'ਕਿਸ ਨੂੰ ਪਤਾ ਸੀ ਇੱਕ ਕਾਤਲ ਚੁੜੇਲ ਮੇਰੇ ਲਈ ਰਹਿਮਤ ਦਾ ਫਰਿਸ਼ਤਾ ਬਣ ਕੇ ਆਵੇਗੀ'
ਇਹ ਡਾਇਲਾਗ ਉਸ ਅਜਨਬੀ ਸ਼ਖ਼ਸ ਦੀ ਸ਼ਾਨ ਵਿੱਚ ਜ਼ੂਬੈਦਾ ਉਦੋਂ ਬੋਲਦੀ ਹੈ ਜਦੋਂ ਇੱਕ 'ਚੁੜੇਲ' ਉਸ ਨੂੰ ਆਪਣੇ ਹੀ ਮਾਂ-ਬਾਪ ਦੀ ਕੈਦ ਤੋਂ ਛੁਡਾਉਣ ਵਿੱਚ ਮਦਦ ਕਰਦੀ ਹੈ।
ਜਦੋਂ ਪਰਦੇ ਦੇ ਕਿਰਦਾਰਾਂ ਦੀ ਜਾਣ-ਪਛਾਣ ਕਾਤਲ ਅਤੇ ਚੁੜੇਲ ਵਰਗੇ ਸ਼ਬਦਾਂ ਨਾਲ ਕਰਾਈ ਜਾਵੇ ਤਾਂ ਤੁਸੀਂ ਵੀ ਕਸ਼ਮਕਸ਼ ਵਿੱਚ ਪੈ ਜਾਓਗੇ ਕਿ ਆਖਿਰ ਇਹ ਕਿਹੜੀ ਦੁਨੀਆ ਦੇ ਵਾਸੀ ਹਨ।
ਇਹ ਦੁਨੀਆ ਦਰਅਸਲ ਵਸਦੀ ਹੈ ਕਰਾਚੀ ਦੀਆਂ ਵੱਡੀਆਂ-ਵੱਡੀਆਂ ਕੋਠੀਆਂ ਅਤੇ ਛੋਟੀਆਂ-ਛੋਟੀਆਂ ਗਲੀਆਂ ਵਿੱਚ।
ਪਾਕਿਸਤਾਨ ਦੀ ਇਸ ਵੈੱਬ ਸੀਰੀਜ਼ ਦਾ ਨਾਂ ਹੈ-ਚੁੜੇਲਾਂ, ਜੋ ਜ਼ੀ-5 'ਤੇ ਸਟਰੀਮ ਹੋ ਰਹੀ ਹੈ ਅਤੇ ਭਾਰਤ ਵਿੱਚ ਵੀ ਇਸ 'ਤੇ ਕਾਫ਼ੀ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ-
ਇੱਕ ਵਕੀਲ, ਇੱਕ ਕਾਤਲ, ਇੱਕ ਵੈਡਿੰਗ ਪਲਾਨਰ ਅਤੇ ਇੱਕ ਬਾਕਸਰ 'ਤੇ ਇਸ ਪਾਕਿਸਤਾਨੀ ਵੈੱਬ ਸੀਰੀਜ਼ ਵਿੱਚ ਨਾ ਕੋਈ ਜਾਦੂ-ਟੂਣਾ ਹੈ ਨਾ ਭੂਤ-ਪ੍ਰੇਤ।
ਇਹ ਕਹਾਣੀ ਹੈ ਉਨ੍ਹਾਂ ਕਾਲਪਨਿਕ ਔਰਤਾਂ ਦੀ ਜਿਨ੍ਹਾਂ ਨੂੰ ਅਸਲ ਜ਼ਿੰਦਗੀ ਵਿੱਚ ਤੁਸੀਂ ਸ਼ਾਇਦ ਰੋਜ਼ ਮਿਲਦੇ ਜਾਂ ਦੇਖਦੇ ਹੋਵੋਗੇ, ਪਰ ਉਨ੍ਹਾਂ ਦੀ ਅਸਲ ਕਹਾਣੀ ਤੋਂ ਵਾਕਿਫ਼ ਹੋ ਕੇ ਵੀ ਅਣਜਾਣ ਹੀ ਰਹਿੰਦੇ ਹਨ।
ਕਹਾਣੀ ਵਿੱਚ ਕਿਰਦਾਰ ਖੁਦ ਨੂੰ ਕੁਝ ਇਸ ਅੰਦਾਜ਼ ਵਿੱਚ ਇੰਟਰੋਡਿਊਸ ਕਰਦੇ ਹਨ, "ਇੱਕ ਵਕੀਲ, ਇੱਕ ਕਾਤਲ, ਇੱਕ ਵੈਡਿੰਗ ਪਲਾਨਰ ਅਤੇ ਇੱਕ ਬਾਕਸਰ ਮਿਲ ਬੈਠੇ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹੁਣ ਤੱਕ ਉਹ ਸਿਰਫ਼ ਪੁਤਲੇ ਬਣ ਕੇ ਜੀਅ ਰਹੇ ਸਨ। ਪੁਤਲੇ ਜੋ ਆਪਣੀ ਹੀ ਇੱਜ਼ਤ ਲਈ ਆਪਣੀ ਹੀ ਇੱਜ਼ਤ ਵਿੱਚ ਲਿਪਟੇ ਰਹਿੰਦੇ ਹਨ।"
ਇਸ ਕਹਾਣੀ ਦੀ ਖਾਸ ਗੱਲ ਇਹ ਹੈ ਕਿ ਇਹ ਅਜਿਹੀਆਂ ਔਰਤਾਂ ਦੀ ਕਹਾਣੀ ਹੈ ਜੋ ਆਪਣਾ ਹੱਕ ਮੰਗਣਾ ਜਾਣਦੀਆਂ ਹਨ, ਨਾ ਮਿਲੇ ਤਾਂ ਖੋਹ ਲੈਣਾ ਚਾਹੁੰਦੀਆਂ ਹਨ, ਗੱਲ ਨਾ ਬਣੇ ਤਾਂ ਸਾਮ-ਦਾਮ-ਦੰਡ-ਭੇਦ ਕੁਝ ਵੀ ਅਪਣਾ ਸਕਦੀਆਂ ਹਨ ਅਤੇ ਇਹ ਸਭ ਮਰਦਾਨਾ ਨਜ਼ਰੀਏ ਨਾਲ ਨਹੀਂ, ਬਲਕਿ ਇੱਕ ਔਰਤ ਦੇ ਨਜ਼ਰੀਏ ਤੋਂ ਹੀ ਦੱਸਿਆ ਹੋਇਆ ਲੱਗਦਾ ਹੈ।
"ਅੱਜਕੱਲ੍ਹ ਮੈਂ ਥੋੜ੍ਹੀ ਘੱਟ ਹਾਂ..."
