https://www.youtube.com/watch?v=pja-ZWFt-6U
ਕਰਤਾਰਪੁਰ ਲਾਂਘੇ ਬਾਰੇ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਦੂਜੀ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਦਾ ਨਾਂ ਕੱਢ ਦਿੱਤਾ ਗਿਆ ਹੈ।
ਭਾਰਤ ਨੇ ਇਸ ਤੋਂ ਪਹਿਲਾਂ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਦੇ ਕਰਤਾਰਪੁਰ ਸਾਹਿਬ ਦੇ ਪ੍ਰਾਜੈਕਟ ਦਾ ਹਿੱਸਾ ਹੋਣ 'ਤੇ ਇਤਰਾਜ਼ ਜਤਾਇਆ ਸੀ।
ਪਾਕਿਸਤਾਨ ਸਥਿਤ ਬੀਬੀਸੀ ਪੱਤਰਕਾਰ ਫਰਾਨ ਰਫ਼ੀ ਨੂੰ ਮੁਲਕ ਦੇ ਧਾਰਮਿਕ ਮਾਮਲਿਆਂ ਅਤੇ ਆਪਸੀ ਸਦਭਾਵਨਾ ਮੰਤਰਾਲੇ ਦੇ ਬੁਲਾਰੇ ਇਮਰਾਨ ਸਿੱਦੀਕੀ ਨੇ ਦੱਸਿਆ, ''ਗੋਪਾਲ ਸਿੰਘ ਚਾਵਲਾ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਤੇ ਬਿਸ਼ਨ ਸਿੰਘ ਨਾਮੀ ਸ਼ਖਸ ਨੂੰ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ETPB) 'ਚ ਥਾਂ ਨਹੀਂ ਦਿੱਤੀ ਗਈ ਹੈ।''
ਇਹ ਵੀ ਪੜ੍ਹੋ-
ਗੋਪਾਲ ਸਿੰਘ ਚਾਵਲਾ ਨੇ ਕੀ ਕਿਹਾ?
ਬੀਬੀਸੀ ਪੱਤਰਕਾਰ ਦਲਜੀਤ ਅਮੀ ਨਾਲ ਫੋਨ 'ਤੇ ਪਾਕਿਸਤਾਨ ਤੋਂ ਗੋਪਾਲ ਸਿੰਘ ਚਾਵਲਾ ਨੇ ਗੱਲ ਕੀਤੀ।
ਉਨ੍ਹਾਂ ਕਿਹਾ, ''ਉਂਝ ਤਾਂ ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ। ਮੈਂ ਇਮਰਾਨ ਖ਼ਾਨ ਦਾ ਧੰਨਵਾਦੀ ਹਾਂ ਕਿ ਉਹ ਕਰਤਾਰਪੁਰ ਲਾਂਘਾ ਘੋਲ੍ਹਣ ਨੂੰ ਲੈ ਕੇ ਸੰਜੀਦਾ ਹਨ ਅਤੇ ਭਾਰਤ ਦੇ ਇਤਰਾਜ਼ਾਂ ਨੂੰ ਧਿਆਨ ਵਿੱਚ ਰੱਖਿਆ। ਮੈਂ ਖਾਲਿਸਤਾਨ ਦਾ ਸਿਪਾਹੀ ਹਾਂ ਅਤੇ ਖਾਲਿਸਤਾਨ ਲਈ ਇਹ ਮੇਰੀ ਕੁਰਬਾਨੀ ਹੈ।''
ਇਹ ਕਮੇਟੀ ਕੰਮ ਕਿਵੇਂ ਕਰਦੀ ਹੈ?
