ਛੱਤੀਸਗੜ੍ਹ ਵਿੱਚ ਹਾਲ ਹੀ ਵਿੱਚ ਹੋਈ ਵੱਡੀ ਮੁੱਠਭੇੜ ਦਾ ਕੀ ਸੰਕੇਤ ਹੈ? ਕੀ ਇਨ੍ਹਾਂ ਹਮਲਿਆਂ ਨੂੰ ਮਾਓਵਾਦੀਆਂ ਵੱਲੋਂ ਮੁੜ ਤਾਕਤ ਹਾਸਲ ਕਰਨ ਦੇ ਸੰਕੇਤਾਂ ਵਜੋਂ ਲਿਆ ਜਾ ਸਕਦਾ ਹੈ?
ਕੀ ਇਹ ਮਾਓਵਾਦੀਆਂ ਵੱਲੋਂ ਆਪਣੇ ਦਬਦਬੇ ਦੇ ਖੇਤਰਾਂ ਨੂੰ ਸੁਰੱਖਿਅਤ ਰੱਖਣ ਦੀ ਆਖਰੀ ਕੋਸ਼ਿਸ਼ ਵਜੋਂ ਗੰਭੀਰ ਹਮਲੇ ਹੋ ਸਕਦੇ ਹਨ? ਜ਼ਮੀਨੀ ਹਕੀਕਤ ਕੀ ਹੈ?
ਇਨ੍ਹਾਂ ਮੁੱਦਿਆਂ ਨੂੰ ਡੂੰਘਾਈ ਨਾਲ ਸਮਝਣ ਲਈ ਬੀਬੀਸੀ ਨੇ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਛੱਤੀਸਗੜ੍ਹ ਦੇ ਪੁਲਿਸ ਅਧਿਕਾਰੀਆਂ, ਮਾਓਵਾਦੀ ਲਹਿਰ 'ਤੇ ਲੰਬੇ ਸਮੇਂ ਤੋਂ ਨਜ਼ਰ ਰੱਖਣ ਵਾਲਿਆਂ, ਸਾਬਕਾ ਮਾਓਵਾਦੀਆਂ, ਮਾਓਵਾਦੀ ਖੇਤਰਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਪੱਤਰਕਾਰਾਂ ਅਤੇ ਅਧਿਕਾਰ ਕਾਰਕੁਨਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਆਪਣੀ ਪਛਾਣ ਉਜਾਗਰ ਨਾ ਕਰਨ ਦੀ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ:
1. 'ਆਪ੍ਰੇਸ਼ਨ ਹਿਦਮਾ '- ਅਸਲ ਵਿੱਚ ਹੋਇਆ ਕੀ ਸੀ?
ਵੱਖ-ਵੱਖ ਅਫ਼ਸਰਾਂ ਅਨੁਸਾਰ ਜੋ ਜਾਣਦੇ ਹਨ ਕਿ ਹਮਲੇ ਦਾ ਕਾਰਨ ਕੀ ਸੀ, ਉਨ੍ਹਾਂ ਨੂੰ ਪਹਿਲਾਂ ਜਾਣਕਾਰੀ ਸੀ ਕਿ ਇੱਕ ਟੌਪ ਮਾਓਵਾਦੀ ਨੇਤਾ ਹਿਦਮਾ ਮਾਦਵੀ ਆਪਣੇ ਪੈਰੋਕਾਰਾਂ ਨਾਲ ਜੋਨਾਗੁਡਾ ਪਿੰਡ ਨੇੜੇ ਜੰਗਲ ਵਿੱਚ ਡੇਰਾ ਲਗਾ ਰਿਹਾ ਹੈ।
2 ਅਪ੍ਰੈਲ ਦੀ ਰਾਤ ਨੂੰ ਪੁਲਿਸ ਦੀਆਂ ਅੱਠ ਟੀਮਾਂ ਸੁਕਮਾ ਅਤੇ ਬੀਜਾਪੁਰ ਜ਼ਿਲ੍ਹਿਆਂ ਤੋਂ ਪੈਦਲ ਤੁਰ ਕੇ ਇਸ ਖੇਤਰ ਲਈ ਰਵਾਨਾ ਹੋਈਆਂ।
8 ਟੀਮਾਂ ਵਿੱਚ ਕੁੱਲ 2000 ਦੇ ਆਸ-ਪਾਸ ਪੁਲਿਸ ਮੁਲਾਜ਼ਮ ਸਨ। ਹਾਲਾਂਕਿ, ਜਦੋਂ ਉਹ ਦਰਸਾਈ ਗਈ ਜਗ੍ਹਾ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਉੱਥੇ ਮਾਓਵਾਦੀ ਨਹੀਂ ਮਿਲੇ। ਇਸ ਲਈ ਸਾਰੀਆਂ ਟੀਮਾਂ ਆਪਣੇ ਕੈਂਪਾਂ ਵੱਲ ਵਾਪਸ ਪਰਤ ਗਈਆਂ।
ਛੱਤੀਗੜ੍ਹ ਵਿੱਚ ਹੋਏ ਨਕਸਲੀ ਹਮਲੇ ਵਿੱਚ 22 ਜਵਾਨਾਂ ਦੀ ਮੌਤ ਹੋਈ ਸੀ
ਵੱਖ-ਵੱਖ ਟੀਮਾਂ ਦੇ 400 ਦੇ ਕਰੀਬ ਜਵਾਨ ਵਾਪਸ ਪਰਤਦਿਆਂ ਜੋਨਾਗੁਡਾ ਨੇੜੇ ਰੁਕ ਗਏ ਜਿੱਥੇ ਅਧਿਕਾਰੀਆਂ ਨੇ ਅਗਲੀ ਕਾਰਵਾਈ ਬਾਰੇ ਵਿਚਾਰ ਵਟਾਂਦਰਾ ਕੀਤਾ। ਉਦੋਂ ਹੀ ਮਾਓਵਾਦੀਆਂ ਦੁਆਰਾ ਉਨ੍ਹਾਂ 'ਤੇ ਹਮਲਾ ਕੀਤਾ ਗਿਆ।
ਮਾਓਵਾਦੀਆਂ ਨੇ ਉਨ੍ਹਾਂ 'ਤੇ ਨੇੜਲੀ ਪਹਾੜੀ ਦੇ ਸਿਖਰ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ।
ਇੱਕ ਅਧਿਕਾਰੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, 'ਮਾਓਵਾਦੀਆਂ ਨੇ ਵੱਡੀ ਗਿਣਤੀ ਵਿੱਚ ਸਾਡੀ ਫੋਰਸ 'ਤੇ ਸਥਾਨਕ ਤੌਰ 'ਤੇ ਤਿਆਰ ਕੀਤੇ ਗਏ ਰਾਕੇਟ ਲਾਂਚਰਾਂ ਦੀ ਵਰਤੋਂ ਕੀਤੀ।
ਇਸ ਕਾਰਨ ਬਹੁਤ ਸਾਰੇ ਜਵਾਨ ਜ਼ਖਮੀ ਹੋ ਗਏ। ਉਸ ਤੋਂ ਬਾਅਦ ਬੁਲੇਟ ਪਰੂਫ ਜੈਕਟਾਂ ਪਹਿਨੇ ਹੋਏ ਮਾਓਵਾਦੀਆਂ ਨੇ ਸਾਡੇ ਜਵਾਨਾਂ 'ਤੇ ਹਮਲਾ ਕੀਤਾ ਅਤੇ ਜ਼ਖਮੀਆਂ 'ਤੇ ਭਾਰੀ ਫਾਇਰਿੰਗ ਸ਼ੁਰੂ ਕਰ ਦਿੱਤੀ। ਸਾਡੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਲਈ ਦੋਵਾਂ ਪਾਸਿਆਂ ਦਾ ਭਾਰੀ ਜਾਨੀ ਨੁਕਸਾਨ ਹੋਇਆ।
ਅਧਿਕਾਰੀ ਨੇ ਕਿਹਾ, ਇੱਕ ਢੰਗ ਨਾਲ ਅਸੀਂ ਕਹਿ ਸਕਦੇ ਹਾਂ ਕਿ ਪੁਲਿਸ ਮੁਲਾਜ਼ਮ ਮਾਓਵਾਦੀਆਂ ਵੱਲੋਂ ਬਣਾਏ ਜਾਲ ਵਿੱਚ ਫਸ ਗਏ ਸਨ। ਪਰ ਉਨ੍ਹਾਂ ਨੇ ਕਿਹਾ ਕਿ ਇਹ ਕੋਈ 'ਇੰਟੈਲੀਜੈਂਸ ਦੀ ਨਾਕਾਮੀ' ਨਹੀਂ ਸੀ।
ਅਧਿਕਾਰੀ ਨੇ ਕਿਹਾ, "ਅਸੀਂ ਹਿਦਮਾ 'ਤੇ ਹਮਲਾ ਕਰਨ ਦੇ ਟੀਚੇ ਨਾਲ ਉੱਥੇ ਗਏ ਸੀ ਕਿਉਂਕਿ ਸਾਡੇ ਕੋਲ ਜਾਣਕਾਰੀ ਸੀ। ਪਰ ਵਾਪਸੀ ਕਰਨ ਵੇਲੇ ਸੁਰੱਖਿਆ ਬਲ ਘੱਟ ਸਾਵਧਾਨ ਸਨ। ਇਸ ਲਈ ਇਹ ਨੁਕਸਾਨ ਹੋਇਆ।"
ਇੱਕ ਸਥਾਨਕ ਪੱਤਰਕਾਰ ਨੇ ਕਿਹਾ, "ਹਿਦਮਾ ਦਾ ਪਿੰਡ ਪੁਵਾਰਥੀ ਹਮਲੇ ਵਾਲੀ ਜਗ੍ਹਾ ਦੇ ਬਹੁਤ ਨੇੜੇ ਹੈ। ਇਹ ਸਾਰਾ ਖੇਤਰ ਇੱਕ ਤਰ੍ਹਾਂ ਉਸ ਦੇ ਘਰ ਵਰਗਾ ਹੀ ਹੈ।
ਉਸ ਤੋਂ ਵੀ ਵੱਧ ਇਹ ਕਿ ਉਸ ਨੂੰ ਸਥਾਨਕ ਲੋਕਾਂ ਦਾ ਸਮਰਥਨ ਪ੍ਰਾਪਤ ਹੈ। ਇਸ ਲਈ ਉਨ੍ਹਾਂ ਨੇ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਨੂੰ ਬੜੀ ਗਹਿਰਾਈ ਨਾਲ ਵੇਖਦੇ ਹੋਏ ਸਪੱਸ਼ਟ ਯੋਜਨਾ ਨਾਲ ਉਨ੍ਹਾਂ 'ਤੇ ਹਮਲਾ ਕੀਤਾ।"
2. 'ਆਂਧਰਾ ਮਾਡਲ…'
ਅਣਵੰਡੇ ਆਂਧਰਾ ਪ੍ਰਦੇਸ਼ ਵਿੱਚ ਮਾਓਵਾਦੀ ਅੰਦੋਲਨ- ਜਿਹੜਾ ਕਿ ਪਿਛਲੇ ਸਮੇਂ ਵਿੱਚ ਇਸ ਦਾ ਮੁੱਖ ਕੇਂਦਰ ਸੀ, ਉਹ ਅੱਜ ਕਾਫ਼ੀ ਕਮਜ਼ੋਰ ਹੋ ਗਿਆ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਤੇਲੰਗਾਨਾ ਵਿੱਚ ਅੰਦੋਲਨ ਦੀ ਅਗਵਾਈ ਕਰਨ ਵਾਲੇ ਬਹੁਤ ਸਾਰੇ ਮੁੱਖ ਆਗੂ ਮੁੱਠਭੇੜਾਂ ਵਿੱਚ ਮਾਰੇ ਗਏ ਹਨ।
ਆਂਧਰਾ ਪ੍ਰਦੇਸ਼ ਪੁਲਿਸ, ਖ਼ਾਸਕਰ ਗ੍ਰੇਹਾਉਂਡਜ਼ ਫੋਰਸਾਂ ਨੇ ਮਾਓਵਾਦੀ ਲਹਿਰ ਨੂੰ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮਾਡਲ ਨੂੰ 'ਆਂਧਰਾ ਮਾਡਲ' ਕਿਹਾ ਜਾਂਦਾ ਸੀ।
ਹਾਲਾਂਕਿ ਗ੍ਰੇਹਾਉਂਡਜ਼ ਇੱਕ ਸੂਬੇ ਦਾ ਸੁਰੱਖਿਆ ਬਲ ਹੈ, ਪਰ ਇਸ ਵੱਲੋਂ ਉੜੀਸਾ ਅਤੇ ਛੱਤੀਸਗੜ੍ਹ ਵਿੱਚ ਹਮਲੇ ਕਰਨ ਲਈ ਸੂਬੇ ਦੀਆਂ ਹੱਦਾਂ ਪਾਰ ਕਰਨ ਦੀ ਰਿਪੋਰਟ ਵੀ ਆਈ ਹੈ।
