ਦੇਸ਼ 'ਚ 11 ਅਪ੍ਰੈਲ ਤੋਂ 19 ਮਈ ਤਕ ਲੋਕ ਸਭਾ ਅਤੇ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣ ਕਮਿਸ਼ਨ ਅਨੁਸਾਰ ਇਨ੍ਹਾਂ ਲਈ ਵੋਟਿੰਗ 'ਚ ਹਿੱਸਾ ਲੈਣ ਵਾਲੇ ਨੌਜਵਾਨ ਵੋਟਰਾਂ ਦੀ ਗਿਣਤੀ ਵਧ ਕੇ 10 ਕਰੋੜ ਦੇ ਆਸ-ਪਾਸ ਪਹੁੰਚ ਗਈ ਹੈ। ਇਨ੍ਹਾਂ 'ਚੋਂ 18-19 ਸਾਲ ਦੀ ਉਮਰ ਵਰਗ ਦੇ 1.5 ਕਰੋੜ ਨੌਜਵਾਨ ਵੋਟਰ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।
ਵੋਟ ਮਜ਼ਬੂਤ ਲੋਕਤੰਤਰ ਦਾ ਆਧਾਰ ਹੈ, ਜਿਸ ਨੂੰ ਦੇਸ਼ ਦਾ ਜਾਗਰੂਕ ਨੌਜਵਾਨ ਵਰਗ ਭਲੀ-ਭਾਂਤ ਮਹਿਸੂਸ ਕਰਨ ਲੱਗਾ ਹੈ ਅਤੇ ਇਹੋ ਕਾਰਨ ਹੈ ਕਿ ਇਸ ਵਾਰ ਵੋਟਿੰਗ ਨੂੰ ਲੈ ਕੇ ਨੌਜਵਾਨਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸੇ ਬਾਰੇ ਕਰਵਾਏ ਗਏ ਇਕ ਸਰਵੇਖਣ 'ਚ ਇਕ ਨੌਜਵਾਨ ਨੇ ਕਿਹਾ ਕਿ ਪਹਿਲੀ ਵਾਰ ਵੋਟ ਪਾਉਣ ਦਾ ਮੌਕਾ ਮਿਲਣ 'ਤੇ ਉਹ ਇੰਨਾ ਰੋਮਾਂਚਿਤ ਅਤੇ ਉਤਸ਼ਾਹਿਤ ਹੈ ਕਿ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਨੂੰ ਪੜ੍ਹਨ ਤੋਂ ਬਾਅਦ ਹੀ ਆਪਣੇ ਪਸੰਦੀਦਾ ਉਮੀਦਵਾਰ ਦਾ ਫੈਸਲਾ ਕਰੇਗਾ।
ਸਰਵੇ ਅਨੁਸਾਰ ਬੇਸ਼ੱਕ ਅੱਜ ਦੇ ਨੌਜਵਾਨ ਆਪਣੀਆਂ ਇੱਛਾਵਾਂ ਅਤੇ ਕੈਰੀਅਰ ਨੂੰ ਲੈ ਕੇ ਚਿੰਤਤ ਹਨ ਪਰ ਉਨ੍ਹਾਂ ਦੀ ਸੋਚ ਅਤੇ ਗੱਲਾਂ 'ਚ ਦੇਸ਼ ਪ੍ਰਤੀ ਚਿੰਤਾ ਤੇ ਇਕ ਬਿਹਤਰ ਭਵਿੱਖ ਦੀ ਕਾਮਨਾ ਸਪੱਸ਼ਟ ਦਿਖਾਈ ਦਿੰਦੀ ਹੈ। ਨਾ ਸਿਰਫ ਉਹ ਦੇਸ਼ ਦੀ ਸਥਿਤੀ ਅਤੇ ਇਸ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਲੈ ਕੇ ਬੇਚੈਨ ਤੇ ਚਿੰਤਤ ਹਨ, ਸਗੋਂ ਖਾਹਿਸ਼ਾਂ ਨਾਲ ਵੀ ਭਰੇ ਹੋਏ ਹਨ।
