ਮੈਂ ਇਹ ਗੱਲ ਆਪਣੇ ਸਕੂਲ 'ਚ ਦੱਸੀ ਸੀ। ਮੈਨੂੰ ਇਹ ਲੱਗਦਾ ਹੈ ਕਿ ਮੈਂ ਇਹ ਗੱਲ ਹਰ ਕਿਤੇ ਕਰਦੀ ਫਿਰਦੀ ਸੀ। ਮੇਰੇ ਪਿਤਾ ਜੀ ਦੀਆਂ ਦੋ ਮਾਂਵਾਂ ਸਨ। ਇਹ ਕੋਈ ਅਜਿਹੀ ਗੱਲ ਨਹੀਂ ਸੀ ਕਿ ਜਿਸ ਨੂੰ ਕਿਸੇ ਨੇ ਕਦੇ ਵੀ ਇਸ ਤੋਂ ਪਹਿਲਾਂ ਸੁਣਿਆ ਨਾ ਹੋਵੇ। ਬਹੁਤ ਸਾਰੇ ਲੋਕ ਅਜਿਹੇ ਹਨ, ਜਿੰਨ੍ਹਾਂ ਦੀਆਂ ਦੋ-ਦੋ ਪਤਨੀਆਂ ਹੁੰਦੀਆ ਹਨ।
Click here to see the BBC interactive
ਇਸ ਪਿੱਛੇ ਕਈ ਕਾਰਨ ਵੀ ਹੁੰਦੇ ਹਨ। ਕਿਸੇ ਨੇ ਪਹਿਲੀ ਪਤਨੀ ਤੋਂ ਬੱਚਾ ਨਾ ਹੋਣ ਕਰਕੇ ਦੂਜਾ ਵਿਆਹ ਕਰਵਾਇਆ ਅਤੇ ਕਿਸੇ ਨੇ ਘਰ 'ਚ ਮੁੰਡਾ ਨਾ ਹੋਣ 'ਤੇ। ਕੋਈ ਵਿਆਹ ਤੋਂ ਬਾਅਦ ਪਿਆਰ ਜਾਲ 'ਚ ਫਸ ਗਿਆ ਅਤੇ ਦੂਜਾ ਵਿਆਹ ਕਰ ਲਿਆ। ਅਜਿਹੇ ਹੋਰ ਬਹੁਤ ਸਾਰੇ ਕਾਰਨ ਹੋ ਸਕਦੇ ਹਨ।
ਪਰ ਮੇਰੇ ਮਾਮਲੇ 'ਚ ਤਾਂ ਕਾਰਨ ਕੁਝ ਵੱਖਰਾ ਹੀ ਸੀ। ਮੇਰੀ ਦੂਜੀ ਦਾਦੀ ਈਸਾਈ ਸੀ ਅਤੇ ਕ੍ਰਿਸਮਿਸ 'ਤੇ ਸਾਡੇ ਲਈ ਕੇਕ ਭੇਜਦੀ ਹੁੰਦੀ ਸੀ। ਮੈਨੂੰ ਉਦੋਂ ਦੀ ਕੋਈ ਖਾਸ ਗੱਲ ਯਾਦ ਤਾਂ ਨਹੀਂ, ਪਰ ਸਿਰਫ ਐਨਾ ਯਾਦ ਹੈ ਕਿ ਮੈਨੂੰ ਆਪਣੀ ਇੱਕ ਈਸਾਈ ਦਾਦੀ ਹੋਣ 'ਤੇ ਬਹੁਤ ਮਾਣ ਸੀ।
ਇਹ ਵੀ ਪੜ੍ਹੋ-
ਇੱਕ ਵਾਰ ਜਦੋਂ ਮੈਂ ਆਪਣੇ ਨਾਨਕੇ ਗਈ ਤਾਂ ਮੈਂ ਬਹੁਤ ਹੀ ਸ਼ਾਨ ਨਾਲ ਕਿਹਾ ਸੀ ਕਿ 'ਮੇਰੇ ਪਿਤਾ ਜੀ ਦੀਆਂ ਦੋ ਮਾਵਾਂ ਹਨ'।
ਇਹ ਰਾਜ਼ ਲੁਕਾ ਕੇ ਰੱਖਿਆ ਜਾਂਦਾ ਸੀ ਕਿਉਂਕਿ ਬਹੁਤ ਸਾਰੇ ਪਰਿਵਾਰਾਂ 'ਚ ਕਿਸੇ ਗ਼ੈਰ-ਮਜ਼ਹਬ ਨਾਲ ਵਿਆਹ ਕਰਨ ਕਰਕੇ ਬਿਰਾਦਰੀ ਤੋਂ ਬਾਹਰ ਕਰ ਦਿੱਤਾ ਜਾਂਦਾ ਸੀ। ਪਰ ਮੁਹੱਬਤ ਤਾਂ ਮੁਹੱਬਤ ਹੀ ਹੈ ਅਤੇ ਸ਼ਾਇਦ ਇਹ ਗੱਲ ਮੇਰੇ ਨਾਨਕੇ ਪਰਿਵਾਰ ਵਾਲੇ ਵੀ ਭਲੀ ਭਾਂਤੀ ਸਮਝਦੇ ਸਨ।
ਪਰਿਵਾਰ 'ਚ ਬਹੁਤ ਸਾਰੀਆਂ ਧੀਆਂ ਅਤੇ ਪੋਤੀਆਂ ਸਨ, ਜਿੰਨ੍ਹਾਂ ਦਾ ਵਿਆਹ ਕਿਸੇ ਖਾਂਦੇ-ਪੀਂਦੇ ਜਾਂ ਵੱਡੇ ਘਰਾਂ 'ਚ ਕਰਨਾ ਹੁੰਦਾ ਸੀ। ਅਜਿਹੇ 'ਚ ਲੋਕਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਵੱਲੋਂ ਈਸਾਈ ਮਹਿਲਾ ਨਾਲ ਵਿਆਹ ਕਰਨਾ ਕਿਤੇ ਉਨ੍ਹਾਂ ਲਈ ਮੁਸ਼ਕਲਾਂ ਨਾਲ ਖੜ੍ਹੀਆਂ ਕਰ ਦੇਵੇ।
ਮੇਰੀ ਮਾਂ ਦੇ ਵਿਆਹ ਸਮੇਂ ਮੇਰੇ ਨਾਨਕੇ ਪਰਿਵਾਰ ਨੂੰ ਦੱਸਿਆ ਗਿਆ ਸੀ ਕਿ ਉਹ ਜੋ ਦੂਜੀ ਔਰਤ ਹੈ, ਜੋ ਕਿ ਦੂਜਿਆਂ ਨਾਲੋਂ ਵੱਖਰੀ ਵਿਖਦੀ ਹੈ, ਉਹ ਅਸਲ 'ਚ ਮੇਰੀ ਦਾਦੀ ਦੀ ਭੈਣ ਹੀ ਹੈ।
ਲੰਮੇ ਸਮੇਂ ਤੱਕ ਮੇਰੀ ਮਾਂ ਨੂੰ ਵੀ ਇਸ ਭੇਤ ਦਾ ਨਹੀਂ ਪਤਾ ਸੀ। ਜਦੋਂ ਮੈਂ ਆਪਣੀ ਮਾਂ ਦੇ ਪੇਟ 'ਚ ਸੀ ਅਤੇ ਮੇਰੀ ਦਾਦੀ ਕਿਸੇ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ ਤਾਂ ਉਸ ਸਮੇਂ ਮੇਰੀ ਭੂਆ ਨੇ ਮੇਰੀ ਮਾਂ ਨੂੰ ਇਸ ਕਿੱਸੇ ਤੋਂ ਜਾਣੂ ਕਰਵਾਇਆ ਸੀ।
ਪਰਿਵਾਰ ਦਾ ਅਣਕਿਹਾ ਨਿਯਮ
ਆਪਣੀ ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਮੇਰੇ ਦਾਦਾ ਜੀ ਦੀ ਪ੍ਰੇਮਿਕਾ ਸਾਡੇ ਨਾਲ ਹੀ ਰਹਿਣ ਆ ਗਈ ਸੀ। ਉਸ ਸਮੇਂ ਸਾਡੇ ਪਰਿਵਾਰ 'ਚ ਕੁਝ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਸਨ।
ਸਾਰਿਆਂ ਨੂੰ ਹਿਦਾਇਤ ਸੀ ਕਿ ਉਹ ਉਸ ਨੂੰ ਵੀ ਉਸੇ ਤਰ੍ਹਾਂ ਹੀ ਮਾਣ ਸਨਮਾਨ ਦੇਣ , ਜਿਸ ਤਰ੍ਹਾਂ ਕਿ ਅਸੀਂ ਆਪਣੀ ਦਾਦੀ ਯਾਨੀ ਕਿ ਦਾਦਾ ਜੀ ਦੀ ਕਾਨੂੰਨੀ ਪਤਨੀ ਨੂੰ ਦਿੰਦੇ ਸੀ।
ਇਹ ਸਾਡੇ ਪਰਿਵਾਰ ਦਾ ਇੱਕ ਅਜਿਹਾ ਨਿਯਮ ਸੀ, ਜਿਸ ਨੂੰ ਕਿਹਾ ਤਾਂ ਨਹੀਂ ਸੀ ਗਿਆ ਪਰ ਮੰਨਣਾ ਸਭਨਾਂ ਲਈ ਲਾਜ਼ਮੀ ਸੀ। ਜਦੋਂ ਤੱਕ ਸਾਡੇ ਦਾਦਾ ਜੀ ਜਿਉਂਦੇ ਰਹੇ, ਉਦੋਂ ਤੱਕ ਇੰਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ ਸੀ।
ਮੇਰੇ ਪਿਤਾ ਜੀ ਅਤੇ ਉਨ੍ਹਾਂ ਦੇ ਦੱਸ ਭੈਣ-ਭਰਾ ਆਪਣੀ ਅਸਲ ਮਾਂ ਨੂੰ 'ਮਈਆ' ਅਤੇ ਦੂਜੀ ਮਾਂ ਨੂੰ 'ਮੰਮਾ' ਕਹਿੰਦੇ ਸਨ। ਦੂਜੀ ਦਾਦੀ ਦਾ ਜੋ ਇੱਕ ਮੁੰਡਾ ਸੀ ਉਹ ਵੀ ਇਸੇ ਤਰ੍ਹਾਂ ਹੀ ਦੋਵੇਂ ਮਾਵਾਂ ਨੂੰ ਪੁਕਾਰਦਾ ਸੀ।
ਅਸੀਂ ਸਭ ਇੱਕ ਵੱਡੇ ਪਰਿਵਾਰ 'ਚ ਇੱਕਠੇ ਹੀ ਰਹਿੰਦੇ ਸੀ। ਉਸ ਸਮੇਂ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਪਟਨਾ ਵਰਗੇ ਸ਼ਹਿਰ 'ਚ ਰਹਿਣ ਵਾਲਾ ਇੱਕ ਹਿੰਦੂ ਪਰਿਵਾਰ ਇਸ ਗੱਲ ਨੂੰ ਕਿਉਂ ਲੁਕਾ ਕੇ ਰੱਖੇ ਕਿ ਉਨ੍ਹਾਂ ਦੀ ਇੱਕ ਦਾਦੀ ਈਸਾਈ ਧਰਮ ਨਾਲ ਸਬੰਧ ਰੱਖਦੀ ਹੈ।
ਅਜਿਹਾ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਸਾਡੇ ਤੋਂ ਇਲਾਵਾ ਹਰ ਕੋਈ ਉਨ੍ਹਾਂ ਬਾਰੇ ਜਾਣਦਾ ਸੀ। ਅਸੀਂ ਸਾਰੀ ਸਥਿਤੀ ਨੂੰ ਕਬੂਲ ਕਰ ਲਿਆ ਸੀ।
ਸਾਨੂੰ ਨਹੀਂ ਸੀ ਪਤਾ ਕਿ ਉਹ ਕੌਣ ਸੀ, ਕਿੱਥੋਂ ਆਈ ਸੀ ਅਤੇ ਉਨ੍ਹਾਂ ਨੇ ਕਿਉਂ ਸਾਡੇ ਨਾਲ ਰਹਿਣ ਦਾ ਫ਼ੈਸਲਾ ਲਿਆ ਸੀ।
ਅਸੀਂ ਉਨ੍ਹਾਂ ਨੂੰ ਦਾਦੀ ਮਾਂ ਕਹਿੰਦੇ ਸੀ। ਉਨ੍ਹਾਂ ਦਾ ਕੱਦ-ਕਾਠ ਛੋਟਾ ਸੀ ਅਤੇ ਵੱਡੇ-ਵੱਡੇ ਦੰਦ ਸਨ। ਆਮ ਤੌਰ 'ਤੇ ਇੱਕ ਬਿਹਾਰੀ ਕਿਸੇ ਮਹਿਲਾ ਨੂੰ ਖੂਬਸੂਰਤੀ ਦੇ ਜਿਹੜੇ ਪੈਮਾਨਿਆਂ 'ਤੇ ਪਰਖਦਾ ਹੈ , ਉਹ ਉਸ 'ਤੇ ਬਿਲਕੁਲ ਵੀ ਫਿੱਟ ਨਹੀਂ ਬੈਠਦੀ ਸੀ।
