"ਹਰ ਸਾਲ ਪੈਣ ਵਾਲੀ ਪਾਣੀ ਦੀ ਮਾਰ ਸਾਨੂੰ ਕਿਸੇ ਜੋਗਾ ਨਹੀਂ ਛੱਡਦੀ। ਸੌਣ-ਭਾਦੋਂ 'ਚ ਦਰਿਆ ਦਾ ਪਾਣੀ ਫ਼ਸਲਾਂ ਤਬਾਹ ਕਰ ਦਿੰਦਾ ਹੈ ਤੇ ਸਿਰ ਢਕਣ ਲਈ ਬਣਾਈ ਕੁੱਲੀ ਵੀ ਖ਼ਤਰੇ 'ਚ ਆ ਜਾਂਦੀ ਹੈ। ਸਰਕਾਰਾਂ ਗਿਰਦਾਵਰੀ ਕਰਵਾ ਕੇ ਹਰ ਵਾਰ ਮੁਆਵਜ਼ੇ ਦਾ ਐਲਾਨ ਕਰਦੀਆਂ ਹਨ ਪਰ ਸਾਡੇ ਹੱਥ-ਪੱਲੇ ਤਾਂ ਅੱਜ ਤੱਕ ਕੁੱਝ ਪਿਆ ਨਹੀਂ।''
ਇਹ ਕਹਿਣਾ ਹੈ ਸਤਲੁਜ ਦਰਿਆ ਕੰਢੇ ਵਸੇ ਪਿੰਡ ਮਦਰਾਪੁਰ ਦੀ ਰਹਿਣ ਵਾਲੀ ਨਰਿੰਦਰ ਕੌਰ ਦਾ, ਜੋ ਦਰਿਆ 'ਚ ਵਧੇ ਪਾਣੀ ਦੇ ਪੱਧਰ ਕਾਰਨ ਹੋਣ ਵਾਲੇ ਨੁਕਸਾਨ ਤੋਂ ਦੁਖੀ ਹੈ।
ਨਰਿੰਦਰ ਕੌਰ ਨੇ ਅੱਗੇ ਕਿਹਾ, "ਮੈਂ 20 ਸਾਲਾਂ ਤੋਂ ਆਪਣੀਆਂ ਫ਼ਸਲਾਂ ਤਬਾਹ ਹੁੰਦੀਆਂ ਦੇਖਦੀ ਆ ਰਹੀ ਹਾਂ। ਆੜ੍ਹਤੀਆਂ ਦੇ ਕਰਜ਼ੇ ਦੀ ਪੰਡ ਦਾ ਭਾਰ ਹਰ ਸਾਲ ਵੱਧ ਜਾਂਦਾ ਹੈ।"
"ਪਿੰਡ ਨੂੰ ਛੱਡ ਕੇ ਨਹੀਂ ਜਾ ਸਕਦੇ। ਦਾਦੇ-ਪੜਦਾਦੇ ਨੇ ਆਪਣੀ ਜ਼ਿੰਦਗੀ ਇੱਥੇ ਹੀ ਕੱਟੀ ਹੈ। ਵੋਟਾਂ 'ਚ ਆਗੂ ਆਉਂਦੇ ਹਨ ਤੇ ਜਲਦੀ ਹੀ ਕੁੱਝ ਕਰਨ ਦੀ ਗੱਲ ਕਹਿ ਕੇ ਚਲੇ ਜਾਂਦੇ ਹਨ। ਫਿਰ ਕੋਈ ਦਰਿਆ ਦੇ ਪਿੰਡਾਂ ਵੱਲ ਮੂੰਹ ਨਹੀਂ ਕਰਦਾ।''
ਦਰਿਆ ਕੰਢੇ 700 ਤੋਂ ਵੱਧ ਏਕੜ ਰਕਬੇ 'ਚ ਪਾਣੀ ਭਰਨ ਦਾ ਅਨੁਮਾਨ ਹੈ ਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫ਼ਸਲਾਂ ਦੇ ਨੁਕਸਾਨ ਦਾ ਅਸਲ ਅੰਕੜਾ ਤਾਂ ਵਿਸ਼ੇਸ਼ ਗਿਰਦਾਵਰੀ ਕਰਨ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਮੀਂਹ ਨੇ ਰੋੜ੍ਹੀਆਂ ਫ਼ਸਲਾਂ
ਪਿੰਡ ਰੇੜਵਾਂ ਦੇ ਰਹਿਣ ਵਾਲੇ ਕਿਸਾਨ ਸਰੂਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪਿੰਡਾਂ ਤੋਂ ਲੈ ਕੇ ਤਰਨਤਾਰਨ ਦੇ ਪਿੰਡ ਹਰੀਕੇ ਤੱਕ ਅਤੇ ਲੁਧਿਆਣਾ ਦੇ ਸਿੱਧਵਾਂ ਬੇਟ ਤੱਕ ਦੇ ਪਿੰਡਾਂ ਦਾ ਮੀਂਹ ਦੇ ਦਿਨਾਂ 'ਚ ਇਹੀ ਹਾਲ ਹੁੰਦਾ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ, ''ਸਾਡਾ ਭਲਾ ਤਾਂ ਹੀ ਹੋ ਸਕਦਾ ਹੈ ਜੇ ਸਰਕਾਰਾਂ ਦਰਿਆ ਦੇ ਪਾਣੀ ਤੋਂ ਸਾਡੀਆਂ ਫ਼ਸਲਾਂ ਬਚਾਉਣ ਲਈ ਕੋਈ ਠੋਸ ਉਪਰਾਲੇ ਕਰਨ। ਪਿੰਡਾਂ ਦੀਆਂ ਪੰਚਾਇਤਾਂ ਨੂੰ ਲੈ ਕੇ ਸਾਲਾਂ ਤੋਂ ਅਧਿਕਾਰੀਆਂ ਤੇ ਸਿਆਸੀ ਆਗੂਆਂ ਨੂੰ ਮਿਲਦੇ ਆ ਰਹੇ ਹਾਂ ਪਰ ਪੱਲੇ ਸਿਰਫ਼ ਵਾਅਦੇ ਹੀ ਪਏ ਹਨ।''
ਅਸਲ ਵਿੱਚ ਸਤਲੁਜ ਦਰਿਆ ਕੰਢੇ ਜ਼ਿਲ੍ਹਾ ਮੋਗਾ, ਜਲੰਧਰ, ਲੁਧਿਆਣਾ ਤੇ ਫਿਰੋਜ਼ਪੁਰ ਦੇ 150 ਪਿੰਡ ਵਸੇ ਹੋਏ ਹਨ।
ਸਰਕਾਰ ਵੱਲੋਂ ਹਰ ਸਾਲ ਦਰਿਆ 'ਤੇ ਬਣੇ ਧੁੱਸੀ ਬੰਨ੍ਹ ਦਾ ਨਿਰੀਖਣ ਕੀਤਾ ਜਾਂਦਾ ਹੈ ਪਰ ਇਹ ਨਿਰੀਖਣ ਉਨ੍ਹਾਂ ਲੋਕਾਂ ਦੇ ਰਾਸ ਨਹੀਂ ਆਉਂਦਾ ਜਿਨ੍ਹਾਂ ਦੇ ਘਰ ਤੇ ਖੇਤ ਇਸ ਬੰਨ੍ਹ ਤੋਂ ਅੱਗੇ ਦਰਿਆ ਵਾਲੇ ਪਾਸੇ ਹਨ।
ਬਲਕੌਰ ਸਿੰਘ ਪਿੰਡ ਸੰਘੇੜਾ ਦੇ ਸਾਬਕਾ ਪੰਚ ਹਨ। ਇਹ ਪਿੰਡ ਚਾਰ-ਚੁਫੇਰਿਓਂ ਪਾਣੀ 'ਚ ਘਿਰ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਦਰਿਆ ਦੇ ਪਾਣੀ ਦਾ ਪੱਧਰ ਇੱਕ-ਦਮ ਵਧਿਆ ਤੇ ਫਿਰ ਦੇਖਦੇ-ਦੇਖਦੇ ਪਾਣੀ ਘਰਾਂ 'ਚ ਆ ਵੜਿਆ।
''ਕਿਸਾਨਾਂ ਦੀ ਪੁਦੀਨੇ, ਝੋਨੇ ਤੇ ਹਰੀਆਂ ਮਿਰਚਾਂ ਦੀ ਫ਼ਸਲ 20 ਫੁੱਟ ਦੇ ਕਰੀਬ ਪਾਣੀ 'ਚ ਡੁੱਬ ਚੁੱਕੀ ਹੈ ਤੇ ਇਨ੍ਹਾਂ ਫ਼ਸਲਾਂ ਦੇ ਬਚਣ ਦੀ ਹੁਣ ਉਮੀਦ ਨਹੀਂ ਰਹੀ ਹੈ।"
"ਹਰਾ ਚਾਰਾ ਖਰਾਬ ਹੋਣ ਕਾਰਨ ਘਰਾਂ 'ਚ ਕਿੱਲਿਆਂ 'ਤੇ ਬੰਨ੍ਹੇ ਪਸ਼ੂ ਭੁੱਖੇ ਮਰਨ ਲੱਗੇ ਹਨ। ਕਈ ਪਰਿਵਾਰ ਤਾਂ ਆਪਣੇ ਦੁਧਾਰੂ ਪਸ਼ੂਆਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਛੱਡ ਆਏ ਹਨ ਤਾਂ ਜੋ ਉਹ ਭੁੱਖਮਰੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ।"
ਗੰਦਾ ਪਾਣੀ ਬਣਿਆ ਮੁਸੀਬਤ
ਆਮ ਦਿਨਾਂ ਵਿੱਚ ਦਰਿਆ ਕਿਨਾਰੇ ਵਸੇ ਪਿੰਡਾਂ ਦੇ ਲੋਕ ਦਰਿਆ ਵਿੱਚ ਵਗਣ ਵਾਲੇ ਰਸਾਇਣਿਕ ਪਾਣੀ ਤੋਂ ਪ੍ਰਭਾਵਿਤ ਹੁੰਦੇ ਹਨ।