ਗੋਪਾਲ ਸਿੰਘ ਚਾਵਲਾ ਨੇ ਦੱਸਿਆ, ''ਇਹ ਕਮੇਟੀ ਤਿੰਨ ਸਾਲਾਂ ਲਈ ਬਣਾਈ ਜਾਂਦੀ ਹੈ। ਪਿਛਲੀ ਵਾਰ ਇਹ ਕਮੇਟੀ 2014 ਵਿੱਚ ਬਣੀ ਸੀ ਅਤੇ 2017 ਵਿੱਚ ਪੁਨਰਗਠਨ ਨਹੀਂ ਹੋ ਸਕਿਆ। ਪਰ ਇਹ ਇਸਦੀ ਮਿਆਦ ਵਧਾ ਦਿੱਤੀ ਗਈ ਅਤੇ ਹੁਣ 2019 ਵਿੱਚ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ।''
ਪ੍ਰਧਾਨ ਕਿਵੇਂ ਚੁਣਿਆ ਜਾਂਦਾ ਹੈ ਇਸ 'ਤੇ ਚਾਵਲਾ ਕਹਿੰਦੇ ਹਨ ਕਿ ਕਮੇਟੀ ਮੈਂਬਰਾਂ ਵੱਲੋਂ ਆਪਣੇ ਵਿੱਚੋਂ ਹੀ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ।
ਜਦੋਂ ਹੋਈ ਨਵਜੋਤ ਸਿੱਧੂ ਅਤੇ ਗੋਪਾਲ ਚਾਵਲਾ ਦੀ ਚਰਚਾ
ਗੋਪਾਲ ਸਿੰਘ ਚਾਵਲਾ ਪਿਛਲੇ ਸਮੇਂ ਤੋਂ ਸੁਰਖ਼ੀਆਂ ਵਿਚ ਚਲੇ ਆ ਰਹੇ ਹਨ ਉਨ੍ਹਾਂ ਦੀਆਂ ਭਾਰਤੀ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਨਾਲ ਤਸਵੀਰਾਂ ਉੱਤੇ ਵਿਵਾਦ ਹੋਇਆ ਹੈ।
ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਦੇ ਸਮਾਗਮਾਂ ਦੌਰਾਨ ਪਹਿਲਾਂ ਵੀ ਗੋਪਾਲ ਸਿੰਘ ਚਾਵਲਾ ਨਾਮ ਦੇ ਸਖ਼ਸ਼ ਦੀਆਂ ਤਸਵੀਰਾਂ ਦੇ ਹਵਾਲੇ ਨਾਲ ਦਾਅਵੇ ਕੀਤੇ ਗਏ ਸਨ ਕਿ ਉਹ ਖਾਲਿਸਤਾਨੀ ਹਨ ਅਤੇ ਉਨ੍ਹਾਂ ਦੀ ਸਮਾਗਮ ਮੌਕੇ ਹਾਜ਼ਰੀ ਪਾਕਿਸਤਾਨੀ ਹਕੂਮਤ ਅਤੇ ਫੌਜ ਦੇ ਭਾਰਤ ਵਿਰੋਧੀ ਖ਼ਾਸੇ ਦੀ ਨੁਮਾਇੰਦਗੀ ਕਰਦੀ ਹੈ।
ਉਸ ਵੇਲੇ ਉਨ੍ਹਾਂ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਬਾਬਤ ਦੱਸਿਆ ਸੀ, "ਮੈਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਵਜੋਂ ਆਪਣੇ ਮੁਲਕ ਵਿੱਚ ਆਏ ਨਵਜੋਤ ਸਿੰਘ ਸਿੱਧੂ ਦੇ ਸੁਆਗਤ ਲਈ ਗਿਆ ਸਾਂ ਅਤੇ ਉੱਥੇ ਤਸਵੀਰ ਖਿਚਵਾਈ ਸੀ। ਇਸੇ ਨਾਤੇ ਮੇਰੀਆਂ ਬਾਕੀ ਮਹਿਮਾਨਾਂ ਨਾਲ ਵੀ ਤਸਵੀਰਾਂ ਖਿੱਚੀਆਂ ਗਈਆਂ ਸਨ।"