ਮੈਂ ਉਮੀਦ ਕਰਦੀ ਹਾਂ ਕਿ ਹੁਣ ਇਹ ਸੋਚ ਬਦਲ ਗਈ ਹੋਵੇਗੀ। ਪਰ ਮੈਨੂੰ ਯਾਦ ਹੈ ਕਿ ਉਨ੍ਹਾਂ ਦੀ ਬਦਸੂਰਤੀ ਬਾਰੇ ਲੋਕ ਸਾਡੇ ਨਾਲ ਇਸ਼ਾਰਿਆਂ 'ਚ ਗੱਲਾਂ ਜ਼ਰੂਰ ਕਰਦੇ ਹੁੰਦੇ ਸੀ।
ਮੇਰੀ ਦੂਜੀ ਦਾਦੀ ਨੂੰ ਗੁੱਸਾ ਬਹੁਤ ਆਉਂਦਾ ਸੀ। ਉਹ ਬਹੁਤ ਹੀ ਹੌਲੀ-ਹੌਲੀ ਤੁਰਦੀ ਸੀ। ਮੈਨੂੰ ਉਨ੍ਹਾਂ ਦੀ ਐਨਕਾਂ ਵਾਲੀ ਤਸਵੀਰ ਅਜੇ ਵੀ ਇਨ ਬਿਨ ਯਾਦ ਹੈ। ਉਹ ਬਹੁਤ ਹੀ ਮੋਟੀ ਐਨਕ ਲਗਾਉਂਦੀ ਸੀ। ਉਹ ਹਮੇਸ਼ਾਂ ਹੀ ਸੂਤੀ ਸਾੜੀ ਪਾਉਂਦੀ ਸੀ ਅਤੇ ਬਹੁਤ ਹੀ ਸੱਜ ਧੱਜ ਕੇ ਰਹਿੰਦੀ ਸੀ।
ਮੇਰੇ ਜਨਮ ਤੋਂ ਪਹਿਲਾਂ ਹੀ ਉਹ ਆਪਣੇ ਨੂੰਹ-ਪੁੱਤ ਅਤੇ ਉਨ੍ਹਾਂ ਦੇ ਨਵਜੰਮੇ ਬੱਚੇ ਨਾਲ ਕਿਸੇ ਹੋਰ ਜਗ੍ਹਾ 'ਤੇ ਰਹਿਣ ਲੱਗ ਗਈ ਸੀ। ਉਹ ਕਿੱਤੇ ਵੱਜੋਂ ਇੱਕ ਨਰਸ ਸੀ ਅਤੇ ਸ਼ਹਿਰ 'ਚ ਸਰਕਾਰੀ ਕੁਆਰਟਰਾਂ 'ਚ ਰਹਿੰਦੀ ਸੀ।
ਉਨ੍ਹਾਂ ਦਾ ਸਾਡੇ ਘਰ ਆਉਣਾ-ਜਾਣਾ ਲੱਗਿਆ ਹੀ ਰਹਿੰਦਾ ਸੀ। ਜਦੋਂ ਪਹਿਲੀ ਵਾਰ ਮੇਰੇ ਦਾਦੀ ਜੀ ਉਨ੍ਹਾਂ ਨੂੰ ਘਰ ਲੈ ਕੇ ਆਏ ਸਨ ਤਾਂ ਉਨ੍ਹਾਂ ਨੇ ਆਪਣੀ ਪਤਨੀ ਯਾਨੀ ਕਿ ਸਾਡੀ ਦਾਦੀ ਨੂੰ ਦੱਸਿਆ ਕਿ ਉਹ ਉਨ੍ਹਾਂ ਦੇ ਇੱਕ ਦੋਸਤ ਦੀ ਵਿਧਵਾ ਹੈ ਅਤੇ ਹੁਣ ਤੋਂ ਸਾਡੇ ਨਾਲ ਹੀ ਰਹੇਗੀ।
ਦਾਦਾ ਜੀ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦਾ ਛੋਟਾ ਬੇਟਾ ਵੀ ਸਾਡੇ ਨਾਲ ਹੀ ਰਹੇਗਾ, ਕਿਉਂਕਿ ਉਨ੍ਹਾਂ ਦਾ ਕੋਈ ਹੋਰ ਠਿਕਾਣਾ ਨਹੀਂ ਹੈ। ਸਮਾਂ ਬੀਤਣ ਦੇ ਨਾਲ-ਨਾਲ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੀ ਅਸਲੀਅਤ ਪਤਾ ਲੱਗਣ ਲੱਗੀ ਕਿ ਇਹ ਤਾਂ ਦਾਦਾ ਜੀ ਦੀ ਪ੍ਰੇਮਿਕਾ ਹੈ ਅਤੇ ਉਹ ਬੱਚਾ ਵੀ ਉਨ੍ਹਾਂ ਦੋਨਾਂ ਦੇ ਪਿਆਰ ਦੀ ਨਿਸ਼ਾਨੀ ਹੈ।
ਪਰਿਵਾਰ ਦੇ ਮੈਂਬਰਾਂ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਉਹ ਈਸਾਈ ਹੈ। ਸਾਡੀ ਇੱਕ ਭੂਆ ਜੋ ਕਿ ਹੁਣ ਇਸ ਦੁਨੀਆ 'ਚ ਨਹੀਂ ਹੈ, ਉਹ ਆਪਣੀ ਇਸ ਆਧੁਨਿਕ ਮਤਰੇਈ ਮਾਂ ਅਤੇ ਉਨ੍ਹਾਂ ਦੇ ਸੇਵਾ ਭਾਵ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਉਹ ਆਪ ਵੀ ਨਵੀਂ ਮਾਂ ਦੀ ਸ਼ਗਿਰਦ ਬਣਨਾ ਚਾਹੁੰਦੀ ਸੀ।
ਇਹ ਵੀ ਪੜ੍ਹੋ-
ਮੇਰੇ ਦਾਦੀ ਜੀ ਨੇ ਕਦੇ ਵੀ ਉਨ੍ਹਾਂ ਨਾਲ ਵਿਆਹ ਦੀਆਂ ਰਸਮਾਂ ਨਹੀਂ ਨਿਭਾਈਆਂ ਸਨ। ਪਰ ਉਨ੍ਹਾਂ ਨੇ ਹਮੇਸ਼ਾਂ ਹੀ ਉਨ੍ਹਾਂ ਨੂੰ ਆਪਣੀ ਦੂਜੀ ਪਤਨੀ ਦਾ ਦਰਜਾ ਦਿੱਤਾ ਸੀ। ਜੋ ਵੀ ਹੋਵੇ ਮੇਰੇ ਲਈ ਤਾਂ ਇੰਨ੍ਹਾਂ ਦੋਵਾਂ ਦਾਦੀਆਂ ਦੀ ਕਹਾਣੀ ਬਹੁਤ ਹੀ ਖਾਸ ਹੈ।
ਪਹਿਲਾਂ ਤਾਂ ਇਹ ਸਮਝਣ ਲਈ ਕਿ ਮੈਂ ਕਿਸ ਪਰਿਵਾਰ ਨਾਲ ਸਬੰਧ ਰੱਖਦੀ ਹਾਂ ਅਤੇ ਦੂਜਾ ਕਾਰਨ ਪਿਆਰ ਕਰਨ ਦੇ ਪਿੱਛੇ ਮਹਿਲਾਵਾਦੀ ਰਾਜਨੀਤੀ ਨੂੰ ਸਮਝਣਾ ਹੈ।
ਮੇਰੇ ਦਾਦਾ ਜੀ ਦੇ ਕਮਰੇ 'ਚ ਹਮੇਸ਼ਾਂ ਹੀ ਦੋ ਮੰਜੇ ਹੁੰਦੇ ਸਨ, ਜੋ ਕਿ ਇੱਕ ਦੂਜੇ ਨਾਲ ਹੀ ਡਿੱਠੇ ਹੁੰਦੇ ਸਨ। ਇਹ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਪਿਆਰ ਕੀਤਾ ਸੀ।
ਇਸਦੇ ਨਾਲ ਹੀ ਉਨ੍ਹਾਂ ਵੱਲੋਂ ਚੁੱਕੇ ਇਸ ਕਦਮ ਕਰਕੇ ਪਰਿਵਾਰ ਨੂੰ ਜੋ ਕੁਝ ਝੇਲਣਾ ਪਿਆ ਸੀ, ਉਸਦਾ ਵੀ ਇਹ ਸਬੂਤ ਸੀ। ਅਸੀਂ ਜਦੋਂ ਵੀ ਕਦੇ ਇਸ ਮੁੱਦੇ 'ਤੇ ਗੱਲ ਕਰਨੀ ਚਾਹੀ ਤਾਂ ਸਾਡਾ ਮੂੰਹ ਬੰਦ ਕਰਵਾ ਦਿੱਤਾ ਜਾਂਦਾ ਸੀ।
ਦੋ ਦਾਦੀਆਂ ਹੋਣ 'ਤੇ ਮਾਣ ਹੈ
ਹੁਣ ਮੈਂ 41 ਸਾਲ ਦੀ ਹੋ ਗਈ ਹਾਂ ਅਤੇ ਉਨ੍ਹਾਂ ਪਾਬੰਦੀਆਂ ਤੋਂ ਵੀ ਆਜ਼ਾਦ ਹਾਂ। ਪਰਿਵਾਰ ਦੀਆਂ ਜ਼ਿਆਦਾਤਰ ਕੁੜੀਆਂ ਦਾ ਵਿਆਹ ਵੀ ਹੋ ਚੁੱਕਾ ਹੈ। ਭਾਵੇਂ ਕਿ ਮੈਂ ਇੱਕਲੀ ਰਹਿੰਦੀ ਹਾਂ ਪਰ ਯਕੀਨ ਮੰਨਣਾ ਕਿ ਮੈਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ ਕਿ ਲੋਕ ਕੀ ਕਹਿਣਗੇ ਜਾਂ ਕੀ ਸੋਚਣਗੇ।
ਇਸ ਲਈ ਮੈਂ ਤੁਹਾਨੂੰ ਇਹ ਕਹਾਣੀ ਸੁਣਾ ਰਹੀ ਹਾਂ। ਇਸ 'ਚ ਸ਼ਰਮਿੰਦਗੀ ਵਾਲੀ ਕੋਈ ਗੱਲ ਨਹੀਂ ਹੈ, ਸਗੋਂ ਮੈਨੂੰ ਮਾਣ ਹੈ ਕਿ ਮੇਰੀ ਜ਼ਿੰਦਗੀ 'ਚ ਦੋ ਦਾਦੀਆਂ ਸਨ।
ਮੈਨੂੰ ਨਹੀਂ ਪਤਾ ਕਿ ਸੱਚਾਈ ਕੀ ਹੈ, ਪਰ ਮੈਨੂੰ ਜੋ ਦੱਸਿਆ ਗਿਆ ਉਹ ਮੈਂ ਅੱਜ ਤੁਹਾਨੂੰ ਦੱਸ ਰਹੀ ਹਾਂ।
ਮੇਰੇ ਦਾਦਾ ਜੀ ਇੱਕ ਖੁਸ਼ ਮਿਜਾਜ਼ ਨੌਜਵਾਨ ਸਨ। ਉਹ ਪਟਨਾ ਦੇ ਮੋਇਨ-ਉਲ-ਹੱਕ ਸਟੇਡੀਅਮ 'ਚ ਫੁੱਟਬਾਲ ਖੇਡਦੇ ਸਨ। ਉਨ੍ਹਾਂ ਕੋਲ ਮੌਰਿਸ ਮਾਈਨਕ ਕਾਰ ਹੁੰਦੀ ਸੀ। ਮੇਰੇ ਦਾਦੀ ਜੀ ਇੱਕ ਪੁਲਿਸ ਅਧਿਕਾਰੀ ਸਨ। ਸਾਡੇ ਪਰਿਵਾਰ ਨੂੰ ਇਸ ਗੱਲ ਦਾ ਬਹੁਤ ਮਾਣ ਸੀ ਕਿ ਉਸ ਸਮੇਂ 'ਚ ਸਾਡੇ ਦਾਦਾ ਜੀ ਪਟਨਾ ਦੇ ਉਨ੍ਹਾਂ ਕੁਝ ਲੋਕਾਂ 'ਚੋਂ ਸਨ, ਜਿੰਨ੍ਹਾਂ ਕੋਲ ਕਾਰ ਸੀ।
ਮੇਰੀ ਦਾਦੀ ਜੀ ਰੰਗ ਦੀ ਬਹੁਤ ਹੀ ਸਾਫ਼ ਸੀ। ਉਨ੍ਹਾਂ ਦੀ ਖੂਬਸੂਰਤੀ ਹੱਥ ਲਗਾਇਆਂ ਮੈਲੀ ਹੁੰਦੀ ਸੀ। ਉਹ ਅਫ਼ਗਾਨ ਸਨੋ ਕਰੀਮ ਦੀ ਵਰਤੋਂ ਕਰਦੇ ਸਨ। ਉਹ ਪਟਨਾ ਦੇ ਹੀ ਰਹਿਣ ਵਾਲੇ ਸਨ। ਉਨ੍ਹਾਂ ਦੇ ਦੱਸ ਬੱਚੇ ਸਨ।
