ਉਂਝ ਤਾਂ ਭਾਰਤ ’ਚ ਔਰਤਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ ਅਤੇ ਸਾਡੇ ਧਾਰਮਿਕ ਗ੍ਰੰਥਾਂ ’ਚ ਵੀ ਲਿਖਿਆ ਹੈ ਕਿ ਜਿੱਥੇ ਨਾਰੀ ਦੀ ਪੂਜਾ ਹੁੰਦੀ ਹੈ, ਉਥੇ ਦੇਵਤੇ ਵਾਸ ਕਰਦੇ ਹਨ ਪਰ ਅੱਜ ਜ਼ਮਾਨਾ ਬਦਲ ਗਿਆ ਹੈ। ਵੱਖ-ਵੱਖ ਖੇਤਰਾਂ ’ਚ ਤਰੱਕੀ ਦੇ ਬਾਵਜੂਦ ਕਈ ਮਾਮਲਿਅਾਂ ’ਚ ਅੱਜ ਵੀ ਭਾਰਤੀ ਨਾਰੀ ਕਮਜ਼ੋਰ, ਲਾਚਾਰ ਤੇ ਬੇਵੱਸ ਹੈ।
ਇਸ ਦਾ ਸਬੂਤ ਹਨ ਹਰੇਕ ਉਮਰ ਵਰਗ ਦੀਅਾਂ ਭਾਰਤੀ ਔਰਤਾਂ ਵਲੋਂ ਕੀਤੀਅਾਂ ਜਾਣ ਵਾਲੀਅਾਂ ਖ਼ੁਦਕੁਸ਼ੀਅਾਂ ਦੇ ਅੰਕੜੇ। ਹੁਣੇ ਜਿਹੇ ‘ਲਾਂਸੈਟ ਪਬਲਿਕ ਹੈਲਥ’ ਦੇ ਇਕ ਅਧਿਐਨ ਮੁਤਾਬਿਕ ਔਰਤਾਂ ਵਲੋਂ ਖ਼ੁਦਕੁਸ਼ੀਅਾਂ ਕੀਤੇ ਜਾਣ ਦੇ ਮਾਮਲੇ ’ਚ ਭਾਰਤ ਦਾ ਦੁਨੀਆ ਭਰ ’ਚ ਪਹਿਲਾ ਸਥਾਨ ਹੈ।
ਦੁਨੀਆ ’ਚ ਖੁਦਕੁਸ਼ੀ ਕਰਨ ਵਾਲੀਅਾਂ ਹਰੇਕ 3 ਔਰਤਾਂ ਪਿੱਛੇ ਇਕ ਭਾਰਤੀ ਔਰਤ ਖ਼ੁਦਕੁਸ਼ੀ ਕਰਦੀ ਹੈ। ਵਿਕਸਿਤ ਸਮਝਿਆ ਜਾਣ ਵਾਲਾ ਦੱਖਣ ਭਾਰਤੀ ਸੂਬਾ ਕਰਨਾਟਕ ਔਰਤਾਂ ਦੀਅਾਂ ਖ਼ੁਦਕੁਸ਼ੀਅਾਂ ਦੇ ਮਾਮਲੇ ’ਚ ਚੋਟੀ ’ਤੇ ਹੈ।
‘ਯੂਨੀਵਰਸਿਟੀ ਆਫ ਵਾਸ਼ਿੰਗਟਨ’ ਦੀ ਰਾਖੀ ਡੋਡਨਾ ਤੇ ਉਨ੍ਹਾਂ ਦੇ ਸਾਥੀਅਾਂ ਨੇ 1990 ਤੋਂ 2016 ਤਕ ਭਾਰਤ ’ਚ ਔਰਤਾਂ ਵਲੋਂ ਖ਼ੁਦਕੁਸ਼ੀਅਾਂ ਕੀਤੇ ਜਾਣ ਦੀ ਦਰ ਦੀ ਪੁਸ਼ਟੀ ਕਰਨ ਲਈ ਅੰਕੜਿਅਾਂ ਦਾ ਵਿਸ਼ਲੇਸ਼ਣ ਕਰਨ ਮਗਰੋਂ ਇਹ ਸਿੱਟਾ ਕੱਢਿਆ ਹੈ ਕਿ ਭਾਰਤ ’ਚ ਹਰ ਸਾਲ 2,30,000 ਔਰਤਾਂ ਵੱਖ-ਵੱਖ ਕਾਰਨਾਂ ਕਰਕੇ ਖ਼ੁਦਕੁਸ਼ੀਅਾਂ ਕਰਦੀਅਾਂ ਹਨ।
ਰਾਖੀ ਡੋਡਨਾ ਦਾ ਇਹ ਵੀ ਕਹਿਣਾ ਹੈ ਕਿ ਭਾਰਤ ’ਚ ਖ਼ੁਦਕੁਸ਼ੀਅਾਂ ਦੇ ਮਾਮਲਿਅਾਂ ਨੂੰ ਰਫਾ-ਦਫਾ ਕਰਨਾ ਆਮ ਗੱਲ ਹੈ ਤੇ ਇਹ ਅੰਕੜਾ ਭਾਰਤ ਦੇ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਨਾਲੋਂ ਬਹੁਤ ਜ਼ਿਆਦਾ ਹੈ।
