ਦੂਜੀ ਵਿਸ਼ਵ ਜੰਗ ਦੀ ਸਮਾਪਤੀ ’ਤੇ ਅਮਰੀਕਾ ਅਤੇ ਸੋਵੀਅਤ ਰੂਸ ਵੱਲੋਂ ਕੋਰੀਆ ਨੂੰ 2 ਹਿੱਸਿਆਂ ’ਚ ਵੰਡ ਦੇਣ ਦੇ ਬਾਅਦ ਉੱਤਰੀ ਤੇ ਦੱਖਣੀ ਕੋਰੀਆ ਹੋਂਦ ’ਚ ਆਏ। ਜਿੱਥੇ ਦੱਖਣੀ ਕੋਰੀਆ ਖੁਸ਼ਹਾਲੀ ਅਤੇ ਸਫਲਤਾ ਵੱਲ ਲਗਾਤਾਰ ਤੇਜ਼ੀ ਨਾਲ ਵਧ ਰਿਹਾ ਹੈ, ਉੱਥੇ ਉੱਤਰੀ ਕੋਰੀਆ ‘ਕਿਮ-ਜੋਂਗ-ਉਨ’ ਦੀਆਂ ਅਦੂਰਦਰਸ਼ੀ, ਊਲ-ਜਲੂਲ ਅਤੇ ਸਨਕਪੁਣੇ ਦੀਆਂ ਹਰਕਤਾਂ ਦੇ ਕਾਰਨ ਤਾਨਾਸ਼ਾਹੀ ਦੀ ਚੱਕੀ ’ਚ ਬੁਰੀ ਤਰ੍ਹਾਂ ਪਿੱਸ ਰਿਹਾ ਹੈ।
ਉੱਤਰੀ ਕੋਰੀਆ ’ਚ ਇਸ ਸਮੇਂ ਦੇਸ਼ ਦੀ 60 ਫੀਸਦੀ ਆਬਾਦੀ ਭੁੱਖ ਦੀ ਸ਼ਿਕਾਰ ਹੈ ਜਦਕਿ ਇਸ ਦੇ ਪ੍ਰਮਾਣੂ ਹਥਿਆਰ ਪ੍ਰਸਾਰ ਪ੍ਰੋਗਰਾਮ ਦੇ ਕਾਰਨ ਕਈ ਦੇਸ਼ਾਂ ਵੱਲੋਂ ਇਸ ’ਤੇ ਲਗਾਈਆਂ ਹੋਈਆਂ ਪਾਬੰਦੀਆਂ ਨਾਲ ਉੱਥੇ ਖੁਰਾਕ ਸੰਕਟ ਹੋਰ ਵੀ ਗੰਭੀਰ ਹੋਣ ਵਾਲਾ ਹੈ। ਇਸ ਨਾਲ ਨਜਿੱਠਣ ਦੇ ਇਕ ਉਪਾਅ ਦੇ ਰੂਪ ’ਚ ‘ਕਿਮ-ਜੋਂਗ-ਉਨ’ ਨੇ ਪਾਲਤੂ ਕੁੱਤੇ ਉਨ੍ਹਾਂ ਦੇ ਮਾਲਕਾਂ ਕੋਲੋਂ ਖੋਹ ਕੇ ਮਾਸ ਦੀਆਂ ਦੁਕਾਨਾਂ ’ਤੇ ਵੇਚਣ ਦਾ ਹੁਕਮ ਦਿੱਤਾ ਹੈ।
ਉਸ ਨੇ ਆਪਣੇ ਦੇਸ਼ ’ਚ ਵਿਦੇਸ਼ੀ ਪ੍ਰਭਾਵ ਨੂੰ ਖਤਮ ਕਰਨ ਲਈ ਵਿਦੇਸ਼ੀ ਫਿਲਮਾਂ ਆਦਿ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸੇ ਅਪ੍ਰੈਲ ’ਚ ਚੋਰੀ-ਛਿਪੇ ਦੱਖਣੀ ਕੋਰੀਆਈ ਫਿਲਮਾਂ ਅਤੇ ਸੰਗੀਤ ਦੀ ਸੀ. ਡੀ. ਅਤੇ ਯੂ. ਐੱਸ. ਬੀ. ਸਟਿਕ ਵੇਚਣ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਅਤੇ ‘ਕਿਮ-ਜੋਂਗ-ਉਨ’ ਦੇ ਹੁਕਮ ਨਾਲ ਉਸ ਵਿਅਕਤੀ ਦੇ ਪੂਰੇ ਗੁਆਂਢ ਨੂੰ ਇਹ ਦ੍ਰਿਸ਼ ਦੇਖਣ ਲਈ ਮਜਬੂਰ ਕੀਤਾ ਗਿਆ।
‘ਕਿਮ-ਜੋਂਗ-ਉਨ’ ਨੇ ਬੀਤੇ ਸਾਲ ਆਪਣੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕਰਨ ਵਾਲੇ 5 ਅਧਿਕਾਰੀਆਂ ਨੂੰ ਰਾਤਰੀ ਭੋਜ ’ਤੇ ਸੱਦ ਕੇ ਸਪੈਸ਼ਲ ਫੌਜ ਦੇ ਜਵਾਨਾਂ ਕੋਲੋਂ ਗੋਲੀ ਮਰਵਾ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਹਿਰਾਸਤ ’ਚ ਲੈ ਲਿਆ।