ਵੱਖ ਵੱਖ ਰਾਜਾਂ ਨਾਲ ਸਬੰਧਤ ਵਿਸ਼ੇਸ਼ ਬਲ ਨੂੰ ਹੈਦਰਾਬਾਦ ਦੇ ਗ੍ਰੇਹਾਉਂਡਜ਼ ਸੈਂਟਰ ਵਿਖੇ ਸਿਖਲਾਈ ਦਿੱਤੀ ਜਾ ਰਹੀ ਹੈ। 1986 ਵਿੱਚ ਸਥਾਪਿਤ ਕੀਤੇ ਗ੍ਰੇਹਾਉਂਡਜ਼ ਨੂੰ ਸ਼ਾਇਦ ਹੀ ਮਾਓਵਾਦੀਆਂ ਹੱਥੋਂ ਕੋਈ ਵੱਡਾ ਨੁਕਸਾਨ ਹੋਇਆ ਹੋਵੇ।
ਇਹ ਵੀ ਪੜ੍ਹੋ:
ਤੇਲੰਗਾਨਾ ਵਿੱਚ ਇੱਕ ਸੀਨੀਅਰ ਤੇਲੰਗਾਨਾ ਪੁਲਿਸ ਅਧਿਕਾਰੀ ਨੇ ਜੋਨਾਗੁਡਾ ਕਾਂਡ ਬਾਰੇ ਕਿਹਾ: ''ਕਦੇ ਵੀ, ਕਿਤੇ ਵੀ ਖੁਫੀਆ ਜਾਣਕਾਰੀ ਹੀ ਮਹੱਤਵਪੂਰਨ ਹੈ। ਜਦੋਂ ਸਾਨੂੰ ਖੁਫ਼ੀਆ ਜਾਣਕਾਰੀ ਮਿਲਦੀ ਹੈ ਤਾਂ ਅਸੀਂ ਇਸ ਦਾ ਵੱਖ ਵੱਖ ਪੱਧਰਾਂ 'ਤੇ ਵਿਸ਼ਲੇਸ਼ਣ ਕਰਦੇ ਹਾਂ।''
ਅਧਿਕਾਰੀ ਨੇ ਕਿਹਾ ਕਿ ਇੱਕ ਕਾਰਨ ਇਹ ਹੈ ਕਿ ਦੂਜੇ ਸੂਬਿਆਂ ਦੀ ਪੁਲਿਸ ਫੋਰਸ ਓਨੀ ਸਫਲ ਨਹੀਂ ਹੈ ਜਿੰਨੀ ਗ੍ਰੇਹਾਉਂਡਜ਼, ਅਜਿਹਾ ਉਨ੍ਹਾਂ ਵਿਚਾਲੇ ਤਾਲਮੇਲ ਦੀ ਘਾਟ ਕਾਰਨ ਹੋ ਸਕਦਾ ਹੈ।
ਅਣਵੰਡਾ ਆਂਧਰ ਪ੍ਰਦੇਸ਼ ਕਦੇ ਨਕਸਲੀਆਂ ਦਾ ਗੜ੍ਹ ਹੁੰਦਾ ਸੀ
ਉਨ੍ਹਾਂ ਨੇ ਕਿਹਾ "ਸਾਡੇ ਕੋਲ ਪਹਿਲਾਂ ਹੀ ਜਾਣਕਾਰੀ ਸੀ ਕਿ ਹਿਦਮਾ ਅਤੇ ਉਸ ਦੇ ਸਾਥੀ ਉਸ ਖੇਤਰ ਵਿੱਚ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ। ਅਸੀਂ ਛੱਤੀਸਗੜ੍ਹ ਦੀ ਪੁਲਿਸ ਨੂੰ ਸੰਭਾਵਿਤ ਹਮਲੇ ਬਾਰੇ ਸੁਚੇਤ ਵੀ ਕੀਤਾ ਸੀ।"
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮਾਓਵਾਦੀ ਹਾਲ ਦੇ ਦਿਨਾਂ ਵਿੱਚ ਲਗਾਤਾਰ ਹਮਲੇ ਕਿਉਂ ਕਰ ਰਹੇ ਹਨ? ਅਧਿਕਾਰੀ ਨੇ ਜਵਾਬ ਦਿੱਤਾ 'ਇਹ ਉਨ੍ਹਾਂ ਦੇ ਟੀਸੀਓਸੀ ਦੇ ਤਹਿਤ ਹਨ।'
3. ਟੀਸੀਓਸੀ ਕੀ ਹੈ?
ਮਾਓ ਵੱਲੋਂ ਲਿਖੀ ਹੋਈ 'ਔਨ ਗੁਰੀਲਾ ਵਾਰਫੇਅਰ' ਵਿੱਚ ਟੀਸੀਓਸੀ (ਟੈਕਟੀਕਲ ਕਾਊਂਟਰ ਓਫੈਨਸਿਵ ਕੈਂਪੇਨ) ਇੱਕ ਮਹੱਤਵਪੂਰਨ ਤੱਤ ਹੈ।
'ਜਦੋਂ ਦੁਸ਼ਮਣ ਦੀ ਗਿਣਤੀ ਵੱਧ ਹੁੰਦੀ ਹੈ ਅਤੇ ਤੁਹਾਡੀ ਗਿਣਤੀ ਘੱਟ ਹੁੰਦੀ ਹੈ, ਆਪਣੀ ਮਜ਼ਬੂਤੀ ਦੇ ਖੇਤਰ ਵਿੱਚ ਆਪਣੀਆਂ ਸਾਰੀਆਂ ਤਾਕਤਾਂ ਦਾ ਤਾਲਮੇਲ ਕਰੋ ਅਤੇ ਦੁਸ਼ਮਣ ਦੀਆਂ ਛੋਟੀਆਂ ਇਕਾਈਆਂ ਉੱਤੇ ਅਚਾਨਕ ਹਮਲੇ ਕਰੋ ਅਤੇ ਜਿੱਤ ਪ੍ਰਾਪਤ ਕਰੋ।' ਮਾਓ ਨੇ ਆਪਣੀ 'ਔਨ ਗੁਰੀਲਾ ਵਾਰਫੇਅਰ' ਵਿੱਚ ਜੋ ਜੁਗਤਾਂ ਦਿੱਤੀਆਂ ਸਨ, ਇਹ ਉਨ੍ਹਾਂ ਵਿੱਚੋਂ ਇੱਕ ਹੈ।
ਉਸੇ ਅਧਿਕਾਰੀ ਨੇ ਕਿਹਾ, 'ਜਿਵੇਂ ਕਿ ਅਸੀਂ ਡੂੰਘਾਈ ਨਾਲ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਹਾਂ ਅਤੇ ਆਪਣੇ ਕੈਂਪ ਸਥਾਪਿਤ ਕਰ ਰਹੇ ਹਾਂ, ਮਾਓਵਾਦੀ ਵੀ ਵੱਡੇ ਪੱਧਰ 'ਤੇ ਆਪਣੀਆਂ ਸਰਗਰਮੀਆਂ ਵਧਾ ਰਹੇ ਹਨ।' ਹਮਲੇ ਵਾਲੀ ਜਗ੍ਹਾ ਦੇ ਨਜ਼ਦੀਕ ਟੇਰੇਮ, ਪੇਗਾਦੁਪੱਲੀ, ਸਰਕੇਗੁਡਾ, ਬਾਸਾਗੁਡਾ ਵਿੱਚ 4 ਕੈਂਪ/ਸਟੇਸ਼ਨ ਹਨ।