ਮੇਰੀ ਦਾਦੀ ਦੇ ਭਰਾ ਵੀ ਉਨ੍ਹਾਂ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਉਨ੍ਹਾਂ ਦੀ ਸੱਸ ਵੀ ਉਨ੍ਹਾਂ ਨੂੰ ਪਲਕਾਂ 'ਤੇ ਬਿਠਾ ਕੇ ਰੱਖਦੀ ਸੀ। ਉਹ ਮੇਰੀ ਦਾਦੀ ਨੂੰ ਬਹੁਤ ਪੜਾਉਣਾ ਚਾਹੁੰਦੇ ਸੀ। ਪਰ ਘਰ 'ਚ ਐਨਾ ਜ਼ਿਆਦਾ ਕੰਮ ਹੁੰਦਾ ਸੀ ਕਿ ਮੇਰੀ ਦਾਦੀ ਨੂੰ ਕਿਸੇ ਹੋਰ ਕੰਮ ਲਈ ਸਮਾਂ ਹੀ ਨਹੀਂ ਮਿਲਦਾ ਸੀ।
ਇੱਕ ਵਾਰ ਮੇਰੇ ਦਾਦਾ ਜੀ ਕਿਸੇ ਅਪਰਾਧੀ ਦੀ ਭਾਲ 'ਚ ਝਾਰਖੰਡ ਗਏ ਹੋਏ ਸਨ। ਉਸ ਸਮੇਂ ਝਾਰਖੰਡ ਵੱਖਰਾ ਸੂਬਾ ਨਹੀਂ ਸੀ, ਸਗੋਂ ਬਿਹਾਰ ਦਾ ਹੀ ਹਿੱਸਾ ਸੀ।
ਉਸ ਸਮੇਂ ਉਨ੍ਹਾਂ ਦੇ ਗੋਡੇ 'ਚ ਗੋਲੀ ਲੱਗ ਗਈ ਸੀ, ਜਿਸ ਕਰਕੇ ਉਨ੍ਹਾਂ ਨੂੰ ਇਲਾਜ ਲਈ ਕੁਝ ਦਿਨ ਹਸਪਤਾਲ 'ਚ ਵੀ ਰਹਿਣਾ ਪਿਆ ਸੀ। ਉੱਥੇ ਹੀ ਉਨ੍ਹਾਂ ਦੀ ਮੁਲਾਕਾਤ ਮੇਰੀ ਦੂਜੀ ਦਾਦੀ ਨਾਲ ਹੋਈ ਸੀ। ਉਹ ਉਸੇ ਹਸਪਤਾਲ 'ਚ ਨਰਸ ਸੀ। ਉਨ੍ਹਾਂ ਨੇ ਹੀ ਮੇਰੇ ਦਾਦਾ ਜੀ ਦੀ ਦੇਖਭਾਲ ਕੀਤੀ ਸੀ।
ਉਹ ਅੰਗ੍ਰੇਜ਼ੀ ਬੋਲਦੀ ਸੀ। ਮੇਰੇ ਦਾਦਾ ਹੀ ਨੂੰ ਉਨ੍ਹਾਂ ਨਾਲ ਮੁਹੱਬਤ ਹੋ ਗਈ ਅਤੇ ਬਾਅਦ 'ਚ ਉਹ ਉਨ੍ਹਾਂ ਨੂੰ ਘਰ ਹੀ ਲੈ ਆਏ ਸਨ।
ਜਦੋਂ ਉਨ੍ਹਾਂ ਦਾ ਤਬਾਦਲਾ ਪਟਨਾ 'ਚ ਹੋਇਆ ਤਾਂ ਉਹ ਉੱਥੇ ਨਰਸਾਂ ਲਈ ਬਣੇ ਕੁਆਰਟਰਾਂ 'ਚ ਰਹਿੰਦੀ ਸੀ। ਪਰ ਉਹ ਉਦੋਂ ਵੀ ਸਾਡੇ ਘਰ ਆਉਂਦੇ ਸਨ। ਲੋਕ ਦੱਸਦੇ ਹਨ ਕਿ ਇੱਕ ਦਿਨ ਮੇਰੀ ਦਾਦੀ ਉਨ੍ਹਾਂ ਕੋਲ ਗਈ ਅਤੇ ਆਪਣੇ ਪਾਨ ਦੇ ਡੱਬੇ 'ਚੋਂ ਉਨ੍ਹਾਂ ਨੂੰ ਪਾਨ ਭੇਟ ਕੀਤਾ ਸੀ।
ਮੇਰੀ ਦਾਦੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਸਾਨੂੰ ਦੋਵਾਂ ਨੂੰ ਇਕ ਦੂਜੇ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ, ਕਿਉਂਕਿ ਇਸ 'ਚ ਸਾਡੀ ਦੋਵਾਂ ਦੀ ਕੋਈ ਗਲਤੀ ਨਹੀਂ ਹੈ।
ਮੈਨੂੰ ਲੱਗਦਾ ਹੈ ਕਿ ਮੇਰੀ ਦਾਦੀ ਮਹਿਲਾਵਾਦੀ ਸੀ, ਕਿਉਂਕਿ ਉਹ ਭੈਣਾਂ ਵਾਂਗ ਮਿਲਜੁਲ ਕੇ ਰਹਿਣ 'ਚ ਵਿਸ਼ਵਾਸ ਰੱਖਦੀ ਸੀ। ਘਰੇਲੂ ਮਸਲਿਆਂ ਦੇ ਕਾਰਨ ਭਾਵੇਂ ਹੀ ਉਨ੍ਹਾਂ ਦੇ ਸਬੰਧਾਂ 'ਚ ਕੜਵਾਹਟ ਆਈ ਹੋਵੇ ਪਰ ਜ਼ਿੰਦਗੀ ਭਰ ਉਹ ਇੱਕ ਦੂਜੇ ਦੀਆਂ ਦੋਸਤ ਬਣੀਆਂ ਰਹੀਆਂ ਸਨ।
ਬੁਢਾਪੇ 'ਚ ਮੇਰੀ ਦੂਜੀ ਦਾਦੀ ਦੀਆਂ ਅੱਖਾਂ ਦੀ ਰੌਸ਼ਨੀ ਚੱਲੀ ਗਈ ਸੀ। ਉਹ ਆਪਣੇ ਪੋਤੇ-ਪੋਤੀਆਂ ਜਾਂ ਨੌਕਰਾਂ ਨੂੰ ਕਹਿੰਦੀ ਹੁੰਦੀ ਸੀ ਕਿ ਉਨ੍ਹਾਂ ਨੂੰ ਸਾਡੇ ਘਰ ਲੈ ਕੇ ਜਾਣ। ਫਿਰ ਦੋਵੇਂ ਦਾਦੀਆਂ ਇੱਕਠੇ ਬੈਠ ਕੇ ਪਾਨ ਖਾਂਦੀਆਂ ਅਤੇ ਸ਼ਾਮ ਤੱਕ ਦੁਨੀਆ ਭਰ ਦੀਆਂ ਗੱਲਾਂ ਕਰਦੀਆਂ ਸਨ।