ਇਹ ਵੀ ਪੜ੍ਹੋ-
ਗੋਪਾਲ ਚਾਵਲਾ ਕਿੱਥੋਂ ਦੇ ਵਸਨੀਕ ਹਨ
ਗੋਪਾਲ ਚਾਵਲਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਨ੍ਹਾਂ ਦੇ ਪੁਰਖ਼ੇ ਸਰਹੱਦੀ ਸੂਬੇ (ਖੈਬਰ ਪਖ਼ਤੂਨਖਵਾ) ਦੇ ਰਹਿਣ ਵਾਲੇ ਸਨ ਜਿੱਥੇ ਉਨ੍ਹਾਂ ਦਾ ਪਿੰਡ ਤੋਰਾਬੜੀ, ਜ਼ਿਲਾ ਕੁਹਾਟ ਅਤੇ ਤਹਿਸੀਲ ਹੰਗੂ ਸੀ।
ਉਨ੍ਹਾਂ ਦੇ ਜ਼ਿਆਦਾਤਰ ਰਿਸ਼ਤੇਦਾਰ 1947 ਦੀ ਵੰਡ ਦੌਰਾਨ ਹਿਜ਼ਰਤ ਕਰ ਕੇ ਭਾਰਤ ਵਿੱਚ ਆ ਗਏ ਸਨ ਪਰ ਉਨ੍ਹਾਂ ਦੇ ਦਾਦਾ ਸੰਤ ਸਿੰਘ ਨੇ ਪਾਕਿਸਤਾਨ ਵਿੱਚ ਰਹਿਣ ਦਾ ਫ਼ੈਸਲਾ ਕੀਤਾ ਸੀ।
ਪਾਕਿਸਤਾਨ ਵਿੱਚ ਸਿੱਖਾਂ ਦੀ ਆਬਾਦੀ ਤਕਰੀਬਨ 20 ਹਜ਼ਾਰ ਹੈ ਜੋ ਮੁਲਕ ਦੀ ਆਬਾਦੀ ਦੀ ਤਕਰੀਬਨ 20 ਕਰੋੜ ਆਬਾਦੀ ਦਾ ਤਕਰੀਬਨ ਦਸ ਹਜ਼ਾਰਵਾਂ ਹਿੱਸਾ ਹੈ।
ਸੰਨ 1971 ਵਿੱਚ ਗੋਪਾਲ ਚਾਵਲਾ ਦਾ ਨਾਨਕਾ ਪਰਿਵਾਰ ਖੈਬਰ ਪਖ਼ਤੂਨਖਵਾ ਤੋਂ ਆ ਕੇ ਨਨਕਾਣਾ ਸਾਹਿਬ ਵਸਿਆ। ਗੋਪਾਲ ਚਾਵਲਾ ਦਾ ਜਨਮ ਖੈਬਰ ਪਖ਼ਤੂਨਖਵਾ ਵਿੱਚ ਹੋਇਆ ਸੀ ਪਰ ਉਨ੍ਹਾਂ ਦਾ ਪਰਿਵਾਰ ਬਾਅਦ ਵਿੱਚ ਨਨਕਾਣਾ ਸਾਹਿਬ ਵਸ ਗਿਆ।
ਉਨ੍ਹਾਂ ਦੇ ਦੱਸਣ ਮੁਤਾਬਕ ਇਸ ਵੇਲੇ ਨਨਕਾਣਾ ਸਾਹਿਬ ਵਿੱਚ ਤਕਰੀਬਨ 250 ਤੋਂ ਜ਼ਿਆਦਾ ਸਿੱਖ ਪਰਿਵਾਰ ਹਨ।
ਗੋਪਾਲ ਦੀ ਦਸਵੀਂ ਤੱਕ ਪੜ੍ਹਾਈ ਖੈਬਰ ਪਖ਼ਤੂਨਖਵਾ ਦੇ ਆਪਣੇ ਪਿੰਡ ਵਿੱਚ ਹੋਈ ਅਤੇ ਹੋਮੋਪੈਥਿਕ ਡਾਕਟਰੀ ਦੀ ਚਾਰ ਸਾਲਾ ਪੜ੍ਹਾਈ ਉਨ੍ਹਾਂ ਨੇ ਫ਼ੈਸਲਾਬਾਦ (ਪੁਰਾਣਾ ਲਾਇਲਪੁਰ) ਤੋਂ ਕੀਤੀ। ਉਹ ਹੁਣ ਪੇਸ਼ੇ ਵਜੋਂ ਡਾਕਟਰੀ ਕਰਦੇ ਹਨ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ।