ਇਹ ਸਾਰੇ ਜੋਨਾਗੁਡਾ ਵਿੱਚ ਹਮਲੇ ਵਾਲੀ ਜਗ੍ਹਾ ਤੋਂ 4-5 ਕਿਲੋਮੀਟਰ ਦੇ ਅੰਦਰ ਹਨ। ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਜਿਵੇਂ ਕਿ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਵਧੇਰੇ ਕੈਂਪ ਸਥਾਪਿਤ ਕਰਨ ਦੀਆਂ ਯੋਜਨਾਵਾਂ ਨਾਲ ਅੱਗੇ ਵੱਧ ਰਹੀ ਹੈ, ਮਾਓਵਾਦੀਆਂ ਨੇ ਇਨ੍ਹਾਂ ਯੋਜਨਾਵਾਂ ਵਿੱਚ ਰੁਕਾਵਟ ਪਾਉਣ ਲਈ ਇਸ ਹਮਲੇ ਦੀ ਯੋਜਨਾ ਬਣਾਈ ਹੈ।
ਅਜਿਹਾ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਬਿਆਨਾਂ ਤੋਂ ਝਲਕਦਾ ਹੈ।
ਦੋਵਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜਿਵੇਂ ਪੁਲਿਸ ਬਲ ਉਨ੍ਹਾਂ ਖੇਤਰਾਂ ਵਿੱਚ ਜਾ ਰਹੇ ਹਨ ਜਿਹੜੇ ਮਾਓਵਾਦੀਆਂ ਦੇ ਗੜ੍ਹ ਹਨ, ਕੈਂਪ ਲਗਾ ਰਹੇ ਹਨ ਅਤੇ ਹਮਲੇ ਕਰ ਰਹੇ ਹਨ ਤਾਂ ਮਾਓਵਾਦੀਆਂ ਵੱਲੋਂ ਹਮਲੇ ਕਰਨਾ ਇੱਕ ਜਵਾਬੀ ਕਾਰਵਾਈ ਹੈ।
ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਨ੍ਹਾਂ ਦੀ ਪਿੱਛੇ ਹਟਣ ਦੀ ਕੋਈ ਯੋਜਨਾ ਨਹੀਂ ਹੈ ਅਤੇ ਉਹ ਹਮਲਿਆਂ ਦੀ ਤੀਬਰਤਾ ਨੂੰ ਵਧਾਉਣਗੇ ਤਾਂ ਜੋ ਸਥਿਤੀ ਨੂੰ ਇੱਕ ਵਾਰ ਵਿੱਚ ਸਭ ਲਈ ਸੁਲਝਾਇਆ ਜਾ ਸਕੇ।
4. ਮਾਓਵਾਦੀਆਂ ਦੇ ਗੜ੍ਹ ਕਿਹੜੇ ਹਨ? ਉਨ੍ਹਾਂ ਦੀ ਅਸਲ ਤਾਕਤ ਕੀ ਹੈ?
ਇਨ੍ਹਾਂ ਸਵਾਲਾਂ ਦਾ ਜਵਾਬ ਲੈਣ ਕਰਨ ਲਈ ਬੀਬੀਸੀ ਨੇ ਮਾਓਵਾਦੀਆਂ ਨਾਲ ਹਮਦਰਦੀ ਰੱਖਣ ਵਾਲਿਆਂ ਅਤੇ ਵਿਦਵਾਨਾਂ ਨਾਲ ਗੱਲਬਾਤ ਕੀਤੀ ਜੋ ਲੰਬੇ ਸਮੇਂ ਤੋਂ ਇਸ ਲਹਿਰ ਬਾਰੇ ਖੋਜ ਕਰ ਰਹੇ ਹਨ।
ਉਸ ਸਮੇਂ ਜਦੋਂ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਪ੍ਰੈਲ 2006 ਵਿੱਚ ਐਲਾਨ ਕੀਤਾ ਸੀ ਕਿ 'ਨਕਸਲਵਾਦ ਸਭ ਤੋਂ ਵੱਡਾ ਅੰਦਰੂਨੀ ਖ਼ਤਰਾ ਹੈ', ਉਦੋਂ ਦੇਸ਼ ਦੇ ਕਈ ਸੂਬਿਆਂ ਵਿੱਚ ਮਾਓਵਾਦੀ ਲਹਿਰ ਦੀ ਕੁਝ ਹੋਂਦ ਸੀ।
ਮਾਓਵਾਦੀਆਂ ਦਾ ਦਾਅਵਾ ਸੀ ਕਿ ਉਹ 14 ਰਾਜਾਂ ਵਿੱਚ ਫੈਲ ਗਏ ਹਨ। 2007 ਵਿੱਚ ਸੀਪੀਆਈ (ਮਾਓਵਾਦੀ) ਪਾਰਟੀ ਦੀ 7ਵੀਂ ਕਾਂਗਰਸ ਦੌਰਾਨ ਦੰਡਕਾਰਣਿਆ, ਬਿਹਾਰ-ਝਾਰਖੰਡ ਨੂੰ ਆਜ਼ਾਦ ਖੇਤਰਾਂ ਵਜੋਂ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ।
ਮਾਹਿਰ ਇਸ ਹਮਲੇ ਨੂੰ ਪੁਲਿਸ ਤੇ ਨਕਸਲੀਆਂ ਦੇ ਗੜ੍ਹਾਂ ਵਿੱਚ ਵੜਨ ’ਤੇ ਪੈਦਾ ਹੋਏ ਸੰਘਰਸ਼ ਵਜੋਂ ਵੇਖਦੇ ਹਨ