ਇਹ ਸਿਲਸਿਲਾ ਉਸ ਸਮੇਂ ਟੁੱਟਿਆ ਜਦੋਂ ਮੇਰੇ ਚਾਚਾ ਜੀ ਨੇ ਉਸ ਮੁੱਹਲੇ ਨੂੰ ਛੱਡ ਕੇ ਸ਼ਹਿਰ 'ਚ ਦੂਜੀ ਥਾਂ ਰਹਿਣਾ ਸ਼ੁਰੂ ਕੀਤਾ। ਮੰਮਾ ਨੂੰ ਵੀ ਘਰ ਛੱਡਣਾ ਪਿਆ ਸੀ।
ਮੈਨੂੰ ਲੱਗਦਾ ਹੈ ਕਿ ਮੰਮਾ ਦੇ ਜਾਣ ਤੋਂ ਬਾਅਦ ਮੇਰੀ ਦਾਦੀ ਇੱਕਲਾਪਣ ਮਹਿਸੂਸ ਕਰਨ ਲੱਗ ਪਈ ਸੀ। ਉਨ੍ਹਾਂ ਦੀ ਦੇਖਭਾਲ ਲਈ ਗੰਗਾਜਲੀ ਨਾਂਅ ਦੀ ਇੱਕ ਔਤਰ ਉਨ੍ਹਾਂ ਦੇ ਨਾਲ ਰਹਿੰਦੀ ਸੀ। ਅਖੀਰ 'ਚ ਉਨ੍ਹਾਂ ਦੀ ਯਾਦਦਾਸ਼ਤ ਵੀ ਚਲੀ ਗਈ ਸੀ। ਉਹ ਬਹੁਤ ਮੁਸ਼ਕਲ ਨਾਲ ਕੁਝ ਕਦਮ ਚੱਲ ਪਾਉਂਦੇ ਸੀ।
ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ 'ਚ ਉਹ ਇੱਕ ਛੋਟੀ ਬੱਚੀ ਵਾਂਗ ਦਿਖਣ ਲੱਗ ਪਈ ਸੀ। ਕੱਟੇ ਹੋਏ ਵਾਲ, ਪਤਲਾ ਸਰੀਰ ਅਤੇ ਮੋਟੀਆਂ ਐਨਕਾਂ । ਇੱਕ ਦਿਨ ਉਨ੍ਹਾਂ ਦੇ ਸੁਆਸਾਂ ਦੀ ਲੜੀ ਟੁੱਟ ਗਈ ਅਤੇ ਫਿਰ ਸਾਰਾ ਹੀ ਕਿੱਸਾ ਖਤਮ ਹੋ ਗਿਆ।
ਅੰਤਿਮ ਇੱਛਾ
ਮੈਂ ਉਸ ਸਮੇਂ ਸਕੂਲ 'ਚ ਪੜ੍ਹਦੀ ਸੀ। ਮੰਮਾ ਮੇਰੀ ਦਾਦੀ ਤੋਂ ਬਾਅਦ ਵੀ ਜ਼ਿੰਦਾ ਸੀ। ਮੈਨੂੰ ਨਹੀਂ ਪਤਾ ਕਿ ਹੁਣ ਵੀ ਗਿਰਜਾਘਰ ਜਾਂਦੇ ਸੀ ਜਾਂ ਫਿਰ ਨਹੀਂ। ਪਰ ਐਨਾ ਜ਼ਰੂਰ ਪਤਾ ਹੈ ਕਿ ਉਨ੍ਹਾਂ ਦੀ ਅੰਤਿਮ ਇੱਛਾ ਸੀ ਕਿ ਉਨ੍ਹਾਂ ਨੂੰ ਮੌਤ ਤੋਂ ਬਾਅਦ ਦਫ਼ਨ ਕੀਤਾ ਜਾਵੇ।
ਪਰ ਮੈਂ ਉਸ ਮੁੱਦੇ 'ਚ ਨਹੀਂ ਪੈਣਾ ਚਾਹੁੰਦੀ ਹਾਂ। ਮੈਂ ਆਪਣੀਆਂ ਦੋਵਾਂ ਦਾਦੀਆਂ ਦੀ ਜੋ ਤਸਵੀਰ ਆਪਣੇ ਦਿਲੋ ਦਿਮਾਗ 'ਚ ਰੱਖਣਾ ਚਾਹੁੰਦੀ ਹਾਂ, ਉਸ 'ਚ ਉਹ ਦੋਵੇਂ ਇੱਕਠੇ ਬੈਠ ਕੇ ਗੱਪਾਂ ਮਾਰ ਰਹੀਆਂ ਸਨ।
ਉਹ ਕਈ ਵਾਰ ਇੱਕ ਦੂਜੇ ਦਾ ਹੱਥ ਵੀ ਫੜ੍ਹ ਲੈਂਦੀਆਂ ਸਨ। ਉਨ੍ਹਾਂ ਦੋਵਾਂ ਨੂੰ ਹੀ ਪਾਨ ਖਾਣਾ ਬਹੁਤ ਪਸੰਦ ਸੀ। ਜਦੋਂ ਸਾਡੇ ਬੱਚਿਆਂ 'ਚੋਂ ਕਿਸੇ ਦਾ ਵੀ ਜਨਮ ਦਿਨ ਹੁੰਦਾ ਤਾਂ ਮੰਮਾ ਪੁੜੀਆਂ ਤਲਦੀ ਅਤੇ ਮੇਰੀ ਦਾਦੀ ਮਟਨ ਬਣਾਉਂਦੀ ਸੀ।
ਅੱਜ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਮੈਂ ਇਹ ਕਹਿ ਸਕਦੀ ਹਾਂ ਕਿ ਮੇਰੀ ਦਾਦੀ ਜ਼ਰੂਰ ਕੁਝ ਦੁਖੀ ਹੋਈ ਹੋਵੇਗੀ, ਕਿਉਂਕਿ ਉਨ੍ਹਾਂ ਨਾਲ ਧੋਖਾ ਹੋਇਆ ਸੀ। ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਹੁਣ ਉਹ ਕੀ ਪ੍ਰਤੀਕ੍ਰਿਆ ਦੇਣ। ਉਨ੍ਹਾਂ ਨੇ ਪਹਿਲਾਂ ਤਾਂ ਜ਼ਰੂਰ ਇਸ ਦਾ ਵਿਰੋਧ ਕੀਤਾ ਹੋਵੇਗਾ, ਪਰ ਬਾਅਦ 'ਚ ਤਾਂ ਦੋਵੇਂ ਸਹੇਲੀਆਂ ਬਣ ਗਈਆਂ ਸਨ।
