ਸ਼ੁਰੂ ਤੋਂ ਹੀ ਭਾਰਤ ਸਰਕਾਰ ਦੋਸ਼ ਲਾਉਂਦੀ ਰਹੀ ਹੈ ਕਿ ਸਾਡੇ ਦੇਸ਼ 'ਚ ਅੱਤਵਾਦੀ ਵਾਰਦਾਤਾਂ ਪਿੱਛੇ ਪਾਕਿਸਤਾਨ ਦਾ ਹੱਥ ਹੈ ਤੇ ਪਾਕਿਸਤਾਨ ਸਰਕਾਰ ਹਮੇਸ਼ਾ ਹੀ ਇਸ ਤੋਂ ਇਨਕਾਰ ਕਰਦੀ ਰਹੀ ਹੈ ਪਰ ਹੁਣ ਪਾਕਿਸਤਾਨ ਦੇ ਹੀ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ, ਜਿਸ ਨੂੰ ਪਾਕਿਸਤਾਨ ਦੇ ਤੱਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 1998 'ਚ ਕਈ ਫੌਜੀ ਅਧਿਕਾਰੀਆਂ ਦੀ ਸੀਨੀਆਰਤਾ ਨੂੰ ਅਣਡਿੱਠ ਕਰ ਕੇ ਫੌਜ ਦਾ ਮੁਖੀ ਨਿਯੁਕਤ ਕੀਤਾ ਸੀ।
ਜਦੋਂ ਨਵਾਜ਼ ਸ਼ਰੀਫ ਨੇ ਦੇਖਿਆ ਕਿ ਭਾਰਤ ਵਿਰੁੱਧ ਸਾਰੇ ਹੱਥਕੰਡੇ ਅਜ਼ਮਾ ਕੇ ਵੀ ਪਾਕਿਸਤਾਨ ਕੁਝ ਹਾਸਿਲ ਨਹੀਂ ਕਰ ਸਕਿਆ ਤਾਂ ਉਨ੍ਹਾਂ ਨੇ ਭਾਰਤ ਵੱਲ ਦੋਸਤੀ ਦਾ ਹੱਥ ਵਧਾਇਆ ਅਤੇ ਤੱਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਵਾਜਪਾਈ ਨੂੰ ਲਾਹੌਰ ਸੱਦ ਕੇ ਦੋਹਾਂ ਨੇ ਆਪਸੀ ਮਿੱਤਰਤਾ ਅਤੇ ਸ਼ਾਂਤੀ ਲਈ ਲਾਹੌਰ ਐਲਾ੍ਹਨਨਾਮੇ 'ਤੇ ਦਸਤਖਤ ਕੀਤੇ।
ਉਦੋਂ ਆਸ ਬੱਝੀ ਸੀ ਕਿ ਹੁਣ ਇਸ ਖੇਤਰ 'ਚ ਸ਼ਾਂਤੀ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ ਪਰ ਮੁਸ਼ੱਰਫ ਨੇ ਮਿਲਣ 'ਤੇ ਪ੍ਰੋਟੋਕੋਲ ਦੀ ਉਲੰਘਣਾ ਕਰਦਿਆਂ ਨਾ ਤਾਂ ਸ਼੍ਰੀ ਵਾਜਪਾਈ ਨੂੰ ਸਲਾਮੀ ਦਿੱਤੀ ਅਤੇ ਨਾ ਹੀ ਨਵਾਜ਼ ਵਲੋਂ ਵਾਜਪਾਈ ਜੀ ਦੇ ਸਨਮਾਨ 'ਚ ਦਿੱਤੇ ਭੋਜ 'ਚ ਸ਼ਾਮਿਲ ਹੋਇਆ। ਬਾਅਦ 'ਚ ਮੁਸ਼ੱਰਫ ਨੇ ਨਵਾਜ਼ ਦਾ ਤਖਤਾ ਪਲਟ ਕੇ ਉਨ੍ਹਾਂ ਨੂੰ ਜੇਲ 'ਚ ਡੱਕ ਦਿੱਤਾ ਅਤੇ ਸੱਤਾ ਹਥਿਆਉਣ ਤੋਂ ਬਾਅਦ ਦੇਸ਼-ਨਿਕਾਲਾ ਦੇ ਦਿੱਤਾ।