ਸੀਰੀਜ਼ ਦੇ ਨਿਰਦੇਸ਼ਕ ਆਸਿਮ ਅੱਬਾਸੀ ਬ੍ਰਿਟਿਸ਼ ਪਾਕਿਸਤਾਨੀ ਹਨ।
ਜਦੋਂ ਮੈਂ ਇਹ ਸਵਾਲ ਉਨ੍ਹਾਂ ਤੋਂ ਪੁੱਛਿਆ ਤਾਂ ਮੰਨੋ ਉਨ੍ਹਾਂ ਨੇ ਖੁਦ 'ਤੇ ਹੀ ਹੱਸਦੇ ਹੋਏ ਜਵਾਬ ਦਿੱਤਾ, "ਮੇਰੇ ਲਈ ਚੁਣੌਤੀ ਸੀ ਕਿ ਮੈਂ ਔਰਤਾਂ ਦੀ ਕਹਾਣੀ ਔਰਤਾਂ ਦੀ ਨਜ਼ਰ ਨਾਲ ਹੀ ਦਿਖਾ ਸਕਾਂ, ਇਹ ਇੱਕ ਤਰ੍ਹਾਂ ਨਾਲ ਖੌਫ਼ਨਾਕ ਤਜਰਬਾ ਵੀ ਸੀ ਕਿਉਂਕਿ ਹੈ ਤਾਂ ਮੈਂ ਵੀ ਮਰਦ ਹੀ।"
"ਦੋ ਸਾਲ ਤੱਕ ਮੈਨੂੰ ਹਮੇਸ਼ਾ ਇਹ ਡਰ ਲੱਗਦਾ ਰਹਿੰਦਾ ਕਿ ਕਿਧਰੇ ਗਲਤੀ ਨਾਲ ਮੇਰੀ ਪੁਰਸ਼ਾਂ ਵਾਲੀ ਮਾਨਸਿਕਤਾ ਹਾਵੀ ਨਾ ਹੋ ਜਾਵੇ। ਇਸ ਲਈ ਮੈਂ ਜੋ ਵੀ ਲਿਖਦਾ ਆਪਣੇ ਅਸਿਸਟੈਂਟ ਡਾਇਰੈਕਟਰਾਂ ਨੂੰ ਦਿਖਾਉਂਦਾ ਸੀ ਕਿਉਂਕਿ ਉਹ ਜ਼ਿਆਦਾਤਰ ਔਰਤਾਂ ਸਨ।"
ਚੁੜੇਲਾਂ ਅਤੇ ਇਸ ਵਿੱਚ ਜੁੜੇ ਮੁੱਦਿਆਂ ਨੂੰ ਸਮਝਣ ਲਈ ਇਸਦੇ ਕਿਰਦਾਰਾਂ ਦੀ ਦੁਨੀਆ ਨੂੰ ਸਮਝਣਾ ਵੀ ਜ਼ਰੂਰੀ ਹੈ, ਪਰਤ ਦਰ ਪਰਤ ਜਿਵੇਂ ਜਿਵੇਂ ਚੁੜੇਲਾਂ ਦੇ ਕਿਰਦਾਰਾਂ ਦੀ ਤਹਿ ਖੁੱਲ੍ਹਦੀ ਹੈ, ਤੁਸੀਂ ਕਿਰਦਾਰਾਂ ਦੇ ਨਾਲ-ਨਾਲ ਆਪਣੇ ਹੀ ਸਮਾਜ ਦੀਆਂ ਨਵੀਆਂ-ਨਵੀਆਂ ਹਕੀਕਤਾਂ ਨਾਲ ਰੁਬਰੂ ਹੁੰਦੇ ਹੋ।
ਇੱਥੇਂ ਪਹਿਲੀ ਚੁੜੇਲ ਹੈ ਸਾਰਾ (ਸਰਵਤ ਗਿਲਾਨੀ) ਜੋ ਬੇਹੱਦ ਅਮੀਰ ਆਦਮੀ ਦੀ ਪੜ੍ਹੀ ਲਿਖੀ ਪਤਨੀ ਹੈ ਅਤੇ ਬੱਚਿਆਂ ਅਤੇ ਪਤੀ ਦੀ ਦੇਖ-ਰੇਖ ਵਿੱਚ ਮਸ਼ਰੂਫ ਰਹਿੰਦੀ ਹੈ।
ਇੱਕ ਦਿਨ ਸਾਰਾ ਨੂੰ ਲੱਗਦਾ ਹੈ ਕਿ ਉਸਨੂੰ ਆਪਣੀ ਵਕਾਲਤ ਦੁਬਾਰਾ ਸ਼ੁਰੂ ਕਰਨੀ ਚਾਹੀਦੀ ਹੈ, ਪਰ ਪਤੀ ਜਮੀਲ ਬਹੁਤ ਆਸਾਨੀ ਨਾਲ ਕਹਿ ਦਿੰਦਾ ਹੈ-"ਤੇਰੇ ਕੰਮ ਨੂੰ ਜੰਗ ਲੱਗ ਚੁੱਕਿਆ ਹੈ, ਤੈਨੂੰ ਕੌਣ ਕੰਮ ਦੇਵੇਗਾ। ਘਾਟ ਕਿਸ ਗੱਲ ਦੀ ਵੈਸੇ..ਮੈਂ ਹਾਂ ਨਾ।"
ਸਾਰਾ ਕਹਿੰਦੀ ਹੈ, "ਹਾਂ ਪਰ ਅੱਜਕੱਲ੍ਹ ਮੈਂ ਥੋੜ੍ਹੀ ਘੱਟ ਹਾਂ।"
ਅਲੱਗ-ਅਲੱਗ ਔਰਤਾਂ ਦੀ ਇੱਕੋ ਜਿਹੀ ਕਹਾਣੀ
ਇਸ ਇੱਕ ਸੰਵਾਦ ਵਿੱਚ ਤੁਸੀਂ ਸਾਰਾ ਹੀ ਨਹੀਂ ਉਸ ਵਰਗੀਆਂ ਅਣਗਿਣਤ ਔਰਤਾਂ ਦਾ ਖਾਲੀਪਣ ਮਹਿਸੂਸ ਕਰ ਸਕਦੇ ਹੋ ਜਿਨ੍ਹਾਂ 'ਤੇ 'ਨੌਕਰੀ ਕਰਨ ਦੀ ਕਿਉਂ ਜ਼ਰੂਰਤ ਹੈ ਜਦੋਂ ਪਤੀ ਕੰਮ ਕਰ ਰਿਹਾ ਹੈ, ਦੀ ਦਲੀਲ ਪੇਸ਼ ਕੀਤੀ ਜਾਂਦੀ ਹੈ, ਬਗੈਰ ਇਹ ਸਮਝੇ ਕਿ ਕੰਮ ਕਰਨਾ ਹਰ ਔਰਤ ਲਈ ਸਿਰਫ਼ ਪੈਸੇ ਕਮਾਉਣ ਲਈ ਲਿਆ ਗਿਆ ਫੈਸਲਾ ਨਹੀਂ ਹੁੰਦਾ।
