"ਮੈਂ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਗੋਹਾ ਸਾਫ਼ ਕਰਦਾ ਸੀ ਪਰ ਫਿਰ ਵੀ ਬਦਬੂ ਨਹੀਂ ਸੀ ਜਾਂਦੀ।"
ਡਾ. ਮਲਸਵਾਮੀ ਅਨਾਦੁਰਾਇ ਕੋਲ ਆਪਣੇ ਖੇਤਰ ਦੀ ਵਿਦਿਅਕ ਜਾਣਕਾਰੀ ਨਹੀਂ ਸੀ।
ਡਾ. ਮਲਸਵਾਮੀ ਭਾਰਤ ਦੇ ਪ੍ਰਮੱਖ ਪੁਲਾੜ ਵਿਗਿਆਨੀਆਂ ਵਿੱਚੋਂ ਇੱਕ ਹਨ, ਜਿਨ੍ਹਾਂ ਦਾ ਹੱਥ ਦੇਸ ਦੇ ਸਫਲ ਪੁਲਾੜ ਮਿਸ਼ਨਾਂ ਪਿੱਛੇ ਹੈ। ਇਹ ਮਿਸ਼ਨ ਚੰਨ ਤੇ ਮੰਗਲ ਗ੍ਰਹਿ ਦੇ ਸਨ।
ਉਨ੍ਹਾਂ ਨੇ ਸਕੂਲ ਦੇ ਮੁੱਢਲੇ ਤਿੰਨ ਸਾਲਾਂ 'ਚ ਅਨੋਖੀਆਂ ਥਾਵਾਂ 'ਤੇ ਕਲਾਸਾਂ ਲਗਾਈਆਂ - ਰੁੱਖਾਂ ਹੇਠਾਂ, ਪਿੰਡ ਦੇ ਮੰਦਰ ਦੇ ਬਰਾਂਡੇ 'ਚ ਅਤੇ ਫਿਰ ਇੱਕ ਗਊਆਂ ਦੇ ਤਬੇਲੇ ਵਿੱਚ।
ਪਰ ਡਾ. ਮਲਸਾਵਮੀ ਅਨਾਦੁਰਾਇ ਕਿਸ ਤਰ੍ਹਾਂ ਇਹ ਹਾਈ-ਟੈਕ ਇੰਡਸਟਰੀ ਦੀ ਸਭ ਤੋਂ ਉੱਚੀ ਥਾਂ 'ਤੇ ਪਹੁੰਚੇ? ਪੜ੍ਹੋ ਉਨ੍ਹਾਂ ਦਾ ਸਫ਼ਰ:
ਇਹ ਵੀ ਪੜ੍ਹੋ:
ਮੁੱਢਲਾ ਮਿਸ਼ਨ
ਅਨਾਦੁਰਾਇ ਕੋਲ ਪੈਰਾਂ 'ਚ ਪਾਉਣ ਲਈ ਬੂਟ ਨਹੀਂ ਸਨ ਤੇ ਬਿਜਲੀ ਵੀ ਉਨ੍ਹਾਂ ਦੇ ਪਿੰਡ ਵਿੱਚ ਉਸ ਵੇਲੇ ਪਹੁੰਚੀ ਸੀ, ਜਦੋਂ ਉਹ ਅੱਠ ਸਾਲਾਂ ਦੇ ਸੀ। ਜਦਕਿ ਦੁਨੀਆਂ ਤੇਜ਼ੀ ਨਾਲ ਬਦਲ ਰਹੀ ਸੀ।
1960 ਦੇ ਦਹਾਕੇ ਵਿੱਚ, ਅਮਰੀਕਾ ਤੇ ਯੂਐੱਸਐੱਸਆਰ ਪੁਲਾੜ ਵਿੱਚ ਆਪਣੀ ਦੁਸ਼ਮਣੀ ਲੈ ਜਾ ਰਹੇ ਸੀ।
ਭਾਰਤ ਵੀ ਉਸ ਦਿਸ਼ਾ ਵਿੱਚ ਚੱਲਣ ਲਗਾ ਅਤੇ 21 ਨਵੰਬਰ 1963 'ਚ ਆਪਣਾ ਪਹਿਲਾਂ ਰਾਕਟ ਲਾਂਚ ਕੀਤਾ ਪਰ ਇਸ ਦਾ ਭਾਰਤ ਦੇ ਲੋਕਾਂ ਦੀਆਂ ਜ਼ਿੰਦਗੀਆਂ 'ਤੇ ਕੋਈ ਅਸਰ ਨਹੀਂ ਪਿਆ।