ਇਸ ਦੇ ਨਾਲ ਹੀ ਇਹ ਵੀ ਫੈਸਲਾ ਲਿਆ ਗਿਆ ਕਿ ਕਰਨਾਟਕ- ਕੇਰਲਾ-ਤਾਮਿਲ ਨਾਡੂ ਤਿਕੋਣੀ ਜੰਕਸ਼ਨ ਦੇ ਸਰਹੱਦੀ ਖੇਤਰ ਅਤੇ ਆਂਧਰਾ-ਉੜੀਸਾ ਸਰਹੱਦੀ ਖੇਤਰ ਵਿੱਚ ਗੁਰੀਲਾ ਯੁੱਧ ਤੇਜ਼ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਅਣਵੰਡੇ ਆਂਧਰਾ ਪ੍ਰਦੇਸ਼ ਦੇ ਖਿੱਤੇ ਵਿੱਚ ਇਸ ਲਹਿਰ ਨੂੰ ਮੁੜ ਤੋਂ ਖੜ੍ਹਾ ਕਰਨ ਦਾ ਫੈਸਲਾ ਕੀਤਾ ਜਿੱਥੇ ਇਸ ਨੂੰ ਖਤਮ ਕਰ ਦਿੱਤਾ ਗਿਆ ਸੀ।
ਹਾਲਾਂਕਿ, ਛੇਤੀ ਹੀ ਸੂਬਾ ਅਤੇ ਕੇਂਦਰ ਸਰਕਾਰਾਂ ਨੇ ਦੇਸ਼ ਭਰ ਵਿੱਚ ਅਪ੍ਰੇਸ਼ਨ ਗ੍ਰੀਨ ਹੰਟ, ਬਸਤਰ ਵਿੱਚ ਆਪ੍ਰੇਸ਼ਨ ਸਲਵਾ ਜੁਡਮ ਸ਼ੁਰੂ ਕੀਤਾ, ਜਿਸ ਤੋਂ ਬਾਅਦ ਇਸ ਵਿੱਚ ਆਪ੍ਰੇਸ਼ਨ ਸਮਾਧਾਨ ਅਤੇ ਆਪ੍ਰੇਸ਼ਨ ਪ੍ਰਹਾਰ ਕੀਤੇ ਗਏ। ਇਹ ਸਾਰੇ ਬਹੁ-ਪੱਧਰੀ ਹਮਲੇ ਸਨ।
ਇਨ੍ਹਾਂ ਦੇ ਨਤੀਜੇ ਵਜੋਂ ਮਾਓਵਾਦੀਆਂ ਨੇ ਆਪਣੇ ਕੁਝ ਗੜ੍ਹ ਗੁਆ ਲਏ। ਗਿਣਤੀ ਪੱਖੋਂ ਵੀ ਉਨ੍ਹਾਂ ਵਿੱਚ ਕਮੀ ਆਈ।
ਕਈ ਨੇਤਾਵਾਂ ਅਤੇ ਕਾਡਰ ਨੇ ਆਤਮ ਸਮਰਪਣ ਕਰ ਦਿੱਤਾ। ਨਵੀਂ ਭਰਤੀ ਬਹੁਤ ਘੱਟ ਗਈ। ਦਰਅਸਲ, ਸ਼ਹਿਰੀ ਅਤੇ ਵਿਦਿਆਰਥੀ ਵਰਗਾਂ ਦੀ ਭਰਤੀ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਨਤੀਜੇ ਵਜੋਂ ਕੋਈ ਨਵੀਂ ਲੀਡਰਸ਼ਿਪ ਨਹੀਂ ਉੱਭਰੀ।
ਇੱਕ ਪੱਤਰਕਾਰ ਹੈ ਜੋ ਲੰਬੇ ਸਮੇਂ ਤੋਂ ਬਸਤਰ ਤੋਂ ਰਿਪੋਰਟਿੰਗ ਕਰ ਰਿਹਾ ਹੈ, ਉਸ ਦਾ ਕਹਿਣਾ ਹੈ: "ਬਸਤਰ ਵਿੱਚ ਮਾਓਵਾਦੀਆਂ ਦੇ ਦੋ ਗੜ੍ਹ ਹਨ।
ਇੱਕ ਅਭੁਜਮਾਦ ਹੈ ਜੋ ਕਿ 4000 ਵਰਗ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇਹ ਕਿਹਾ ਜਾਂਦਾ ਹੈ ਕਿ ਇਸ ਜਗ੍ਹਾ ਦਾ ਅਜੇ ਤੱਕ ਸਰਕਾਰ ਵੱਲੋਂ ਕੋਈ ਸਰਵੇ ਨਹੀਂ ਕੀਤਾ ਗਿਆ ਹੈ।
ਜਦੋਂ ਮੈਂ ਸਰਕਾਰ ਕਹਿੰਦਾ ਹਾਂ ਤਾਂ ਮੇਰਾ ਮਤਲਬ ਸਿਰਫ਼ ਮੌਜੂਦਾ ਸਰਕਾਰ ਨਹੀਂ ਹੈ। ਇਹ ਕਿਹਾ ਜਾਂਦਾ ਹੈ ਕਿ ਬ੍ਰਿਟਿਸ਼ ਵੀ ਇਸ ਖੇਤਰ ਵਿੱਚ ਦਾਖਲ ਨਹੀਂ ਹੋਏ ਸਨ। ਇਹ ਖੇਤਰ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ ਅਤੇ ਬਹੁਤ ਘੱਟ ਆਬਾਦੀ ਵਾਲਾ ਹੈ।
ਉਨ੍ਹਾਂ ਦਾ ਦੂਸਰਾ ਗੜ੍ਹ ਚਿੰਤਲਨਾਰ ਹੈ। ਇਸ ਖੇਤਰ ਦਾ ਖੇਤਰਫਲ ਲਗਭਗ ਉਹੀ ਅਭੁਜਮਾਦ ਵਾਲਾ ਹੈ। ਹਾਲਾਂਕਿ, ਇਹ ਖੇਤਰ ਸੰਘਣੇ ਜੰਗਲਾਂ ਨਾਲ ਕਵਰ ਨਹੀਂ ਹੈ।
ਇੱਥੇ ਵੱਡੇ ਪਹਾੜ ਵੀ ਨਹੀਂ ਹਨ। ਆਬਾਦੀ ਦੀ ਘਣਤਾ ਵੀ ਵਧੇਰੇ ਹੈ। ਪਰ ਇਹ ਉਹ ਖੇਤਰ ਹੈ ਜਿੱਥੇ ਸਰਕਾਰੀ ਬਲਾਂ ਨੂੰ ਭਾਰੀ ਨੁਕਸਾਨ ਹੋਇਆ ਸੀ, ਖ਼ਾਸਕਰ ਪਿਛਲੇ 15 ਸਾਲਾਂ ਵਿੱਚ।
ਇਹ ਭਾਵੇਂ ਟੇਡੀਮੇਟਲਾ ਹੋਵੇ ਜਿੱਥੇ 2010 ਵਿੱਚ ਸੀਆਰਪੀਐੱਫ ਦੇ 76 ਜਵਾਨ ਮਾਰੇ ਗਏ ਸਨ ਜਾਂ ਮਿੰਸਾ ਵਿੱਚ ਜਿੱਥੇ 2020 ਵਿੱਚ ਲੌਕਡਾਊ ਦਾ ਐਲਾਨ ਹੋਣ ਤੋਂ ਦੋ ਦਿਨ ਪਹਿਲਾਂ 17 ਜਵਾਨ ਆਪਣੀ ਜਾਨ ਗੁਆ ਚੁੱਕੇ ਹਨ।