ਉਸ ਦੇ ਰਾਜ ’ਚ ਉਸ ਨੇ ਜੋ ਕਹਿ ਦਿੱਤਾ ਉਹੀ ਅੰਤਿਮ ਹੈ। ਉੱਥੇ ਇੰਟਰਨੈੱਟ ’ਤੇ ਵੀ ਪਾਬੰਦੀ ਹੈ ਜਿਸ ਕਾਰਨ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਦੁਨੀਆ ਦੇ ਦੂਸਰੇ ਹਿੱਸੇ ’ਚ ਕੀ ਹੋ ਰਿਹਾ ਹੈ ਅਤੇ ਲੋਕ ਕਿਵੇਂ ਰਹਿ ਰਹੇ ਹਨ।
‘ਕਿਮ-ਜੋਂਗ-ਉਨ’ ਬੇਸ਼ੱਕ ਹੀ ਖੁਦ ਸਟਾਈਲਿਸ਼ ਹੇਅਰ ਸਟਾਈਲ ਰੱਖਦਾ ਹੈ ਪਰ ਉਸ ਨੇ ਆਪਣੇ ਦੇਸ਼ ਦੀ ਜਨਤਾ ਦੇ ਲਈ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਕੁਝ ਹੇਅਰ ਸਟਾਈਲ ਤੈਅ ਕਰ ਦਿੱਤੇ ਹਨ ਜਿਨ੍ਹਾਂ ਦੀ ਉਲੰਘਣਾ ਕਰਨ ’ਤੇ ਸਖਤ ਸਜ਼ਾ ਦੀ ਵਿਵਸਥਾ ਹੈ। ਮਰਦਾਂ ਨੂੰ ਲੰਬੇ ਵਾਲ ਰੱਖਣ ਦੀ ਇਜਾਜ਼ਤ ਨਹੀਂ ਹੈ ਅਤੇ ਔਰਤਾਂ ਨੂੰ ਕਿਮ ਦੀ ਪਤਨੀ ਦੇ ਹੇਅਰ ਸਟਾਈਲ ਦੀ ਨਕਲ ਕਰਨ ਲਈ ਕਿਹਾ ਗਿਆ ਹੈ।
ਉਸ ਨੇ ਦੇਸ਼ ਦੇ ਸਾਰੇ ਸਕੂਲਾਂ ’ਚ ਬੱਚਿਆਂ ਨੂੰ ਰੋਜ਼ਾਨਾ 90 ਮਿੰਟ ਆਪਣੀ ਮਹਾਨਤਾ ਦੀ ਕਹਾਣੀ ਪੜ੍ਹਾਉਣ ਦਾ ਹੁਕਮ ਵੀ ਦਿੱਤਾ ਹੈ ਤਾਂ ਕਿ ਬੱਚੇ ਉਸ ਨੂੰ ਹੀ ਆਪਣਾ ਆਦਰਸ਼ ਮੰਨਣ। ਉਸ ਦੀ ਭੈਣ ‘ਕਿਮ-ਯੋ-ਜੋਂਗ’ ਖੁਦ ਇਸ ਗੱਲ ਦੀ ਨਿਗਰਾਨੀ ਕਰਦੀ ਹੈ ਕਿ ਸਕੂਲ ’ਚ ਇਨ੍ਹਾਂ ਹੁਕਮਾਂ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ।
‘ਕਿਮ-ਯੋ-ਜੋਂਗ’ ਵੀ ਸਨਕ ਅਤੇ ਜ਼ੁਲਮਪੁਣੇ ’ਚ ਆਪਣੇ ਭਰਾ ਤੋਂ ਘੱਟ ਨਹੀਂ ਹੈ। ਅਜੇ ਪਿਛਲੇ ਮਹੀਨੇ ਹੀ ਉਸ ਨੇ ਦੇਸ਼ ’ਚ ਸਫਾਈ ਮੁਹਿੰਮ ਸ਼ੁਰੂ ਕਰਵਾਈ ਅਤੇ ਇਸ ਦੌਰਾਨ ਉਸ ਦੇ ਹੁਕਮ ’ਤੇ ਇਕ ਚੋਟੀ ਦੇ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਦੇ ਬਾਅਦ ਉੱਤਰੀ ਕੋਰੀਆ ਦੇ ਅਧਿਕਾਰੀਆਂ ’ਚ ਡਰ ਦਾ ਮਾਹੌਲ ਹੈ। ‘ਕਿਮ-ਯੋ-ਜੋਂਗ’ ਸੱਤਾ ਦੇ ਵਿਰੋਧੀਆਂ ਦੀ ਸੂਚੀ ਵੀ ਤਿਆਰ ਕਰਵਾ ਰਹੀ ਹੈ।
