‘ਸਾਰੇ ਲੋਕਤੰਤਰਾਂ ਦੇ ਜਨਮਦਾਤਾ’ (ਜਿਵੇਂ ਕਿ 1865 ’ਚ ਜੌਨ ਬ੍ਰਾਈਟ ਨੇ ਕਿਹਾ ਸੀ) ਬ੍ਰਿਟੇਨ ਨੇ ਇਕ ਵਾਰ ਫਿਰ ਬਹੁਦਲੀ ਸੰਸਦੀ ਪ੍ਰਣਾਲੀ ਵਾਲੀ ਸਰਕਾਰ ਚਲਾਉਣ ਦਾ ਸਬਕ ਪੂਰੀ ਦੁਨੀਆ ਨੂੰ ਦਿੱਤਾ ਹੈ।
ਪ੍ਰਧਾਨ ਮੰਤਰੀ ਥੈਰੇਸਾ ਮੇ ਨੂੰ ਸਦੀ ਦੀ ਸਭ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਦੀ ਬ੍ਰੈਗਜ਼ਿਟ ਡੀਲ (ਯੂਰਪੀਅਨ ਯੂਨੀਅਨ ਨਾਲੋਂ ਅੱਡ ਹੋਣ ਦੇ ਸੌਦੇ) ਨੂੰ ਭਾਰੀ ਬਹੁਮਤ ਨਾਲ ‘ਹਾਊਸ ਆਫ ਕਾਮਨਜ਼’ (ਸੰਸਦ ਦੇ ਹੇਠਲੇ ਸਦਨ) ਨੇ ਠੁਕਰਾ ਦਿੱਤਾ। ਇਸ ਵਿਰੁੱਧ ਦੁੱਗਣੇ ਨਾਲੋਂ ਜ਼ਿਆਦਾ ਮੈਂਬਰਾਂ ਨੇ ਵੋਟ ਦਿੱਤੀ। ਇਨ੍ਹਾਂ ’ਚ ਥੈਰੇਸਾ ਦੀ ਆਪਣੀ ਪਾਰਟੀ ਦੇ 100 ਤੋਂ ਜ਼ਿਆਦਾ ਮੈਂਬਰ ਵੀ ਸ਼ਾਮਿਲ ਸਨ।
ਅਤੀਤ ’ਚ ਅਜਿਹੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨ ਵਾਲੇ ਬ੍ਰਿਟਿਸ਼ ਪ੍ਰਧਾਨ ਮੰਤਰੀਅਾਂ ਨੂੰ ਅਸਤੀਫਾ ਦੇਣਾ ਪਿਆ ਹੈ, ਹਾਲਾਂਕਿ ਥੈਰੇਸਾ ਨਾਲ ਅਜਿਹਾ ਨਹੀਂ ਹੋਇਆ। ਬ੍ਰੈਗਜ਼ਿਟ ਡੀਲ ’ਤੇ ਕਰਾਰੀ ਹਾਰ ਦਾ ਸਾਹਮਣਾ ਕਰਨ ਮਗਰੋਂ 24 ਘੰਟਿਅਾਂ ’ਚ ਉਨ੍ਹਾਂ ਨੇ ਲੇਬਰ ਪਾਰਟੀ ਦੇ ਮੈਂਬਰ ਅਤੇ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਜੇਰੇਮੀ ਕੋਰਬਿਨ ਵਲੋਂ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਨੂੰ 19 ਵੋਟਾਂ ਨਾਲ ਜਿੱਤ ਲਿਆ ਕਿਉਂਕਿ ਵੱਖ-ਵੱਖ ਪਾਰਟੀਅਾਂ ਦੇ ਮੈਂਬਰਾਂ ਨੇ ਉਨ੍ਹਾਂ ਦੇ ਪੱਖ ’ਚ ਵੋਟ ਪਾਈ।