ਦੂਜੀ ਚੁੜੇਲ ਹੈ ਸਾਰਾ ਦੀ ਦੋਸਤ ਜੁਗਨੂ ਚੌਧਰੀ (ਯਸਰਾ ਰਿਜ਼ਵੀ)- ਉਹ ਵੀ ਅਮੀਰ ਪਰਿਵਾਰ ਦੀ ਸਿੰਗਲ ਲੜਕੀ ਹੈ, ਜਿਸਨੂੰ ਘਰਵਾਲਿਆਂ ਨੇ ਨਕਾਰ ਦਿੱਤਾ ਕਿਉਂਕਿ ਉਸਨੇ ਇੱਕ ਕਾਲੇ ਸ਼ਖ਼ਸ ਨਾਲ ਵਿਆਹ ਕੀਤਾ ਅਤੇ ਇਹ ਰੰਗ ਦਾ ਭੇਦ ਉਸਦਾ ਵਿਆਹ ਤੋੜ ਕੇ ਹੀ ਟੁੱਟਿਆ।
ਬਿੰਦਾਸ ਜੁਗਨੂ ਸਮਾਜ ਦੀਆਂ ਉਨ੍ਹਾਂ ਔਰਤਾਂ ਦੀ ਪ੍ਰਤੀਨਿਧਤਾ ਕਰਦੀ ਹੈ ਜੋ ਬੰਧਨਾਂ ਨੂੰ ਨਹੀਂ ਮੰਨਦੀ, ਪਰ ਜੀਵਨ ਵਿੱਚ ਕੁਝ ਅਣਕਹੇ ਕਿੱਸੇ ਹਨ,ਜਿਨ੍ਹਾਂ ਦਾ ਬੋਝ ਲੈ ਕੇ ਉਹ ਜਿਉਂਦੀ ਹੈ।
ਤੀਜੀ ਚੁੜੇਲ ਜ਼ੁਬੈਦਾ (ਮੇਹਰ ਬਾਨੋ) ਹੈ, ਜਿਸ ਨੇ ਮੁਹੰਮਦ ਅਲੀ ਬਣਨਾ ਹੈ ਅਤੇ ਜੋ ਕਹਿੰਦੀ ਹੈ ਕਿ 'ਜਦੋਂ ਮੈਂ ਹੱਥਾਂ ਵਿੱਚ ਗਲੱਵਸ ਪਹਿਨੇ ਹੁੰਦੇ ਹਨ ਅਤੇ ਮੈਂ ਮੁੱਕੇ 'ਤੇ ਮੁੱਕਾ ਮਾਰ ਰਹੀ ਹੁੰਦੀ ਹਾਂ ਤਾਂ ਅਜਿਹਾ ਲੱਗਦਾ ਹੈ ਜਿਵੇਂ ਮੇਰੀ ਜਾਨ ਵਿੱਚ ਜਾਨ ਆ ਗਈ ਹੋਵੇ।"
ਪਰ ਉਸਦਾ ਘਰ ਜਹੰਨੁਮ ਤੋਂ ਘੱਟ ਨਹੀਂ। ਅਜਿਹਾ ਘਰ ਜਿੱਥੇ ਲੜਕੀ ਨੂੰ ਆਪਣੀ ਮਰਜ਼ੀ ਨਾਲ ਕੁਝ ਕਰਨ ਦੀ ਆਜ਼ਾਦੀ ਨਹੀਂ, ਇੱਕ ਲੜਕੇ ਨਾਲ ਦੋਸਤੀ ਕਰਨ ਅਤੇ ਲੜਕੀ ਹੁੰਦੇ ਹੋਏ ਬਾਕਸਿੰਗ ਦਾ ਸ਼ੌਕ ਪਾਲਣ ਦੀ ਸਜ਼ਾ ਦੇ ਤੌਰ 'ਤੇ ਜ਼ੁਬੈਦਾ ਨੂੰ ਮਾਂ-ਬਾਪ ਨੇ ਘਰ ਵਿੱਚ ਕੈਦ ਕਰ ਲਿਆ ਹੈ। ਆਪਣੇ ਆਸ-ਪਾਸ ਅਜਿਹੀ ਜ਼ੁਬੈਦਾ ਸ਼ਾਇਦ ਤੁਸੀਂ ਦੇਖੀ ਹੀ ਹੋਵੇਗੀ।
ਚੌਥੀ ਚੁੜੇਲ ਉਹ ਹੈ ਜਿਸ ਬਾਰੇ ਗੁਆਂਢੀਆਂ ਦੀ ਰਾਇ ਹੈ, "ਸਾਡੀ ਬਿਲਡਿੰਗ ਵਿੱਚ ਚੋਰ ਅਤੇ ਚਰਸੀ ਕਾਫ਼ੀ ਨਹੀਂ ਸਨ ਜੋ ਗੁਆਂਢ ਵਿੱਚ ਕਾਤਲ ਵੀ ਆ ਗਈ। ਚੁੜੇਲ ਕਿਧਰੇ ਦੀ।"
ਬਤੂਲ ਦਾ ਕਿਰਦਾਰ ਨਿਭਾਉਣ ਵਾਲੀ ਪਾਕਿਸਤਾਨੀ ਅਭਿਨੇਤਰੀ ਨਿਮਰਾ ਬੂਚਾ ਦੱਸਦੀ ਹੈ, "ਆਮ ਤੌਰ 'ਤੇ ਔਰਤਾਂ ਨੂੰ ਟੀਵੀ ਜਾਂ ਫ਼ਿਲਮੀ ਪਰਦੇ 'ਤੇ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਕਿ ਦੁਨੀਆ ਲਈ ਉਸ ਨੂੰ ਹਜ਼ਮ ਕਰਨਾ ਆਸਾਨ ਹੋ ਜਾਵੇ, ਮਤਲਬ ਔਰਤ ਜਾਂ ਤਾਂ ਵਿਚਾਰੀ ਹੈ ਜਾਂ ਫਿਰ ਇੱਕ ਆਦਮੀ ਹੀ ਉਸ ਨਾਲ ਮੁਹੱਬਤ ਕਰਕੇ ਉਸਨੂੰ ਬਚਾ ਸਕਦਾ ਹੈ।"
"ਜਾਂ ਫਿਰ ਉਹ ਇੱਕ ਅਜਿਹੀ ਔਰਤ ਹੈ ਜੋ ਦੂਜੀ ਔਰਤ ਦੀ ਪਿੱਠ ਵਿੱਚ ਛੁਰੀ ਮਾਰ ਰਹੀ ਹੈ। ਉਹ ਸੱਸ ਹੋਵੇ, ਨਣਦ ਹੋਵੇ ਜਾਂ ਫਿਰ ਸਹੇਲੀ। ਬਸ ਇਹੀ ਦਿਖਾਉਂਦੇ ਹਨ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ, ਜਦੋਂਕਿ ਅਸਲ ਜ਼ਿੰਦਗੀ ਵਿੱਚ ਅਜਿਹਾ ਨਹੀਂ ਹੁੰਦਾ।"