'ਹੁਣ ਤਾਂ ਖਾਲਿਸਤਾਨ ਉਸੇ ਪਾਸੇ ਬਣੇਗਾ'
ਖਾਲਿਸਤਾਨ ਦੇ ਨਕਸ਼ੇ ਬਾਬਤ ਪੁੱਛੇ ਗਏ ਸੁਆਲ ਦੇ ਜੁਆਬ ਵਿੱਚ ਗੋਪਾਲ ਨੇ ਕਿਹਾ ਸੀ, "ਸਾਨੂੰ ਪਹਿਲਾਂ ਸਾਰਾ ਪੰਜਾਬ ਲੈਣਾ ਚਾਹੀਦਾ ਸੀ ਪਰ 1947 ਵਿੱਚ ਅਸੀਂ ਪਾਕਿਸਤਾਨ ਵਾਲੇ ਇਲਾਕੇ ਦਾ ਨੁਕਸਾਨ ਤਾਂ ਕਰ ਲਿਆ। ਹੁਣ ਪਾਕਿਸਤਾਨ ਵਾਲੇ ਪਾਸੇ ਤੋਂ ਸਾਨੂੰ ਕੋਈ ਮੁਸ਼ਕਲ ਨਹੀਂ। ਅਸੀਂ ਕਾਇਦਿ-ਆਜ਼ਮ ਦੀ ਗੱਲ ਨਹੀਂ ਮੰਨੀ ਅਤੇ ਹੁਣ ਤਾਂ ਖਾਲਿਸਤਾਨ ਉਸੇ ਪਾਸੇ ਬਣੇਗਾ।"
ਉਹ ਪਾਕਿਸਤਾਨ ਵਿੱਚ ਗੁਰਧਾਮਾਂ ਦੇ ਹਵਾਲੇ ਨਾਲ ਪੰਜਾਬ ਉੱਤੇ ਆਪਣੀ ਦਾਅਵੇਦਾਰੀ ਮੰਨਦੇ ਹਨ ਪਰ ਖਾਲਿਸਤਾਨ ਬਣਨ ਕਾਰਨ ਉਹ ਪਾਕਿਸਤਾਨ ਵਾਲੀ ਸਰਹੱਦ ਖ਼ਤਮ ਕਰਨ ਦਾ ਮਨਸੂਬਾ ਪੇਸ਼ ਕਰਦੇ ਹਨ।
ਉਨ੍ਹਾਂ ਮੁਤਾਬਕ ਖਾਲਿਸਤਾਨ ਅਤੇ ਪਾਕਿਸਤਾਨ ਇੱਕੋ ਮੁਲਕ ਹੋਵੇਗਾ। ਉਹ ਸਿੱਖ-ਮੁਸਲਮਾਨ ਦੀ ਸਾਂਝ ਦੇ ਕਈ ਹਵਾਲੇ ਦਿੰਦੇ ਹਨ। ਜਦੋਂ ਉਨ੍ਹਾਂ ਨੂੰ ਇਹੋ ਜਿਹੇ ਹਵਾਲਿਆਂ ਨਾਲ ਹਿੰਦੂ-ਸਿੱਖ ਦੀ ਸਾਂਝ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਜੁਆਬ ਦਿੱਤਾ, "ਹਿੰਦੂ ਵੀ ਸਾਡੇ ਭਰਾ ਹਨ ਪਰ ਅਸੀਂ ਹਿੰਦੂ ਨਹੀਂ ਹਾਂ। ਜਿਵੇਂ ਮੁਸਲਮਾਨ ਸਾਡੇ ਭਰਾ ਹਨ ਪਰ ਅਸੀਂ ਮੁਸਲਮਾਨ ਨਹੀਂ ਹਾਂ।"
ਇਹ ਵੀ ਪੜ੍ਹੋ-
ਗੋਪਾਲ ਚਾਵਲਾ ਦਾ ਕਹਿਣਾ ਹੈ ਕਿ ਹਾਫਿਜ਼ ਸਈਦ ਭਾਰਤ ਲਈ ਦਹਿਸ਼ਤਗਰਦ ਹੈ ਪਰ ਉਨ੍ਹਾਂ ਦਾ ਸ਼ਹਿਰੀ ਹੈ
ਹਾਫ਼ਿਜ਼ ਸਈਦ ਨਾਲ ਕੀ ਹੈ ਰਿਸ਼ਤਾ?