ਜਿੱਥੇ ਅਮਰੀਕੀ ਸਦਨ ਡੈੱਡਲਾਕ ਦਾ ਸਾਹਮਣਾ ਕਰ ਰਿਹਾ ਹੈ–ਇਕ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਦੂਜੇ ਪਾਸੇ ਡੈਮੋਕ੍ਰੇਟਸ ਅੜੇ ਹੋਏ ਹਨ, ਜਿਸ ਕਾਰਨ ਸੈਨਿਕਾਂ ਸਮੇਤ ਵੱਖ-ਵੱਖ ਮੁਲਾਜ਼ਮਾਂ ਦੀਅਾਂ ਤਨਖਾਹਾਂ ਤਕ ਜਾਰੀ ਨਹੀਂ ਕੀਤੀਅਾਂ ਜਾ ਰਹੀਅਾਂ, ਉਥੇ ਹੀ ਚੋਣਾਂ ’ਚ ਥੈਰੇਸਾ ਦੇ ਬਹੁਮਤ ਨੂੰ ਸੀਮਤ ਕਰਨ ਵਾਲਾ ਬ੍ਰਿਟੇਨ ਚਾਹੁੰਦਾ ਹੈ ਕਿ ਉਹ ਆਪਣੇ ਅਹੁਦੇ ’ਤੇ ਰਹਿੰਦਿਅਾਂ ਬ੍ਰੈਗਜ਼ਿਟ ਸਮੱਸਿਆ ਦਾ ਕੋਈ ਨਵਾਂ ਹੱਲ ਲੱਭਣ।
ਪਰ ਸਿਰਫ ਸੰਸਦ ਦੇ ਨਤੀਜੇ ਹੀ ਲੋਕਤੰਤਰ ਲਈ ਸਬਕ ਨਹੀਂ ਹਨ, ਇਸ ਤੋਂ ਵੀ ਜ਼ਿਆਦਾ ਅਹਿਮ ਗੱਲ ਇਹ ਹੈ ਕਿ ਕਿਸ ਤਰ੍ਹਾਂ ਸਪੀਕਰ ਜੌਨ ਬਰਕਾਉ ਨੇ ਸੰਸਦ ਦੀ ਕਾਰਵਾਈ ਨਿਰਪੱਖ ਢੰਗ ਨਾਲ ਚਲਾਈ ਤੇ ਮੈਂਬਰਾਂ ਨੇ ਵੀ ਉਸ ’ਤੇ ਅਮਲ ਕੀਤਾ।
ਕਿਸੇ ਮੈਂਬਰ ਨੇ ਨਾ ਤਾਂ ਆਪਣੀ ਵਾਰੀ ਤੋੜ ਕੇ ਬੋਲਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਆਪਣੇ ਜਾਂ ਆਪਣੀ ਪਾਰਟੀ ਦੇ ਵਿਚਾਰ ਰੱਖਦੇ ਸਮੇਂ ਸਪੀਕਰ ਨੂੰ ਟੋਕਣ ਜਾਂ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ।
ਕਿਸੇ ਮੈਂਬਰ ਨੇ ਸਦਨ ਦੀ ਵੈੱਲ ਵੱਲ ਦੌੜਦਿਅਾਂ ਕਾਗਜ਼ ਨਹੀਂ ਸੁੱਟੇ। ਜ਼ਿਆਦਾ ਤੋਂ ਜ਼ਿਆਦਾ ਪੱਖ ’ਚ ‘ਯੈੱਸ’ ਅਤੇ ਅਸਹਿਮਤੀ ਪ੍ਰਗਟਾਉਣ ਲਈ ‘ਨੋ’ ਦੀਅਾਂ ਆਵਾਜ਼ਾਂ ਸੁਣਾਈ ਦਿੱਤੀਅਾਂ। ਅਸਲ ’ਚ ਥੈਰੇਸਾ ਮੇ ਜਦੋਂ ਇਕ ਸਵਾਲ ਦਾ ਜਵਾਬ ਦੇ ਰਹੀ ਸੀ ਅਤੇ ਇਕ ਸੰਸਦ ਮੈਂਬਰ ਨੇ ‘ਨੋ’ ਕਹਿਣਾ ਸ਼ੁਰੂ ਕੀਤਾ ਤਾਂ ਸਪੀਕਰ ਨੇ ਤੁਰੰਤ ਉਸ ਨੂੰ ਰੋਕਦਿਅਾਂ ਕਿਹਾ ਕਿ ‘‘ਸਾਨੂੰ ਪ੍ਰਧਾਨ ਮੰਤਰੀ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਅਸੀਂ ਸੁਣਾਂਗੇ।’’