"ਬਸ ਇਹ ਇੱਕ ਰੁਝਾਨ ਹੈ ਅਤੇ ਤੁਹਾਨੂੰ ਡਰ ਲੱਗਣ ਲੱਗਦਾ ਹੈ ਕਿ ਅਸੀਂ ਕੁਝ ਅਲੱਗ ਕਰਾਂਗੇ ਤਾਂ ਲੋਕਾਂ ਨੂੰ ਸ਼ਾਇਦ ਪਸੰਦ ਨਾ ਆਵੇ, ਪਰ ਚੁੜੇਲਾਂ ਦੇ ਕਿਰਦਾਰ ਬਹੁਤ ਅਸਲੀ ਅਤੇ ਮਜ਼ੇਦਾਰ ਸਨ।"
https://www.youtube.com/watch?v=xWw19z7Edrs
ਬਲਾਤਕਾਰ, ਜਿਨਸੀ ਹਿੰਸਾ ਅਤੇ ਘਰੇਲੂ ਹਿੰਸਾ
ਬਤੂਲ ਅਜਿਹੀ ਔਰਤ ਹੈ ਜੋ 20 ਸਾਲ ਜੇਲ੍ਹ ਵਿੱਚ ਕੱਟ ਕੇ ਆਈ ਹੈ-ਜੁਰਮ ਇਹ ਕਿ ਪਤੀ ਦਾ ਕਤਲ ਕੀਤਾ, ਵਜ੍ਹਾ ਇਹ ਕਿ ਪਤੀ ਨਾ ਸਿਰਫ਼ ਉਸ ਨਾਲ ਜ਼ਿਆਦਤੀ ਕਰਦਾ ਸੀ, ਬਲਕਿ ਛੋਟੀ ਜਿਹੀ ਸੱਤ-ਅੱਠ ਸਾਲ ਦੀ ਬੇਟੀ ਨਾਲ ਵੀ ਸਰੀਰਿਕ ਦੁਰਾਚਾਰ ਕਰਦਾ ਸੀ।
ਚੁੜੇਲਾਂ ਨੂੰ ਇੱਕ ਪੁਲਿਸ ਵਾਲੇ ਦੀ ਜ਼ੁਬਾਨ ਵਿੱਚ ਬੋਲੀਏ ਤਾਂ, "ਉਸਦੀ ਮਰਦਾਨਗੀ ਨੂੰ ਇਸਤਰੀ (ਪ੍ਰੈੱਸ) ਨਾਲ ਜਲਾ ਕੇ ਸਾਰੀ ਗਰਮੀ ਕੱਢ ਦਿੱਤੀ ਸੀ, ਫਿਰ ਉਸੀ ਇਸਤਰੀ ਨਾਲ ਉਸਦਾ ਸਿਰ ਵੀ ਫਾੜ ਦਿੱਤਾ ਸੀ।"
ਬਲਾਤਕਾਰ, ਬੱਚੀਆਂ ਦਾ ਜਿਨਸੀ ਸ਼ੋਸ਼ਣ, ਘਰੇਲੂ ਹਿੰਸਾ ਇਹ ਸਾਰੇ ਮੁੱਦੇ ਇਸ ਵੈੱਬ ਸੀਰੀਜ਼ ਵਿੱਚ ਇੱਕ ਇੱਕ ਕਰ ਕੇ ਉੱਭਰਦੇ ਹਨ।
ਯਾਨੀ ਕਹਾਣੀ ਬੇਸ਼ੱਕ ਹੀ ਕਰਾਚੀ ਦੀ ਹੈ, ਪਰ ਤੁਸੀਂ ਚਾਹੋ ਤਾਂ ਕਰਾਚੀ ਨੂੰ ਹਟਾ ਕੇ ਉੱਥੇ ਮੁੰਬਈ ਕਰ ਸਕਦੇ ਹੋ।
ਨਾਮ ਜ਼ੁਬੈਦਾ, ਸਾਰਾ ਤੋਂ ਹਟਾ ਕੇ ਜਿਓਤੀ ਜਾਂ ਸੀਮਾ ਕਰ ਸਕਦੇ ਹੋ। ਉਰਦੂ ਦੀ ਜਗ੍ਹਾ ਉਹ ਸ਼ਾਇਦ ਹਿੰਦੀ ਜਾਂ ਮਰਾਠੀ ਜਾਂ ਭੋਜਪੁਰੀ ਬੋਲ ਰਹੀ ਹੁੰਦੀ। ਕੁਝ ਫਰਕ ਨਹੀਂ ਪਵੇਗਾ। ਔਰਤਾਂ ਦੀ ਉਹ ਘੁਟਨ, ਉਹ ਦਰਦ ਉਹੀ ਰਹੇਗਾ। ਇਹ ਇਸ ਸੀਰੀਜ਼ ਦੀ ਖੂਬਸੂਰਤੀ ਹੈ ਅਤੇ ਤਾਕਤ ਵੀ।
ਚੁੜੇਲਾਂ ਦੀ ਇਹ ਦੁਨੀਆ ਇਸ ਮਾਅਨੇ ਵਿੱਚ ਵੀ ਅਲੱਗ ਹੈ ਕਿ ਇਸ ਵਿੱਚ ਉਹ ਸਭ ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਸਮਾਜ ਦਾ ਹਿੱਸਾ ਤੱਕ ਨਹੀਂ ਸਮਝਿਆ ਜਾਂਦਾ। ਦੋ ਔਰਤਾਂ ਅਜਿਹੀਆਂ ਹਨ ਜੋ ਸਮਲਿੰਗੀ ਰਿਸ਼ਤੇ ਵਿੱਚ ਹਨ ਤਾਂ ਇੱਕ ਟਰਾਂਸਜੈਂਡਰ ਹੈ।
ਇਹ ਵੀ ਪੜ੍ਹੋ-
ਪਰ ਇਨ੍ਹਾਂ ਦਾ ਕੋਈ ਅਲੱਗ ਡਰਾਮੇ ਵਾਲਾ ਟਰੈਕ ਨਹੀਂ ਹੈ-ਬਸ ਉਹ ਹਨ...ਜਿਵੇਂ ਦੂਜੀਆਂ ਔਰਤਾਂ ਹਨ। ਉਨ੍ਹਾਂ ਦੇ ਹੋਣ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਹਾਲਾਂਕਿ ਟਰਾਂਸਜੈਂਡਰ ਅਤੇ ਸਮਲਿੰਗੀਆਂ ਨੂੰ ਦਿਖਾਉਣ ਲਈ ਪਾਕਿਸਤਾਨ ਵਿੱਚ ਇਸ ਸੀਰੀਜ਼ ਨੂੰ ਕਈ ਤਬਕਿਆਂ ਤੋਂ ਆਲੋਚਨਾ ਵੀ ਸੁਣਨੀ ਪਈ।