ਉਹ ਹਾਫ਼ਿਜ਼ ਸਈਦ ਨਾਲ ਆਪਣੇ ਰਿਸ਼ਤਿਆਂ ਬਾਬਤ ਸੁਆਲ ਦਾ ਜੁਆਬ ਇੰਝ ਦਿੱਤਾ, "ਪਾਕਿਸਤਾਨ ਵਿੱਚ ਉਨ੍ਹਾਂ ਨੂੰ ਹਾਫ਼ਿਜ਼ ਸਈਦ ਸਾਹਿਬ ਕਹਿੰਦੇ ਹਨ। ਉਹ ਪਾਕਿਸਤਾਨ ਦੇ ਸ਼ਹਿਰੀ ਹਨ ਅਤੇ ਉਨ੍ਹਾਂ ਦੀ ਤਨਜੀਮ ਫਲਾਇ-ਇਨਸਾਨੀਅਤ ਸਾਰੇ ਪਾਕਿਸਤਾਨ ਵਿੱਚ ਐਂਬੂਲੈਂਸ ਦੀ ਸਹੂਲਤ ਦਿੰਦੀ ਹੈ। ਪਾਕਿਸਤਾਨ ਵਿੱਚ ਸਿੰਧ ਸੂਬੇ ਵਿੱਚ ਥਾਰ ਦਾ ਇਲਾਕਾ ਹੈ ਜਿੱਥੇ ਹਿੰਦੂ ਆਬਾਦੀ ਹੈ ਅਤੇ ਉੱਥੇ ਹਾਫ਼ਿਜ਼ ਸਈਦ ਨੇ ਹਰ ਪਿੰਡ ਵਿੱਚ ਖੂਹ ਲਗਵਾਇਆ ਹੈ। ਉੱਥੇ ਦੇ ਹਿੰਦੂ ਉਸ ਨੂੰ ਆਪਣਾ ਦੇਵਤਾ ਮੰਨਦੇ ਹਨ।"
ਉਹ ਅੱਗੇ ਦੱਸਦੇ ਹਨ ਕਿ ਪਾਕਿਸਤਾਨ ਵਿੱਚ ਮਨੁੱਖੀ ਹਕੂਕ ਦੇ ਹਰ ਸਮਾਗਮ ਵਿੱਚ ਮੁਸਲਮਾਨਾਂ ਦੇ ਚਾਰ ਫਿਰਕਿਆਂ ਦੇ ਨੁਮਾਇੰਦੇ ਆਉਂਦੇ ਹਨ। ਇਸ ਤੋਂ ਇਲਾਵਾ ਸਿੱਖਾਂ, ਹਿੰਦੂਆਂ ਅਤੇ ਈਸਾਈਆਂ ਦੇ ਨੁਮਾਇੰਦੇ ਆਉਂਦੇ ਹਨ। ਇਨ੍ਹਾਂ ਸਮਾਗਮਾਂ ਵਿੱਚ ਸਿੱਖ ਬਰਾਦਰੀ ਦੀ ਨੁਮਾਇੰਦਗੀ ਗੋਪਾਲ ਸਿੰਘ ਚਾਵਲਾ ਕਰਦੇ ਹਨ।
ਉਹ ਮੋੜਵੇਂ ਸੁਆਲ ਕਰਦੇ ਹਨ, "ਇਹ ਮੇਰਾ ਮੁਲਕ ਹੈ ਅਤੇ ਹਾਫ਼ਿਜ਼ ਸਈਦ ਇਸ ਮੁਲਕ ਦਾ ਸ਼ਹਿਰੀ ਹੈ। ਮੈਂ ਉਨ੍ਹਾਂ ਨਾਲ ਮੰਚ ਉੱਤੇ ਬੈਠਣ ਤੋਂ ਕਿਵੇਂ ਇਨਕਾਰ ਕਰ ਦਿਆਂ? ਮੈਂ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਿਵੇਂ ਕਰ ਦਿਆਂ? ਉਹ ਭਾਰਤ ਲਈ ਦਹਿਸ਼ਤਗਰਦ ਹੈ ਪਰ ਸਾਡਾ ਸ਼ਹਿਰੀ ਹੈ। ਉਸ ਨਾਲ ਹੱਥ ਮਿਲਾ ਕੇ ਮੈਂ ਕਿਵੇਂ ਦਹਿਸ਼ਤਗਰਦ ਹੋ ਜਾਂਵਾਗਾ?"