ਮੰਮਾ ਅਤੇ ਮੇਰੀ ਸਕੀ ਦਾਦੀ ਮਿਲ ਕੇ ਹੀ ਘਰ ਦਾ ਕੰਮ ਕਰਦੀਆਂ ਸਨ। ਉਨ੍ਹਾਂ ਦੋਵਾਂ ਨੇ ਹੀ ਇੱਕ ਮਰਦ ਨੂੰ ਸਾਂਝਾ ਕਰਨਾ ਸਿੱਖ ਲਿਆ ਸੀ ਅਤੇ ਇੱਕ ਦੂਜੇ ਨੂੰ ਵੀ ਹੱਸ ਕੇ ਅਪਣਾ ਲਿਆ ਸੀ। ਬਾਅਦ 'ਚ ਉਨ੍ਹਾਂ ਨੂੰ ਜੋੜਨ ਵਾਲਾ ਵਿਅਕਤੀ ਆਪ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।
ਮੈਨੂੰ ਯਾਦ ਹੈ, ਮੈਂ ਉਸ ਸਮੇਂ ਬਹੁਤ ਛੋਟੀ ਸੀ ਜਦੋਂ ਮੇਰੇ ਦਾਦਾ ਜੀ ਬਾਥਰੂਮ 'ਚ ਫਿਸਲ ਕੇ ਡਿੱਗ ਗਏ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਲੋਕ ਕਹਿੰਦੇ ਹਨ ਕਿ ਉਹ ਅਧਰੰਗ ਦਾ ਸ਼ਿਕਾਰ ਹੋ ਗਏ ਸਨ।
ਮੇਰੇ ਦਾਦਾ ਜੀ ਨੇ ਦੋਵਾਂ ਪਤਨੀਆਂ ਦਾ ਖਿਆਲ ਰੱਖਣ 'ਚ ਕੋਈ ਕਸਰ ਨਾ ਛੱਡੀ। ਉਨ੍ਹਾਂ ਨੇ ਦੋਵਾਂ ਲਈ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ।
ਚੁੱਪੀ ਦਾ ਉਹ ਕਰਾਰ ਤੋੜ ਦਿੱਤਾ
ਮੈਨੂੰ ਪੂਰੀ ਗੱਲ ਤਾਂ ਨਹੀਂ ਪਤਾ ਪਰ ਫਿਰ ਵੀ ਮੈਨੂੰ ਯਕੀਨ ਹੈ ਕਿ ਉਨ੍ਹਾਂ ਨੇ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਕੀਤੀ ਸੀ। ਮੇਰੀ ਦਾਦੀ, ਦਾਦਾ ਜੀ ਦੇ ਦੇਹਾਂਤ ਤੋਂ ਬਾਅਦ ਕੁਝ ਸਾਲਾਂ ਤੱਕ ਜਿਉਂਦੀ ਰਹੀ ਸੀ। ਉਹ ਉਸੇ ਕਮਰੇ 'ਚ ਹੀ ਰਹਿੰਦੇ ਸਨ, ਜਿੱਥੇ ਦੋ ਮੰਜੇ ਡਿੱਠੇ ਹੋਏ ਸਨ।
ਉਹ ਦੋਵੇਂ ਬਿਸਤਰੇ ਉਸੇ ਤਰ੍ਹਾਂ ਹੀ ਵਿਛੇ ਰਹਿੰਦੇ ਸਨ, ਜਿਸ ਤਰ੍ਹਾਂ ਕਿ ਇਸ ਕਿੱਸੇ ਦੀ ਸ਼ੁਰੂਆਤ 'ਚ ਸਨ।
ਮੇਰੇ ਖ਼ਿਆਲ 'ਚ ਮੇਰੀ ਕਮਜ਼ੋਰ ਨਜ਼ਰ ਆਉਣ ਵਾਲੀ ਦਾਦੀ ਬਹੁਤ ਹੀ ਪੱਕੇ ਇਰਾਦਿਆਂ ਵਾਲੀ ਔਰਤ ਸੀ। ਮੇਰੀ ਦਾਦੀ ਜੀ ਮੇਰੀ ਮਾਂ ਨੂੰ ਕਹਿੰਦੇ ਸਨ ਕਿ ਮਰਦ ਤਾਂ ਕੁੱਤੇ ਵਾਂਗ ਹੁੰਦੇ ਹਨ। ਉਹ ਆਪਣੇ ਅਜ਼ੀਜ਼ਾਂ ਪ੍ਰਤੀ ਕਦੇ ਵੀ ਵਫ਼ਾਦਾਰ ਨਹੀਂ ਹੁੰਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਮੈਨੂੰ ਬਿੱਲੀਆਂ ਪਸੰਦ ਹਨ।
ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਇਹ ਕਹਾਣੀ ਇਸ ਲਈ ਲਿਖੀ ਹੈ ਤਾਂ ਜੋ ਮੈਂ ਆਪਣੇ ਆਪ ਨੂੰ ਦੱਸ ਸਕਾਂ ਕਿ ਮੈਂ ਅਜਿਹੀ ਜਗ੍ਹਾ ਨਾਲ ਸਬੰਧ ਰੱਖਦੀ ਹਾਂ ਜਿੱਥੇ ਪਿਆਰ ਦੀਆਂ ਕਸਮਾਂ ਨੂੰ ਨਿਭਾਇਆ ਜਾਂਦਾ ਹੈ।
ਮੇਰੇ ਕੋਲ ਦੋ ਕਰਾਸ ਵੀ ਹਨ, ਜਿਸ ਨੂੰ ਮੈਂ ਆਪਣੀ ਮੰਮਾ ਦੀ ਯਾਦ 'ਚ ਆਪਣੇ ਕੋਲ ਹੀ ਰੱਖਦੀ ਹਾਂ। ਮੇਰੇ ਕੋਲ ਮਦਰ ਮੈਰੀ ਦੀ ਤਸਵੀਰ ਵੀ ਹੈ ਅਤੇ ਕ੍ਰਿਸਮਿਸ ਮੌਕੇ ਆਪਣੇ ਅਪਾਰਟਮੈਂਟ ਨੂੰ ਤਾਰਿਆਂ ਨਾਲ ਸਜਾਉਂਦੀ ਹਾਂ।