ਨਿਰਦੇਸ਼ਕ ਆਸਿਮ ਇਸ ਆਲੋਚਨਾ ਨੂੰ ਕੁਝ ਇਸ ਤਰ੍ਹਾਂ ਦੇਖਦੇ ਹਨ, "ਆਲੋਚਨਾ ਕਰਨ ਵਾਲੇ ਬਹੁਤ ਦਿਨਾਂ ਤੱਕ ਇਸੀ ਗੱਲ ਵਿੱਚ ਉਲਝੇ ਰਹੇ ਕਿ ਕਿਸ-ਕਿਸ ਗੱਲ ਦੀ ਆਲੋਚਨਾ ਕਰੀਏ। ਇਸ ਸੀਰੀਜ਼ ਵਿੱਚ ਟਰਾਂਸਜੈਂਡਰ ਤੋਂ ਲੈ ਕੇ ਲੈਜਬੀਅਨ ਔਰਤਾਂ ਹਨ।"
"ਔਰਤਾਂ ਗਾਲ੍ਹਾਂ ਵੀ ਕੱਢਦੀਆਂ ਹਨ। ਉਹ ਹਰ ਗੱਲ ਵਿੱਚ ਮੁਖਰ ਵੀ ਸਨ ਤਾਂ ਆਲੋਚਨਾ ਤਾਂ ਹੋਣੀ ਹੀ ਸੀ, ਪਰ ਮੈਂ ਉਨ੍ਹਾਂ ਮਰਦਾਂ ਨੂੰ ਵੀ ਦਿਖਾਇਆ ਹੈ ਜੋ ਸਹੀ ਮਾਅਨੇ ਵਿੱਚ ਇਨ੍ਹਾਂ ਔਰਤਾਂ ਦੇ ਹਮਦਰਦ ਸਨ।"
"ਲੋਕਾਂ ਨੇ ਇਹ ਵੀ ਕਿਹਾ ਕਿ ਇਹ ਐੱਲਜੀਬੀਟੀ ਨੂੰ ਪ੍ਰਮੋਟ ਕਰ ਰਿਹਾ ਹੈ। ਮੈਂ ਪ੍ਰਮੋਟ ਨਹੀਂ, ਉਨ੍ਹਾਂ ਲੋਕਾਂ ਨੂੰ ਆਮ ਕਰ ਰਿਹਾ ਹਾਂ ਕਿਉਂਕਿ ਸਮਾਜ ਵਿੱਚ ਅਜਿਹੀਆਂ ਔਰਤਾਂ ਅਤੇ ਮਰਦ ਹਨ। ਕੀ ਇਹ ਬਹੁਤ ਹੀ ਅਜੀਬ ਨਹੀਂ ਹੁੰਦਾ ਕਿ ਮੈਂ ਦਿਖਾਉਂਦਾ ਕਿ ਸਾਰੀਆਂ ਦੀਆਂ ਸਾਰੀਆਂ ਔਰਤਾਂ ਇੱਕੋ ਜਿਹੀਆਂ ਹਨ?"
"ਅਤੇ ਅਸੀਂ ਇੱਕ ਟਰਾਂਸਜੈਂਡਰ ਐਕਟਰ ਨੂੰ ਹੀ ਟਰਾਂਸਜੈਂਡਰ ਰੋਲ ਲਈ ਲਿਆ। ਸਾਰਾ ਜਿਨ੍ਹਾਂ ਨੇ ਇਹ ਰੋਲ ਕੀਤਾ। ਉਹ ਅਸਲ ਵਿੱਚ ਇੱਕ ਮੇਕਅਪ ਆਰਟਿਸਟ ਹਨ ਅਤੇ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ।" (ਇੱਥੇ ਮੈਨੂੰ ਪਾਤਾਲ ਲੋਕ ਦੀ ਟਰਾਂਸਜੈਂਡਰ ਕਿਰਦਾਰ ਚੀਨੀ ਯਾਦ ਆ ਗਈ ਜਿਸਨੂੰ ਇੱਕ ਅਸਲ ਮਣੀਪੁਰੀ ਟਰਾਂਸਜੈਂਡਰ ਨੇ ਨਿਭਾਇਆ ਸੀ।)
ਹਾਲਾਂਕਿ ਅਜਿਹਾ ਨਹੀਂ ਹੈ ਕਿ ਚੁÎੜੇਲਾਂ ਦੀਆਂ ਇਨ੍ਹਾਂ ਔਰਤਾਂ ਵਿੱਚ ਕੋਈ ਖੋਟ ਨਹੀਂ ਜਾਂ ਆਸਿਮ ਅੱਬਾਸੀ ਦੇ ਸ਼ਬਦਾਂ ਵਿੱਚ ਕਹੀਏ ਕਿ ਸਭ 'ਸਤੀ-ਸਾਵਿੱਤਰੀ' ਹਨ।
ਨਿਮਰਾ ਬੂਚਾ ਕਹਿੰਦੀ ਹੈ ਕਿ ਚੁੜੇਲਾਂ ਦੀਆਂ ਇਨ੍ਹਾਂ ਔਰਤਾਂ ਵਿੱਚ ਵੀ ਕਮੀਆਂ ਹਨ ਜਿਵੇਂ ਅਸਲ ਜ਼ਿੰਦਗੀ ਵਿੱਚ ਹੁੰਦੀਆਂ ਹਨ, ਪਰ ਇਨ੍ਹਾਂ ਔਰਤਾਂ ਨੂੰ ਜਾਂ ਇਨ੍ਹਾਂ ਨਾਲ ਜੁੜੇ ਮੁੱਦਿਆਂ ਨੂੰ ਸੈਂਸਰ ਕਰਕੇ ਦਿਖਾਉਣਾ ਜਾਂ ਉਨ੍ਹਾਂ 'ਤੇ ਪਰਦਾ ਪਾਉਣਾ ਗਲਤ ਪਰੰਪਰਾ ਹੈ।
ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, "ਸਮਾਜ ਵਿੱਚ ਜੈਂਡਰ ਦੇ ਨਾਂ 'ਤੇ ਪਾਵਰ ਦਾ ਅਸੰਤੁਲਨ ਹਰ ਕਦਮ 'ਤੇ ਹੈ। ਅਸੀਂ ਟੀਵੀ ਵਿੱਚ ਜੋ ਦਿਖਾਉਂਦੇ ਹਾਂ, ਜੋ ਲਤੀਫ਼ੇ ਤੁਸੀਂ ਪੜ੍ਹਦੇ ਹੋ। ਸਾਨੂੰ ਉਸਦੇ ਹਰ ਲਫਜ਼ ਨੂੰ ਜ਼ਿੰਮੇਵਾਰ ਠਹਿਰਾਉਣਾ ਹੋਵੇਗਾ।"