ਅਨਾਦੁਰਾਇ ਦਾ ਪਾਲਣ-ਪੋਸ਼ਣ ਦੱਖਣੀ ਭਾਰਤ ਦੇ ਤਾਮਿਲਨਾਡੂ ਦੇ ਇੱਕ ਪਿੰਡ ਕੋਧਾਵਡੀ ਵਿੱਚ ਹੋਇਆ।
ਉਨ੍ਹਾਂ ਵਾਂਗ, ਉਸ ਵੇਲੇ ਜ਼ਿਆਦਾਤਰ ਭਾਰਤੀ ਉਦਯੋਗਿਕ ਦੌਰ ਤੋਂ ਪਹਿਲਾਂ ਵਾਲੇ ਸਮੇਂ ਵਿੱਚ ਸੀਮਿਤ ਸਿੱਖਿਆ ਅਤੇ ਸਿਹਤ ਸੁਵਿਧਾਵਾ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ।
ਚੰਗਾ ਵਿਦਿਆਰਥੀ
ਆਰਥਿਕ ਤੰਗੀ ਵੀ ਸਵਾਮੀ ਨੂੰ ਪੜ੍ਹਾਈ ਵਿੱਚ ਅਵੱਲ ਰਹਿਣ ਤੋਂ ਨਹੀਂ ਰੋਕ ਸਕੀ। ਮਲਸਵਾਮੀ ਦੀ ਗਣਿਤ ਤੇ ਵਿਗਿਆਨ ਵਿੱਚ ਦਿਲਚਸਪੀ ਸੀ। ਪਰ ਇਤਿਹਾਸ ਉਨ੍ਹਾਂ ਨੂੰ ਪਸੰਦ ਨਹੀਂ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਪਿਤਾ ਜੀ ਕਹਿੰਦੇ ਸਨ ਕਿ ਇਤਿਹਾਸ ਪੜ੍ਹਨ ਦਾ ਉਦੇਸ਼ ਕੇਵਲ ਇਤਿਹਾਸ ਬਣਾਉਣ ਲਈ ਹੁੰਦਾ ਹੈ।"
ਉਨ੍ਹਾਂ ਦੇ ਪਿਤਾ ਇੱਕ ਸਕੂਲ 'ਚ ਅਧਿਆਪਕ ਸਨ ਜੋ ਹੋਰ ਕਮਾਈ ਦੇ ਲਈ ਦਰਜੀ ਦਾ ਕੰਮ ਵੀ ਕਰਦੇ ਸਨ।
ਉਨ੍ਹਾਂ ਦੀ ਕਮਾਈ ਇੱਕ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਤਾਂ ਕਾਫ਼ੀ ਸੀ, ਪਰ ਬਚਦਾ ਕੁਝ ਨਹੀਂ ਸੀ।
ਉਨ੍ਹਾਂ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਸਵਾਮੀ ਉੱਚ ਸਿੱਖਿਆ ਹਾਸਲ ਕਰਨਗੇ। ਉਨ੍ਹਾਂ ਨੂੰ ਅਜਿਹਾ ਮੌਕਾ ਮਿਲਿਆ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।
"ਜਦੋਂ ਮੈਂ 12 ਸਾਲਾਂ ਦਾ ਸੀ, ਮੈਂ ਪੇਂਡੂ ਵਿਦਿਆਰਥੀਆਂ ਲਈ ਆਏ ਇੱਕ ਸਰਕਾਰੀ ਵਜੀਫ਼ੇ ਬਾਰੇ ਰੇਡਿਓ 'ਤੇ ਸੁਣਿਆ। ਮੈਂ ਵੀ ਉਸ ਲਈ ਅਪਲਾਈ ਕਰ ਦਿੱਤਾ।"