ਮੈਂ ਆਪਣੀ ਮੰਮਾ ਦੇ ਅੰਤਿਮ ਸਸਕਾਰ 'ਚ ਸ਼ਾਮਲ ਨਹੀਂ ਹੋ ਸਕੀ ਸੀ। ਮੈਂ ਸਿਰਫ ਇਹ ਉਮੀਦ ਕਰਦੀ ਹਾਂ ਕਿ ਮੇਰੀ ਯਾਦਦਾਸ਼ਤ ਇਹ ਭਰੋਸਾ ਕਾਇਮ ਰੱਖੇ ਕੇ ਉਨ੍ਹਾਂ ਨੇ ਮੇਰੀ ਮੰਮਾ ਦੀ ਅੰਤਿਮ ਇੱਛਾ ਦਾ ਆਦਰ ਕੀਤਾ ਹੋਵੇਗਾ।
ਪਰ ਯਾਦਦਾਸ਼ਤ ਇੱਕ ਬਦਦੁਆ ਵੀ ਹੈ। ਮੇਰੀ ਦਾਦੀ ਜੀ ਦਾ ਪਾਨ ਰੱਖਣ ਵਾਲਾ ਪਿੱਤਲ ਦਾ ਡੱਬਾ ਅੱਜ ਵੀ ਮੇਰੇ ਡਰੈਸਿੰਗ ਟੇਬਲ ਦੀ ਸ਼ਾਨ ਵਧਾਉਂਦਾ ਹੈ।
ਧਰਮ ਨਿਰਪੱਖਤਾ ਦੀ ਵਿਰਾਸਤ ਮੈਨੂੰ ਉਨ੍ਹਾਂ ਤੋਂ ਹੀ ਮਿਲੀ ਹੈ। ਮੇਰੀ ਦਾਦੀ ਨਾਲ ਸਬੰਧਤ ਹੋਰ ਵੀ ਕਹਾਣੀਆਂ ਹਨ ਪਰ ਇਹ ਕਿੱਸਾ ਮੇਰੀ ਅਸਲ ਵਿਰਾਸਤ ਹੈ। ਕ੍ਰਿਸਮਿਸ ਦਾ ਰੁਖ, ਮੰਮਾ ਦਾ ਚਰਚ ਜਾਣਾ ਅਤੇ ਕੇਕ ਬਣਾਉਣ ਦੀਆਂ ਯਾਦਾਂ।
ਜ਼ਿੰਦਗੀ ਦੇ ਇਸ ਲੰਮੇ ਉਤਰਾਅ-ਚੜਾਅ ਦੇ ਬਾਵਜੂਦ ਨਾ ਤਾਂ ਉਨ੍ਹਾਂ ਨੇ ਆਪਣਾ ਨਾਂਅ ਬਦਲਿਆਂ ਅਤੇ ਨਾ ਹੀ ਧਰਮ ਪਰਿਵਰਤਨ ਕੀਤਾ। ਫਿਰ ਇੱਕ ਹਿੰਦੂ ਅਤੇ ਈਸਾਈ ਔਰਤ ਵਿਚਾਲੇ ਦੋਸਤੀ ਅਤੇ ਇਹ ਹਕੀਕਤ ਕਿ ਸ਼ਾਇਦ ਉਨ੍ਹਾਂ ਨੇ ਇੱਕ ਹੀ ਵਿਅਕਤੀ ਨਾਲ ਪਿਆਰ ਕੀਤਾ ਸੀ।
ਮੈਨੂੰ ਨਹੀਂ ਪਤਾ ਕਿ ਪਿਆਰ ਕੀ ਹੁੰਦਾ ਹੈ, ਪਰ ਮੈਨੂੰ ਇਹ ਜ਼ਰੂਰ ਪਤਾ ਹੈ ਕਿ ਇਸ ਦਾ ਕਿਤੇ ਨਾ ਕਿਤੇ ਸਬੰਧ ਇਜ਼ੱਤ ਕਰਨ ਨਾਲ ਜ਼ਰੂਰ ਹੈ। ਅਸੀਂ ਮੰਮਾ ਅਤੇ ਉਨ੍ਹਾਂ ਦੇ ਧਰਮ ਦਾ ਸਤਿਕਾਰ ਕਰਦੇ ਸੀ।
ਗੱਲ ਸਿਰਫ ਐਨੀ ਹੈ ਕਿ ਅਸੀਂ ਕਦੇ ਵੀ ਇਸ ਦੀ ਚਰਚਾ ਨਹੀਂ ਕਰਦੇ ਸੀ। ਪਰ ਅੱਜ ਮੈਂ ਉਸ ਚੁੱਪੀ, ਖਾਮੋਸ਼ੀ ਦੇ ਵਾਅਦੇ ਨੂੰ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ:
https://www.youtube.com/watch?v=G_YEWrkwmQE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'fc43380b-e9fa-4271-a66c-a435aee03c38','assetType': 'STY','pageCounter': 'punjabi.india.story.56053500.page','title': 'Valentine\'s Day: ਇੱਕ ਹੀ ਆਦਮੀ ਨਾਲ ਪਿਆਰ ਕਰਨ ਵਾਲੀਆਂ ਦੋ ਵੱਖ-ਵੱਖ ਮਜ਼ਹਬ ਦੀਆਂ ਔਰਤਾਂ ਦੀ ਕਹਾਣੀ','author': 'ਚਿੰਕੀ ਸਿਨਹਾ','published': '2021-02-14T06:09:54Z','updated': '2021-02-14T06:13:46Z'});s_bbcws('track','pageView');

ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲੇ ਲਿਜਾ ਕੇ ਦਿੱਲੀ ਪੁਲਿਸ ਵੱਲੋਂ ਘਟਨਾਵਾਂ ਦੀ ਪੁਨਰ ਸਿਰਜਣਾ...
NEXT STORY