"ਸਾਡੀ ਆਜ਼ਾਦੀ ਦੇ ਪ੍ਰਗਟਾਵੇ 'ਤੇ ਜੋ ਤਾਲੇ ਲੱਗੇ ਹੋਏ ਹਨ। ਉਹ ਵੀ ਇਸ ਸਭ ਲਈ ਜ਼ਿੰਮੇਵਾਰ ਹਨ। ਇੱਕ ਔਰਤ, ਇੱਕ ਮਾਂ ਹੋਣ ਦੇ ਨਾਤੇ ਮੈਨੂੰ ਵੀ ਡਰ ਲੱਗਦਾ ਹੈ। ਪਰ ਇੱਕ ਆਰਟਿਸਟ ਹੋਣ ਦੇ ਨਾਤੇ ਮੈਂ ਇਹ ਨਹੀਂ ਸੋਚ ਸਕਦੀ ਕਿ ਜ਼ਮਾਨੇ ਵਿੱਚ ਜਦੋਂ ਸਭ ਠੀਕ-ਠਾਕ ਹੋਵੇਗਾ, ਉਦੋਂ ਮੈਂ ਆਪਣੀ ਗੱਲ ਰੱਖਾਂਗੀ। ਹਾਲਾਂਕਿ ਹਾਲਾਤ ਸਾਡੇ ਮੁਲਕਾਂ ਵਿੱਚ ਅਜਿਹੇ ਹਨ ਕਿ ਲੋਕ ਸੱਚੀ ਗੱਲ ਕਹਿਣ ਤੋਂ ਡਰਦੇ ਹਨ।"
ਸੀਰੀਜ਼ ਦੀ ਗੱਲ ਕਰੀਏ ਤਾਂ ਇੱਕ ਡਿਟੈਕਟਿਵ ਏਜੰਸੀ ਤੋਂ ਸ਼ੁਰੂ ਹੋਈ ਚੁੜੇਲਾਂ ਦੀ ਕਹਾਣੀ ਤੁਹਾਨੂੰ ਇੱਕ ਗਹਿਰੇ ਕਾਲੇ ਸਫ਼ਰ 'ਤੇ ਲੈ ਜਾਂਦੀ ਹੈ ਜਿੱਥੇ ਬਲਾਤਕਾਰ, ਡਰੱਗਜ਼, ਕਤਲ, ਫਰੇਬ, ਤਸਕਰੀ ਸਭ ਕੁਝ ਹੈ-ਇੱਕ ਅਜਿਹੀ ਦੁਨੀਆ ਜਿਸਦਾ ਸਾਹਮਣਾ ਕਰਨ ਦੀ ਇਨ੍ਹਾਂ ਚੁੜੇਲਾਂ ਨੇ ਸੋਚੀ ਤਾਂ ਨਹੀਂ ਸੀ, ਪਰ ਜਦੋਂ ਸਾਹਮਣਾ ਹੋਇਆ ਤਾਂ ਪਿਆਰ, ਤਕਰਾਰ, ਗੋਲੀਆਂ, ਗਾਲ੍ਹਾਂ ਸਭ ਤਰ੍ਹਾਂ ਦੇ ਹਥਕੰਡਿਆਂ ਨਾਲ ਸਾਹਮਣਾ ਕੀਤਾ।
ਕਾਨੂੰਨ ਤੋਂ ਨਿਆਂ ਮੰਗਣ ਲਈ ਜਦੋਂ ਇਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾਂਦੀ ਹੈ ਤਾਂ ਇਨ੍ਹਾਂ ਚੁÎੜੇਲਾਂ ਦਾ ਤਰਕ ਤੁਸੀਂ ਕੱਟ ਨਹੀਂ ਸਕਦੇ, "ਚਾਹੁੰਦੇ ਤਾਂ ਇਹੀ ਸਨ ਕਿ ਸਭ ਕੁਝ ਕਾਨੂੰਨ ਦੇ ਦਾਇਰੇ ਵਿੱਚ ਹੋਵੇ, ਪਰ ਕੀ ਹੈ ਕਿ ਕਿਤਾਬ ਖੋਲ੍ਹੀ ਤਾਂ ਸਮਝ ਵਿੱਚ ਆਇਆ ਕਿ ਕਾਨੂੰਨ ਵੀ ਲਿਖਿਆ ਤਾਂ ਮਰਦਾਂ ਨੇ ਹੀ ਹੈ। ਤਾਂ ਅਸੀਂ ਸੋਚਿਆ ਕਿ ਅਸੀਂ ਇਸ ਨੂੰ ਦੁਬਾਰਾ ਲਿਖਾਂਗੇ ਆਪਣੇ ਕਾਇਦੇ ਅਤੇ ਆਪਣੇ ਕਾਨੂੰਨ, ਸਮਝੋ ਸਾਲਾ ਦਾਇਰਾ ਹੀ ਫਾੜ ਦਿੱਤਾ।"
ਇਹ ਕਹਾਣੀ ਔਰਤਾਂ ਬਾਰੇ ਜ਼ਰੂਰ ਹੈ ਅਤੇ ਉਨ੍ਹਾਂ ਮਰਦਾਂ ਬਾਰੇ ਵੀ ਹੈ ਜੋ ਔਰਤਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਂਦੇ ਹਨ, ਪਰ ਇਹ ਸੀਰੀਜ਼ ਮਰਦਾਂ ਨੂੰ ਸਿਰਫ਼ ਵਨ-ਡਾਇਮੈਨਸ਼ਨ ਨਜ਼ਰੀਏ ਤੋਂ ਨਹੀਂ ਦਿਖਾਉਂਦੀ।
'ਕਾਤਲ' ਬਤੂਲ ਨੂੰ ਜੋ ਸ਼ਾਇਦ ਸਭ ਤੋਂ ਜ਼ਿਆਦਾ ਸਮਝਣ ਲੱਗਦਾ ਹੈ ਅਤੇ ਉਸਦਾ ਸਾਥ ਦਿੰਦਾ ਹੈ, ਉਹ ਹੈ ਥਾਣੇ ਦਾ ਪੁਲਿਸ ਇੰਸਪੈਕਟਰ, ਜ਼ੁਬੈਦਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਹਿਣ ਵਾਲਾ ਉਸਦਾ ਬੌਇਫਰੈਂਡ ਸ਼ਮਸ।
ਇਹ ਲੋਕ ਮਰਦਾਨਗੀ ਦਾ ਮੈਡਲ ਲਈ ਨਹੀਂ ਘੁੰਮਦੇ, ਕਿਸੇ 'ਅਲਫ਼ਾ ਮੇਲ' ਦੀ ਤਰ੍ਹਾਂ। ਉੱਥੇ ਹੀ ਇਨ੍ਹਾਂ ਚੁੜੇਲਾਂ ਦੀ ਜ਼ਿੰਦਗੀ ਵਿੱਚ ਅਜਿਹੇ ਮਰਦ ਵੀ ਹਨ ਜੋ ਫੈਮਿਨਿਸਟ ਹੋਣ ਦਾ ਨਕਾਬ ਪਹਿਨ ਕੇ ਘੁੰਮਦੇ ਹਨ।