ਇਹ ਦੋਵੇਂ ਪਿੰਡ ਇਸ ਖਿੱਤੇ ਵਿੱਚ ਪੈਂਦੇ ਹਨ।
ਦੂਜੇ ਪਾਸੇ ਸਾਰਕੇਗੁਡਾ ਪਿੰਡ, ਜਿੱਥੇ ਸੁਰੱਖਿਆ ਬਲਾਂ ਨੇ ਸਾਲ 2012 ਵਿੱਚ ਹੋਈ ਇੱਕ ਵਿਵਾਦਿਤ "ਮੁੱਠਭੇੜ" ਵਿੱਚ 6 ਨਾਬਾਲਗਾਂ ਸਮੇਤ 17 ਵਿਅਕਤੀ ਮਾਰੇ ਗਏ ਸਨ, ਵੀ ਇਸ ਖੇਤਰ ਵਿੱਚ ਪੈਂਦਾ ਹੈ।
ਮਨੁੱਖੀ ਅਧਿਕਾਰ ਸੰਗਠਨ ਸਾਲਾਂ ਤੋਂ ਇਹ ਇਲਜ਼ਾਮ ਲਾਉਂਦੇ ਆ ਰਹੇ ਹਨ ਕਿ ਇਹ ਸਾਰੇ 17 ਲੋਕ ਇੱਕ ਸਥਾਨਕ ਤਿਉਹਾਰ 'ਤੇ ਵਿਚਾਰ ਵਟਾਂਦਰੇ ਲਈ ਇਕੱਠੇ ਹੋਏ ਪਿੰਡ ਵਾਸੀ ਸਨ।
ਜਸਟਿਸ ਅਗਰਵਾਲ ਦੀ ਅਗਵਾਈ ਵਾਲੇ ਨਿਆਂਇਕ ਕਮਿਸ਼ਨ ਨੇ ਸੂਬੇ ਦੀ ਵਿਧਾਨ ਸਭਾ ਵਿੱਚ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ ਸੀ, ''ਇਹ ਕਹਿਣ ਲਈ ਕੋਈ ਤਸੱਲੀਬਖਸ਼ ਸਬੂਤ ਨਹੀਂ ਹਨ ਕਿ ਮਾਰੇ ਗਏ ਲੋਕ ਮਾਓਵਾਦੀ ਸਨ।''
ਇੱਕ ਸਾਬਕਾ ਮਾਓਵਾਦੀ ਔਰਤ ਨੇ ਕਿਹਾ, ''ਪੁਲਿਸ ਨੇ ਪਿਛਲੇ ਦੋ ਸਾਲਾਂ ਵਿੱਚ ਅਭੁਜਮਾਦ ਖੇਤਰ (ਜ਼ਿਲ੍ਹਾ ਨਰਾਇਣਪੁਰ) ਵਿੱਚ ਨਵੇਂ ਕੈਂਪ ਸਥਾਪਤ ਕੀਤੇ ਹਨ। ਇਸ ਲਈ ਉਸ ਖੇਤਰ ਵਿੱਚ ਵੀ ਹਮਲੇ ਹੋ ਰਹੇ ਹਨ। ਦੱਖਣੀ ਬਸਤਰ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ। ਇਸ ਲਈ ਦੱਖਣੀ ਬਸਤਰ ਵਿੱਚ ਵੀ ਹਮਲਿਆਂ ਦੀ ਗਿਣਤੀ ਵਧੀ ਹੈ।''
ਉਸ ਨੇ ਕਿਹਾ, "ਅਸੀਂ ਇਸ ਨੂੰ ਇੱਕ ਸੰਘਰਸ਼ ਵਜੋਂ ਵੇਖ ਰਹੇ ਹਾਂ ਜਿੱਥੇ ਪੁਲਿਸ ਮਾਓਵਾਦੀ ਗੜ੍ਹਾਂ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮਾਓਵਾਦੀ ਗੁਰੀਲੇ ਆਪਣੇ ਗੜ੍ਹਾਂ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ।
5. ''ਸਰਕਾਰ ਦੀ ਕੋਸ਼ਿਸ਼ ਖਾਣਾਂ ਉੱਤੇ ਆਪਣਾ ਦਬਦਬਾ ਕਾਇਮ ਕਰਨ ਦੀ ਹੈ''
ਮਾਓਵਾਦੀਆਂ ਨਾਲ ਹਮਦਰਦੀ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਲੜਾਈ ਖੇਤਰ ਵਿੱਚ ਮੌਜੂਦ ਵਿਸ਼ਾਲ ਖਣਿਜ ਸਰੋਤਾਂ ਦੀ ਹੈ।
'ਜਦੋਂ ਕਿ ਸਰਕਾਰ ਇਨ੍ਹਾਂ ਖੇਤਰਾਂ ਨੂੰ ਖਣਨ ਕੰਪਨੀਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਆਦਿਵਾਸੀ ਮਾਓਵਾਦੀਆਂ ਦੀ ਅਗਵਾਈ ਹੇਠ ਇਸ ਦਾ ਵਿਰੋਧ ਕਰ ਰਹੇ ਹਨ।'
ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਸਰਕਾਰ ਦੀ ਯੋਜਨਾ ਮਾਓਵਾਦੀਆਂ ਅਤੇ ਆਦਿਵਾਸੀਆਂ ਦੋਵਾਂ ਦੇ ਖੇਤਰਾਂ ਨੂੰ ਸਾਫ਼ ਕਰਨ ਅਤੇ ਉਨ੍ਹਾਂ ਨੂੰ ਨਿੱਜੀ ਕਾਰਪੋਰੇਟ ਦੇ ਹਵਾਲੇ ਕਰਨ ਦੀ ਹੈ।
6. ਗੱਲਬਾਤ ਦਾ ਸਵਾਲ?