ਸ਼ਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਖ਼ਬਰਾਂ ਦਾ ਕੇਂਦਰ ਬਣ ਗਿਆ ਹੈ।
ਕੀ ਕਰਤਾਰਪੁਰ ਲਾਂਘਾ ਇਮਰਾਨ ਖਾਨ ਦੀ ਕੂਟਨੀਤਕ ਕਾਮਯਾਬੀ?
ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਉੱਤੇ ਲਗਾਤਾਰ ਨਜ਼ਰ ਰੱਖਣ ਵਾਲੇ ਪੱਤਰਕਾਰ ਗੋਬਿੰਦ ਠੁਕਰਾਲ ਦਾ ਕਹਿਣਾ ਹੈ ਕਿ ਮੌਜੂਦਾ ਦੌਰ ਵਿੱਚ ਪਾਕਿਸਤਾਨ ਮੁਲਕ ਦੇ ਅੰਦਰੋਂ ਅਤੇ ਬਾਹਰੋਂ ਜਬਰਦਸਤ ਦਬਾਅ ਵਿੱਚ ਹੈ। ਅਮਰੀਕਾ ਦੇ ਸਾਥੀ ਵਿੱਚੋਂ ਅਫ਼ਗ਼ਾਨਿਸਤਾਨ ਵਿੱਚ ਉਨ੍ਹਾਂ ਦੀ ਦਖ਼ਲਅੰਦਾਜ਼ੀ ਨਾਕਾਮਯਾਬੀ ਸਾਬਤ ਹੋਈ ਹੈ ਅਤੇ ਹੁਣ ਅਮਰੀਕਾ ਹਰ ਇਮਦਾਦ ਤੋਂ ਹੱਥ ਪਿੱਛੇ ਖਿੱਚ ਰਿਹਾ ਹੈ।
ਇਨ੍ਹਾਂ ਹਾਲਾਤਾਂ ਵਿੱਚ ਫੌਜ ਅਤੇ ਸਰਕਾਰ ਇੱਕਸੁਰ ਹੋਏ ਹਨ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਭਾਰਤ ਨਾਲ ਰਿਸ਼ਤੇ ਸੁਧਾਰਨੇ ਜ਼ਰੂਰੀ ਹਨ।
ਗੋਬਿੰਦ ਠੁਕਰਾਲ ਕਹਿੰਦੇ ਹਨ, "ਇਮਰਾਨ ਖ਼ਾਨ ਨੇ ਚੋਣਾਂ ਜਿੱਤਣ ਤੋਂ ਬਾਅਦ ਤਿੰਨ ਪਹਿਲਕਦਮੀਆਂ ਕੀਤੀਆਂ ਹਨ ਜੋ ਉਨ੍ਹਾਂ ਦੀ ਕੂਟਨੀਤਕ ਕਾਮਯਾਬੀ ਬਣ ਗਈਆਂ। ਪਹਿਲਾਂ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਵਿੱਚ ਅਮਨ ਦੀ ਬਾਤ ਪਾਈ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਨਵਜੋਤ ਸਿੰਘ ਸਿੱਧੂ ਨਾਲ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਰਾਹੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਵਾਅਦਾ ਕਰ ਦਿੱਤਾ ਅਤੇ ਮੁੜ ਕੇ ਆਪਣੇ ਹਿੱਸੇ ਦਾ ਲਾਂਘਾ ਬਣਾਉਣ ਦਾ ਇੱਕਤਰਫ਼ਾ ਐਲਾਨ ਕਰ ਦਿੱਤਾ।"