ਇਸ ਵਜ਼ੀਫ਼ੇ ਨਾਲ ਉਨ੍ਹਾਂ ਦੀਆਂ ਕਾਫੀ ਆਰਥਿਕ ਸਮੱਸਿਆਵਾਂ ਦੂਰ ਹੋ ਗਈਆਂ ਅਤੇ ਉਹ ਨੇੜੇ ਦੇ ਇੱਕ ਕਸਬੇ ਵਿੱਚ ਚੰਗੇ ਸਕੂਲ 'ਚ ਗਏ।
"ਮੇਰੇ ਪਿਤਾ ਉਸ ਵੇਲੇ 120 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਸਨ। ਵਜੀਫ਼ੇ ਦੀ ਕੀਮਤ 1000 ਰੁਪਏ ਪ੍ਰਤੀ ਸਾਲ ਸੀ।"
1970 ਵਿੱਚ, ਇੱਕ ਡਾਲਰ ਦੀ ਕੀਮਤ 7.5 ਰੁਪਏ ਸੀ।
ਉਹ ਜ਼ਿਲ੍ਹੇ 'ਚ ਅਵੱਲ ਨੰਬਰ ਅਤੇ ਸੂਬੇ ਵਿੱਚੋਂ 39ਵੀਂ ਥਾਂ 'ਤੇ ਆਏ ਜਿਸ ਕਾਰਨ ਉਨ੍ਹਾਂ ਨੂੰ ਪੈਸੇ ਪੱਖੋਂ ਹੋਰ ਮਦਦ ਮਿਲੀ।
ਸ਼ੁਰੂਆਤੀ ਦਿਨਾਂ ਦੀਆਂ ਪ੍ਰੇਸ਼ਾਨੀਆਂ
ਜਦੋਂ ਅਨਾਦੁਰਾਇ ਨੇ ਇੰਜੀਨੀਅਰਿੰਗ ਕਾਲਜ ਵਿੱਚ ਦਾਖ਼ਲਾ ਲਿਆ ਸੀ, ਉਸ ਤੋਂ ਪਹਿਲਾਂ ਹੀ ਭਾਰਤੀ ਪੁਲਾੜ ਏਜੰਸੀ ਨੇ ਆਪਣਾ ਪਹਿਲਾ ਉਪਗ੍ਰਹਿ, ਆਰਿਆਭੱਟ, ਰੂਸ ਦੀ ਮਦਦ ਨਾਲ 1975 ਵਿੱਚ ਲਾਂਚ ਕੀਤਾ।
ਉਪਗ੍ਰਹਿ ਤੋਂ ਸਿਗਨਲਾਂ ਲਈ ਬੈਂਗਲੁਰੂ 'ਚ ਕਈ ਟਾਇਲਟਾਂ ਨੂੰ ਛੇਤੀ ਹੀ ਡਾਟਾ ਸੈਂਟਰਾਂ ਵਿੱਚ ਤਬਦੀਲ ਕੀਤਾ।
ਉਪਗ੍ਰਹਿ ਛੇ ਮਹੀਨਿਆਂ ਤੱਕ ਚੱਲਣ ਲਈ ਬਣਾਇਆ ਗਿਆ ਸੀ, ਪਰ ਉਹ ਮਹਿਜ਼ ਚਾਰ ਦਿਨ ਹੀ ਚੱਲਿਆ।
ਅਨਾਦੁਰਾਇ 1980 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਹੀ ਭਾਰਤੀ ਪੁਲਾੜ ਏਜੰਸੀ ਨਾਲ ਜੁੜ ਗਏ।
"ਅਸੀਂ ਤਰਪਾਲਾਂ ਹੇਠ ਕੰਮ ਕਰਦੇ ਸੀ ਅਤੇ ਹਰ ਚਾਰ ਸਾਲਾਂ ਬਾਅਦ ਇੱਕ ਉਪਗ੍ਰਹਿ ਲਾਂਚ ਕਰਦੇ ਸੀ।"
ਮੈਂ ਤਮਿਲ ਭਾਸ਼ਾ ਦੀ ਵੱਧ ਵਰਤੋਂ ਕਰਦਾ ਸੀ ਅਤੇ ਅੰਗਰੇਜ਼ੀ ਤੇ ਹਿੰਦੀ ਵਿੱਚ ਗੱਲਬਾਤ ਕਰਨ ਵਿੱਚ ਔਖ ਹੁੰਦਾ ਸੀ। "ਕਦੇ ਲੋਕ ਮੇਰੀ ਅੰਗਰੇਜ਼ੀ 'ਤੇ ਹੱਸਦੇ ਸਨ।"