ਜ਼ਿਆਦਾਤਰ ਨੌਜਵਾਨਾਂ ਦਾ ਮੰਨਣਾ ਹੈ ਕਿ ਸਾਡੇ ਸਿਆਸੀ ਆਗੂਆਂ ਨੂੰ ਫਜ਼ੂਲ ਦੇ ਮੁੱਦਿਆਂ 'ਤੇ ਊਰਜਾ ਨਸ਼ਟ ਕਰਨ ਦੀ ਬਜਾਏ ਅਸਲ ਸਮੱਸਿਆਵਾਂ 'ਤੇ ਧਿਆਨ ਦੇਣਾ ਚਾਹੀਦਾ ਹੈ, ਜਿਨ੍ਹਾਂ 'ਚ ਬੇਰੋਜ਼ਗਾਰੀ, ਕਾਨੂੰਨ-ਵਿਵਸਥਾ ਦੀ ਬਦਹਾਲੀ, ਔਰਤਾਂ ਦੀ ਸੁਰੱਖਿਆ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਜੰਮੂ-ਕਸ਼ਮੀਰ 'ਚ ਅਸ਼ਾਂਤੀ ਆਦਿ ਸ਼ਾਮਿਲ ਹਨ।
ਨੌਜਵਾਨਾਂ ਦਾ ਕਹਿਣਾ ਹੈ ਕਿ ਦੇਸ਼ ਦੇ ਕੀਮਤੀ ਸੋਮਿਆਂ ਅਤੇ ਊਰਜਾ ਨੂੰ ਕਿਸੇ ਵੀ ਸਥਿਤੀ 'ਚ ਯਾਦਗਾਰਾਂ ਅਤੇ ਬੁੱਤਾਂ ਦੇ ਨਿਰਮਾਣ 'ਤੇ ਖਰਚ ਨਹੀਂ ਕੀਤਾ ਜਾਣਾ ਚਾਹੀਦਾ। ਬਹੁਤਿਆਂ ਨੇ ਕਿਹਾ ਕਿ ਸਾਡੇ ਕਾਨੂੰਨ ਘਾੜਿਆਂ ਨੂੰ ਆਪਣਾ ਰਵੱਈਆ ਬਦਲਣ ਦੀ ਲੋੜ ਹੈ।
ਪਹਿਲੀ ਵਾਰ ਵੋਟ ਪਾਉਣ ਜਾ ਰਹੀ ਇਕ ਮੁਟਿਆਰ ਨੇ ਕਿਹਾ, ''ਅਸੀਂ ਆਪਣੇ ਰੋਜ਼ਗਾਰ ਨੂੰ ਲੈ ਕੇ ਚਿੰਤਤ ਹਾਂ, ਲਿਹਾਜ਼ਾ ਅਸੀਂ ਜਿਨ੍ਹਾਂ ਸਿਆਸੀ ਆਗੂਆਂ ਅਤੇ ਕਾਨੂੰਨ ਘਾੜਿਆਂ ਨੂੰ ਚੁਣਾਂਗੇ, ਅਸੀਂ ਉਮੀਦ ਕਰਦੇ ਹਾਂ ਕਿ ਉਹ ਦੇਸ਼ ਦੇ ਵਿਕਾਸ ਅਤੇ ਇਥੇ ਰੋਜ਼ਗਾਰ ਦੀ ਸਥਿਤੀ ਬਿਹਤਰ ਬਣਾਉਣ ਲਈ ਕੰਮ ਕਰਨਗੇ। ਚਾਹੇ ਜਿਸ ਦੀ ਵੀ ਸਰਕਾਰ ਬਣੇ, ਉਸ ਨੂੰ ਦੇਸ਼ 'ਚ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ 'ਚ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਕੰਮ ਕਰਨਾ ਚਾਹੀਦਾ ਹੈ।''