ਇਸ ਪਾਕਿਤਸਾਨੀ ਸੀਰੀਜ਼ ਦੀ ਖ਼ਾਸ ਗੱਲ ਇਹ ਵੀ ਹੈ ਕਿ ਇਸਦੇ ਕਲਾਕਾਰ ਅਤੇ ਨਿਰਦੇਸ਼ਕ ਪਾਕਿਸਤਾਨ ਦੇ ਹਨ ਅਤੇ ਇਸ ਨੂੰ ਪ੍ਰੋਡਿਊਸ ਭਾਰਤੀ ਓਟੀਟੀ ਪਲੈਟਫਾਰਮ ਜ਼ੀ-5 ਨੇ ਕੀਤਾ ਹੈ। ਅਜਿਹੇ ਵਿੱਚ ਜਦੋਂ ਪਿਛਲੇ ਕੁਝ ਅਰਸੇ ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤੇ ਚੰਗੇ ਨਹੀਂ ਹਨ ਤਾਂ ਕਲਾਕਾਰਾਂ 'ਤੇ ਲੱਗੀ ਪਾਬੰਦੀ 'ਤੇ ਨਿਮਰਾ ਬੂਚਾ ਦਾ ਤਰਕ ਕੁਝ ਇਸ ਤਰ੍ਹਾਂ ਹੈ:
"ਸਾਡੇ ਇੱਥੇ ਤਾਂ ਹਿੰਦੀ ਫ਼ਿਲਮਾਂ ਇੰਨੀਆਂ ਮਸ਼ਹੂਰ ਹਨ ਕਿ ਲੋਕ ਸਿਨਮਾ ਜਾਂਦੇ ਹੀ ਇਸ ਲਈ ਹਨ ਕਿ ਉਹ ਇੰਡੀਅਨ ਸਿਨਮਾ ਦੇਖ ਸਕਣ। ਚੀਜ਼ਾਂ ਬੈਨ ਕਰ ਕੇ ਅਸੀਂ ਆਪਣੇ ਪੈਰਾਂ 'ਤੇ ਕੁਹਾੜੀ ਮਾਰੀ ਹੈ।"
"ਭਾਰਤ-ਪਾਕਿਸਤਾਨ ਦੇ ਕਲਾਕਾਰਾਂ ਦੀ ਜੁਗਲਬੰਦੀ ਦਾ ਹਿੱਸਾ ਹੋਣਾ ਤਾਂ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ। ਮੈਂ ਕਹਿੰਦੀ ਹਾਂ ਕਿ ਇਹ ਰਾਜਨੀਤੀ ਦਾ ਨਜ਼ਲਾ ਸਭ ਤੋਂ ਪਹਿਲਾਂ ਵਿਚਾਰੇ ਕਲਾਕਾਰਾਂ 'ਤੇ ਹੀ ਕਿਉਂ ਡਿੱਗਦਾ ਹੈ? ਹੋਰ ਕਿਸੇ 'ਤੇ ਤਾਂ ਜ਼ੋਰ ਨਹੀਂ ਚੱਲਦਾ ਤਾਂ ਲੱਗਦਾ ਹੈ ਕਿਉਂ ਨਾ ਇਸ ਗਾਉਣ ਵਾਲੇ ਦਾ ਮੂੰਹ ਬੰਦ ਕਰ ਦਈਏ। ਜਾਂ ਇਸ ਅਦਾਕਾਰ ਨੂੰ ਮਨ੍ਹਾ ਕਰ ਦਈਏ।"
"ਕਿਸੇ ਨੂੰ ਚੁੱਪ ਕਰਾਉਣਾ ਤਾਂ ਆਸਾਨ ਚੀਜ਼ ਹੈ। ਕਲਾਕਾਰ ਇਸ ਨਫ਼ਰਤ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ, ਕਲਾਕਾਰ ਤਾਂ ਇੱਕ ਦੂਜੇ ਨਾਲ ਕੰਮ ਕਰਨਾ ਚਾਹੁੰਦੇ ਹਨ। ਮੈਂ ਖ਼ੁਦ ਤੱਬੂ ਅਤੇ ਨੀਨਾ ਗੁਪਤਾ ਦੀ ਫੈਨ ਹਾਂ ਅਤੇ 'ਬਧਾਈ ਹੋ' ਮੈਨੂੰ ਬੇਹੱਦ ਪਸੰਦ ਆਈ ਸੀ।"
ਜਿੱਥੋਂ ਤੱਕ ਗੱਲ ਚੁੜੇਲਾਂ ਦੀ ਹੈ ਤਾਂ ਨਿਮਰਾ ਕਹਿੰਦੀ ਹੈ ਕਿ ਉਨ੍ਹਾਂ ਨੂੰ ਵਿਰੋਧ ਦਾ ਤਾਂ ਡਰ ਸੀ, ਪਰ ਇਹ ਦੇਖ ਕੇ ਜ਼ਰੂਰ ਹੈਰਾਨੀ ਹੋਈ ਕਿ ਛੋਟੇ ਕਸਬਿਆਂ ਅਤੇ ਸ਼ਹਿਰਾਂ ਦੇ ਲੋਕਾਂ ਨੇ ਇਸ ਨੂੰ ਸਵੀਕਾਰ ਕੀਤਾ ਹੈ।
ਅਸਲ ਜ਼ਿੰਦਗੀ ਦਾ ਤਾਂ ਪਤਾ ਨਹੀਂ, ਪਰ ਇਸ ਕਲਪਨਾ ਦੀ ਦੁਨੀਆ ਵਿੱਚ ਇਹ ਔਰਤਾਂ ਜਿਸ ਤਰ੍ਹਾਂ ਆਪਣੇ ਸਫ਼ਰ ਨੂੰ ਅੰਜਾਮ ਤੱਕ ਲੈ ਜਾਂਦੀਆਂ ਹਨ, ਉਹ 'ਪੋਇਟਿਕ ਜਸਟਿਸ' ਵਰਗਾ ਅਹਿਸਾਸ ਜ਼ਰੂਰ ਦਿੰਦਾ ਹੈ, ਜਿਵੇਂ ਬੌਲੀਵੁੱਡ ਦਾ ਹੀਰੋ ਜਦੋਂ ਅਨਿਆਂ ਕਰਨ ਵਾਲੇ ਵਿਲਨ ਨੂੰ ਕਲਾਈਮੈਕਸ ਵਿੱਚ ਪਟਕ-ਪਟਕ ਕੇ ਮਾਰਦਾ ਹੈ ਤਾਂ ਤੁਹਾਨੂੰ ਲੱਗਦਾ ਹੈ ਜਿਵੇਂ ਸਮਾਜ ਦਾ ਅਤੇ ਤੁਹਾਡਾ ਬਦਲਾ ਉਸਨੇ ਲੈ ਲਿਆ ਹੋਵੇ।
