ਇਸ ਸਮੇਂ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਭਾਜਪਾ ਅੰਦਰ ਇਕ ਤਰ੍ਹਾਂ ਦਾ ਘਮਾਸਾਣ ਮਚਿਆ ਹੋਇਆ ਹੈ ਅਤੇ ਰਹਿ-ਰਹਿ ਕੇ ਇਸ ਦੇ ਆਪਣੇ ਮੈਂਬਰਾਂ ਤੇ ਗੱਠਜੋੜ ਸਹਿਯੋਗੀਅਾਂ ’ਚ ਉੱਠ ਰਹੇ ਵਿਰੋਧ ਦੇ ਸੁਰ ਲਗਾਤਾਰ ਸੁਣਾਈ ਦੇ ਰਹੇ ਹਨ।
ਪਿਛਲੇ ਕੁਝ ਸਮੇਂ ਦੌਰਾਨ ਵਿਚਾਰਕ ਮੱਤਭੇਦਾਂ ਕਾਰਨ ਭਾਜਪਾ ਨਾਲੋਂ ਕਈ ਨੇਤਾਵਾਂ ਨੇ ਨਾਤਾ ਤੋੜਿਆ ਹੈ। ਜਿਥੇ ਦਲਿਤਾਂ ’ਤੇ ਅੱਤਿਆਚਾਰ ਦੇ ਮੁੱਦੇ ’ਤੇ ਭਾਜਪਾ ਦੇ ਸੰਸਦ ਮੈਂਬਰਾਂ ਉਦਿਤ ਰਾਜ, ਛੋਟੇ ਲਾਲ ਖਰਵਾਰ, ਅਸ਼ੋਕ ਕੁਮਾਰ ਦੋਹਿਰੇ, ਯਸ਼ਵੰਤ ਸਿੰਘ ਆਦਿ ਵਲੋਂ ਪਾਰਟੀ ਦੀ ਆਲੋਚਨਾ ਕੀਤੀ ਜਾ ਰਹੀ ਹੈ, ਉਥ ਹੀ ਇਸੇ ਮੁੱਦੇ ਨੂੰ ਲੈ ਕੇ 6 ਦਸੰਬਰ ਨੂੰ ਸੰਸਦ ਮੈਂਬਰ ਸਵਿੱਤਰੀ ਬਾਈ ਫੂਲੇ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ।
ਭਾਜਪਾ ਦੇ ਆਪਣੇ ਮੈਂਬਰਾਂ ਦੇ ਨਾਲ-ਨਾਲ ਪਾਰਟੀ ਦੇ ਕਈ ਗੱਠਜੋੜ ਸਹਿਯੋਗੀਅਾਂ ’ਚ ਵੀ ਵੱਖ-ਵੱਖ ਮੁੱਦਿਅਾਂ ਨੂੰ ਲੈ ਕੇ ਨਾਰਾਜ਼ਗੀ ਕੁਲਬੁਲਾ ਰਹੀ ਹੈ। ਇਨ੍ਹਾਂ ’ਚ ਸ਼ਿਵ ਸੈਨਾ ਅਤੇ ਰਾਸ਼ਟਰੀ ਲੋਕ ਸਮਤਾ ਪਾਰਟੀ (ਰਾਲੋਸਪਾ) ਦਾ ਨਾਂ ਚਰਚਾ ’ਚ ਹੈ।
ਜਿਥੇ ਸ਼ਿਵ ਸੈਨਾ ਦੇ ਨੇਤਾ ਊਧਵ ਠਾਕਰੇ ਵਲੋਂ ਭਾਜਪਾ ਲੀਡਰਸ਼ਿਪ ’ਤੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰਾ ਨਾ ਕਰਨ ਦੇ ਦੋਸ਼ ਲਾਏ ਜਾ ਰਹੇ ਹਨ, ਉਥੇ ਹੀ ਰਾਲੋਸਪਾ ਸੁਪਰੀਮੋ ਅਤੇ ਮਨੁੱਖੀ ਸੋਮਿਅਾਂ ਦੇ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ ਉਪੇਂਦਰ ਕੁਸ਼ਵਾਹਾ 2019 ਦੀਅਾਂ ਚੋਣਾਂ ਲਈ ਬਿਹਾਰ ’ਚ ਸੀਟਾਂ ਦੀ ਵੰਡ ਦੇ ਫਾਰਮੂਲੇ ਅਤੇ ਹੋਰ ਕਈ ਗੱਲਾਂ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਨਾਲ ਨਾਰਾਜ਼ ਚੱਲ ਰਹੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਉਨ੍ਹਾਂ ਦੀ ਗੱਲ ਕਥਿਤ ਤੌਰ ’ਤੇ ਨਾ ਸੁਣੇ ਜਾਣ ਕਾਰਨ ਉਪੇਂਦਰ ਕੁਸ਼ਵਾਹਾ ਵਲੋਂ ਕਿਸੇ ਵੀ ਸਮੇਂ ਭਾਜਪਾ ਦੀ ਅਗਵਾਈ ਵਾਲੇ ਰਾਜਗ ਨਾਲੋਂ ਵੱਖ ਹੋਣ ਦੇ ਅੰਦਾਜ਼ੇ ਪ੍ਰਗਟਾਏ ਜਾ ਰਹੇ ਸਨ।