ਪਹਿਲਾ ਉਪਗ੍ਰਹਿ, ਜਿਸ 'ਤੇ ਉਨ੍ਹਾਂ ਨੇ ਕੰਮ ਕੀਤਾ, ਧਰਤੀ ਦੇ 400 ਕਿਲੋਮੀਟਰ ਤੱਕ ਦੇ ਘੇਰੇ ਵਿੱਚ ਜਾਣ ਲਈ ਬਣਾਇਆ ਗਿਆ ਸੀ ਪਰ ਕੁਝ ਖਰਾਬੀਆਂ ਕਾਰਨ ਉਪਗ੍ਰਹਿ ਬੰਗਾਲ ਦੀ ਖਾੜੀ ਵਿੱਚ ਡਿੱਗ ਗਿਆ।
ਇਹ ਵੀ ਪੜ੍ਹੋ:
ਚੰਨ 'ਤੇ ਪਹੁੰਚਣਾ
ਇਸ ਨਾ-ਕਾਮਯਾਬ ਸ਼ੁਰੂਆਤ ਤੋਂ ਬਾਅਦ ਵੀ, ਉਨ੍ਹਾਂ ਨੇ ਅੱਠ INSAT ਉਪਗ੍ਰਹਿ ਮਿਸ਼ਨਾਂ ਵਿੱਚ ਯੋਗਦਾਨ ਦਿੱਤਾ। INSAT ਭਾਰਤੀ ਪੁਲਾੜ ਪ੍ਰੋਗਰਾਮ ਦਾ ਅਹਿਮ ਹਿੱਸਾ ਹੈ ਅਤੇ ਮੌਸਮ ਦੀ ਭਵਿੱਖਵਾਣੀ ਤੋਂ ਲੈ ਕੇ ਨਕਸ਼ੇ ਬਣਾਉਣ ਵਿੱਚ ਕੰਮ ਆਉਂਦਾ ਹੈ।
2003 ਵਿੱਚ, ਡਾ ਅਨਾਦੁਰਾਇ ਪੁਲਾੜ ਏਜੰਸੀ ਛੱਡ ਕੇ ਪ੍ਰਾਈਵੇਟ ਸੈਕਟਰ ਵਿੱਚ ਜਾਣ ਦੀ ਸੋਚ ਰਹੇ ਸਨ। ਉਹ ਇਸ ਬਾਰੇ ਉਸ ਵੇਲੇ ਤੱਕ ਸੋਚ ਰਹੇ ਸਨ ਜਦੋਂ ਤੱਕ ਉਨ੍ਹਾਂ ਨੂੰ ਚੰਨ 'ਤੇ ਜਾਣ ਵਾਲੇ ਭਾਰਤ ਦੇ ਪਹਿਲੇ ਮਿਸ਼ਨ ਲਈ ਚੁਣਿਆ ਗਿਆ।
"ਸਾਡਾ ਮੁੱਖ ਟੀਚਾ ਉਨ੍ਹਾਂ ਖੇਤਰਾਂ ਤੱਕ ਪਹੁੰਚਣਾ ਸੀ ਜੋ ਪੁਰਾਣੇ ਮਿਸ਼ਨ ਪੂਰੇ ਨਹੀਂ ਕਰ ਸਕੇ। ਅਸੀਂ ਇਹ ਵੀ ਪਤਾ ਕਰਨਾ ਚਾਹੁੰਦੇ ਸੀ ਕਿ ਚੰਨ 'ਤੇ ਕਿੰਨਾ ਪਾਣੀ ਹੈ ਅਤੇ ਇਹ ਕਿਵੇਂ ਬਣਿਆ।"
ਅਕਤੂਬਰ 2008 ਦੇ ਬਰਸਾਤਾਂ ਦੇ ਮੌਸਮ ਵਿੱਚ ਗੂੜੇ ਬੱਦਲਾਂ ਵਾਲੇ ਦਿਨ, ਚੰਦਰਯਾਨ-1, ਚੇਨੱਈ ਤੋਂ 100 ਕਿਲੋਮੀਟਰ ਦੂਰ ਸ਼੍ਰੀਹਰੀਕੋਟਾ ਤੋਂ ਲਾਂਚ ਹੋਇਆ। ਉਸ ਨੇ ਚੰਨ 'ਤੇ ਭਾਰਤ ਦਾ ਝੰਡਾ ਲਗਾਇਆ ਅਤੇ ਪਾਣੀ ਦੀ ਮੌਜੂਦਗੀ ਬਾਰੇ ਦੱਸਿਆ।