ਪਿੰਡ ਗੱਟੀ ਜੱਟਾਂ ਦੇ ਕਿਸਾਨ ਮਲੂਕ ਸਿੰਘ ਦਾ ਕਹਿਣਾ ਹੈ ਕਿ ਜਦੋਂ ਦਰਿਆ ਵਿੱਚ ਗੰਦਾ ਪਾਣੀ ਵਗਦਾ ਹੈ ਤਾਂ ਬਦਬੂ ਕਾਰਨ ਬੁਰਾ ਹਾਲ ਹੋ ਜਾਂਦਾ ਹੈ।
ਉਨ੍ਹਾਂ ਕਿਹਾ, ''ਗੰਦੇ ਪਾਣੀ ਨਾਲ ਪੰਛੀ ਤਾਂ ਮਰਦੇ ਹੀ ਹਨ ਸਗੋਂ ਸਾਡੇ ਕੋਲ ਵੀ ਆਪਣੇ ਪਸ਼ੂਆਂ ਨੂੰ ਪਾਣੀ ਪਿਲਾਉਣ ਤੇ ਨਹਾਉਣ ਲਈ ਕੋਈ ਸਰੋਤ ਨਹੀਂ ਬਚਦਾ।'
"ਗੰਦੇ ਪਾਣੀ ਦੇ ਨਾਲ ਕਈ ਵਾਰ ਮਰੇ ਹੋਏ ਪਸ਼ੂ ਵਗੈਰਾ ਵੀ ਆ ਜਾਂਦੇ ਹਨ ਤੇ ਇਨ੍ਹਾਂ ਪਸ਼ੂਆਂ ਨੂੰ ਚੁੱਕਣ ਦਾ ਵੀ ਸਰਕਾਰੀ ਤੌਰ 'ਤੇ ਕੋਈ ਪ੍ਰਬੰਧ ਨਹੀਂ ਹੁੰਦਾ।''
ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਪੰਜਾਬ ਨਹਿਰੀ ਵਿਭਾਗ ਦਰਿਆ ਦੇ ਅੰਦਰ ਵਾਲੇ ਛੋਟੇ ਬੰਨ੍ਹ ਨੂੰ ਹੋਰ ਮਜ਼ਬੂਤੀ ਦੇਣ ਲਈ ਰੇਤ ਦੀਆਂ ਬੋਰੀਆਂ ਭਰ ਕੇ ਬੰਨ੍ਹ ਨਾਲ ਲਾਈਆਂ ਜਾ ਰਹੀਆਂ ਹਨ।
ਨਹਿਰੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਇਸ ਵੇਲੇ ਬੰਨ੍ਹ ਦੀ ਮਜ਼ਬੂਤੀ ਲਈ 400 ਮਜ਼ਦੂਰ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ:
''ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਦਰਿਆ ਦੀਆਂ ਉਨ੍ਹਾਂ ਥਾਵਾਂ ਦੀ ਸ਼ਨਾਖ਼ਤ ਪਹਿਲਾਂ ਹੀ ਕਰ ਲਈ ਗਈ ਸੀ, ਜਿੱਥੇ ਪਾਣੀ ਆਉਣ 'ਤੇ ਬੰਨ੍ਹ ਦੇ ਟੁੱਟਣ ਦਾ ਖ਼ਦਸ਼ਾ ਸੀ।"
"ਹੁਣ ਪਿੰਡ ਰੇੜਵਾਂ, ਮੰਜਲੀ, ਚੱਕ ਭੌਰੇ ਤੇ ਗੱਟੀ ਜੱਟਾਂ 'ਚ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਹੈ। ਫਿਰ ਵੀ ਸਾਡੀਆਂ ਟੀਮਾਂ ਹਰ ਵੇਲੇ ਮੁਸ਼ਤੈਦ ਹਨ ਤਾਂ ਜੋ ਹੜ੍ਹ ਵਰਗੀ ਕਿਸੇ ਵੀ ਸਥਿਤੀ ਦਾ ਟਾਕਰਾ ਕੀਤਾ ਜਾ ਸਕੇ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=fYpqYmAwNuA
https://www.youtube.com/watch?v=uC4iqNiWIpE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਮੁੰਬਈ ''ਚ 4 ਮੰਜ਼ਿਲਾ ਇਮਾਰਤ ਡਿੱਗੀ, 40 ਜਣਿਆਂ ਦੇ ਦੱਬਣ ਦਾ ਖ਼ਦਸ਼ਾ
NEXT STORY