ਪੁਲਾੜ ਦੀ ਦੁਨੀਆ ’ਚ ਕੌਮਾਂਤਰੀ ਪੱਧਰ ’ਤੇ ਭਾਰਤ ਇਕ ਤੋਂ ਬਾਅਦ ਇਕ ਉਪਲੱਬਧੀਆਂ ਹਾਸਿਲ ਕਰ ਰਿਹਾ ਹੈ ਤੇ ਇਸੇ ਕੜੀ ’ਚ ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਨੇ ਸੋਮਵਾਰ 22 ਜੁਲਾਈ ਨੂੰ ਬਾਅਦ ਦੁਪਹਿਰ 2 ਵੱਜ ਕੇ 43 ਮਿੰਟ ’ਤੇ ਆਪਣੇ ਵੱਡੀਆਂ ਖਾਹਿਸ਼ਾਂ ਵਾਲੇ ਚੰਦਰਯਾਨ-2 ਨੂੰ ਸ਼੍ਰੀਹਰੀ ਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ (ਐੱਸ. ਡੀ. ਐੱਸ. ਸੀ.) ਤੋਂ ‘ਬਾਹੂਬਲੀ’ ਨਾਂ ਦੇ ਆਪਣੇ ਸਭ ਤੋਂ ਵੱਧ ਤਾਕਤਵਰ ਰਾਕੇਟ ਜੀ. ਐੱਸ. ਐੱਲ. ਵੀ. ਮਾਰਕ-3 ਐੱਮ.1 ਰਾਹੀਂ ਧਰਤੀ ਦੇ ਪੰਧ ’ਚ ਸਫਲਤਾਪੂਰਵਕ ਸਥਾਪਿਤ ਕਰ ਦਿੱਤਾ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਚੰਦਰਯਾਨ-2 ਨੂੰ ਅਕਤੂਬਰ 2018 ’ਚ ਭੇਜਿਆ ਜਾਣਾ ਸੀ। ਬਾਅਦ ਵਿਚ ਇਹ ਤਰੀਕ 3 ਜਨਵਰੀ ਅਤੇ ਫਿਰ 31 ਜਨਵਰੀ ਕਰ ਦਿੱਤੀ ਗਈ ਪਰ 31 ਜਨਵਰੀ ਨੂੰ ਵੀ ਇਸ ਦਾ ਪ੍ਰਖੇਪਣ ਨਾ ਹੋਣ ਕਾਰਣ ਇਸ ਨੂੰ 15 ਜੁਲਾਈ ਤਕ ਟਾਲ ਦਿੱਤਾ ਗਿਆ ਸੀ। 15 ਜੁਲਾਈ ਨੂੰ ਵੀ ਐਨ ਆਖਰੀ ਸਮੇਂ ’ਤੇ ਇਸ ਦੇ ਲਾਂਚਿੰਗ ਵ੍ਹੀਕਲ ’ਚ ਤਕਨੀਕੀ ਖਾਮੀ ਆ ਜਾਣ ਕਾਰਣ ਇਕ ਵਾਰ ਫਿਰ ਇਸ ਦੀ ਲਾਂਚਿੰਗ ਟਾਲ ਦਿੱਤੀ ਗਈ ਅਤੇ ਅਖੀਰ ਸਾਰੀਆਂ ਖਾਮੀਆਂ ਦੂਰ ਕਰਨ ਤੋਂ ਬਾਅਦ 22 ਜੁਲਾਈ ਨੂੰ ਬਾਅਦ ਦੁਪਹਿਰ 2.43 ਵਜੇ ਦਾ ਸਮਾਂ ਪ੍ਰਖੇਪਣ ਲਈ ਤੈਅ ਕੀਤਾ ਗਿਆ ਅਤੇ ਇਸ ਵਾਰ ਤੈਅ ਸਮੇਂ ’ਤੇ 978 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਚੰਦਰਯਾਨ-2 ਨੂੰ ਚੰਦਰਮਾ ਵੱਲ ਰਵਾਨਾ ਕਰ ਦਿੱਤਾ ਗਿਆ। ਇਸਰੋ ਮੁਖੀ ਕੇ. ਸੀਵਨ ਅਨੁਸਾਰ ਅਗਲੇ ਡੇਢ ਮਹੀਨੇ ਤੋਂ ਬਾਅਦ ਉਹ ਦਿਨ ਆਵੇਗਾ, ਜਦੋਂ ਚੰਦਰਮਾ ਦੇ ਦੱਖਣੀ ਧਰੁਵ ਨੇੜੇ ਸੁਰੱਖਿਅਤ ਲੈਂਡਿੰਗ ਯਕੀਨੀ ਕਰਨ ਲਈ 15 ਮਿੰਟ ਤਕ ਸਾਡੇ ਦਿਲਾਂ ਦੀਆਂ ਧੜਕਣਾਂ ਵਧ ਜਾਣਗੀਆਂ ਅਤੇ ਇਹ ਸਭ ਤੋਂ ਗੁੰਝਲਦਾਰ ਪੜਾਅ ਹੋਵੇਗਾ। ਚੰਦਰਯਾਨ-2 ਮੁਹਿੰਮ ਆਪਣੇ ਆਪ ’ਚ ਖਾਸ ਹੈ ਕਿਉਂਕਿ ਇਹ ਚੰਦਰਮਾ ਦੇ ਦੱਖਣੀ ਧਰੁਵ ਖੇਤਰ ’ਚ ਉਤਰੇਗਾ, ਜਿੱਥੇ ਅਜੇ ਤਕ ਕੋਈ ਦੇਸ਼ ਨਹੀਂ ਪਹੁੰਚ ਸਕਿਆ ਹੈ ਅਤੇ ਖੋਜ ਤੇ ਅਧਿਐਨ ਕਰ ਕੇ ਚੰਦਰਮਾ ਬਾਰੇ ਨਵੀਂ ਜਾਣਕਾਰੀ ਮੁਹੱਈਆ ਕਰਵਾਏਗਾ, ਜੋ ਇਸ ਤੋਂ ਪਹਿਲਾਂ ਕਿਸੇ ਮਿਸ਼ਨ ’ਚ ਨਹੀਂ ਹੋਇਆ। ਇਹ 6 ਤੋਂ 8 ਸਤੰਬਰ ਵਿਚਾਲੇ ਚੰਦਰਮਾ ਦੇ ਦੱਖਣੀ ਧਰੁਵ ਖੇਤਰ ’ਚ ਉਤਰਨ ਤੋਂ ਪਹਿਲਾਂ 15 ਮਹੱਤਵਪੂਰਨ ਮੁਹਿੰਮ ਪੜਾਵਾਂ ’ਚੋਂ ਲੰਘੇਗਾ, ਜਿਸ ਨਾਲ ਚੰਦਰਮਾ ਦੇ ਅਣਸੁਲਝੇ ਭੇਤ ਜਾਣਨ ’ਚ ਸਹਾਇਤਾ ਮਿਲੇਗੀ, ਜਿਸ ਨਾਲ ਭਾਰਤ ਅਤੇ ਪੂਰੀ ਮਨੁੱਖਤਾ ਨੂੰ ਲਾਭ ਹੋਵੇਗਾ। ਇਹ ਇਸਰੋ ਦਾ ਸਭ ਤੋਂ ਗੁੰਝਲਦਾਰ ਅਤੇ ਸਭ ਤੋਂ ਵੱਧ ਵੱਕਾਰੀ ਮਿਸ਼ਨ ਹੈ । 15 ਮੰਜ਼ਿਲਾਂ ਦੇ ਬਰਾਬਰ ਉੱਚਾ ਚੰਦਰਯਾਨ-2 ਧਰਤੀ ਦੀਆਂ ਚਾਰ ਪਰਿਕਰਮਾਵਾਂ 47 ਦਿਨਾਂ ’ਚ ਕਰ ਕੇ ਚੰਦਰਮਾ ’ਤੇ ਪਹੁੰਚੇਗਾ। ਇਸ ਦਾ ਉਦੇਸ਼ ਚੰਦਰਮਾ ’ਤੇ ਪਾਣੀ ਦੀ ਮਾਤਰਾ ਦਾ ਅਨੁਮਾਨ ਲਾਉਣਾ, ਚੰਦਰਮਾ ਦੇ ਬਾਹਰੀ ਵਾਤਾਵਰਣ ਦਾ ਵਿਸ਼ਲੇਸ਼ਣ ਕਰਨਾ ਅਤੇ ਚੰਦਰਮਾ ’ਤੇ ਮੌਜੂਦ ਖਣਿਜਾਂ ਅਤੇ ਰਸਾਇਣਾਂ ਦਾ ਅਧਿਐਨ ਕਰਨਾ ਹੈ। ਅੱਜ ਸਮੁੱਚਾ ਦੇਸ਼ ਇਸਰੋ ਦੀ ਇਸ ਉਪਲੱਬਧੀ ’ਤੇ ਖੁਸ਼ ਹੈ, ਜਿਸ ਦੇ ਲਈ ਇਸਰੋ ਦੇ ਵਿਗਿਆਨੀ ਵਧਾਈ ਦੇ ਪਾਤਰ ਹਨ। ਚੰਦਰਯਾਨ-2 ਨੂੰ ਸਫਲਤਾਪੂਰਵਕ ਦਾਗ ਕੇ ਭਾਰਤ ਪੁਲਾੜ ਵਿਚ ਇਕ ਵੱਡੀ ਛਾਲ ਮਾਰ ਕੇ ਪੁਲਾੜ ’ਤੇ ਜਿੱਤ ਹਾਸਿਲ ਕਰਨ ਦੇ ਇੱਛੁਕ ਦੇਸ਼ਾਂ ਦੀ ਦੌੜ ’ਚ ਸ਼ਾਮਿਲ ਹੋ ਗਿਆ ਹੈ। ਆਸ ਕਰਨੀ ਚਾਹੀਦੀ ਹੈ ਕਿ ਭਾਰਤ ਚੰਦਰਯਾਨ-2 ਰਾਹੀਂ ਚੰਦਰਮਾ ’ਤੇ ਆਪਣੀ ਸਫਲਤਾ ਦਾ ਝੰਡਾ ਲਹਿਰਾਉਣ ਵਿਚ ਸਫਲ ਹੋਵੇਗਾ।
–ਵਿਜੇ ਕੁਮਾਰ\\\
ਵਿਗਿਆਨੀਆਂ ਪ੍ਰਤੀ ਸਰਕਾਰ ਦੀ ਬੇਰੁਖ਼ੀ
NEXT STORY