‘ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ’ (ਆਈ. ਸੀ. ਐੱਮ. ਆਰ.) ਅਤੇ ਹੋਰ ਸੰਸਥਾਵਾਂ ਦੇ ਅਧਿਐਨ ਮੁਤਾਬਿਕ ਭਾਰਤੀ ਔਰਤਾਂ ਵਲੋਂ ਖ਼ੁਦਕੁਸ਼ੀਅਾਂ ਕੀਤੇ ਜਾਣ ਦੀ ਦਰ ’ਚ 11 ਫੀਸਦੀ ਵਾਧਾ ਹੋਇਆ ਹੈ।
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਹ ਭਾਰਤ ’ਚ 15-39 ਸਾਲ ਉਮਰ ਵਰਗ ’ਚ ਔਰਤਾਂ ਦੀਅਾਂ ਮੌਤਾਂ ਦਾ ਵੱਡਾ ਕਾਰਨ ਹੈ। ਪਿਛਲੀ ਚੌਥਾਈ ਸਦੀ ’ਚ ਭਾਰਤ ਅੰਦਰ ਵਿਆਹੁਤਾ ਔਰਤਾਂ ਵਲੋਂ ਖ਼ੁਦਕੁਸ਼ੀਅਾਂ ਕੀਤੇ ਜਾਣ ਦੀ ਦਰ ’ਚ ਵਾਧਾ ਹੋਇਆ ਹੈ ਤੇ ਵਿਆਹ ਵੀ ਔਰਤਾਂ ਲਈ ਸੁਰੱਖਿਆ ਦੀ ਗਾਰੰਟੀ ਨਹੀਂ ਰਿਹਾ।
ਪਰਿਵਾਰਕ, ਸਮਾਜਿਕ, ਆਰਥਿਕ, ਸੱਭਿਆਚਾਰਕ, ਮਨੋਵਿਗਿਆਨਿਕ ਅਤੇ ਸਿਹਤ ਸਬੰਧੀ ਕਾਰਨਾਂ ਕਰਕੇ ਔਰਤਾਂ ਖ਼ੁਦਕੁਸ਼ੀਅਾਂ ਕਰਦੀਅਾਂ ਹਨ। ਬੇਸ਼ੱਕ ਰਿਸ਼ਤਿਅਾਂ ’ਚ ਖੁੱਲ੍ਹਾਪਣ ਆਉਣ ਕਰਕੇ ਅਤੇ ਪੜ੍ਹ-ਲਿਖ ਕੇ ਕੁੜੀਅਾਂ ਕੰਮਕਾਜ ਕਰਨ ਲੱਗ ਪਈਅਾਂ ਹਨ ਪਰ ਨੌਕਰੀ ਅਤੇ ਰਿਲੇਸ਼ਨਸ਼ਿਪ ਦੀਅਾਂ ਉਲਝਣਾਂ ’ਚੋਂ ਪੈਦਾ ਹੋਏ ਵੱਖ-ਵੱਖ ਤਰ੍ਹਾਂ ਦੇ ਤਣਾਅ, ਸਮਾਜ ਅੰਦਰ ਹੋ ਰਹੇ ਔਰਤਾਂ ਵਿਰੁੱਧ ਅਪਰਾਧਾਂ, ਖਾਹਿਸ਼ਾਂ ਪੂਰੀਅਾਂ ਨਾ ਹੋਣ ਕਰਕੇ ਪੈਦਾ ਹੋਈ ਨਿਰਾਸ਼ਾ ਅਤੇ ਵੱਖ-ਵੱਖ ਕਾਰਨਾਂ ਕਰਕੇ ਹੋਣ ਵਾਲੀ ਹਿੰਸਾ ਨੇ ਉਨ੍ਹਾਂ ਨੂੰ ਘੇਰ ਲਿਆ ਹੈ।
ਮਨੋਵਿਗਿਆਨਿਕ ਡਾਕਟਰ ਆਸ਼ੀਸ਼ ਦੇਸ਼ਪਾਂਡੇ ਅਨੁਸਾਰ, ‘‘ਔਰਤਾਂ ਵਲੋਂ ਖੁਦਕੁਸ਼ੀਅਾਂ ਕੀਤੇ ਜਾਣ ਦੇ ਮਾਮਲਿਆਂ ’ਚ 11 ਫੀਸਦੀ ਵਾਧੇ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਜੇ ਅਸੀਂ ਮੌਜੂਦਾ ਪਰਿਵਾਰਕ ਮਾਹੌਲ ਨੂੰ ਦੇਖੀਏ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਔਰਤਾਂ ਨੂੰ ਪਰਿਵਾਰ ਤੋਂ ਸਮੁੱਚਾ ਸਮਰਥਨ ਨਹੀਂ ਮਿਲਦਾ।’’