ਪ੍ਰਵੇਜ਼ ਮੁਸ਼ੱਰਫ 2001 'ਚ ਸ਼੍ਰੀ ਅਟਲ ਬਿਹਾਰੀ ਵਾਜਪਾਈ ਨਾਲ ਗੱਲਬਾਤ ਲਈ ਭਾਰਤ ਆਇਆ ਪਰ ਆਗਰਾ 'ਚ ਗੱਲਬਾਤ ਅਧੂਰੀ ਛੱਡ ਕੇ ਵਾਪਿਸ ਚਲਾ ਗਿਆ।
ਭਾਰਤ 'ਚ ਅੱਤਵਾਦ ਭੜਕਾਉਣ ਲਈ ਮੁਸ਼ੱਰਫ ਨੇ ਜੰਮੂ-ਕਸ਼ਮੀਰ 'ਚ ਵੱਡੀ ਗਿਣਤੀ 'ਚ ਅੱਤਵਾਦੀ ਭੇਜਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਉਥੇ ਹਿੰਸਾ ਦੀਆਂ ਘਟਨਾਵਾਂ ਵਧ ਗਈਆਂ ਅਤੇ 1999 'ਚ ਕਾਰਗਿਲ 'ਤੇ ਹਮਲੇ ਦੇ ਪਿੱਛੇ ਵੀ ਉਸੇ ਦਾ ਹੀ ਦਿਮਾਗ ਸੀ।
ਮੁਸ਼ੱਰਫ ਸ਼ੁਰੂ ਤੋਂ ਹੀ ਇਸ ਜੰਗ 'ਚ ਪਾਕਿਸਤਾਨ ਦੀ ਸਥਾਈ ਫੌਜ ਦੇ ਸ਼ਾਮਿਲ ਹੋਣ ਤੋਂ ਇਨਕਾਰ ਕਰਦਾ ਰਿਹਾ ਪਰ ਉਸ ਦੇ ਇਸ ਕੋਰੇ ਝੂਠ ਦਾ ਪਾਕਿਸਤਾਨ ਦੀ ਹੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਅਨੈਲੇਸਿਸ ਵਿੰਗ ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਸ਼ਾਹਿਦ ਅਜ਼ੀਜ਼ ਨੇ ਪਰਦਾਫਾਸ਼ ਕਰ ਦਿੱਤਾ।
ਉਨ੍ਹਾਂ ਕਿਹਾ ਕਿ ''ਟੇਪ ਕਰ ਕੇ ਭੇਜੇ ਗਏ ਝੂਠੇ ਵਾਇਰਲੈੱਸ ਸੰਦੇਸ਼ਾਂ 'ਚ ਸਾਡੇ ਫੌਜੀਆਂ ਨੂੰ ਆਪਣੇ ਹਥਿਆਰਾਂ ਅਤੇ ਮਿਜ਼ਾਈਲਾਂ ਨਾਲ ਖਾਲੀ ਪਈਆਂ ਪਹਾੜੀਆਂ 'ਤੇ ਜਾਣ ਲਈ ਕਿਹਾ ਗਿਆ, ਜਿੱਥੇ ਉਨ੍ਹਾਂ ਨੇ ਭੁੱਖੇ-ਪਿਆਸੇ ਦਮ ਤੋੜ ਦਿੱਤਾ।''