ਉਹ ਕੁਝ ਸਮਾਂ ਪਹਿਲਾਂ ਤਕ ਆਪਣੇ ਭਾਸ਼ਣਾਂ ’ਚ ਸਿਰਫ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਹੀ ਨਿਸ਼ਾਨਾ ਬਣਾ ਰਹੇ ਸਨ ਪਰ ਹੁਣੇ ਜਿਹੇ ਉਨ੍ਹਾਂ ਨੇ ਪਾਰਟੀ ਦੇ ਮੰਚ ’ਤੇ ਭਾਜਪਾ ਲੀਡਰਸ਼ਿਪ ਦੀ ਆਲੋਚਨਾ ਕਰ ਕੇ ਕੇਂਦਰੀ ਭਾਜਪਾ ਲੀਡਰਸ਼ਿਪ ਪ੍ਰਤੀ ਵੀ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਦਿੱਤੀ ਸੀ।
ਭਗਵਾ ਪਾਰਟੀ ਵਲੋਂ ਚੋਣਾਂ ਦੇ ਮੌਕੇ ’ਤੇ ਰਾਮ ਮੰਦਰ ਦਾ ਮੁੱਦਾ ਉਠਾਉਣ ’ਤੇ ਵੀ ਸ਼੍ਰੀ ਕੁਸ਼ਵਾਹਾ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਆ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਭਾਜਪਾ ਲੀਡਰਸ਼ਿਪ ਨੇ ਇਸ ਸਮੇਂ ਮੰਦਰ ਦਾ ਮੁੱਦਾ ਸਿਰਫ ਇਸ ਲਈ ਉਠਾਇਆ ਤਾਂ ਕਿ ਮਹਿੰਗਾਈ, ਬੇਰੋਜ਼ਗਾਰੀ ਅਤੇ ਗਰੀਬੀ ਵਰਗੀਅਾਂ ਅਸਲੀ ਸਮੱਸਿਆਵਾਂ ਵਲੋਂ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ।
ਕੁਸ਼ਵਾਹਾ ਦਾ ਕਹਿਣਾ ਹੈ ਕਿ ‘‘ਜੇਕਰ ਭਾਜਪਾ ਨੇਤਾਵਾਂ ਦੇ ਇਰਾਦੇ ਨੇਕ ਹੁੰਦੇ ਤਾਂ ਉਹ ਚੋਣਾਂ ਦੇ ਸਮੇਂ ਮੰਦਰ ਦਾ ਮੁੱਦਾ ਨਾ ਉਠਾਉਂਦੇ।’’
ਇਨ੍ਹਾਂ ਹੀ ਸਭ ਅਤੇ ਹੋਰ ਕਈ ਗੱਲਾਂ ਕਾਰਨ ਆਖਿਰ ਹੁਣ 10 ਦਸੰਬਰ ਨੂੰ ਉਪੇਂਦਰ ਕੁਸ਼ਵਾਹਾ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਅਤੇ ਭਾਜਪਾ ਦੀ ਅਗਵਾਈ ਵਾਲੇ ਰਾਜਗ ਨਾਲੋਂ ਵੀ ਵੱਖ ਹੋਣ ਦਾ ਐਲਾਨ ਕਰ ਕੇ ਧਮਾਕਾ ਕਰ ਦਿੱਤਾ।
ਸ਼੍ਰੀ ਕੁਸ਼ਵਾਹਾ ਨੇ ਇਹ ਕਦਮ ਅਜਿਹੇ ਸਮੇਂ ਉਠਾਇਆ ਹੈ, ਜਦੋਂ ਰਾਜਧਾਨੀ ’ਚ ਵਿਰੋਧੀ ਪਾਰਟੀਅਾਂ ਦੇ ਭਾਜਪਾ ਵਿਰੋਧੀ ਮਹਾਗੱਠਜੋੜ ਬਾਰੇ ਮੀਟਿੰਗ ਹੋ ਰਹੀ ਸੀ। ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ।
