ਅਨੁਸ਼ਾਸਿਤ ਵਰਕਰ ਕਿਸੇ ਵੀ ਸਿਆਸੀ ਪਾਰਟੀ ਦੀ ਸ਼ਕਤੀ ਹੁੰਦੇ ਹਨ ਪਰ ਪਿਛਲੇ ਕੁਝ ਸਮੇਂ ਹਰਿਆਣਾ ’ਚ ਸੱਤਾਧਾਰੀ ਭਾਜਪਾ ਨਾਲ ਜੁੜੇ ਕੁਝ ਲੋਕਾਂ ਦੀਆਂ ਅਜਿਹੀਆਂ ਕਰਤੂਤਾਂ ਸਾਹਮਣੇ ਆ ਰਹੀਆਂ ਹਨ ਜੋ ਪਾਰਟੀ ਦੀ ਆਲੋਚਨਾ ਦਾ ਕਾਰਨ ਬਣ ਰਹੀਅਾਂ ਹਨ। 24 ਮਈ ਨੂੰ ਕਰਨਾਲ ਭਾਜਪਾ ਦੇ ਸਾਬਕਾ ਪ੍ਰਧਾਨ ਚੰਦਰ ਪ੍ਰਕਾਸ਼ ਕਥੂਰੀਆ ਨੰੂ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਨੇ ਕਥਿਤ ਅਨੈਤਿਕ ਸਰਗਰਮੀਆਂ ਦੇ ਦੋਸ਼ ’ਚ 6 ਸਾਲ ਦੇ ਲਈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕੀਤਾ ਹੈ।ਦੱਸਿਆ ਜਾਂਦਾ ਹੈ ਕਿ ਉਹ ਚੰਡੀਗੜ੍ਹ ਦੇ ਸੈਕਟਰ-63 ’ਚ ਆਪਣੀ ਕਾਰ ਪਾਰਕਿੰਗ ’ਚ ਖੜ੍ਹੀ ਕਰ ਕੇ ਆਪਣੀ ਇਕ ਮਹਿਲਾ ਮਿੱਤਰ ਨੂੰ ਮਿਲਣ ਆਇਆ ਕਰਦੇ ਸਨ। ਪੁਲਸ ਜਾਂਚ ਦੇ ਅਨੁਸਾਰ ਘਟਨਾ ਦੇ ਦਿਨ ਵੀ ਉਹ ਮਹਿਲਾ ਮਿੱਤਰ ਦੇ ਨਾਲ ਫੈਲਟ ’ਚ ਮੌਜੂਦ ਸਨ ਤਦ ਮਹਿਲਾ ਦਾ ਜਾਣੂ ਉਥੇ ਆ ਗਿਆ ਤਾਂ ਕਥੂਰੀਆ ਤੀਸਰੀ ਮੰਜ਼ਿਲ ਤੋਂ ਕੱਪੜਾ ਬੰਨ੍ਹ ਕੇ ਹੇਠਾਂ ਉਤਰਨ ਦੀ ਕੋਸ਼ਿਸ਼ ’ਚ ਜ਼ਖਮੀ ਹੋ ਗਏ ਸਨ।
ਉਨ੍ਹਾਂ ਨੂੰ ਇਲਾਜ ਲਈ ਪੀ.ਜੀ.ਆਈ. ’ਚ ਦਾਖਲ ਕਰਵਾਇਆ ਗਿਆ ਪਰ ਉਹ ਉਥੋਂ ਫੋਰਟਿਸ ਹਸਪਤਾਲ ਜਾਂਦੇ ਹੋਏ ਰਸਤੇ ’ਚ ਹੀ ਗਾਇਬ ਹੋ ਗਏ।
ਫਿਰ 5 ਜੂਨ ਨੂੰ ਹਰਿਆਣਾ ਭਾਜਪਾ ਦੀ ਨੇਤਾ ਅਤੇ ਟਿਕਟਾਕ ਸਟਾਰ ਸੋਨਾਲੀ ਫੋਗਾਟ ਵਲੋਂ ਹਿਸਾਰ ’ਚ ਮਾਰਕੀਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਨੂੰ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਣ ’ਤੇ ਬਵਾਲ ਮਚ ਗਿਆ। ਜਿਸ ’ਤੇ ਹਰਿਆਣਾ ਦੀ ਬਿਨੈਨ ਖਾਪ ਪੰਚਾਇਤ ਨੇ ਸੋਨਾਲੀ ਨੂੰ ਗ੍ਰਿਫਤਾਰ ਕਰਨ ਲਈ ਪ੍ਰਸ਼ਾਸਨ ਨੂੰ 21 ਜੂਨ ਤਕ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਅਜਿਹਾ ਨਾ ਕਰਨ ’ਤੇ 22 ਜੂਨ ਤੋਂ ਪਿੰਡ ਸੱਚਾਖੇੜਾ ’ਚ ਅੰਦੋਲਨ ਵਜੋਂ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ।
13 ਜੂਨ ਨੂੰ ਅੰਬਾਲਾ ’ਚ ਪੁਲਸ ਨੇ ਭਾਜਪਾ ਦੇ ਅੰਬਾਲਾ ਜ਼ਿਲਾ ਪ੍ਰਧਾਨ ਜਗਮੋਹਨ ਲਾਲ ਦੇ ਪੁੱਤਰ ਅਮਿਤ ਅਤੇ ਉਸਦੇ ਸਾਥੀ ਨੰੂ 60 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ।
ਇਸ ਨਾਲ ਜਿਥੇ ਸੂਬੇ ’ਚ ਨਸ਼ੇ ਦੇ ਕਾਰੋਬਾਰ ’ਚ ਨੱਥ ਪਾਉਣ ਦੇ ਭਾਜਪਾ ਸਰਕਾਰ ਦੇ ਦਾਅਵਿਆਂ ’ਤੇ ਸਵਾਲੀਆ ਨਿਸ਼ਾਨ ਲਗ ਗਿਆ ਹੈ ਉਥੇ ਅੰਬਾਲਾ ਭਾਜਪਾ ਪ੍ਰਧਾਨ ਵਿਰੋਧੀ ਪਾਰਟੀਅਾਂ ਦੇ ਨਿਸ਼ਾਨੇ ’ਤੇ ਆ ਗਏ ਹਨ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਹੀ ਅਮਿਤ ਮਾਰਚ ’ਚ 30 ਗ੍ਰਾਮ ਹੈਰੋਇਨ ਨਾਲ ਡੇਰਾਬੱਸੀ ’ਚ ਫੜਿਆ ਗਿਆ ਸੀ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਦੇ ਅਨੁਸਾਰ ਸੂਬਾ ਭਾਜਪਾ ਦੇ ਨੇਤਾਵਾਂ ਕਾਨੂੰਨ ਤੋੜਨ ਦੀ ਹੋੜ ਜਿਹੀ ਲੱਗੀ ਹੋਈ ਹੈ।
ਇਸ ਗਲਤ ਰੁਝਾਨ ’ਤੇ ਰੋਕ ਲਗਾਉਣ ਲਈ ਕਿਸੇ ਦੀ ਮੁਅੱਤਲੀ ਹੀ ਕਾਫੀ ਨਹੀਂ ਹੈ ਸਗੋਂ ਦੋਸ਼ੀ ਨੂੰ ਤੱਤਕਾਲ ਦੰਡ ਅਤੇ ਪੀੜਤ ਨੂੰ ਨਿਆਂ ਦਿਵਾਉਣ ਦੀ ਲੋੜ ਹੈ ਤਾਂ ਕਿ ਦੂਸਰਿਆਂ ਨੰੂ ਵੀ ਨਸੀਹਤ ਮਿਲੇ ਅਤੇ ਪਾਰਟੀ ’ਚ ਉਹ ਅਨੁਸ਼ਾਸਨ ਕਾਇਮ ਰਹੇ ਜਿਸਦਾ ਪਾਰਟੀ ਦਾਅਵਾ ਕਰਦੀ ਹੈ।
-ਵਿਜੇ ਕੁਮਾਰ
ਹੁਣ ਕੋਰੋਨਾ ਯੋਧਿਆਂ ਲਈ ਤਨਖਾਹ ਵੀ ਨਹੀਂ
NEXT STORY