ਉਂਗਲਾਂ ’ਤੇ ਗਿਣਿਆ ਜਾ ਸਕਦਾ ਹੈ ਕਿ ਭਾਰਤੀ ਸੰਸਦ ’ਚ ਮੈਂਬਰਾਂ ਨੇ ਕਿੰਨੀ ਵਾਰ ਗੰਭੀਰਤਾ ਨਾਲ ਬੈਠ ਕੇ ਬਹਿਸ ਸੁਣੀ ਹੋਵੇਗੀ। ਸਦਨ ਦੀ ਸ਼ਾਨ ਬਣਾਈ ਰੱਖਣਾ ਇਕ ਸਬਕ ਹੈ ਤਾਂ ਪ੍ਰਧਾਨ ਮੰਤਰੀ ਥੈਰੇਸਾ ਮੇ ਦੀ ਮੌਜੂਦਾ ਨੀਤੀ ਨਾਲ ਅਸਹਿਮਤੀ ਦੇ ਬਾਵਜੂਦ ਉਨ੍ਹਾਂ ਨੂੰ ਅਹੁਦੇ ’ਤੇ ਬਣਾਈ ਰੱਖਣਾ ਦੂਜਾ ਅਹਿਮ ਸਬਕ ਹੈ।
ਭਾਰਤੀ ਨੇਤਾ ਰਾਸ਼ਟਰ ਹਿੱਤ ’ਚ ਵੋਟ ਦੇਣ ਦਾ ਅਹਿਮ ਸਬਕ ਇਸ ਤੋਂ ਸਿੱਖ ਸਕਦੇ ਹਨ।
ਸ਼ਾਇਦ ਇਹ ਸਮਝਣ ਦੀ ਵੀ ਲੋੜ ਹੈ ਕਿ ਬ੍ਰਿਟਿਸ਼ ਸੰਸਦ ਆਪਣੇ ਲੋਕਾਂ ਨਾਲ ਕਿਵੇਂ ਸੰਵਾਦ ਰਚਾਉਂਦੀ ਹੈ। ਉਲਟ ਸਥਿਤੀਅਾਂ ਦੌਰਾਨ ਵੀ ਥੈਰੇਸਾ ਮੇ ਦੀ ਦ੍ਰਿੜ੍ਹਤਾ 2 ਤੱਥਾਂ ਦਾ ਸੰਕੇਤ ਹੈ–ਉਨ੍ਹਾਂ ਦਾ ਮਜ਼ਬੂਤ ਰਵੱਈਆ ਅਤੇ ਦੇਸ਼ ਨੂੰ ਵੰਡ ਨਾ ਹੋਣ ਦੇਣ ਦਾ ਪੱਕਾ ਸੰਕਲਪ।
ਬ੍ਰੈਗਜ਼ਿਟ ਡੀਲ ਨੂੰ ਪਾਸ ਕਰਵਾਉਣ ਲਈ ਲੇਬਰ ਪਾਰਟੀ ਦੀਅਾਂ ਵੋਟਾਂ ’ਤੇ ਨਿਰਭਰ ਨਾ ਰਹਿਣ ਦੀ ਜੈਕਬ ਰੀਸ ਵਲੋਂ ਥੈਰੇਸਾ ਨੂੰ ਦਿੱਤੀ ਗਈ ਚਿਤਾਵਨੀ ਦੇ ਬਾਵਜੂਦ ਉਨ੍ਹਾਂ ਨੂੰ ਅਹੁਦੇ ’ਤੇ ਬਣਾਈ ਰੱਖਣ ਲਈ ਉਨ੍ਹਾਂ ਦੀ ਹੀ ਪਾਰਟੀ ਨੇ ਵੋਟ ਦਿੱਤੀ।
ਦੇਸ਼ਵਾਸੀਅਾਂ ਦੀ ਇੱਛਾ ਮੁਤਾਬਿਕ ਨਤੀਜੇ ਦੇਣ ਦਾ ਥੈਰੇਸਾ ਦਾ ਦ੍ਰਿੜ੍ਹ ਇਰਾਦਾ ਹੀ ਇਕ ਵਜ੍ਹਾ ਹੈ ਕਿ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਅਹੁਦੇ ’ਤੇ ਬਣਾਈ ਰੱਖਿਆ ਹੈ।
