਇਰੀਫਾਸ 20 ਤਾਕਤ ਵਾਲੀ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਲੇਮਡਾ 5 ਈ ਸੀ 1 ਮਿ.ਲੀ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇ ਕਰਦੇ ਹੋਏ ਇਸ ਕੀੜੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹੋਰ ਵੀ ਕਈ ਤਰ੍ਹਾਂ ਦੀਆਂ ਵੱਖ-ਵੱਖ ਤਾਕਤ ਵਾਲੀਆਂ ਦਵਾਈਆਂ ਇਸ ਕੀੜੇ ਦੀ ਰੋਕਥਾਮ ਲਈ ਸਿਫਾਰਸ਼ ਕੀਤੀਆਂ ਗਈਆ ਹਨ।
ਡਾ. ਸੰਜੀਵ ਕਟਾਰੀਆ, ਕੀਟ ਵਿਗਿਆਨੀ ਜ਼ਿਲਾ ਪ੍ਰਸਾਰ ਮਾਹਿਰ ਜਲੰਧਰ ਨੇ ਦੱਸਿਆ ਕਿ ਇਹ ਕੀੜਾ ਸ਼ਾਮ ਅਤੇ ਰਾਤ ਵੇਲੇ ਦਰੱਖਤਾਂ ਅਤੇ ਉੱਚੀਆ ਥਾਵਾਂ ਆਦਿ ’ਤੇ ਬੈਠਦਾ ਹੈ ਅਤੇ ਇਸੇ ਵਕਤ ਹੀ ਦਵਾਈ ਦੀ ਸਪਰੇ ਕਰਨੀ ਜ਼ਿਆਦਾ ਵਧੀਆ ਹੈ। ਉਨ੍ਹਾਂ ਕਿਹਾ ਕਿ ਇਹ ਕੀੜਾ ਜ਼ਮੀਨ ਵਿੱਚ ਇਕੱਠੇ ਆਂਡੇ ਦਿੰਦਾ ਹੈ ਅਤੇ ਆਂਡਿਆ ਵਿਚੋਂ 14 ਦਿਨਾਂ ਬਾਅਦ ਨਿੰਮਫ ਭਾਵ ਬੱਚੇ ਕੀੜੇ ਨਿਕਲਦੇ ਹਨ, ਜੋ ਜ਼ਮੀਨ ’ਤੇ ਰੇਗੰਦੇ ਹੋਏ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ। ਉਪਰੰਤ ਇਸ ਕੀੜੇ ਦੇ ਖੰਭ ਬਣਦੇ ਹਨ, ਜਿਸ ਰਾਹੀਂ ਇਹ ਕੀੜਾ ਅਨੂਕੁਲ ਹਾਲਤਾਂ ਵਿੱਚ 80-100 ਕਿਲੋਮੀਟਰ ਤੱਕ ਦਾ ਸਫਰ ਤਹਿ ਕਰਨ ਦੀ ਸਮੱਰਥਾ ਰੱਖਦੇ ਹਨ। ਇਸ ਮੌਕੇ ਡਾ. ਕਟਾਰੀਆ ਵੱਲੋਂ ਮੋਕ ਭਾਵ (ਨਕਲੀ ਡਰਿੱਲ) ਰਾਹੀਂ ਮੌਕੇ ’ਤੇ ਟਰੈਕਰ ਸਪਰੇਅਰ ਪੰਪ ਅਤੇ ਬੈਟਰੀ ੳਪਰੇਟਿਡ ਸਪਰੇ ਪੰਪਾਂ ਰਾਹੀਂ ਸਪਰੇ ਕਰਨ ਦੀ ਵਿੱਧੀ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਸਪਰੇ ਕਰਨ ਲਈ ਪਾਣੀ, ਦਵਾਈ ਅਤੇ ਹਾਈ-ਪਾਵਰ ਸਪਰੇ ਪੰਪਾਂ ਦਾ ਇੰਤਜ਼ਾਮ ਬਹੁਤ ਜਰੂਰੀ ਹੈ। ਡਾ. ਅਰੁਣ ਕੋਹਲੀ ਖੇਤੀਬਾੜੀ ਅਫਸਰ ਜਲੰਧਰ ਪੱਛਮੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡਾਂ ਵਿੱਚ ਜਿੱਥੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਬਲਾਕ ਪੱਧਰ ’ਤੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ, ਜੋ ਪਿੰਡਾਂ ਵਿੱਚ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਦੇ ਹੋਏ ਸਰਵੈਲੇਸ ਕਰਨਗੀਆਂ ਅਤੇ ਹਮਲਾ ਹੋਣ ਦੀ ਸੂਰਤ ਵਿੱਚ ਤੁਰੰਤ ਕਾਰਵਾਈ ਕਰਨਗੀਆਂ।
ਇਸ ਮੌਕੇ ਡਾ. ਸੁਰਜੀਤ ਸਿੰਘ, ਡਾ. ਅਮਰੀਕ ਸਿੰਘ, ਡਾ. ਦਾਨਿਸ਼ ਕੁਮਾਰ, ਡਾ. ਮਨਦੀਪ ਸਿੰਘ, ਡਾ. ਲਖਬੀਰ ਸਿੰਘ, ਡਾ ਰਮਨਦੀਪ, ਡਾ. ਗੁਰਭਗਤ ਸਿੰਘ, ਸ੍ਰੀ ਮਨਪ੍ਰੀਤ ਸਿੰਘ ਬੀ.ਟੀ.ਐੱਮ ਆਦਿ ਖੇਤੀਬਾੜੀ ਅਧਿਕਾਰੀ ਮੌਜੂਦ ਸਨ। ਸ੍ਰੀ ਹਰਸੁਲਿੰਦਰ ਸਿੰਘ, ਸ੍ਰੀ ਮਨਜੀਤ ਸਿੰਘ ਇਲਾਕੇ ਦੇ ਕਾਸ਼ਤਕਾਰਾਂ ਨੇ ਇਸ ਮੋਕ ਡਰਿੱਲ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅਜਿਹੀ ਤਕਨੀਕੀ ਦੀ ਜਾਣਕਾਰੀ ਹੋਣ ਨਾਲ ਕਿਸਾਨਾਂ ਵਿੱਚ ਵਿਸ਼ਵਾਸ ਵੱਧਦਾ ਹੈ ਅਤੇ ਇਸ ਤਰ੍ਹਾਂ ਕੀੜੇ ਦੀ ਰੋਕਥਾਮ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਦਫਤਰ ਮੁੱਖ ਖੇਤੀਬਾੜੀ ਅਫਸਰ
ਜਲੰਧਰ
'ਕੋਰੋਨਾ' ਦੀ ਮਾਰ ਦੇ ਨਾਲ ਹੁਣ 'ਟਿੱਡੀ ਦਲ' ਦੀ ਦਹਿਸ਼ਤ, ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ
NEXT STORY