ਅੱਜਕਲ ਦੇਸ਼ ਦੀਆਂ ਦੋਵੇਂ ਵੱਡੀਆਂ ਸਿਆਸੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਅਗਲੇ ਸਾਲ ਦੇ ਸ਼ੁਰੂ ’ਚ 5 ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਮਣੀਪੁਰ ਅਤੇ ਸਾਲ ਦੇ ਅੰਤ ’ਚ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਨੂੰ ਲੈ ਕੇ ਆਪਣੀ ਰਣਨੀਤੀ ਅਧੀਨ ਕਈ ਤਜਰਬੇ ਕਰ ਰਹੀਆਂ ਹਨ।
ਇਸੇ ਲੜੀ ’ਚ ਭਾਜਪਾ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਣ ਲਈ ਇਸ ਸਾਲ ਦੇ ਸ਼ੁਰੂ ’ਚ ਵੱਡੀ ਗਿਣਤੀ ’ਚ ਤ੍ਰਿਣਮੂਲ ਕਾਂਗਰਸ ’ਚੋਂ ਦਲ-ਬਦਲੂਆਂ ਨੂੰ ਪਾਰਟੀ ’ਚ ਸ਼ਾਮਲ ਕਰ ਕੇ 13 ਵਿਧਾਇਕਾਂ ਨੂੰ ਟਿਕਟ ਦਿੱਤੀ ਪਰ ਉਨ੍ਹਾਂ ’ਚੋਂ ਸਿਰਫ 4 ਹੀ ਸਫਲਤਾ ਹਾਸਲ ਕਰ ਸਕੇ।
ਖੈਰ ਆਪਣੇ ਤਜਰਬੇ ਜਾਰੀ ਰੱਖਦੇ ਹੋਏ ਭਾਜਪਾ ਨੇ ਪਿਛਲੇ 6 ਮਹੀਨਿਆਂ ’ਚ ਆਪਣੇ ਰਾਜ ਵਾਲੇ ਤਿੰਨ ਸੂਬਿਆਂ ’ਚ 4 ਮੁੱਖ ਮੰਤਰੀ ਬਦਲ ਦਿੱਤੇ। ਉੱਤਰਾਖੰਡ ’ਚ 2, ਕਰਨਾਟਕ ’ਚ 1 ਅਤੇ ਗੁਜਰਾਤ ’ਚ ਇਕ ਮੁੱਖ ਮੰਤਰੀ ਨੂੰ ਬਦਲਿਆ ਗਿਆ।
ਸਭ ਤੋਂ ਵੱਡੀ ਤਬਦੀਲੀ ਗੁਜਰਾਤ ’ਚ ਕੀਤੀ ਗਈ, ਜਿਥੇ ਸੱਤਾ ਵਿਰੋਧੀ ਲਹਿਰ ਦੀ ਕਾਟ ਅਤੇ ਪਾਟੀਦਾਰ ਭਾਈਚਾਰੇ ਦੀ ਨਾਰਾਜ਼ਗੀ ਦੂਰ ਕਰਨ ਲਈ ਕੇਂਦਰੀ ਭਾਜਪਾ ਲੀਡਰਸ਼ਿਪ ਨੇ ਮੁੱਖ ਮੰਤਰੀ ਵਿਜੇ ਰੂਪਾਨੀ ਅਤੇ ਉਨ੍ਹਾਂ ਦੇ 22 ਮੰਤਰੀਆਂ ਦੀ ਪੂਰੀ ਟੀਮ ਕੋਲੋਂ ਅਸਤੀਫਾ ਦਿਵਾ ਕੇ ਪਹਿਲੀ ਵਾਰ ਵਿਧਾਇਕ ਬਣੇ ਭੁਪਿੰਦਰ ਪਟੇਲ ਨੂੰ ਨਵਾਂ ਮੁੱਖ ਮੰਤਰੀ ਬਣਾ ਕੇ ਸਭ 24 ਨਵੇਂ ਮੰਤਰੀ ਨਿਯੁਕਤ ਕਰ ਦਿੱਤੇ, ਜਿਨ੍ਹਾਂ ’ਚੋਂ ਮੁੱਖ ਮੰਤਰੀ ਸਮੇਤ 7 ਮੰਤਰੀ ਪਟੇਲ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ।
ਭਾਜਪਾ ਵਰਗਾ ਹੀ ਤਜਰਬਾ ਕਾਂਗਰਸ ਹਾਈਕਮਾਨ ਨੇ ਪੰਜਾਬ ’ਚ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਦੋ ਸਾਲ ਤੋਂ ਜਾਰੀ ਅਣਬਣ ਖਤਮ ਕਰਨ ਲਈ 18 ਸਤੰਬਰ ਨੂੰ ਅਮਰਿੰਦਰ ਸਿੰਘ ਕੋਲੋਂ ਅਸਤੀਫਾ ਦਿਵਾ ਕੇ 19 ਸਤੰਬਰ ਨੂੰ ਚਰਨਜੀਤ ਸਿੰਘ ਚੰਨੀ ਨੂੰ ਪੱਛੜੇ ਵਰਗ ਨਾਲ ਸੰਬੰਧਤ ਹੋਣ ਕਾਰਨ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਦਿੱਤਾ।