ਭਾਰਤੀ ਮੀਡੀਆ ਨੇ ਇਸ ਦੀ ਕਾਮਯਾਬੀ ਦਾ ਜਸ਼ਨ ਮਨਾਇਆ। ਪਰ ਕਈਆਂ ਨੇ ਇਸ 'ਤੇ ਐਨੇ ਪੈਸੇ ਖਰਚੇ ਜਾਣ ਉੱਤੇ ਸਵਾਲ ਚੁੱਕੇ ਕਿਉਂਕਿ ਲੱਖਾਂ ਲੋਕ ਅਜਿਹੇ ਹਨ, ਜਿਨ੍ਹਾਂ ਕੋਲ ਲੋੜੀਂਦੀਆਂ ਸਹੂਲਤਾਂ ਵੀ ਨਹੀਂ ਹਨ।
ਡਾ. ਅਨਾਦੁਰਾਇ ਇਸ ਬਾਰੇ ਸਪੱਸ਼ਟ ਕਹਿੰਦੇ ਸਨ, "ਗਰੀਬੀ ਦਾ ਇੱਕ ਪ੍ਰਮੁੱਖ ਕਾਰਨ ਸਾਡਾ ਉਦਯੋਗਿਕ ਕ੍ਰਾਂਤੀ ਵਿੱਚ ਹਿੱਸਾ ਨਾ ਲੈਣਾ ਹੈ। ਇੱਕ ਵੱਡੀ ਅਬਾਦੀ ਵਾਲਾ ਮੁਲਕ ਹੋ ਕੇ ਅਸੀਂ ਪੁਲਾੜ ਨਾਲ ਸਬੰਧਿਤ ਅਜਿਹੇ ਮੌਕੇ ਨਹੀਂ ਗੁਆ ਸਕਦੇ।"
ਮੰਗਲ ਗ੍ਰਹਿ 'ਤੇ ਪਹੁੰਚਣਾ
ਕੁਝ ਸਾਲਾਂ ਬਾਅਦ, ਉਨ੍ਹਾਂ ਦੀ ਅਗਵਾਈ ਹੇਠ, ਭਾਰਤ ਪਹਿਲੀ ਵਾਰ 'ਚ ਹੀ ਮੰਗਲ ਉੱਤੇ ਪਹੁੰਚਣ ਵਿੱਚ ਕਾਮਯਾਬ ਰਿਹਾ।
"ਚੰਨ 'ਤੇ ਪਹੁੰਚਣ ਲਈ, ਸਾਡੇ ਉਪਗ੍ਰਹਿ ਨੂੰ ਲੋੜ ਹੈ 1 ਕਿਲੋਮੀਟਰ ਪ੍ਰਤੀ ਸੈਕਿੰਡ ਤੈਅ ਕਰਨ ਦੀ ਪਰ ਮੰਗਲ 'ਤੇ ਪਹੁੰਚਣ ਲਈ ਸਾਨੂੰ ਲੋੜ ਹੈ ਹੈ 30 ਕਿਲੋਮੀਟਰ ਪ੍ਰਤੀ ਸੈਕਿੰਡ ਤੈਅ ਕਰਨ ਦੀ। ਇਸ ਲਈ ਚੰਗੀ ਯੋਜਨਾ ਅਤੇ ਹਿਸਾਬ ਦੀ ਲੋੜ ਹੈ।"
ਭਾਰਤ ਨੂੰ 'ਲਾਲ ਗ੍ਰਹਿ' ਮੰਗਲ ਤੱਕ ਪਹੁੰਚਣ ਲਈ ਦੱਸ ਮਹੀਨੇ ਅਤੇ 15 ਦਿਨ ਲੱਗੇ। ਇਸ ਦਾ ਕੁੱਲ ਖਰਚਾ 730 ਲੱਖ ਡਾਲਰ ਆਇਆ ਅਤੇ ਮੰਗਲ 'ਤੇ ਜਾਣ ਵਾਲਾ ਘੱਟ ਕੀਮਤ ਵਾਲਾ ਮਿਸ਼ਨ ਰਿਹਾ।
ਮੰਗਲ ਆਰਬਿਟਰ ਰਾਕਟ ਵਿੱਚ ਰੱਖਦੇ ਹੋਏ
"ਮੈਂ ਆਪਣੇ ਅਧਿਆਪਕ ਪ੍ਰੋ. ਯੂ ਆਰ ਰਾਓ ਨੂੰ ਕਿਹਾ ਕਿ ਆਰਿਆਭੱਟ ਦੀ ਤਸਵੀਰ ਦੋ ਰੁਪਏ ਦੇ ਨੋਟ 'ਤੇ ਛਪੀ ਹੋਈ ਹੈ। ਹੁਣ ਮੇਰੇ ਮੰਗਲ ਆਰਬਿਟਰ ਦੀ ਤਸਵੀਰ ਦੋ ਹਜ਼ਾਰ ਦੇ ਨੋਟ 'ਤੇ ਹੈ। ਆਪਾਂ 1000 ਗੁਣਾਂ ਤਰੱਕੀ ਕੀਤੀ ਹੈ।"
ਭਵਿੱਖ ਦੀਆਂ ਚਣੌਤੀਆਂ