ਉੱਥੋਂ ਦੀਆਂ ਜੇਲਾਂ ’ਚ ਕੈਦੀਆਂ ਨੂੰ ਬਰਫ ਨਾਲ ਭਰੇ ਪਾਣੀ ’ਚ ਸੁੱਟ ਦਿੱਤਾ ਜਾਂਦਾ ਹੈ। ਜੇਕਰ ਕੋਈ ਵਿਅਕਤੀ ਜੇਲ ਚਲਾ ਗਿਆ ਤਾਂ ਉਸ ਦੇ ਜ਼ਿੰਦਾ ਬਾਹਰ ਆਉਣ ਦੀ ਕੋਈ ਗਾਰੰਟੀ ਨਹੀਂ ਹੈ। ਉੱਥੇ ਜੇਲਾਂ ’ਚ ਬੰਦ ਕੈਦੀ ਆਪਣੀ ਮੌਤ ਦੀ ਭੀਖ ਮੰਗਦੇ ਹਨ।
ਉਹ 240 ਪ੍ਰਮਾਣੂ ਹਥਿਆਰਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਦਾ ਇਕ ਅਸਲਾਘਰ ਬਣਾ ਰਿਹਾ ਹੈ ਜੋ ਪੱਛਮੀ ਦੇਸ਼ਾਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੌਰਾਨ ਇਹ ਖਦਸ਼ਾ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕੀ ‘ਕਿਮ-ਜੋਂਗ-ਉਨ’ ਪਾਕਿਸਤਾਨ ਨੂੰ ਪ੍ਰਮਾਣੂ ਬੰਬ ਬਣਾਉਣ ਦੀ ਤਕਨੀਕ ’ਚ ਮਦਦ ਤਾਂ ਨਹੀਂ ਕਰ ਰਿਹਾ!
ਇਸ ਦੇ ਇਰਾਦਿਆਂ ਨੂੰ ਲੈ ਕੇ ਵਿਸ਼ੇਸ਼ ਤੌਰ ’ਤੇ ਦੱਖਣੀ ਕੋਰੀਆ, ਅਮਰੀਕਾ, ਜਾਪਾਨ ਆਦਿ ਚਿੰਤਤ ਹਨ ਜਿਨ੍ਹਾਂ ਨੂੰ ‘ਕਿਮ-ਜੋਂਗ-ਉਨ’ ਆਪਣਾ ਦੁਸ਼ਮਣ ਮੰਨਦਾ ਹੈ। ਇਸ ਨੂੰ ਦੇਖਦੇ ਹੋਏ ਪੱਛਮੀ ਦੇਸ਼ਾਂ ਦੇ ਮਾਹਿਰਾਂ ਨੇ ਕਿਹਾ ਹੈ ਕਿ 12 ਲੱਖ ਫੌਜੀਆਂ ਦੀ ਸਹਾਇਤਾ ਨਾਲ ਦੇਸ਼ ’ਤੇ ਸ਼ਾਸਨ ਕਰ ਰਹੇ ਇਸ ਤਾਨਾਸ਼ਾਹ ਦੀ ਸਨਕ ਕਿਸੇ ’ਤੇ ਵੀ ਭਾਰੀ ਪੈ ਸਕਦੀ ਹੈ।
ਇਸ ਲਈ ਇਸ ਤਰ੍ਹਾਂ ਦੇ ਹਾਲਾਤ ’ਚ ਸਾਰਿਆਂ ਨੂੰ ਉਸ ਦੇ ਵਿਰੁੱਧ ਖੜ੍ਹਾ ਹੋਣਾ ਚਾਹੀਦਾ ਹੈ ਤਾਂ ਕਿ ਉਸ ਦੀਆਂ ਅਦੂਰਦਰਸ਼ੀ, ਊਲ-ਜਲੂਲ ਅਤੇ ਸਨਕਪੂਰਨ ਹਰਕਤਾਂ ਦਾ ਅਸਰ ਉਸ ਦੇ ਦੇਸ਼ਵਾਸੀਆਂ ਦੇ ਨਾਲ-ਨਾਲ ਦੁਨੀਆ ’ਤੇ ਨਾ ਪਵੇ।
-ਵਿਜੇ ਕੁਮਾਰ
‘ਅਮਰੀਕਾ ’ਚ ਗੋਲੀਬਾਰੀ ਅਤੇ ਹਿੰਸਾ’ ‘ਰੋਜ਼ ਦਾ ਬਣ ਗਿਆ ਸਿਲਸਿਲਾ’
NEXT STORY