''ਇਸ ਦੇ ਨਾਲ ਹੀ ਸਾਨੂੰ ਪ੍ਰਗਟਾਵੇ ਦੀ ਆਜ਼ਾਦੀ ਦੀ ਵੀ ਚਿੰਤਾ ਹੈ ਕਿਉਂਕਿ ਅੱਜ ਦੇਸ਼ 'ਚ 'ਹਾਈਪਰ ਨੈਸ਼ਨਲਿਜ਼ਮ' (ਅਤਿ ਰਾਸ਼ਟਰਵਾਦ) ਅਤੇ 'ਜਿੰਗੋਇਜ਼ਮ' (ਕੱਟੜ ਰਾਸ਼ਟਰਵਾਦ) ਜ਼ੋਰਾਂ 'ਤੇ ਹੈ। ਲੋਕ ਡਰਦੇ ਹਨ ਕਿ ਕਿਤੇ ਸੋਸ਼ਲ ਮੀਡੀਆ 'ਤੇ ਆਜ਼ਾਦ ਵਿਚਾਰਾਂ ਦਾ ਪ੍ਰਗਟਾਵਾ ਕਰ ਕੇ ਉਹ ਕਿਸੇ ਮੁਸੀਬਤ 'ਚ ਨਾ ਪੈ ਜਾਣ।''
ਇਕ ਮੁਟਿਆਰ ਅਨੁਸਾਰ, ''ਦੇਸ਼ 'ਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਸੇ ਵੀ ਸਿਆਸੀ ਪਾਰਟੀ ਨੇ ਸਹੀ ਅਰਥਾਂ 'ਚ ਕੰਮ ਨਹੀਂ ਕੀਤਾ ਅਤੇ ਔਰਤਾਂ ਨੂੰ ਅਜੇ ਵੀ ਬਾਹਰ ਜਾਂਦਿਆਂ ਡਰ ਲੱਗਦਾ ਹੈ।''
ਇਕ ਹੋਰ ਨੌਜਵਾਨ ਨੇ ਕਿਹਾ, ''ਖਸਤਾਹਾਲ ਕਾਨੂੰਨ-ਵਿਵਸਥਾ ਇਕ ਵੱਡੀ ਸਮੱਸਿਆ ਹੈ। ਖਾਸ ਕਰਕੇ ਰਾਤ ਹੁੰਦਿਆਂ ਹੀ ਸਮਾਜ ਵਿਰੋਧੀ ਅਨਸਰ ਅਤੇ ਨਸ਼ੇ ਵਾਲੀਆਂ ਵਸਤਾਂ ਦੇ ਵਪਾਰੀ ਸਰਗਰਮ ਹੋ ਜਾਂਦੇ ਹਨ। ਕੁੱਟਮਾਰ, ਲੁੱਟਮਾਰ ਅਤੇ ਹਿੰਸਾ ਵਧ ਗਈ ਹੈ। 4 ਸਾਲ ਦੀ ਬੱਚੀ ਤੋਂ ਲੈ ਕੇ 70-80 ਸਾਲ ਦੀਆਂ ਬਜ਼ੁਰਗ ਔਰਤਾਂ ਤਕ ਬਲਾਤਕਾਰੀਆਂ ਦੇ ਨਿਸ਼ਾਨੇ 'ਤੇ ਹਨ।''
ਬੈਂਗਲੁਰੂ ਦੀ ਇਕ ਵਿਦਿਆਰਥਣ ਅਨੁਸਾਰ, ''ਅੱਜ ਦੇਸ਼ 'ਚ ਔਰਤਾਂ ਦੀ ਸੁਰੱਖਿਆ ਅਤੇ ਕਿਸਾਨਾਂ ਦੀ ਦੁਰਦਸ਼ਾ ਮੁੱਖ ਮੁੱਦੇ ਹਨ। ਹਰ ਵੋਟ ਕੀਮਤੀ ਹੈ ਅਤੇ ਮੈਂ ਜਾਣਦੀ ਹਾਂ ਕਿ ਚੋਣਾਂ ਕਿੰਨੀਆਂ ਅਹਿਮ ਹਨ, ਇਸ ਲਈ ਜਦੋਂ ਮੈਂ ਵੋਟ ਪਾਉਣ ਜਾਵਾਂਗੀ ਤਾਂ ਉਮੀਦਵਾਰ ਦਾ ਫੈਸਲਾ ਕਰਦੇ ਸਮੇਂ ਮੇਰੇ ਮਨ 'ਚ ਇਹ ਸਵਾਲ ਸਭ ਤੋਂ ਉਪਰ ਹੋਵੇਗਾ ਕਿ ਮੈਂ ਜਿਸ ਨੂੰ ਵੋਟ ਪਾਉਣ ਜਾ ਰਹੀ ਹਾਂ, ਉਹ ਕਿਸਾਨ ਹਿਤੈਸ਼ੀ ਹੈ ਜਾਂ ਨਹੀਂ।''