ਥੈਰੇਸਾ ਦਾ ਨਜ਼ਰੀਆ ਹੈ ਕਿ ‘ਸਿਆਸਤ ਕੋਈ ਖੇਡ ਨਹੀਂ ਹੈ’। ਉਨ੍ਹਾਂ ਮੁਤਾਬਿਕ, ‘‘ਮੈਂ ਟੀ. ਵੀ. ਸਟੂਡੀਓਜ਼ ਨਹੀਂ ਜਾਂਦੀ, ਮੈਂ ਲੰਚ ਮੌਕੇ ਲੋਕਾਂ ਬਾਰੇ ਗੱਪਾਂ ਨਹੀਂ ਮਾਰਦੀ, ਮੈਂ ਸੰਸਦ ਦੇ ਬਾਰ ’ਚ ਦਾਰੂ ਨਹੀਂ ਪੀਂਦੀ, ਮੈਂ ਗੱਲ-ਗੱਲ ’ਤੇ ਭਾਵੁਕ ਨਹੀਂ ਹੁੰਦੀ, ਮੈਂ ਸਿਰਫ ਆਪਣੇ ਕੰਮ ਨਾਲ ਮਤਲਬ ਰੱਖਦੀ ਹਾਂ।’’
ਕੰਜ਼ਰਵੇਟਿਵ ਪਾਰਟੀ ਦੇ ਜ਼ਿਆਦਾਤਰ ਮੈਂਬਰ ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਨਾਲੋਂ ਅੱਡ ਹੋਣ ਦੇ ਪੱਖ ’ਚ ਸਨ ਪਰ ਥੈਰੇਸਾ ਇਸ ਦੇ ਵਿਰੁੱਧ ਸੀ। ਫਿਰ ਵੀ ਸੱਤਾ ’ਚ ਆਉਣ ਤੋਂ ਬਾਅਦ ਉਨ੍ਹਾਂ ਨੇ ‘ਜਨਤਾ ਦੀ ਇੱਛਾ’ ਪੂਰੀ ਕਰਨ ਦਾ ਬੀੜਾ ਚੁੱਕਿਆ।
ਬੇਭਰੋਸਗੀ ਮਤੇ ਨੂੰ ਜਿੱਤਣ ਤੋਂ ਬਾਅਦ ਉਨ੍ਹਾਂ ਨੇ ‘ਚਲੋ ਕੰਮ ’ਚ ਜੁਟ ਜਾਈਏ’ ਕਹਿੰਦਿਅਾਂ ਸਾਰੀਅਾਂ ਪਾਰਟੀਅਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ।
ਬੇਸ਼ੱਕ ਯੂਰਪੀਅਨ ਯੂਨੀਅਨ ’ਚ ਰਹਿਣ ਜਾਂ ਇਸ ਤੋਂ ਅੱਡ ਹੋਣ ਨੂੰ ਲੈ ਕੇ ਬ੍ਰਿਟੇਨ ’ਚ ਅਜੇ ਵੀ ਅਸਹਿਮਤੀ ਹੋਵੇ ਪਰ 1205 ’ਚ ‘ਮੈਗਨਾ ਕਾਰਟਾ’ ਲਾਗੂ ਹੋਣ ਤੋਂ ਲੈ ਕੇ ਅੱਜ ਤਕ ਇਹ ਤੱਥ ਬਰਕਰਾਰ ਹੈ ਕਿ ਬ੍ਰਿਟਿਸ਼ ਸੰਸਦ ਨੇ ਸਾਰਿਅਾਂ ਨੂੰ ਲੋਕਤੰਤਰ ’ਚ ਬੋਲਣ ਦੀ ਆਜ਼ਾਦੀ ਅਤੇ ਆਜ਼ਾਦ ਇੱਛਾ ਦਾ ਰਾਹ ਪੱਧਰਾ ਕਰਨ ਦਾ ਰਾਹ ਦਿਖਾਇਆ ਹੈ।
ਚਿੰਤਾਜਨਕ ਹੱਦ ਤਕ ਵਧ ਰਿਹੈ ਔਰਤਾਂ ’ਚ ਖ਼ੁਦਕੁਸ਼ੀਅਾਂ ਦਾ ਰੁਝਾਨ
NEXT STORY