ਚੰਨੀ ਨੇ 20 ਸਤੰਬਰ ਨੂੰ ਆਪਣੇ ਦੋ ਉੱਪ ਮੁੱਖ ਮੰਤਰੀਆਂ ਨਾਲ ਸਹੁੰ ਚੁੱਕਣ ਪਿੱਛੋਂ ਨਵੀਂ ਦਿੱਲੀ ’ਚ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨਾਲ ਕਈ ਦੌਰ ਦੀਆਂ ਬੈਠਕਾਂ ਕਰਨ ਪਿੱਛੋਂ 26 ਸਤੰਬਰ ਨੂੰ ਆਪਣੇ ਨਵੇਂ ਮੰਤਰੀ ਮੰਡਲ ਨੂੰ ਰਾਜ ਭਵਨ ’ਚ ਸਹੁੰ ਦਿਵਾਈ, ਜਿਸ ’ਚ 7 ਨਵੇਂ ਅਤੇ 8 ਪੁਰਾਣੇ ਮੰਤਰੀ ਸ਼ਾਮਲ ਕੀਤੇ ਗਏ। ਇਨ੍ਹਾਂ ’ਚੋਂ 6 ਵਿਧਾਇਕਾਂ ਨੂੰ ਪਹਿਲੀ ਵਾਰ ਮੰਤਰੀ ਬਣਾਇਆ ਗਿਆ ਹੈ।
ਚਰਨਜੀਤ ਸਿੰਘ ਚੰਨੀ ਦੀ ਸਰਕਾਰ ’ਚ ‘ਨਵੇਂ 7’ ਮੰਤਰੀ ਹਨ ਰਾਜ ਕੁਮਾਰ ਵੇਰਕਾ (ਵਾਲਮੀਕਿ), ਸੰਗਤ ਸਿੰਘ ਗਿਲਜੀਆਂ (ਹੋਰਨਾਂ ਪੱਛੜੀਆਂ ਜਾਤੀਆਂ), ਪਰਗਟ ਸਿੰਘ, ਰਣਦੀਪ ਸਿੰਘ ਨਾਭਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ ਅਤੇ ਰਾਣਾ ਗੁਰਜੀਤ ਸਿੰਘ।
ਇਸ ਸਹੁੰ ਚੁੱਕ ਸਮਾਰੋਹ ’ਚ ਪਾਰਟੀ ਕੇਡਰ ’ਚ ਨਾਰਾਜ਼ਗੀ ਸਪੱਸ਼ਟ ਨਜ਼ਰ ਆਈ, ਜਿਥੇ ਹਟਾਏ ਗਏ ਮੰਤਰੀ ਆਪਣਾ ਦੋਸ਼ ਪੁੱਛਦੇ ਨਜ਼ਰ ਆਏ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਸੂਬਾਈ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਲ ਨਾ ਹੋ ਕੇ ਆਪਣੀ ਨਾਰਾਜ਼ਗੀ ਪ੍ਰਗਟਾਈ।
ਅਤੇ ਹੁਣ 26 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਂਨਾਥ ਨੇ ਆਪਣੀ ਕੈਬਨਿਟ ’ਚ ਖੇਤਰ ਅਤੇ ਜਾਤੀ ਦੇ ਸਮੀਕਰਨ ਨੂੰ ਧਿਆਨ ’ਚ ਰੱਖਦੇ ਹੋਏ 7 ਨਵੇਂ ਮੰਤਰੀਆਂ ਨੂੰ ਸ਼ਾਮਲ ਕਰ ਲਿਆ। ਇਨ੍ਹਾਂ ’ਚ ਕਾਂਗਰਸ ਛੱਡ ਕੇ ਭਾਜਪਾ ’ਚ ਆਏ ਸਾਬਕਾ ਕੇਂਦਰੀ ਰਾਜ ਮੰਤਰੀ ਜਿਤਿਨ ਪ੍ਰਸਾਦ (ਬ੍ਰਾਹਮਣ) ਤੋਂ ਇਲਾਵਾ ਸੰਗੀਤਾ ਬਲਵੰਤ ਬਿੰਦ, ਧਰਮਵੀਰ ਪ੍ਰਜਾਪਤੀ, ਪਲਟੂ ਰਾਮ, ਛਤਰਪਾਲ ਗੰਗਵਾਰ, ਦਿਨੇਸ਼ ਖਟੀਕ ਅਤੇ ਐੱਸ. ਕੇ. ਗੌੜ ਵੱਖ-ਵੱਖ ਪੱਛੜੇ ਵਰਗਾਂ ’ਚੋਂ ਹਨ।