ਭਾਰਤ ਦੇ ਪਹਿਲੇ ਚੰਨ ਮਿਸ਼ਨ ਤੋਂ 11 ਸਾਲ ਬਾਅਦ, ਸਪੇਸ ਮਾਰਕੀਟ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਸਪੇਸ X ਵੱਲੋਂ ਵਰਤੇ ਜਾਣ ਵਾਲੇ ਭਾਰੀ ਰਾਕਟਾਂ ਨਾਲ ਖਰਚਾ ਘਟਿਆ ਹੈ।
ਉਨ੍ਹਾਂ ਦੱਸਿਆ,"ਸਾਨੂੰ ਲੋੜ ਹੈ ਅੱਗੇ ਵਧਣ ਦੀ। ਅਸੀਂ ਇੱਕ ਤੋਂ ਵੱਧ ਵਾਰ ਵਰਤੇ ਜਾਣ ਵਾਲੇ ਲਾਂਚਰ ਬਣਾਉਣ 'ਤੇ ਕੰਮ ਕਰ ਰਹੇ ਹਾਂ।"
ਭਾਰਤੀ ਪੁਲਾੜ ਯੋਜਨਾ ਨੂੰ ਆਪਣੀ ਅਨੋਖੀ ਕਾਮਯਾਬੀ ਲਈ ਜਾਣਿਆ ਜਾਂਦਾ ਹੈ। ਇਹ ਕਾਫ਼ੀ ਸਰਾਹਿਆ ਵੀ ਜਾ ਰਿਹਾ ਹੈ। ਇਸਦੀ ਕਾਮਯਾਬੀ ਨਾਲ ਭਾਰਤ ਨੂੰ ਤਕਨੀਕ ਦੇ ਮਾਮਲੇ ਵਿੱਚ ਵਧ-ਚੜ੍ਹ ਕੇ ਵੇਖਿਆ ਜਾ ਰਿਹਾ ਹੈ।
ਦੇਸ ਦਾ ਮਾਣ ਇਸ ਯੋਜਨਾ ਨਾਲ ਜੋੜਿਆ ਜਾਂਦਾ ਹੈ। ਮਨੁੱਖ ਨੂੰ ਪੁਲਾੜ 'ਚ ਭੇਜਣ ਵਾਲੇ ਮਿਸ਼ਨਾਂ ਬਾਰੇ ਸਿਆਸੀ ਲੋਕ ਹੀ ਐਲਾਨ ਕਰਦੇ ਹਨ ਨਾ ਕਿ ਭਾਰਤੀ ਪੁਲਾੜ ਏਜੰਸੀ (ISRO) ਦੇ ਵਿਗਿਆਨੀ।
ਇਸਰੋ ਦੇ ਵਧੇਰੇ ਪ੍ਰਮੁੱਖ ਵਿਗਿਆਨੀ, ਏਜੰਸੀ ਦੇ ਚੀਫ਼ ਸਮੇਤ ਪੇਂਡੂ ਇਲਾਕਿਆਂ ਤੋਂ ਜਾਂ ਫਿਰ ਛੋਟੇ ਕਸਬਿਆਂ ਨਾਲ ਸਬੰਧ ਰੱਖਦੇ ਹਨ।
ਚੰਦਰਯਾਨ-2
ਜੁਲਾਈ ਵਿੱਚ, ਭਾਰਤ ਨੇ ਚੰਦਰਯਾਨ-2 ਲਾਂਚ ਕੀਤਾ। ਇਹ ਚੰਨ 'ਤੇ ਭੇਜੇ ਗਏ ਪਹਿਲੇ ਮਿਸ਼ਨ ਤੋਂ 11 ਸਾਲ ਬਾਅਦ ਲਾਂਚ ਕੀਤਾ ਗਿਆ ਹੈ। ਇਹ ਮਿਸ਼ਨ ਚੰਨ ਦੀ ਜ਼ਮੀਨ, ਉੱਥੇ ਮੌਜੂਦ ਪਾਣੀ, ਪਦਾਰਥਾਂ ਅਤੇ ਪੱਥਰਾਂ ਬਾਰੇ ਜਾਣਕਾਰੀ ਹਾਸਿਲ ਕਰੇਗਾ।
ਡਾ. ਅਨਾਦੁਰਾਇ ਨੇ ਸ਼ੁਰੂਆਤੀ ਸਾਲਾਂ ਵਿੱਚ ਇਸ ਮਿਸ਼ਨ ਦੀ ਅਗਵਾਈ ਕੀਤੀ।