ਪ੍ਰਗਟਾਵੇ ਦੀ ਆਜ਼ਾਦੀ ਦੇ ਵਿਸ਼ੇ 'ਚ ਇਸੇ ਵਿਦਿਆਰਥਣ ਨੇ ਕਿਹਾ ਕਿ ''ਟ੍ਰੋਲਿੰਗ ਅਤੇ ਉਲਟ ਪ੍ਰਤੀਕਿਰਿਆ ਹੋਣ ਦੇ ਡਰੋਂ ਲੋਕ ਸੋਸ਼ਲ ਮੀਡੀਆ 'ਤੇ ਜਨਹਿੱਤ ਨਾਲ ਜੁੜੇ ਮੁੱਦਿਆਂ 'ਤੇ ਵਿਚਾਰ ਪ੍ਰਗਟਾਉਣ ਤੋਂ ਡਰਨ ਲੱਗੇ ਹਨ।''
ਜੰਮੂ, ਕਸ਼ਮੀਰ ਅਤੇ ਲੱਦਾਖ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਵੱਖਰੀ ਹੋਣ ਕਰਕੇ ਇਨ੍ਹਾਂ ਤਿੰਨਾਂ ਖੇਤਰਾਂ ਦੇ ਨੌਜਵਾਨਾਂ ਦੀਆਂ ਵੱਖ-ਵੱਖ ਇੱਛਾਵਾਂ ਹਨ ਪਰ ਸਾਰਿਆਂ ਦਾ ਇਕ ਸੁਰ 'ਚ ਇਹ ਕਹਿਣਾ ਸੀ ਕਿ ਉਹ ਦੇਸ਼ 'ਚ ਚੰਗੀ ਤਨਖਾਹ ਨਾਲ ਨੌਕਰੀਆਂ, ਸਿਆਸੀ ਸਥਿਰਤਾ ਅਤੇ ਸ਼ਾਂਤੀਪੂਰਨ ਸਹਿ-ਹੋਂਦ ਵਾਲਾ ਮਾਹੌਲ ਚਾਹੁੰਦੇ ਹਨ ਤਾਂ ਕਿ ਉਹ ਬੇਫਿਕਰ ਹੋ ਕੇ ਆਪਣਾ ਟੀਚਾ ਹਾਸਿਲ ਕਰ ਸਕਣ।
ਉਕਤ ਸਰਵੇਖਣ ਤੋਂ ਸਪੱਸ਼ਟ ਹੈ ਕਿ ਜਿੱਥੇ ਅੱਜ ਦੇ ਭਾਰਤੀ ਨੌਜਵਾਨ ਵੋਟਿੰਗ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹਿਤ ਹਨ, ਉਥੇ ਹੀ ਉਹ ਦੇਸ਼ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਪ੍ਰਤੀ ਵੀ ਪੂਰੀ ਤਰ੍ਹਾਂ ਜਾਗਰੂਕ ਹਨ। ਸਾਡੇ ਸਿਆਸਤਦਾਨਾਂ ਨੂੰ ਇਨ੍ਹਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਤੇ ਉਕਤ ਸਮੱਸਿਆਵਾਂ ਨੂੰ ਅਸਰਦਾਰ ਢੰਗ ਨਾਲ ਹੱਲ ਕਰਨ ਬਾਰੇ ਹਾਂ-ਪੱਖੀ ਅਤੇ ਈਮਾਨਦਾਰ ਯਤਨ ਕਰਨੇ ਚਾਹੀਦੇ ਹਨ। –ਵਿਜੇ ਕੁਮਾਰ
ਚੋਣਾਵੀ ਰੰਗਮੰਚ 'ਰਾਮ ਝਰੋਖੇ ਬੈਠ ਕੇ, ਸਬਕਾ ਮੁਜਰਾ ਦੇਖ'
NEXT STORY