ਉਨ੍ਹਾਂ ਦਾ ਮੰਨਣਾ ਹੈ ਕਿ ਲਾਂਘੇ ਦੇ ਮਾਮਲੇ ਵਿੱਚ ਭਾਰਤ ਨੂੰ ਜਲਦਬਾਜ਼ੀ ਵਿੱਚ ਫ਼ੈਸਲਾ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਸ਼ਸ਼ੋਪੰਜ ਵਿੱਚ ਅਣਮਨੇ ਮਨ ਨਾਲ ਦੋ ਮੰਤਰੀਆਂ ਨੂੰ ਨੀਂਹ ਪੱਥਰ ਰੱਖਣ ਵਾਲੇ ਸਮਾਗਮ ਵਿੱਚ ਭੇਜਣਾ ਪਿਆ।
ਗੋਬਿੰਦ ਠੁਕਰਾਲ ਦਾ ਮੰਨਣਾ ਹੈ ਕਿ ਗੋਬਿੰਦ ਚਾਵਲਾ ਦੀ ਵਰਤੋਂ ਪਾਕਿਸਤਾਨ ਕਰਦਾ ਹੈ ਅਤੇ ਇਹ ਲੋੜ ਮੁਤਾਬਕ ਕਰਦਾ ਰਹੇਗਾ।
ਕਰਤਾਰਪੁਰ ਲਾਂਘੇ ਦੇ ਹਵਾਲੇ ਨਾਲ ਦਲੀਲ ਇਹ ਵੀ ਬਣਦੀ ਹੈ ਕਿ ਗੁਰਧਾਮਾਂ ਦੀ ਪਹੁੰਚ ਸੁਖਾਲੀ ਕਰਨ ਲਈ ਦੋਵੇਂ ਮੁਲਕਾਂ ਨੂੰ ਆਪਣੀਆਂ ਵਿਦੇਸ਼ ਨੀਤੀਆਂ ਦੀ ਟਕਸਾਲੀ ਸਮਝ ਦਰਕਿਨਾਰ ਕਰਨੀ ਪਈ ਹੈ। ਸਿੱਖਾਂ, ਪੰਜਾਬੀਆਂ ਅਤੇ ਮੁਕੱਦਸ ਅਸਥਾਨਾਂ ਦੇ ਨਾਲ-ਨਾਲ ਸਾਂਝੇ ਸੱਭਿਆਚਾਰ ਅਤੇ ਇਤਿਹਾਸ ਨੇ ਲੋਕਾਂ ਅੰਦਰ ਸਰਹੱਦ ਦੇ ਪਾਰ ਦੀ ਖਿੱਚ ਕਾਇਮ ਰੱਖਣੀ ਹੈ।
ਸਰਹੱਦ ਨੂੰ ਸੀਲਬੰਦ ਕਰਨ ਅਤੇ ਨਵੇਂ-ਨਵੇਂ ਲਾਂਘੇ ਖੋਲ੍ਹਣ ਦੀ ਮੰਗ ਨਾਲੋਂ-ਨਾਲੋਂ ਹੁੰਦੀ ਰਹਿਣੀ ਹੈ। ਜੇ ਅਮਨ ਦੀ ਸਿਆਸਤ ਹੋਣੀ ਹੈ ਤਾਂ ਜੰਗ ਦੀ ਵੀ ਸਿਆਸਤ ਹੋਣੀ ਹੈ। ਹੁਣ ਗੋਪਾਲ ਸਿੰਘ ਚਾਵਲਾ ਸਰਹੱਦ ਦੀ ਪੇਚੀਦਗੀ ਦਾ ਨੁਮਾਇੰਦਾ ਬਣਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕੋਈ ਹੋਰ ਹੋ ਸਕਦਾ ਹੈ।
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਵੇਖੋ:
https://www.youtube.com/watch?v=xWw19z7Edrs
https://www.youtube.com/watch?v=PZxajPt4pd4&t=2s
https://www.youtube.com/watch?v=Vko7fH0A1-Y&t=4s
https://www.youtube.com/watch?v=-l928HzNcD8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਹਮਲੇ ''ਚ ਮਾਰੀ ਗਈ ਸੋਮਾਲੀਆ ਦੀ ਇਸ ਪੱਤਰਕਾਰ ਨੂੰ ਯਾਦ ਕਰਕੇ ਕਿਉਂ ਭਾਵੁਕ ਹੋ ਰਹੇ ਹਨ ਲੋਕ - 5 ਅਹਿਮ...
NEXT STORY