ਦੁਨੀਆ 'ਚ ਸਮੇਂ-ਸਮੇਂ 'ਤੇ ਕਈ ਬੀਮਾਰੀਆਂ ਮਹਾਮਾਰੀ ਵਾਂਗ ਫੈਲਦੀਆਂ ਰਹਿੰਦੀਆਂ ਹਨ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਲੋਕ ਮੌਤ ਦਾ ਸ਼ਿਕਾਰ ਬਣਦੇ ਹਨ। ਇਨ੍ਹਾਂ ਬੀਮਾਰੀਆਂ 'ਚੋਂ ਕਈ ਬੀਮਾਰੀਆਂ ਦੇ ਰੋਗਾਣੂ ਸਾਡੇ ਸਰੀਰ 'ਚ ਪਸ਼ੂਆਂ ਦੇ ਜ਼ਰੀਏ ਪਹੁੰਚਦੇ ਹਨ ਅਤੇ ਇਨ੍ਹਾਂ 'ਚੋਂ ਹੀ ਇਕ ਰੋਗ ਹੈ 'ਨਿਪਾਹ'।
ਸਭ ਤੋਂ ਪਹਿਲਾਂ ਨਿਪਾਹ (ਐੱਨ. ਆਈ. ਵੀ.) ਰੋਗਾਣੂ (ਵਾਇਰਸ) ਦੀ ਪਛਾਣ ਸਤੰਬਰ 1998 'ਚ ਮਲੇਸ਼ੀਆ ਦੇ ਕਾਮਪੁੰਗ ਸੁੰਗਾਈ ਨਿਪਾਹ ਨਾਂ ਦੇ ਸਥਾਨ 'ਤੇ ਹੋਈ ਸੀ। ਉਦੋਂ ਇਹ ਸੂਰਾਂ 'ਚ ਫੈਲਿਆ ਸੀ ਅਤੇ ਇਸ ਦੇ ਸਿੱਟੇ ਵਜੋਂ ਸਤੰਬਰ 1998 ਤੋਂ ਅਪ੍ਰੈਲ 1999 ਤਕ ਉਥੇ 105 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਭਾਰਤ 'ਚ ਸਭ ਤੋਂ ਪਹਿਲਾਂ ਇਹ 2001 ਅਤੇ 2007 'ਚ ਬੰਗਾਲ ਦੇ ਸਿਲੀਗੁੜੀ ਅਤੇ ਨਾਦੀਆ 'ਚ ਫੈਲਿਆ, ਜਦੋਂ ਕੁਝ ਲੋਕਾਂ ਨੇ ਚਮਗਿੱਦੜਾਂ ਵਲੋਂ ਇਨਫੈਕਟਿਡ ਖਜੂਰ ਦਾ ਰਸ ਪੀ ਲਿਆ ਸੀ, ਜਿਸ ਕਾਰਣ ਕੁਲ 50 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਹ 2004 'ਚ ਬੰਗਲਾਦੇਸ਼ ਨੂੰ ਵੀ ਆਪਣਾ ਸ਼ਿਕਾਰ ਬਣਾ ਚੁੱਕਾ ਹੈ।
ਪਿਛਲੇ ਸਾਲ ਰਹੱਸਮਈ ਅਤੇ ਬੇਹੱਦ ਘਾਤਕ 'ਨਿਪਾਹ' ਵਾਇਰਸ ਨੇ ਭਾਰਤ ਦੇ ਕੇਰਲ 'ਚ ਧਾਵਾ ਬੋਲਿਆ ਅਤੇ ਗੈਰ-ਸਰਕਾਰੀ ਸੂਤਰਾਂ ਮੁਤਾਬਕ ਇਸ ਦੀ ਲਪੇਟ 'ਚ ਆਉਣ ਨਾਲ ਉਥੇ 16 ਵਿਅਕਤੀਆਂ ਦੀ ਮੌਤ ਹੋ ਗਈ ਸੀ। ਹੁਣ ਇਸ ਸਾਲ ਇਕ ਵਾਰ ਫਿਰ ਇਸ ਰੋਗ ਨੇ ਕੇਰਲ 'ਚ ਧਾਵਾ ਬੋਲ ਦਿੱਤਾ ਹੈ ਅਤੇ ਇਕ ਨੌਜਵਾਨ ਦੇ ਇਸ ਰੋਗ ਦੇ ਰੋਗਾਣੂ ਦੀ ਲਪੇਟ 'ਚ ਆਉਣ ਤੋਂ ਕੁਝ ਦਿਨਾਂ ਬਾਅਦ ਕਰਨਾਟਕ ਸਰਕਾਰ ਨੇ ਕੇਰਲ ਨਾਲ ਲੱਗਣ ਵਾਲੇ 8 ਜ਼ਿਲਿਆਂ 'ਚ ਅਲਰਟ ਐਲਾਨ ਦਿੱਤਾ ਹੈ।
ਜਾਣਕਾਰਾਂ ਅਨੁਸਾਰ ਇਸ ਵਾਇਰਸ ਦਾ ਚਿੰਤਾਜਨਕ ਪਹਿਲੂ ਇਹ ਹੈ ਕਿ ਇਹ ਵਾਇਰਸ ਬਹੁਤ ਤੇਜ਼ੀ ਨਾਲ ਇਨਫੈਕਸ਼ਨ ਫੈਲਾ ਕੇ ਭਾਰੀ ਜਾਨੀ ਨੁਕਸਾਨ ਦਾ ਕਾਰਣ ਬਣ ਸਕਦਾ ਹੈ। ਲਿਹਾਜ਼ਾ ਇਸ ਦੀ ਰੋਕਥਾਮ ਲਈ ਹੰਗਾਮੀ ਪੱਧਰ 'ਤੇ ਕਾਰਵਾਈ ਕਰਨ ਦੀ ਲੋੜ ਹੈ।
–ਵਿਜੇ ਕੁਮਾਰ
ਭਾਜਪਾ ਨਾਲ ਜਦ (ਯੂ) ਅਤੇ ਸ਼ਿਵ ਸੈਨਾ ਨਾਰਾਜ਼ ਮੋਹਨ ਭਾਗਵਤ ਨੇ ਵੀ ਦਿੱਤੀ ਉਨ੍ਹਾਂ ਨੂੰ ਨਸੀਹਤ
NEXT STORY