20 ਜੂਨ 2001 ਤੋਂ 18 ਅਗਸਤ 2008 ਤਕ ਪਾਕਿਸਤਾਨ ਦਾ ਰਾਸ਼ਟਰਪਤੀ ਰਿਹਾ ਮੁਸ਼ੱਰਫ 27 ਸਤੰਬਰ 2007 ਨੂੰ ਬੇਨਜ਼ੀਰ ਦੀ ਹੱਤਿਆ 'ਚ ਕਥਿਤ ਸ਼ਮੂਲੀਅਤ ਦੇ ਦੋਸ਼ਾਂ ਦਰਮਿਆਨ ਆਪਣੇ ਪ੍ਰਤੀ ਵਧ ਰਹੀ ਨਾਰਾਜ਼ਗੀ ਕਾਰਨ 18 ਅਗਸਤ 2008 ਨੂੰ ਅਸਤੀਫਾ ਦੇ ਕੇ ਹੱਜ ਕਰਨ ਚਲਾ ਗਿਆ ਅਤੇ ਫਿਰ ਲੰਡਨ ਤੇ ਦੁਬਈ 'ਚ ਹੀ ਰਿਹਾ।
ਹਾਲਾਂਕਿ ਇਸ ਦਰਮਿਆਨ ਉਹ 2013 'ਚ ਚੋਣਾਂ ਲੜਨ ਲਈ ਪਾਕਿਸਤਾਨ ਆਇਆ ਪਰ ਵੱਖ-ਵੱਖ ਦੋਸ਼ਾਂ 'ਚ ਲੋੜੀਂਦਾ ਹੋਣ ਕਾਰਨ ਮੁੜ ਦੁਬਈ ਪਰਤ ਗਿਆ। ਆਪਣੇ ਪਾਕਿਸਤਾਨ ਦੌਰੇ ਦੌਰਾਨ 27 ਮਾਰਚ ਨੂੰ ਇਸਲਾਮਾਬਾਦ 'ਚ ਇਕ ਪ੍ਰੈੱਸ ਕਾਨਫਰੰਸ 'ਚ ਇਹ ਕਹਿ ਕੇ ਮੁਸ਼ੱਰਫ ਨੇ ਖ਼ੁਦ ਹੀ ਆਪਣੇ ਝੂਠ ਦੀ ਪੋਲ ਖੋਲ੍ਹ ਦਿੱਤੀ ਕਿ ''ਮੈਨੂੰ ਕਾਰਗਿਲ ਆਪ੍ਰੇਸ਼ਨ 'ਤੇ ਮਾਣ ਹੈ, ਜਿਸ ਦੌਰਾਨ ਪਾਕਿ ਫੌਜ 5 ਥਾਵਾਂ 'ਤੇ ਭਾਰਤ ਦੇ ਅੰਦਰ ਦਾਖਲ ਹੋ ਗਈ ਸੀ।''
ਇਹੋ ਨਹੀਂ, 27 ਅਕਤੂਬਰ 2015 ਨੂੰ ਇਕ ਇੰਟਰਵਿਊ 'ਚ ਉਸ ਨੇ ਮੰਨਿਆ ਕਿ ਇਸ ਖੇਤਰ 'ਚ ਅੱਤਵਾਦ ਪਾਕਿਸਤਾਨ ਦੀ ਹੀ ਪੈਦਾਵਾਰ ਹੈ ਤੇ ਕਸ਼ਮੀਰ 'ਚ ਅੱਤਵਾਦੀ ਵੀ ਪਾਕਿਸਤਾਨ ਨੇ ਹੀ ਭੇਜੇ ਹਨ। ਮੁਸ਼ੱਰਫ ਨੇ ਕਿਹਾ ਕਿ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਪਾਕਿਸਤਾਨ 'ਚ ਟ੍ਰੇਨਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲਸ਼ਕਰ-ਏ-ਤੋਇਬਾ ਅਤੇ ਹੋਰ ਅੱਤਵਾਦੀ ਗਿਰੋਹ ਵੀ ਪਾਕਿਸਤਾਨ 'ਚ ਹੀ ਬਣੇ।
ਤੇ ਹੁਣ 7 ਮਾਰਚ 2019 ਨੂੰ ਮੁਸ਼ੱਰਫ ਨੇ ਪਾਕਿਸਤਾਨ ਦੇ ਇਕ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ 'ਚ ਮੰਨਿਆ ਹੈ ਕਿ ਉਸ ਦੇ ਕਾਰਜਕਾਲ ਦੌਰਾਨ ਹੀ ਮਸੂਦ ਅਜ਼ਹਰ ਦੇ ਅੱਤਵਾਦੀ ਗਿਰੋਹ ਜੈਸ਼-ਏ-ਮੁਹੰਮਦ ਨੇ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਦੀਆਂ ਹਦਾਇਤਾਂ 'ਤੇ ਭਾਰਤ 'ਚ ਹਮਲੇ ਕੀਤੇ ਸਨ।