ਹਾਲਾਂਕਿ ਚੰਦਰਯਾਨ-2 ਮਿਸ਼ਨ ਨੂੰ 15 ਜੁਲਾਈ ਤੜਕੇ 2 ਵੱਜ ਕੇ 51 ਮਿੰਟ 'ਤੇ ਚੰਨ ਉੱਤੇ ਭੇਜਿਆ ਜਾਣਾ ਸੀ ਜੋ ਕਿ ਤਕਨੀਕੀ ਖਰਾਬੀਆਂ ਕਰਕੇ ਨਹੀਂ ਭੇਜਿਆ ਜਾ ਸਕਿਆ। ਇਸਰੋ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਹ ਛੇਤੀ ਹੀ ਨਵੀਂ ਤਰੀਕ ਦਾ ਐਲਾਨ ਕਰਨਗੇ।
ਇਹ ਵੀ ਪੜ੍ਹੋ-
ਜੇਕਰ ਸਭ ਕੁਝ ਯੋਜਨਾ ਮੁਤਾਬਕ ਹੋਵੇਗਾ ਤਾਂ ਭਾਰਤ ਚੰਨ ਦੇ ਦੱਖਣੀ ਧੁਰਾ 'ਤੇ ਰੋਵਰ ਲੈਂਡ ਕਰਨ ਵਾਲਾ ਪਹਿਲਾ ਦੇਸ ਹੋਵੇਗਾ
ਜੇਕਰ ਇਹ ਸਫ਼ਲ ਹੋ ਗਿਆ, ਭਾਰਤ ਇਹ ਹਾਸਿਲ ਕਰਨ ਵਾਲਾ ਚੌਥਾ ਦੇਸ ਹੋਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਸਾਬਕਾ ਸੋਵੀਅਤ ਯੂਨੀਅਨ ਅਤੇ ਚੀਨ ਅਜਿਹਾ ਕਰ ਚੁੱਕਿਆ ਹੈ। ਭਾਰਤ ਚੰਨ ਦੇ ਦੱਖਣੀ ਧੁਰੇ 'ਤੇ ਪਹੁੰਚਣ ਵਾਲਾ ਪਹਿਲਾਂ ਦੇਸ ਹੈ।
ਮਾਨਤਾ ਪ੍ਰਾਪਤ ਕਰਨਾ
ਡਾ. ਅਨਾਦੁਰਾਇ ਚੰਨ 'ਤੇ ਜਾਣ ਵਾਲੇ ਦੂਜੇ ਮਿਸ਼ਨ ਨੂੰ ਵੇਖਣਾ ਚਾਹੁੰਦੇ ਸਨ ਪਰ ਉਹ ਜੁਲਾਈ 2018 ਵਿੱਚ ਸੇਵਾਮੁਕਤ ਹੋ ਗਏ।
ਉਨ੍ਹਾਂ ਨੇ ਸ਼ਾਂਤਮਈ ਤਰੀਕੇ ਨਾਲ ਵਰਤੇ ਜਾਣ ਵਾਲੇ ਬਾਹਰਲੇ ਪੁਲਾੜ 'ਤੇ ਬਣੀ ਸੰਯੁਕਤ ਰਾਸ਼ਟਰ ਦੀ ਕਮੇਟੀ ਦੀ ਦੋ ਸਾਲ ਅਗਵਾਈ ਕੀਤੀ। ਉਨ੍ਹਾਂ ਨੂੰ ਪਦਮ ਭੂਸ਼ਣ ਤੋਂ ਇਲਾਵਾ ਕਈ ਰਾਸ਼ਟਰੀ ਅਤੇ ਕੌਮਾਂਤਰੀ ਅਵਰਾਡਾਂ ਨਾਲ ਨਵਾਜ਼ਿਆ ਗਿਆ ਹੈ।
"ਜਦੋਂ ਮੈਂ ਦੱਸ ਸਾਲ ਦਾ ਸੀ, ਮੈਂ ਤੈਰਨਾ ਸਿਖਣਾ ਚਾਹੁੰਦਾ ਸੀ। ਇਸ ਲਈ ਮੇਰੇ ਦੋਸਤ ਮੈਨੂੰ ਵੱਡੇ ਖੂਹ ਕੋਲ ਲੈ ਗਏ ਤੇ ਮੈਨੂੰ ਉਸ ਵਿੱਚ ਧੱਕਾ ਦੇ ਦਿੱਤਾ। ਮੈਂ ਤੈਰਨ ਲਈ ਕਈ ਹੱਥ ਪੈਰ ਮਾਰੇ। ਮੇਰੇ ਲਈ ਉਹ ਸਭ ਡਰਾਉਣਾ ਸੀ ਇਸ ਲਈ ਮੈਂ ਛੇਤੀ ਹੀ ਤੈਰਨਾ ਸਿੱਖ ਲਿਆ। ਮੇਰੀ ਔਖੀ ਘੜੀ ਨੇ ਮੈਨੂੰ ਸਿਖਾਇਆ ਕਿ ਸਿੱਖਿਆ ਹੀ ਗਰੀਬੀ ਵਿੱਚੋਂ ਨਿਕਲਣ ਦਾ ਇੱਕ ਰਸਤਾ ਹੈ।"