ਇਸ ਮੌਕੇ ਉਨ੍ਹਾਂ ਨੇ ਦੁੱਖ ਪ੍ਰਗਟਾਉਂਦਿਅਾਂ ਕਿਹਾ ਕਿ ਸਰਕਾਰ ਦੀਅਾਂ ਤਰਜੀਹਾਂ ਗਰੀਬਾਂ ਲਈ ਕੰਮ ਕਰਨ ਦੀਅਾਂ ਨਹੀਂ, ਸਗੋਂ ਆਪਣੇ ਸਿਆਸੀ ਵਿਰੋਧੀਅਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ‘ਠੀਕ’ ਕਰਨ ਦੀਅਾਂ ਹਨ ਅਤੇ ਇਹ ਸਮਾਜਿਕ ਨਿਅਾਂ ਦਾ ਏਜੰਡਾ ਛੱਡ ਕੇ ਆਰ. ਐੱਸ. ਐੱਸ. ਦਾ ਏਜੰਡਾ ਲਾਗੂ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੂੰ ਭੇਜੇ ਅਸਤੀਫੇ ’ਚ ਉਨ੍ਹਾਂ ਲਿਖਿਆ ਹੈ ਕਿ ‘‘ਤੁਹਾਡੀ ਅਗਵਾਈ ਹੇਠ ਮੈਂ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹਾਂ ਪ੍ਰਧਾਨ ਮੰਤਰੀ ਜੀ।’’
ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਅਤੇ ਰਾਜਗ ਨਾਲੋਂ ਨਾਤਾ ਤੋੜ ਕੇ ਉਨ੍ਹਾਂ ਨੇ ਭਾਜਪਾ ਦੇ ਗੱਠਜੋੜ ਸਹਿਯੋਗੀਅਾਂ ’ਚ ਭਾਜਪਾ ਲੀਡਰਸ਼ਿਪ ਪ੍ਰਤੀ ਵਧ ਰਹੀ ਦੂਰੀ ਦਾ ਇਕ ਵਾਰ ਫਿਰ ਸੰਕੇਤ ਦਿੱਤਾ ਹੈ।
ਭਾਜਪਾ ਲੀਡਰਸ਼ਿਪ ਨੂੰ ਸੋਚਣਾ ਚਾਹੀਦਾ ਹੈ ਕਿ ਹੁਣ ਜਦੋਂ 2019 ਦੀਅਾਂ ਚੋਣਾਂ ਸਿਰ ’ਤੇ ਹਨ, ਇਸ ਦੇ ਸਾਥੀ ਇਸ ਤੋਂ ਕਿਉਂ ਮੂੰਹ ਮੋੜ ਰਹੇ ਹਨ? ਜਿਨ੍ਹਾਂ ਲੋਕਾਂ ਨੇ ਪਾਰਟੀ ਲਈ ਤਿਆਗ ਕੀਤੇ ਹਨ ਅਤੇ ਇਸ ਨੂੰ ਆਪਣਾ ਜੀਵਨ ਦਿੱਤਾ ਹੈ, ਕੀ ਉਨ੍ਹਾਂ ਨਾਲ ਗੱਲਬਾਤ ਕਰ ਕੇ ਅਤੇ ਉਨ੍ਹਾਂ ਦੀਅਾਂ ਸ਼ਿਕਾਇਤਾਂ ਦੂਰ ਕਰ ਕੇ ਉਨ੍ਹਾਂ ਨੂੰ ਮੁੜ ਆਪਣੇ ਨਾਲ ਨਹੀਂ ਜੋੜਿਆ ਜਾ ਸਕਦਾ।
ਇਸ ਬਾਰੇ ਪੈਦਾ ਹੋਏ ਭਰਮ ਦੂਰ ਕਰਨ ਲਈ ਭਾਜਪਾ ਲੀਡਰਸ਼ਿਪ ਜਿੰਨੀ ਛੇਤੀ ਕਦਮ ਚੁੱਕੇਗੀ, ਓਨਾ ਹੀ ਭਾਜਪਾ ਤੇ ਉਸ ਦੇ ਲਈ ਚੰਗਾ ਹੋਵੇਗਾ, ਨਹੀਂ ਤਾਂ ਇਸੇ ਤਰ੍ਹਾਂ ਇਸ ਦੇ ਸਾਥੀ ਇਸ ਤੋਂ ਕਿਨਾਰਾ ਕਰਦੇ ਜਾਣਗੇ। –ਵਿਜੇ ਕੁਮਾਰ
ਕੀ ਚੋਣ ਨਤੀਜਿਅਾਂ ਦੀ ਪ੍ਰਕਿਰਿਆ ’ਚ ਸੁਧਾਰ ਹੋਵੇਗਾ?
NEXT STORY