ਮੁਸ਼ੱਰਫ ਨੇ ਇਹ ਵੀ ਕਿਹਾ ਕਿ ''ਮੈਂ ਹਮੇਸ਼ਾ ਕਿਹਾ ਹੈ ਕਿ ਜੈਸ਼-ਏ-ਮੁਹੰਮਦ ਇਕ ਅੱਤਵਾਦੀ ਸੰਗਠਨ ਹੈ ਤੇ ਇਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।'' ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਇੰਟਰਿਵਊ 'ਚ ਮੁਸ਼ੱਰਫ ਨੇ ਇਹ ਵੀ ਕਿਹਾ ਕਿ ਜੈਸ਼ ਨੇ ਉਸ ਦੀ ਹੱਤਿਆ ਕਰਨ ਲਈ ਉਸ 'ਤੇ ਫਿਦਾਈਨ ਹਮਲਾ ਕਰਵਾਇਆ ਸੀ, ਜਿਸ 'ਚ ਉਹ ਵਾਲ-ਵਾਲ ਬਚ ਗਿਆ ਸੀ।
ਇਹ ਪੁੱਛਣ 'ਤੇ ਕਿ ਸੱਤਾ 'ਚ ਰਹਿਣ ਦੌਰਾਨ ਉਸ ਨੇ ਜੈਸ਼-ਏ-ਮੁਹੰਮਦ 'ਤੇ ਪਾਬੰਦੀ ਕਿਉਂ ਨਹੀਂ ਲਾਈ ਤਾਂ ਉਸ ਨੇ ਕਿਹਾ, ''ਉਹ ਜ਼ਮਾਨਾ ਹੋਰ ਸੀ ਤੇ ਉਦੋਂ ਇਸ 'ਚ ਸਾਡੇ ਇੰਟੈਲੀਜੈਂਸ ਵਾਲੇ ਸ਼ਾਮਿਲ ਸਨ।''
ਪਾਕਿਸਤਾਨ ਦੀ ਬਰਬਾਦੀ ਤੇ ਉਸ ਨੂੰ ਇਸ ਹਾਲਤ 'ਚ ਪਹੁੰਚਾਉਣ ਲਈ ਜ਼ਿੰਮੇਵਾਰ ਪ੍ਰਵੇਜ਼ ਮੁਸ਼ੱਰਫ ਦੇ ਉਕਤ ਬਿਆਨ ਨਾਲ ਭਾਰਤ ਦੇ ਇਸ ਦੋਸ਼ ਦੀ ਪੁਸ਼ਟੀ ਹੋ ਗਈ ਹੈ ਕਿ ਪਾਕਿਸਤਾਨ ਦੀ ਫੌਜ ਤੇ ਉਥੋਂ ਦੀ ਖੁਫੀਆ ਏਜੰਸੀ ਅੱਤਵਾਦੀਆਂ ਨੂੰ ਸਮਰਥਨ ਤੇ ਪਨਾਹ ਦੇ ਕੇ ਭਾਰਤ ਵਿਰੋਧੀ ਸਰਗਰਮੀਆਂ ਕਰਵਾਉਂਦੀ ਆ ਰਹੀ ਹੈ ਤੇ ਪਾਕਿਸਤਾਨ ਦੀਆਂ ਸਰਕਾਰਾਂ ਉਨ੍ਹਾਂ ਦੇ ਹੱਥਾਂ ਦੀ ਕਠਪੁਤਲੀ ਬਣੀਆਂ ਹੋਈਆਂ ਹਨ।
–ਵਿਜੇ ਕੁਮਾਰ
ਭਾਜਪਾ 'ਚ ਅੰਦਰੂਨੀ 'ਲੋਕਤੰਤਰ ਨੂੰ ਖੋਰਾ' ਅਤੇ ਨੇਤਾਵਾਂ ਵਿਚਾਲੇ 'ਜੂਤ-ਪਤਾਂਗ'
NEXT STORY