ਉਹ ਆਪਣੇ ਪਿੰਡ ਜਾਂਦੇ ਰਹਿੰਦੇ ਹਨ ਤੇ ਪੈਸੇ ਜੋੜ ਕੇ ਉਨ੍ਹਾਂ ਨੇ ਆਪਣੇ ਪੁਰਾਣੇ ਸਕੂਲ ਦੀ ਮੁਰੰਮਤ ਵੀ ਕਰਵਾਈ।
ਇਤਿਹਾਸ
ਡਾ ਅਨਾਦੁਰਾਇ ਬਹੁਤ ਹੀ ਸਧਾਰਨ ਜ਼ਿੰਦਗੀ ਜਿਉਂਦੇ ਹਨ। ਉਨ੍ਹਾਂ ਨੇ ਇੱਕ ਛੋਟੀ ਜਿਹੀ ਹੀ ਗੱਡੀ ਰੱਖੀ ਹੋਈ ਹੈ। ਉਹ ਕਹਿੰਦੇ ਹਨ ਕਿ ਉਹ ਅਰਾਮਦਾਇਕ ਜ਼ਿਦਗੀ ਜੀਅ ਰਹੇ ਹਨ ਅਤੇ ਪੈਸਾ ਉਨ੍ਹਾਂ ਲਈ ਕਦੇ ਵੀ ਬਹੁਤਾ ਜ਼ਰੂਰੀ ਨਹੀਂ ਰਿਹਾ।
ਜਦੋਂ ਅਸੀਂ ਚੰਦਰਯਾਨ-1 'ਤੇ ਕੰਮ ਕਰ ਰਹੇ ਸੀ, ਮੈਂ ਆਪਣੇ ਟੀਮ ਮੈਂਬਰਾਂ ਨੂੰ ਕਹਿੰਦਾ ਸੀ, "ਇਹ ਸਿਰਫ਼ ਇੱਕ ਪ੍ਰਾਜੈਕਟ ਨਹੀਂ ਹੈ, ਆਪਾਂ ਇਤਿਹਾਸ ਬਣਾ ਰਹੇ ਹਾਂ।"
ਭਾਵੇਂ ਉਨ੍ਹਾਂ ਨੂੰ ਸਕੂਲ ਦੇ ਦਿਨਾਂ ਵਿੱਚ ਇਤਿਹਾਸ ਬਹੁਤ ਪਸੰਦ ਨਹੀਂ ਸੀ ਪਰ ਹੁਣ ਉਨ੍ਹਾਂ ਦੀ ਕਹਾਣੀ ਤਾਮਿਲਨਾਡੂ ਦੇ ਸਕੂਲ ਪਾਠਕ੍ਰਮ ਦਾ ਹਿੱਸਾ ਬਣ ਚੁੱਕੀ ਹੈ।
ਇਹ ਵੀਡੀਓ ਵੀ ਵੇਖੋ:
https://www.youtube.com/watch?v=xWw19z7Edrs
https://www.youtube.com/watch?v=ruT4gNJROiM
https://www.youtube.com/watch?v=hn5OkTlfEsg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

''ਖੁਸ਼ ਨਹੀਂ ਤਾਂ ਆਪਣੇ ਦੇਸ ਚਲੇ ਜਾਓ'', ਟਰੰਪ ਦੀ ਟਿੱਪਣੀ ਤੋਂ ਬਾਅਦ ਔਰਤਾਂ ਸੰਸਦ ਮੈਂਬਰਾਂ ਨੇ ਕੀਤੀ...
NEXT STORY