‘‘ਹਾਲਾਂਕਿ ਨਵੇਂ ਯੁੱਗ ਦੀ ਔਰਤ ‘ਸਸ਼ਕਤ’ ਭਾਵ ਮਜ਼ਬੂਤ (Empowered) ਹੈ ਪਰ ਇਹ ਸਸ਼ਕਤੀਕਰਨ ਉਸ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਣ ’ਚ ਕੋਈ ਖਾਸ ਭੂਮਿਕਾ ਨਹੀਂ ਨਿਭਾਉਂਦਾ। ਔਰਤਾਂ ਨੂੰ ਸਮਾਜ ’ਚ ਵੱਖ-ਵੱਖ ਭੂਮਿਕਾਵਾਂ ਨਿਭਾਉਣੀਅਾਂ ਪੈਂਦੀਅਾਂ ਹਨ ਤੇ ਇਸੇ ਦਬਾਅ ਦੇ ਸਿੱਟੇ ਵਜੋਂ ਉਨ੍ਹਾਂ ’ਚ ਖ਼ੁਦਕੁਸ਼ੀਅਾਂ ਦੀ ਦਰ ’ਚ ਵਾਧਾ ਹੋ ਰਿਹਾ ਹੈ।’’
ਇਸੇ ਤਰ੍ਹਾਂ ਇਕ ਹੋਰ ਮਨੋਵਿਗਿਆਨਿਕ ਡਾਕਟਰ ਅਾਦਿਤੀ ਅਾਚਾਰੀਆ ਦਾ ਕਹਿਣਾ ਹੈ ਕਿ ‘‘ਜੀਵਨ ਸ਼ੈਲੀ ’ਚ ਤਬਦੀਲੀ ਅਤੇ ਔਰਤਾਂ ’ਤੇ ਪੈਣ ਵਾਲਾ ਜ਼ਿੰਮੇਵਾਰੀਅਾਂ ਦਾ ਬੋਝ ਉਨ੍ਹਾਂ ’ਚ ਬਹੁਤ ਜ਼ਿਆਦਾ ਤਣਾਅ ਪੈਦਾ ਕਰ ਰਿਹਾ ਹੈ।’’
ਸਮਾਜਿਕ ਸਸ਼ਕਤੀਕਰਨ ਦੇ ਬਾਵਜੂਦ ਔਰਤਾਂ ਵਲੋਂ ਵੱਡੀ ਗਿਣਤੀ ’ਚ ਖ਼ੁਦਕੁਸ਼ੀਅਾਂ ਕੀਤੇ ਜਾਣ ਦਾ ਰੁਝਾਨ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਨੂੰ ਸਮਾਜ ਸ਼ਾਸਤਰੀ ਪ੍ਰੋ. ਵਿਸ਼ਵਜੀਤ ਦਾਸਗੁਪਤਾ ਨੇ ‘ਕੌਮੀ ਐਮਰਜੈਂਸੀ’ ਵਰਗਾ ਕਰਾਰ ਦਿੱਤਾ ਹੈ।
ਇਸ ਨੂੰ ਰੋਕਣ ਲਈ ਪਰਿਵਾਰਕ, ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਕਾਰਨਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਦੂਰ ਕਰਨ ਦੀ ਦਿਸ਼ਾ ’ਚ ਠੋਸ ਪਹਿਲ ਕਰਨੀ ਜ਼ਰੂਰੀ ਹੈ ਤਾਂ ਕਿ ਔਰਤਾਂ ’ਚ ਖ਼ੁਦਕੁਸ਼ੀਅਾਂ ਦੇ ਗਲਤ ਰੁਝਾਨ ਵਿਰੁੱਧ ਜਾਗਰੂਕਤਾ ਪੈਦਾ ਕਰ ਕੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਅਾਂ ਦਾ ਸਾਹਮਣਾ ਕਰਨ ਦੇ ਯੋਗ ਬਣਾਇਆ ਜਾ ਸਕੇ। ਸਹੀ ਸਮੇਂ ’ਤੇ ਸਹਾਇਤਾ, ਤਸੱਲੀ ਤੇ ਉਤਸ਼ਾਹ ਔਰਤਾਂ ਦੀ ਮੁਸ਼ਕਿਲ ਨੂੰ ਬਹੁਤ ਹੱਦ ਤਕ ਆਸਾਨ ਬਣਾ ਸਕਦੇ ਹਨ। ਇਹ ਕੰਮ ਸਮਾਜ ਨੂੰ ਕਰਨਾ ਪੈਣਾ ਹੈ।
–ਵਿਜੇ ਕੁਮਾਰ
ਭਾਰਤੀ ਰੇਲ ਗੱਡੀਅਾਂ ’ਚ ਹੱਤਿਆ ਤੇ ਲੁੱਟਮਾਰ ਦੀਅਾਂ ਘਟਨਾਵਾਂ ’ਚ ਭਾਰੀ ਵਾਧਾ
NEXT STORY