ਸੀਰੀਜ਼ ਦਾ ਇੱਕ ਦ੍ਰਿਸ਼ ਹੈ ਜਿੱਥੇ ਜ਼ੁਬੈਦਾ ਦੇ ਮਾਂ-ਬਾਪ ਧੋਖੇ ਨਾਲ ਉਸਦਾ ਨਿਕਾਹ ਜ਼ਬਰਦਸਤੀ ਕਰਵਾ ਰਹੇ ਹੁੰਦੇ ਹਨ ਅਤੇ ਉਦੋਂ ਹੀ ਚੁੜੇਲਾਂ ਆ ਕੇ ਜ਼ੂਬੈਦਾ ਨੂੰ ਉਸ ਦੇ ਅੱਬੂ ਤੋਂ ਛੁਡਾ ਲੈਂਦੀਆਂ ਹਨ ਅਤੇ (ਨਕਲੀ) ਬੰਦੂਕ ਦੀ ਨੋਕ 'ਤੇ ਬਾਪ ਨੂੰ ਮਜਬੂਰ ਕਰਦੀਆਂ ਹਨ ਕਿ ਉਹ ਬੋਲੇ-ਜਾ ਜ਼ੂਬੈਦਾ ਜਾ, ਜੀ ਲੈ ਆਪਣੀ ਜ਼ਿੰਦਗੀ।
ਇਹ ਜ਼ਿੱਦੀ, ਅੜੀਅਲ, ਗੁੱਸੇ ਖੋਰ, ਜ਼ਾਂਬਾਜ਼ ਸਾਧਾਰਨ ਔਰਤਾਂ-ਮੁਆਫ਼ ਕਰਨਾ ਚੁੜੇਲਾਂ ਤੁਹਾਨੂੰ ਅਜਿਹੀ ਹੀ ਅਲੱਗ ਦੁਨੀਆ ਵਿੱਚ ਲੈ ਜਾਂਦੀਆਂ ਹਨ। ਜੇਕਰ ਉਸ ਦੁਨੀਆ ਵਿੱਚ ਅਜਿਹੀਆਂ 'ਚੁੜੇਲਾਂ' ਰਹਿੰਦੀਆਂ ਹਨ ਤਾਂ ਅਜਿਹੀ ਦੁਨੀਆ ਸਾਨੂੰ ਸਭ ਨੂੰ ਮੁਬਾਰਕ ਹੋਵੇ...ਸ਼ਾਇਦ।
ਜਿੱਥੋਂ ਤੱਕ ਰਹੀ ਗੱਲ ਆਲੋਚਨਾ ਕਰਨ ਵਾਲਿਆਂ ਜਾਂ ਟਰੋਲ ਕਰਨ ਵਾਲਿਆਂ ਦੀ ਤਾਂ ਆਸਿਮ ਗੱਲ ਖ਼ਤਮ ਕਰਦੇ ਹੋਏ ਕਹਿੰਦੇ ਹਨ, "ਕਲਾਕਾਰ ਨੂੰ ਬੇਖ਼ੌਫ਼ ਤਾਂ ਹੋਣਾ ਹੀ ਚਾਹੀਦਾ ਹੈ, ਉਸਦੀ ਚਮੜੀ ਮੋਟੀ ਵੀ ਹੋਣੀ ਚਾਹੀਦੀ ਹੈ।
ਤੁਸੀਂ ਲੋਕਾਂ ਦਾ ਜ਼ਰੂਰ ਮਨੋਰੰਜਨ ਕਰਨਾ ਚਾਹੁੰਦੇ ਹੋ, ਪਰ ਬਤੌਰ ਆਰਟਿਸਟ ਤੁਹਾਡੀ ਸਭ ਤੋਂ ਵੱਡੀ ਸਫਲਤਾ ਇਹੀ ਹੈ ਕਿ ਤੁਹਾਡਾ ਕੰਮ ਸਮਾਜ ਵਿੱਚ ਇੱਕ ਨਵੀਂ ਬਹਿਸ ਸ਼ੁਰੂ ਕਰ ਸਕੇ...ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਕਹਾਣੀਆਂ ਖ਼ੁਦ ਔਰਤਾਂ ਹੀ ਪਰਦੇ 'ਤੇ ਲਿਆਉਣਗੀਆਂ, ਇੱਕ ਮਰਦ ਨੂੰ ਅਜਿਹਾ ਨਹੀਂ ਕਰਨਾ ਪਵੇਗਾ।"
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=rBQa6gAA2Qo&t=12s
https://www.youtube.com/watch?v=TJRPUYjdWpI&t=5s
https://www.youtube.com/watch?v=-0orj2MRGDM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'c801cf5e-0186-4191-a002-80799a2bb958','assetType': 'STY','pageCounter': 'punjabi.india.story.54411273.page','title': 'ਪਾਕਿਸਤਾਨ ਦੀਆਂ \'ਚੁੜੇਲਾਂ\' ਜਿਨ੍ਹਾਂ ਨੇ ਭਾਰਤ ਵਿੱਚ ਵੀ ਪਾਈਆਂ ਧਮਾਲਾਂ','published': '2020-10-07T12:02:11Z','updated': '2020-10-07T12:02:11Z'});s_bbcws('track','pageView');

ਕਿਸਾਨ ਸੰਘਰਸ਼ : ਹੁਣ ਅੱਗੇ ਕੀ ਕਰਨਗੇ ਕਿਸਾਨ , ਇਹ ਲਏ 3 ਵੱਡੇ ਫ਼ੈਸਲੇ
NEXT STORY