ਛਤਰਪਾਲ ਗੰਗਵਾਰ ਦਾ ਬਰੇਲੀ ਅਤੇ ਆਸ-ਪਾਸ ਦੇ ਜ਼ਿਲਿਆਂ ’ਚ ਖੁਰਮੀ ਭਾਈਚਾਰੇ ’ਤੇ ਕਾਫੀ ਪ੍ਰਭਾਵ ਹੈ, ਜਦੋਂ ਕਿ ਪਲਟੂ ਰਾਮ ਜਾਟਵ ਸਮਾਜ ਨਾਲ ਸੰਬੰਧ ਰੱਖਦੇ ਹਨ, ਜਿਨ੍ਹਾਂ ਨੂੰ ਆਮ ਤੌਰ ’ਤੇ ਬਸਪਾ ਦਾ ਵੋਟਰ ਮੰਨਿਆ ਜਾਂਦਾ ਹੈ।
ਧਿਆਨ ਰਹੇ ਕਿ ਜਿਸ ਤਰ੍ਹਾਂ ਭਾਜਪਾ ਨੇ ਗੁਜਰਾਤ ’ਚ ਪਾਟੀਦਾਰ ਭਾਈਚਾਰੇ ਨੂੰ ਅਤੇ ਉੱਤਰ ਪ੍ਰਦੇਸ਼ ’ਚ ਬ੍ਰਾਹਮਣਾਂ ਤੇ ਪੱਛੜਿਆਂ ਨੂੰ ਲੁਭਾਉਣ ਲਈ ਆਪਣੀਆਂ ਸਰਕਾਰਾਂ ’ਚ ਇਨ੍ਹਾਂ ਵਰਗਾਂ ਨਾਲ ਸੰਬੰਧਤ ਮੰਤਰੀ ਲਏ ਹਨ, ਉਸੇ ਤਰ੍ਹਾਂ ਪੰਜਾਬ ’ਚ ਕਾਂਗਰਸ ਨੇ ਵੀ ਕੁਝ ਅਜਿਹਾ ਹੀ ਤਜਰਬਾ ਕੀਤਾ ਹੈ।
ਪਹਿਲਾਂ ਜਦੋਂ ਚੋਣਾਂ ਹੁੰਦੀਆਂ ਸਨ ਤਾਂ ਚੋਣ ਸਾਲ ’ਚ ਸੱਤਾਧਾਰੀ ਪਾਰਟੀ ਆਪਣੀਆਂ ਪ੍ਰਾਪਤੀਆਂ ਦੇ ਦਮ ’ਤੇ ਲੋਕਾਂ ’ਚ ਜਾਂਦੀ ਸੀ ਅਤੇ ਲੋਕਾਂ ਨੂੰ ਆਪਣੀ ਸਰਕਾਰ ਵਲੋਂ ਕੀਤੇ ਗਏ ਕੰਮਾਂ ਦੇ ਆਧਾਰ ’ਤੇ ਸੰਤੁਸ਼ਟ ਕਰ ਕੇ ਵੋਟ ਮੰਗਦੀ ਸੀ ਪਰ ਹੁਣ ਹਾਲਾਤ ਬਦਲ ਗਏ ਹਨ।
ਕਿਉਂਕਿ ਸਰਕਾਰਾਂ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੰਮ ਨਹੀਂ ਕਰ ਰਹੀਆਂ, ਇਸ ਲਈ ਸੱਤਾਧਾਰੀ ਪਾਰਟੀਆਂ ਆਪਣੇ ਮੰਤਰੀਆਂ ਪ੍ਰਤੀ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਦਲ ਰਹੀਆਂ ਹਨ ਜਾਂ ਚੋਣ ਰਣਨੀਤੀ ਅਧੀਨ ਜਾਤੀ ਸਮੀਕਰਨ ਬਣਾਉਣ ਲਈ ਆਖਰੀ ਮੌਕੇ ’ਤੇ ਫੇਰਬਦਲ ਕਰਨ ਲੱਗੀਆਂ ਹਨ।
ਕੁੱਲ ਮਿਲਾ ਕੇ ਇਸ ਸਮੇਂ ਦੇਸ਼ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਚਿੰਤਨ ਤੇ ਮਨਨ ਦਾ ਦੌਰ ਜ਼ੋਰਾਂ ’ਤੇ ਹੈ ਅਤੇ ਦੋਵੇਂ ਹੀ ਪਾਰਟੀਆਂ ਸੱਤਾ ’ਤੇ ਕਬਜ਼ਾ ਬਣਾਈ ਰੱਖਣ ਲਈ ਨਵੇਂ-ਨਵੇਂ ਤਜਰਬੇ ਕਰ ਰਹੀਆਂ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਨ੍ਹਾਂ ਤਜਰਬਿਆਂ ਦਾ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਕਿੰਨਾ ਲਾਭ ਪਹੁੰਚਦਾ ਹੈ ਅਤੇ ਲੋਕਾਂ ਨੂੰ ਕਿੰਨੀ ਰਾਹਤ ਮਿਲਦੀ ਹੈ।
–ਵਿਜੇ ਕੁਮਾਰ
ਬੇਲਾਰੂਸ ’ਤੇ ਕਬਜ਼ੇ ਦੀ ਤਾਕ ’ਚ ਰੂਸ
NEXT STORY