ਸੀਪੀਆਈ (ਮਾਓਵਾਦੀ) ਦੀ ਦੰਡਕਾਰਣਿਆ ਸਪੈਸ਼ਲ ਜ਼ੋਨਲ ਕਮੇਟੀ ਨੇ ਕੁਝ ਹਫ਼ਤੇ ਪਹਿਲਾਂ ਐਲਾਨ ਕੀਤਾ ਹੈ ਕਿ ਜੇ ਸਰਕਾਰ ਉਨ੍ਹਾਂ ਦੀਆਂ ਸ਼ਰਤਾਂ ਨਾਲ ਸਹਿਮਤ ਹੋਣ ਲਈ ਤਿਆਰ ਹੈ ਤਾਂ ਉਹ ਗੱਲਬਾਤ ਲਈ ਤਿਆਰ ਹਨ।
ਪਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਮਾਓਵਾਦੀਆਂ ਨੂੰ ਹੋਣ ਵਾਲੀ ਗੱਲਬਾਤ ਲਈ ਸਭ ਤੋਂ ਪਹਿਲਾਂ ਹਥਿਆਰ ਤਿਆਗਣੇ ਹੋਣਗੇ ਅਤੇ ਹਥਿਆਰਬੰਦ ਸੰਘਰਸ਼ ਛੱਡ ਦੇਣਾ ਚਾਹੀਦਾ ਹੈ।
ਕੁਝ ਲੋਕ ਹਨ ਜੋ ਕਹਿੰਦੇ ਹਨ ਕਿ ਗੱਲਬਾਤ ਜ਼ਰੂਰੀ ਹੈ ਅਤੇ ਉਹ ਲੋਕ ਵੀ ਹਨ ਜੋ ਕਹਿੰਦੇ ਹਨ ਕਿ ਗੱਲਬਾਤ ਵਿਅਰਥ ਹੈ।
ਇਸ ਦੀ ਇਤਿਹਾਸਕ ਉਦਾਹਰਣ ਹੈ, ਮਾਓਵਾਦੀ ਪਾਰਟੀ ਦੇ ਨੇਤਾਵਾਂ ਨੇ ਵੱਖ-ਵੱਖ ਮੌਕਿਆਂ 'ਤੇ ਜ਼ਾਹਰ ਕੀਤਾ ਹੈ ਕਿ ਅਣਵੰਡੇ ਆਂਧਰਾ ਪ੍ਰਦੇਸ਼ ਵਿੱਚ ਵਾਈ.ਐੱਸ. ਰਾਜਸ਼ੇਖਰ ਰੈੱਡੀ ਦੇ ਕਾਰਜਕਾਲ ਦੌਰਾਨ ਹੋਈ ਸ਼ਾਂਤੀ ਗੱਲਬਾਤ ਨਾਲ ਉਨ੍ਹਾਂ ਨੂੰ ਫਾਇਦਾ ਹੋਣ ਨਾਲੋਂ ਨੁਕਸਾਨ ਜ਼ਿਆਦਾ ਹੋਇਆ ਸੀ।
ਦੂਜੇ ਪਾਸੇ, ਕੁਝ ਸੀਨੀਅਰ ਸਰਕਾਰੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਥਿਆਰਬੰਦ ਸੰਘਰਸ਼ ਨਾਲ ਰਾਜ ਸੱਤਾ ਸੰਭਾਲਣ ਦਾ ਟੀਚਾ ਰੱਖਣ ਵਾਲੀ ਪਾਰਟੀ ਨਾਲ ਗੱਲਬਾਤ ਕਰਕੇ ਕੁਝ ਹਾਸਲ ਨਹੀਂ ਕੀਤਾ ਜਾ ਸਕੇਗਾ।
ਜੋ ਵੀ ਹੋਵੇ ਸ਼ਾਂਤੀ ਵਾਰਤਾ ਲਈ ਕੋਸ਼ਿਸ਼ਾਂ ਜਾਰੀ ਹਨ। ਸਿਵਲ ਸੁਸਾਇਟੀ, ਬੁੱਧੀਜੀਵੀਆਂ, ਕਈ ਗੈਰ ਸਰਕਾਰੀ ਸੰਗਠਨਾਂ ਨਾਲ ਸਬੰਧਤ ਚਿੰਤਤ ਨਾਗਰਿਕ ਸ਼ਾਂਤੀ ਵਾਰਤਾ ਲਈ ਕਿਸੇ ਨਾ ਕਿਸੇ ਰੂਪ ਵਿੱਚ ਕੋਸ਼ਿਸ਼ ਕਰ ਰਹੇ ਹਨ।
7. ਇਤਿਹਾਸ ਤੋਂ ਸਬਕ
90ਵਿਆਂ ਦੇ ਬਾਅਦ ਦੁਨੀਆ ਤੇਜ਼ੀ ਨਾਲ ਬਦਲ ਗਈ ਹੈ। ਇਤਿਹਾਸ ਵੱਲ ਪਿਛਲਝਾਤ ਮਾਰਦਿਆਂ ਚੀਨ ਵਿੱਚ ਮਾਓਵਾਦੀ ਲਹਿਰ ਤੋਂ ਬਾਅਦ ਪੇਰੂ, ਫਿਲੀਪੀਨਜ਼, ਨੇਪਾਲ ਅਤੇ ਤੁਰਕੀ ਵਿੱਚ ਵੀ ਇਸੇ ਤਰ੍ਹਾਂ ਦੀਆਂ ਲਹਿਰਾਂ ਉੱਭਰ ਕੇ ਸਾਹਮਣੇ ਆਈਆਂ।
ਅੱਜ ਇਨ੍ਹਾਂ ਵਿੱਚੋਂ ਕਿਸੇ ਵੀ ਦੇਸ਼ ਵਿੱਚ ਕੋਈ ਮਜ਼ਬੂਤ ਲਹਿਰ ਨਹੀਂ ਹੈ। ਸ਼੍ਰੀਲੰਕਾ ਦੇ ਤਾਮਿਲਾਂ ਦੇ ਨਾਲ-ਨਾਲ ਆਇਰਿਸ਼ ਅਤੇ ਕੁਰਦਿਸ਼ਾਂ ਦੇ ਰਾਸ਼ਟਰੀਅਤਾ ਸੰਘਰਸ਼ ਜਾਂ ਤਾਂ ਪੂਰੀ ਤਰ੍ਹਾਂ ਖਤਮ ਹੋ ਗਏ ਹਨ ਜਾਂ ਆਪਣੇ ਆਖਰੀ ਸਾਹਾਂ 'ਤੇ ਹਨ।
1992 ਵਿੱਚ ਪੇਰੂ ਵਿੱਚ 'ਸ਼ਾਈਨਿੰਗ ਪਾਥ' ਦੇ ਨੇਤਾ ਗੋਂਜ਼ਲੋ ਦੀ ਗ੍ਰਿਫ਼ਤਾਰੀ ਨਾਲ ਪੇਰੂ ਵਿੱਚ ਮਾਓਵਾਦੀ ਲਹਿਰ ਹੌਲੀ-ਹੌਲੀ ਘਟਦੀ ਗਈ।
ਇਵੇਂ ਫਿਲੀਪੀਨਜ਼ ਵਿੱਚ ਮਾਓਵਾਦੀ ਲਹਿਰ ਬਣੀ ਤਾਂ ਰਹੀ, ਪਰ ਇਸ ਨੇ ਕੋਈ ਪ੍ਰਗਤੀ ਨਹੀਂ ਕੀਤੀ। ਤੁਰਕੀ ਵਿੱਚ ਮਾਓਵਾਦੀ ਲਹਿਰ ਨੂੰ ਸੂਬੇ ਦੇ ਜ਼ਬਰ ਕਾਰਨ ਭਾਰੀ ਨੁਕਸਾਨ ਹੋਇਆ।
ਇੱਥੋਂ ਤੱਕ ਕਿ ਮੈਕਸੀਕੋ ਵਿੱਚ ਜ਼ੈਪਟਿਸਟਾ ਅੰਦੋਲਨ ਜਿਸ ਨੇ ਵੱਡੇ ਪੱਧਰ 'ਤੇ ਵਿਸ਼ਵ ਭਰ ਦੇ ਨੌਜਵਾਨਾਂ ਨੂੰ ਆਕਰਸ਼ਿਤ ਕੀਤਾ, ਉਨ੍ਹਾਂ ਦੇ ਸੰਘਰਸ਼ਾਂ ਦਾ ਰੂਪ ਬਦਲ ਗਿਆ।
ਦੂਜੇ ਪਾਸੇ, ਗ੍ਰਹਿ ਮੰਤਰੀ ਅਨੁਸਾਰ ਆਖਰੀ ਲੜਾਈ ਰਾਹੀਂ ਮਾਓਵਾਦੀਆਂ ਨੂੰ ਖਤਮ ਕਰਨ ਦਾ ਟੀਚਾ ਕਦੋਂ ਪ੍ਰਾਪਤ ਹੋਵੇਗਾ? ਜਦੋਂ ਇਹ ਅਧਿਕਾਰਾਂ ਸਬੰਧੀ ਕੰਮ ਕਰਨ ਵਾਲੇ ਕਾਰਕੁੰਨ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਸ ਨੇ ਜਵਾਬ ਦਿੱਤਾ ਕਿ 'ਮਾਓਵਾਦੀ ਲਹਿਰ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੰਭਵ ਨਹੀਂ ਹੈ।'
ਜਦੋਂ ਤੱਕ ਸਮਾਜ ਵਿੱਚ ਬੇਇਨਸਾਫ਼ੀ ਅਤੇ ਅਸਮਾਨਤਾ ਹੈ, ਅੰਦੋਲਨ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਪੱਧਰ 'ਤੇ ਜਾਰੀ ਰਹੇਗਾ। ਇਹ ਮੰਨਣਾ ਗਲਤੀ ਹੈ ਕਿ ਪੁਲਿਸ ਅੰਦੋਲਨ ਦੀਆਂ ਸਮਾਜਿਕ-ਆਰਥਿਕ ਜੜਾਂ ਨਾਲ ਜੁੜੇ ਬਿਨਾਂ, ਇਸ ਅੰਦੋਲਨ ਨਾਲ ਨਜਿੱਠਣ ਲਈ ਕਾਰਵਾਈ ਉਚਿੱਤ ਹੋਵੇਗੀ।
ਉਪਰੋਕਤ ਕਹਿਣ ਵਾਲੇ ਤੇਲੰਗਾਨਾ ਦੇ ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਇਸ ਅੰਦੋਲਨ ਪਿੱਛੇ ਸਮਾਜਿਕ-ਆਰਥਿਕ ਕਾਰਨਾਂ ਨਾਲ ਜੁੜਨਾ ਜ਼ਰੂਰੀ ਹੈ।
'ਮਾਓਵਾਦੀ ਖੇਤਰਾਂ ਦੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਸੰਭਵ ਹੈ। ਸਿਰਫ਼ ਇਹ ਹੀ ਨਹੀਂ, ਇਹ ਉਨ੍ਹਾਂ ਨੂੰ ਕੱਟੜਪੰਥੀ ਹੋਣ ਤੋਂ ਦੂਰ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈ।'
ਮਾਓਵਾਦੀ ਕਿਸੇ ਵੀ ਸਮੇਂ ਸੁਰੱਖਿਆ ਬਲਾਂ 'ਤੇ ਆਪਣੇ ਹਮਲਿਆਂ ਵਿੱਚ ਰਣਨੀਤਕ ਜਿੱਤ ਹਾਸਲ ਕਰ ਸਕਦੇ ਹਨ।
ਹਾਲਾਂਕਿ, ਇੱਕ ਵੱਡੇ ਦੇਸ਼ ਵਿੱਚ ਅਤੇ ਜਿੱਥੇ ਉਨ੍ਹਾਂ ਦੀ ਮੌਜੂਦਗੀ ਛੋਟੇ ਖੇਤਰਾਂ ਤੱਕ ਸੀਮਿਤ ਹੈ, ਮਾਓਵਾਦੀ ਸਿਰਫ਼ ਹਥਿਆਰਬੰਦ ਕਾਰਵਾਈਆਂ ਰਾਹੀਂ ਆਪਣੇ ਅੰਦੋਲਨ ਨੂੰ ਕਿਵੇਂ ਕਾਇਮ ਰੱਖ ਸਕਦੇ ਹਨ?
ਇਹ ਵੀ ਪੜ੍ਹੋ:
https://www.youtube.com/watch?v=4aycNCLfqoE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '669a0c7e-1358-4f78-a84d-2e83d41e760e','assetType': 'STY','pageCounter': 'punjabi.india.story.56705027.page','title': 'ਛੱਤੀਸਗੜ੍ਹ ਨਕਸਲ ਹਮਲਾ: 7 ਨੁਕਤਿਆਂ ਵਿੱਚ ਸਮਝੋ ਸਰਕਾਰ ਤੇ ਨਕਸਲੀਆਂ ਦੇ ਸੰਘਰਸ਼ ’ਚ ਕੌਣ ਕਿੰਨਾ ਤਾਕਤਵਰ','published': '2021-04-11T02:17:23Z','updated': '2021-04-11T02:17:23Z'});s_bbcws('track','pageView');

ਆੜ੍ਹਤੀਆਂ ਦਾ ਕਰੋੜਾਂ ਦਾ ਬਕਾਇਆ ਮੋੜਨ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ - 5 ਅਹਿਮ ਖਬਰਾਂ
NEXT STORY